ਓਪੀਡੀ ਵਾਲੇ ਮਰੀਜ਼ਾਂ ਨੂੰ ਕਰਨਾ ਪੈਂਦਾ ਮਹੀਨਿਆਂ ਦਾ ਇੰਤਜ਼ਾਰ | MRI and CT scan
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿਖੇ ਮਰੀਜ਼ਾਂ ਨੂੰ ਐਮਆਰਆਈ ਅਤੇ ਸੀਟੀ ਸਕੈਨ ਕਰਵਾਉਣ ਲਈ ਵੱਡਾ ਇੰਤਜਾਰ ਕਰਨਾ ਪੈਂਦਾ ਹੈ। ਆਲਮ ਇਹ ਹੈ ਕਿ ਮਰੀਜ਼ਾਂ ਨੂੰ ਆਪਣੀ ਐੱਮਆਰਆਈ ਤੇ ਸੀਟੀ ਸਕੈਨ ਲਈ ਇੱਕ ਤੋਂ ਦੋ ਮਹੀਨਿਆਂ ਤੱਕ ਦਾ ਸਮਾਂ ਮਿਲ ਰਿਹਾ ਹੈ। ਸਮੇਂ ਸਿਰ ਮਰੀਜ਼ਾਂ ਨੂੰ ਉਕਤ ਟੈਸਟ ਨਾ ਹੋਣ ਕਾਰਨ ਪ੍ਰਾਈਵੇਟ ਲੈਬਾਂ ’ਚ ਇਹ ਮਹਿੰਗੇ ਭਾਅ ਦੇ ਟੈਸਟ ਕਰਵਾਉਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। (MRI and CT scan)
ਜਾਣਕਾਰੀ ਅਨੁਸਾਰ ਰਜਿੰਦਰਾ ਹਸਪਤਾਲ ਵਿਖੇ ਮਾਲਵੇ ਤੋਂ ਇਲਾਵਾ ਗੁਆਂਢੀ ਜ਼ਿਲ੍ਹਿਆਂ ਦੇ ਵੀ ਵੱਡੀ ਗਿਣਤੀ ਮਰੀਜ਼ ਪੁੱਜਦੇ ਹਨ। ਵੱਡੀ ਗੱਲ ਇਹ ਹੈ ਕਿ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੇ ਆਪਣੇ ਸ਼ਹਿਰ ਦਾ ਹਸਪਤਾਲ ਹੈ, ਪਰ ਰਜਿੰਦਰਾ ਹਸਪਤਾਲ ਵਿਖੇ ਮਰੀਜ਼ਾਂ ਨੂੰ ਐੱਮਆਰਆੲਂੀ ਤੇ ਸੀਟੀ ਸਕੈਨ ਕਰਵਾਉਣ ਲਈ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਦੋਂ ਮਰੀਜ਼ ਓਪੀਡੀ ਵਿੱਚ ਪੁੱਜਦਾ ਹੈ ਅਤੇ ਜੇਕਰ ਡਾਕਟਰ ਵੱਲੋਂ ਉਕਤ ਮਰੀਜ਼ ਨੂੰ ਐੱਮਆਰਆਈ ਜਾਂ ਸੀਟੀ ਸਕੈਨ ਦਾ ਟੈਸਟ ਲਿਖ ਦਿੱਤਾ ਜਾਂਦਾ ਹੈ ਤਾਂ ਮਰੀਜ਼ ਲਈ ਉਦੋਂ ਹੀ ਮੁਸੀਬਤ ਸ਼ੁਰੂ ਹੋ ਜਾਂਦੀ ਹੈ ਜਦੋਂ ਮਰੀਜ਼ ਉਕਤ ਟੈਸਟਾਂ ਨੂੰ ਕਰਵਾਉਣ ਲਈ ਪੁੱਜਦਾ ਹੈ ਤਾਂ ਅੱਗਿਓਂ ਇੱਕ ਦੋ ਦਿਨਾਂ ਦਾ ਸਮਾਂ ਨਹੀਂ, ਸਗੋਂ ਮਹੀਨਾ ਜਾਂ ਇਸ ਤੋਂ ਵੱਧ ਦਾ ਸਮਾਂ ਦਿੱਤਾ ਜਾਂਦਾ ਹੈ। (MRI and CT scan)
ਮਰੀਜ਼ਾਂ ਨੂੰ ਪ੍ਰਾਈਵੇਟ ਲੈਬਾਂ ’ਚ ਮਹਿੰਗੇ ਭਾਅ ’ਤੇ ਟੈਸਟ ਕਰਵਾਉਣ ਲਈ ਹੋਣਾ ਪੈ ਰਿਹੈ ਮਜ਼ਬੂਰ | MRI and CT scan
ਗੰਭੀਰ ਬਿਮਾਰੀਆਂ ਨਾਲ ਪੀੜਤ ਮਰੀਜ਼ਾਂ ਨੂੰ ਇਹ ਟੈਸਟ ਤੁਰੰਤ ਕਰਵਾਉਣ ਦੀ ਦਰਕਾਰ ਹੁੰਦੀ ਹੈ, ਕਿਉਂਕਿ ਇਨ੍ਹਾਂ ਟੈਸਟਾਂ ਤੋਂ ਬਾਅਦ ਹੀ ਮਰੀਜ਼ ਦੇ ਮਰਜ਼ ਦਾ ਇਲਾਜ਼ ਸ਼ੁਰੂ ਹੁੰਦਾ ਹੈ। ਸਮੇਂ ਸਿਰ ਐੱਮਆਰਆਈ ਜਾਂ ਸੀਟੀ ਸਕੈਨ ਨਾ ਹੋਣ ਕਾਰਨ ਮਰੀਜ਼ਾਂ ਨੂੰ ਬਾਹਰ ਪ੍ਰਾਈਵੇਟ ਲੈਬਾਂ ਦੇ ਮਜ਼ਬੂਰਨ ਵੱਸ ਪੈਣਾ ਪੈਂਦਾ ਹੈ। ਪ੍ਰਾਈਵੇਟ ਲੈਬਾਟਰੀਆਂ ’ਚ ਐੱਮਆਰਆਈ ਤੇ ਸੀਟੀ ਸਕੈਨ ਕੁਝ ਹੀ ਘੰਟਿਆਂ ’ਚ ਹੋ ਜਾਂਦਾ ਹੈ। ਮਰੀਜ਼ਾਂ ਨੂੰ ਸਰਕਾਰੀ ਹਸਪਤਾਲ ’ਚ ਸੀਟੀ ਸਕੈਨ ਜਾਂ ਐੱਮਆਰਆਈ ਵਾਜ਼ਬ ਰੇਟਾਂ ’ਤੇ ਹੁੰਦੀ ਹੈ ਜਦਕਿ ਬਾਹਰ ਪ੍ਰਾਈਵੇਟ ਲੈਬਾਟਰੀਆਂ ’ਚ ਇਸ ਤੋਂ ਦੁੱਗਣੇ ਪੈਸੇ ਖਰਚ ਕਰਨੇ ਪੈਦੇ ਹਨ। ਰਜਿੰਦਰਾ ਹਸਪਤਾਲ ਵਿਖੇ ਕੁਲਵਿੰਦਰ ਸਿੰਘ ਨਾਂਅ ਦੇ ਵਿਕਅਤੀ ਨੇ ਦੱਸਿਆ ਕਿ ਐੱਮਆਰਆਈ ਜਾ ਸੀਟੀ ਸਕੈਨ ਤੁਰੰਤ ਹੋਣੀ ਚਾਹੀਦੀ ਹੈ, ਪਰ ਅਜਿਹਾ ਨਹੀਂ ਹੋ ਰਿਹਾ।
ਉਨ੍ਹਾਂ ਕਿਹਾ ਕਿ ਓਪੀਡੀ ਵਾਲੇ ਮਰੀਜ਼ਾਂ ਨੂੰ ਮਹੀਨਾ ਮਹੀਨਾ ਇੰਤਜਾਰ ਕਰਨਾ ਪੈਦਾ ਹੈ। ਪਤਾ ਲੱਗਾ ਹੈ ਕਿ ਐੱਮਆਰਆਈ ਦੁਪਹਿਰ ਤਿੰਨ ਵਜੇ ਤੱਕ ਹੀ ਹੁੰਦੀ ਹੈ, ਜਦਕਿ ਮਰੀਜ਼ਾਂ ਦੀ ਮੰਗ ਹੈ ਕਿ ਇਸ ਸਮਾਂ 6 ਵਜੇ ਤੱਕ ਹੋਣਾ ਚਾਹੀਦਾ ਹੈ ਤਾ ਜੋਂ ਵੱਧ ਤੋਂ ਵੱਧ ਇਹ ਟੈਸਟ ਹੋ ਸਕਣ। ਰਜਿੰਦਰਾ ਹਸਪਤਾਲ ਵਿਖੇ ਦਾਖਲ ਮਰੀਜ਼ਾਂ ਨੂੰ ਵੀ ਇੱਕ ਦੋਂ ਦਿਨਾਂ ਦਾ ਸਮਾਂ ਲੱਗ ਰਿਹਾ ਹੈ। ਭਾਵੇਂ ਕਿ ਆਪ ਸਰਕਾਰ ਵੱਲੋਂ ਆਮ ਲੋਕਾਂ ਨੂੰ ਵੱਧ ਤੋਂ ਵੱਧ ਸਿਹਤ ਸਹੂਲਤਾਂ ਦੇਣ ਦੀ ਗੱਲ ਆਖੀ ਜਾ ਰਹੀ ਹੈ, ਪਰ ਰਜਿੰਦਰਾ ਹਸਪਤਾਲ ਅੰਦਰ ਐੱਮਆਰਆਈ ਤੇ ਸੀਟੀ ਸਕੈਨ ਦੀ ਸਮੱਸਿਆ ਹੱਲ ਨਹੀਂ ਹੋ ਰਹੀ।
ਜੇਕਰ ਮਰੀਜ਼ਾਂ ਨੂੰ ਜਲਦੀ ਹੈ ਤਾਂ ਐਮਰਜੈਂਸੀ ਦਾਖਲ ਹੋਣ: ਮੈਡੀਕਲ ਸੁਪਰਡੈਂਟ
ਰਜਿੰਦਰਾ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਹਰਨਾਮ ਸਿੰਘ ਰੇਖੀ ਦਾ ਕਹਿਣਾ ਹੈ ਕਿ ਪੀਜੀਆਈ ਚੰਡੀਗੜ੍ਹ ਵਿਖੇ ਉਕਤ ਟੈਸਟ ਕਰਵਾਉਣ ਲਈ ਪੰਜ ਤੋਂ ਛੇ ਮਹੀਨਿਆਂ ਦਾ ਸਮਾਂ ਮਿਲਦਾ ਹੈ ਜਦਕਿ ਰਜਿੰਦਰਾ ਹਸਪਤਾਲ ਵਿਖੇ ਤਾਂ ਇਸ ਤੋਂ ਕਿਤੇ ਘੱਟ ਸਮਾਂ ਲੱਗਦਾ ਹੈ। ਉਨ੍ਹਾਂ ਕਿਹਾ ਕਿ ਐਮਰਜੈਂਸੀ ਕੇਸਾਂ ਲਈ ਤੁਰੰਤ ਐੱਮਆਰਆਈ ਤੇ ਸਿਟੀ ਸਕੈਨ ਹੋ ਰਿਹਾ ਹੈ। ਉਨ੍ਹਾਂ ਇੱਥੋਂ ਤੱਕ ਕਿਹਾ ਕਿ ਜੇਕਰ ਕਿਸੇ ਨੂੰ ਜਲਦੀ ਐੱਮਆਰਆਈ ਜਾਂ ਸਿਟੀ ਸਕੈਨ ਦੀ ਜਰੂਰਤ ਹੈ ਤਾਂ ਉਹ ਐਮਰਜੈਂਸੀ ’ਚ ਦਾਖਲ ਹੋਣ। ਜਦੋਂ ਉਨ੍ਹਾਂ ਨੂੰ ਹੋਰ ਮਸ਼ੀਨਾਂ ਦੇ ਪ੍ਰਬੰਧ ਸਬੰਧੀ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਡਾਕਟਰ ਤੇ ਸਟਾਫ ਕਿੱਥੋਂ ਲਿਆਵਾਂਗੇ। ਇਸ ਮਾਮਲੇ ਸਬੰਧੀ ਜਦੋਂ ਸਿਹਤ ਮੰਤਰੀ ਡਾ. ਬਲਵੀਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਵਾਰ ਵਾਰ ਫੋਨ ਕਰਨ ’ਤੇ ਉਨ੍ਹਾਂ ਆਪਣਾ ਫੋਨ ਨਹੀਂ ਚੁੱਕਿਆ।