ਜਦੋਂ ਉਸਨੇ ਕੰਬਦਿਆਂ ਹੱਥਾਂ ਨਾਲ ਕਮਰੇ ਦਾ ਬੂਹਾ ਖੋਲ੍ਹਿਆ ਤਾਂ ਮਾਂ ਦੇ ਬੁੱਢੇ ਚਿਹਰੇ ‘ਤੇ ਪਈਆਂ ਦੁੱਖਾਂ ਦੀਆਂ ਝੁਰੜੀਆਂ ਫਿਰ ਤੋਂ ਜਿਵੇਂ ਆਪਣਿਆਂ ਨਿਸ਼ਾਨਾਂ ‘ਤੇ ਵਾਪਸ ਆ ਗਈਆਂ ਉਹ ਹੌਲੀ ਜਿਹੀ ਅੱਗੇ ਵਧੀ ਤਾਂ ਅੱਖਾਂ ਵਿਚਲਾ ਖਾਰਾ ਪਾਣੀ ਰੋਕਿਆਂ ਵੀ ਨਾ ਰੁਕਿਆ ਨਵਾਰੀ ਮੰਜੀਆਂ, ਜੋ ਉਸਨੇ ਕਿੰਨੇ ਹੀ ਚਾਵਾਂ ਨਾਲ ਜੋੜ ਕੇ ਉੱਤੇ ਨਵੀਆਂ ਤਲ਼ਾਈਆਂ ਤੇ ਖੱਟੇ ਫੁੱਲਾਂ ਵਾਲੀ ਹੱਥ ਦੀ ਕੱਢੀ ਹੋਈ ਕੱਚੇ ਪੀਲੇ ਰੰਗ ਦੀ ਚਾਦਰ ਵਿਛਾ ਕੇ ਸਜਾਈਆਂ ਸਨ ਪਰ ਉਹ ਸਾਰੇ ਰੰਗ ਬੇਰੰਗ ਹੋ ਗਏ ਸਨ।
ਉਹ ਦੋ ਕੁ ਕਦਮ ਹੋਰ ਅੱਗੇ ਵਧੀ ਤਾਂ ਧਿਆਨ ਲੱਕੜ ਦੇ ਸੰਦੂਕ ਵੱਲ ਗਿਆ ਉਸ ਨੂੰ ਚੇਤੇ ਆਈ ਉਹ ਲਾਲ ਫੁਲਕਾਰੀ, ਜਿਸ ਨੂੰ ਕਦੇ ਕਰਤਾਰ ਕੋਰ ਨੇ ਜਵਾਨੀ ਵੇਲੇ ਆਪਣੇ ਹੱਥਾਂ ਨਾਲ ਕੱਢਿਆ ਸੀ ਫਿਰ ਬਲਵੰਤੇ ਦੇ ਜਨਮ ਤੋਂ ਹੀ ਸਾਂਭ-ਸਾਂਭ ਕੇ ਰੱਖਦੀ ਰਹੀ ਵਿਆਹ ਵੇਲੇ ਜਦੋਂ ਜੱਸੀ ਦੇ ਸਿਰ ‘ਤੇ ਉਸਨੇ ਲਾਲ ਸ਼ਗਨਾਂ ਵਾਲੀ ਫੁਲਕਾਰੀ ਦੇਖੀ ਤਾਂ ਮਨ ਵਿੱਚ ਰੀਝ ਆਈ ਕਿ ਉਹ ਹੁਣ ਵੀ ਜੱਸੀ ਦੇ ਸਿਰ ‘ਤੇ ਫੁਲਕਾਰੀ ਦੇਖੇ ਉਹ ਫੁਲਕਾਰੀ।
ਜਿਸ ਦੇ ਤੋਪੇ ਫੁਲਕਾਰੀ ਦੀਆਂ ਤਹਿਆਂ ਵਿੱਚ ਦਮ ਤੋੜ ਚੁੱਕੇ ਸਨ ਕਰਤਾਰ ਕੌਰ ਨੇ ਘੁੱਟ ਕੇ ਫੁਲਕਾਰੀ ਨੂੰ ਗਲ਼ ਨਾਲ ਲਾ ਲਿਆ ਤੇ ਮਨ ਭਰ ਕੇ ਬੋਲੀ, ‘ਹੁਣ ਕੀ ਕਰਨਾ ਏ ਤੇਰਾ, ਜੀਹਦੇ ਲਈ ਤੈਨੂੰ ਸਾਂਭਿਆ ਉਹ ਤਾਂ…?’ ਅੱਗੋਂ ਜਿਵੇਂ ਮੂੰਹ ‘ਚੋਂ ਬੋਲ ਮੁੱਕ ਗਏ ਹੋਣ ਭਰੇ ਮਨ ਨਾਲ ਉਸ ਨੇ ਫਿਰ ਤੋਂ ਆਪਣੇ ਹੱਥਾਂ ਨਾਲ ਫੁਲਕਾਰੀ ਦੇ ਤੋਪਿਆਂ ਨੂੰ ਟੋਹਿਆ ਤੇ ਮੈਲੀ ਜਿਹੀ ਚੁੰਨੀ ਦੀ ਕੰਨੀ ਨਾਲ ਅੱਖਾਂ ਪੂੰਝ ਕੇ ਉਸ ਨੂੰ ਫਿਰ ਤੋਂ ਸੰਦੂਕ ਦੇ ਕੋਨੇ ਵਿੱਚ ਰੱਖ ਦਿੱਤਾ ਮਨ ਵਿਚਲਾ ਤੂਫਾਨ ਜਿਵੇਂ ਉਸ ਨੂੰ ਕੋਹ-ਕੋਹ ਕੇ ਸੁੱਟ ਰਿਹਾ ਸੀ ਸਾਉਣ-ਭਾਦਰੋਂ ਦੀਆਂ ਤਿਆਰੀਆਂ ਕਰਦੀ ਕਰਤਾਰ ਕੌਰ ਨੇ ਨੂੰਹ-ਪੁੱਤ ਦੇ ਆਉਣ ਦੀ ਖੁਸ਼ੀ ਵਿੱਚ ਹਰ ਚੀਜ਼ ਸੰਵਾਰ-ਸੰਵਾਰ ਕੇ ਰੱਖੀ ਹੋਈ ਸੀ ਵੱਡੇ ਕਮਰੇ ਨੂੰ ਤਾਂ ਉਸਨੇ ਫਿਰ ਤੋਂ ਨਵਾਂ ਜਿਹਾ ਕਰ ਦਿੱਤਾ ਸੀ ।
ਬਚਨ ਸਿੰਘ ਜਦੋਂ ਚਾਅ ਨਾਲ ਅੰਦਰ ਵੱਲ ਝਾਤੀ ਮਾਰਦਾ ਤਾਂ ਹੱਸ ਕੇ ਬੋਲਦਾ, ‘ਆਹ ਤਾਂ ਬਈ ਤੂੰ ਟੌਹਰ ਕੱਢ’ਤੀ, ਜੀ ਕਰਦੈ ਬੱਸ ਦੇਖੀ ਜਾਵਾਂ?’ ਘਰ ਵਾਲੇ ਦੀ ਗੱਲ ਸੁਣ ਕੇ ਕਰਤਾਰ ਕੌਰ ਹੱਸਦੀ ਹੋਈ ਬੜੇ ਮਾਣ ਨਾਲ ਕਹਿੰਦੀ, ‘ਅਮਰੀਕਾ ਤੋਂ ਆਉਣੈ ਮੇਰੇ ਪੁੱਤ ਨੇ ਸਾਲਾਂ ਬਾਅਦ, ਉਨ੍ਹਾਂ ਨੂੰ ਕਿੱਥੇ ਨੀਂਦ ਆਉਣੀ ਐ ਇਨ੍ਹਾਂ ਪੁਰਾਣੀਆਂ ਮੰਜੀਆਂ ‘ਤੇ, ਨਾਲੇ ਸੁੱਖ ਨਾਲ ਬਿਸਤਰੇ ਕਦੋਂ ਕੰਮ ਆਉਣੇ ਨੇ…!’ ਉਹ ਬੋਲਦੀ-ਬੋਲਦੀ ਵਾਰ-ਵਾਰ ਮੰਜੀ ਦੀ ਚਾਦਰ ਨੂੰ ਟੋਂਹਦੀ ਦੋਵੇਂ ਜੀਅ ਦਸ ਸਾਲਾਂ ਦੇ ਵਿਛੋੜੇ ਨੂੰ ਭੁੱਲ ਗਏ ਜਾਪਦੇ ਸਨ ਵਿਆਹ ਕਰਾਕੇ ਗਿਆ ਬਲਵੰਤ ਸਾਉਣ ਦੇ ਪਹਿਲੇ ਹਫਤੇ ਹੀ ਜੱਸੀ ਨੂੰ ਲੈ ਕੇ ਆ ਰਿਹਾ ਸੀ ਮਾਂ-ਬਾਪ ਨੂੰ ਉਸ ਤੋਂ ਵੀ ਵੱਧ ਖੁਸ਼ੀ ਸੀ ਜੱਸੀ ਦੀ ਗੋਦ ਵਿੱਚ ਖੇਡਦੇ ਉਨ੍ਹਾਂ ਦੇ ਪੋਤੇ ਦੀ, ਜਿਸ ਨੂੰ ਬੁੱਢੀਆਂ ਅੱਖਾਂ ਨੇ ਕਾਗਜ਼ ਦੇ ਰੰਗੀਨ ਟੁਕੜਿਆਂ ਵਿੱਚ ਹੀ ਦੇਖਿਆ ਸੀ ਪਰ ਪੁੱਤ ਦੇ ਆਉਣ ਦੀ ਖ਼ਬਰ ਸੁਣ ਕੇ ਬੁਢਾਪਾ ਜਿਵੇਂ ਫਿਰ ਤੋਂ ਜਵਾਨੀ ਦੀਆਂ ਪੌੜੀਆਂ ‘ਤੇ ਚੜ੍ਹਨ ਲੱਗ ਪਿਆ ਸੀ।
ਵਿਛੋੜੇ ਦੇ ਦਰਦ ਤੋਂ ਬੇਖ਼ਬਰ ਦੋਵੇਂ ਜੀਅ ਹਰ ਚੀਜ਼ ਪੁੱਤ ਦੀ ਪਸੰਦ ਦੀ ਬਣਾ ਰਹੇ ਸਨ ਘਰ ਦੇ ਦੁੱਧ ‘ਚੋਂ ਖੋਆ ਕੱਢ ਕੇ ਬਚਨ ਸਿੰਘ ਨੇ ਬੜੇ ਚਾਅ ਨਾਲ ਕਾਜੂ-ਬਦਾਮਾਂ ਵਾਲੀਆਂ ਪਿੰਨੀਆਂ ਬਣਾਈਆਂ ਤੇ ਨਾਲ ਹੀ ਮਾਂ ਦੇ ਦਿਮਾਗ ਵਿੱਚ ਲਾਡਲੇ ਪੁੱਤ ਦੀ ਹਰ ਪਸੰਦ ਵਾਰੀ-ਵਾਰੀ ਘੁੰਮਣ ਲੱਗੀ ਖੀਰ-ਪੂੜੇ, ਗੁੜ ਦੀ ਚਾਹ, ਖੱਟੀ-ਮਿੱਠੀ ਲੱਸੀ ਤੇ ਅੰਬ ਦਾ ਅਚਾਰ, ਉਹ ਸੋਚ-ਸੋਚ ਕੇ ਹੱਸਦੀ ਤੇ ਨਾਲ ਹੀ ਆਪਣੇ-ਆਪ ਨੂੰ ਕਹਿੰਦੀ, ‘ਪਰਦੇਸਾਂ ‘ਚ ਕਿੱਥੇ ਮਿਲਣਾ ਸੀ ਇਹ ਸਭ ਕੁਝ ਮੇਰੇ ਪੁੱਤ ਨੂੰ ਸ਼ੁਕਰ ਐ ਰੱਬਾ! ਚੁੱਲ੍ਹੇ ਦੀ ਅੱਗ ਤਾਂ ਭਖ਼ਦੀ ਰਹੂ, ਮੈਂ ਤਾਂ ਤਰਸੀ ਪਈ ਆਂ’ ਫਿਰ ਉਹ ਕਾਹਲੀ ਨਾਲ ਉੱਠ ਕੇ ਕਾਣਸ ਤੋਂ ਬਲਵੰਤ ਦੀ ਫੋਟੋ ਚੁੱਕ ਕੇ ਉਸ ਨੂੰ ਚੁੰਨੀ ਦੀ ਕੰਨੀ ਨਾਲ ਸਾਫ਼ ਕਰਦੀ ਤੇ ਫਿਰ ਚੁੰਮ ਕੇ ਰੱਖਦਿਆਂ ਹੋਇਆਂ ਬੋਲਦੀ, ‘ਹੁਣ ਬਥੇਰੇ ਪੈਸੇ ਕਮਾ ਲਏ, ਮੈਂ ਆਪਣੇ ਜ਼ਿਗਰ ਦੇ ਟੋਟੇ ਨੂੰ ਕਿਤੇ ਨ੍ਹੀਂ ਜਾਣ ਦੇਣਾ, ਸਾਰੀ ਉਮਰ ਪਰਦੇਸਾਂ ‘ਚ ਰੁਲਣ ਲਈ ਨਹੀਂ ਸੀ ਪਾਲਿਆ, ਚਾਰ ਸਾਹ ਹੁਣ ਖੁਸ਼ੀ ਨਾਲ ਲੈਣੇ ਆ’ ਏਨਾ ਕਹਿ ਕੇ ਕਰਤਾਰ ਕੌਰ ਨੂੰ ਲੱਗਦਾ, ਜਿਵੇਂ ਮਨ ਦਾ ਭਾਰ ਹੌਲਾ ਹੋ ਗਿਆ ਹੋਵੇ।
ਉਹ ਕਿੰਨਾ ਹੀ ਚਿਰ ਬਲਵੰਤ ਦੀ ਫੋਟੋ ਨਾਲ ਗੱਲਾਂ ਕਰਦੀ ਰਹਿੰਦੀ ਸੀ ਸਾਉਣ-ਭਾਦਰੋਂ ਦੀ ਜਾਗੀ ਆਸ ਜੋ ਖੁਸ਼ੀਆਂ ਬਣ ਕੇ ਸੱਖਣੇ ਵਿਹੜੇ ਵਿੱਚ ਨੱਚ ਰਹੀ ਸੀ ਪਰ ਹੁਣ ਜਿਵੇਂ ਅੱਸੂ ਦੀਆਂ ਠੰਢੀਆਂ ਰਾਤਾਂ ਵਿੱਚ ਲੰਮੀਆਂ ਤਾਣ ਕੇ ਸੌਂ ਗਈ ਸੀ ਅੱਜ ਮਨ ਵਿਚਲਾ ਤੂਫਾਨ ਆਪਣੇ ਨਾਲ ਸਭ ਕੁਝ ਹੂੰਝ ਕੇ ਲਿਜਾਣਾ ਚਾਹੁੰਦਾ ਹੈ ਗਿੱਲੀਆਂ ਅੱਖਾਂ ਤੇ ਹੱਥ ਵਿੱਚ ਫੜ੍ਹੀ ਨੂੰਹ-ਪੁੱਤ ਦੀ ਫੋਟੋ ਪਰ ਧਿਆਨ ਸ਼ੀਸ਼ੇ ਵਿੱਚ ਜੜੇ ਮੋਤੀਆਂ ਵਾਲੇ ਸਿਹਰੇ ‘ਤੇ ਟਿਕਿਆ ਹੋਇਆ ਹੈ ਬੁੱਲ੍ਹਾਂ ਦੀ ਚੁੱਪ ਤੇ ਮਨ ਦੀ ਉਦਾਸੀ ਬੁੱਢੇ ਜਿਹੇ ਚਿਹਰੇ ਦੇ ਭਾਵ ਬਦਲ ਰਹੇ ਸਨ ਹੁਣ ਤਾਂ ਜਿਵੇਂ ਹਰ ਚੀਜ਼ ਬੇਗਾਨੀ ਜਿਹੀ ਜਾਪ ਰਹੀ ਹੈ ਕਰਤਾਰ ਕੌਰ ਨੇ ਕੰਬਦੇ ਹੋਏ।
ਹੱਥਾਂ ਨਾਲ ਫੋਟੋ ਨੂੰ ਕੋਲ ਪਏ ਮੇਜ਼ ‘ਤੇ ਰੱਖਿਆ ਤੇ ਫਿਰ ਪੁੱਤ ਦੇ ਸਿਹਰੇ ਜੜੇ ਵਾਲੇ ਸ਼ੀਸ਼ੇ ਨੁੰ ਫੜ ਲਿਆ ਮਾਂ ਦੀ ਮੁਮਤਾ ਸੁੰਨਸਾਨ ਜਿਹੇ ਹਨ੍ਹੇਰਿਆਂ ਵਿੱਚ ਗੋਤੇ ਖਾਣ ਲੱਗੀ ‘ਵੇ ਤੈਨੂੰ ਬੁੱਢੀ ਮਾਂ ‘ਤੇ ਜ਼ਰਾ ਤਰਸ ਨਾ ਆਇਆ?’ ਬੁੱਲ੍ਹ ਖੁੱਲ੍ਹੇ ਤਾਂ ਮਨ ਦੀ ਭੜਾਸ ਵਿੱਚ ਇਹ ਬੋਲ ਨਿੱਕਲ ਗਏ, ਜਿਵੇਂ ਕਈ ਸਦੀਆਂ ਤੋਂ ਉਹ ਆਪਣੇ ਬੋਲਾਂ ਨੂੰ ਆਪਣੇ ਅੰਦਰ ਹੀ ਬੰਨ੍ਹ ਕੇ ਬੈਠੀ ਹੋਵੇ ਬੀਤਿਆ ਕੱਲ੍ਹ ਉਸ ਦੀਆਂ ਅੱਖਾਂ ਅੱਗੇ ਘੁੰਮਣ ਲੱਗਾ ਉਸ ਨੂੰ ਯਾਦ ਆਇਆ ਕਿ ਕਿਵੇਂ ਇਹ ਸਿਹਰਾ ਬਚਨ ਸਿੰਘ ਨੇ ਆਪ ਕੋਲ ਬੈਠ ਕੇ ਬਣਵਾਇਆ ਸੀ ਬਾਪ ਨੂੰ ਕਿੰਨੀ ਉਮੀਦ ਸੀ ਪੁੱਤ ਦੀਆਂ ਬਾਹਾਂ ਦੇ ਸਹਾਰੇ ਦੀ ਉਹ ਕਿੰਨੇ ਮਾਣ ਨਾਲ ਕਰਤਾਰ ਕੌਰ ਨੂੰ ਕਹਿੰਦਾ ਸੀ, ‘ਆ ਖੁੱਡੀਆਂ ਨੂੰ ਕੀ ਕਰਨੈਂ, ਮੇਰੀ ਸ਼ੇਰ ਪੁੱਤ ਜੋ ਐ, ਦੇਖੀਂ ਜਦੋਂ ਉਹ ਆਇਆ ਤਾਂ ਮੈਂ ਵੀ ਟੌਹਰ ਕੱਢ ਦੇਣੀ ਐ, ਮੇਰੀਆਂ ਰੀਝਾਂ ਮੇਰਾ ਸ਼ੇਰ ਪੁੱਤ ਪੂਰੀਆਂ ਕਰੂਗਾ, ਦੇਖੀ ਜਾਈਂ ਕਰਤਾਰ ਕੁਰੇ’ ।
ਪਰ ਅੱਜ ਕਰਤਾਰ ਕੌਰ ਦੀਆਂ ਅੱਖਾਂ ਵਿਚਲਾ ਨੂਰ ਤੇ ਬਚਨ ਸਿੰਘ ਦਾ ਮਾਣ ਸਭ ਕੁੱਝ ਮਿੱਟੀ ਦੀ ਧੂੜ ਵਾਂਗ ਉੱਡ ਚੁੱਕਾ ਸੀ ਬਚਨ ਸਿੰਘ ਬਿਨਾ ਕੁੱਝ ਖਾਧੇ-ਪੀਤੇ ਨਿਢਾਲ ਜਿਹਾ ਹੋ ਕੇ ਵਿਹੜੇ ਵਿਚ ਲੱਗੇ ਨਿੰਮ ਥੱਲੇ ਮੰਜੀ ਡਾਹੀ ਲੰਮਾ ਪਿਆ ਸੀ ਅੱਜ ਮੰਜੀ ਦੇ ਸਿਰਹਾਣੇ ਪਈ ਖੂੰਡੀ ਕਈ ਸਵਾਲ ਬਚਨ ਸਿੰਘ ਨੂੰ ਕਰ ਰਹੀ ਹੈ ਪਰ ਬੰਦ ਅੱਖਾਂ ‘ਤੇ ਰੱਖੀ ਹੋਈ ਸੱਜੀ ਬਾਂਹ ਤੇ ਉੱਤੋਂ ਸਹਿਮੀ ਜਿਹੀ ਖਾਮੋਸ਼ੀ, ਜਿਵੇਂ ਅੱਜ ਉਸ ਦੇ ਬੁਢਾਪੇ ਦਾ ਮਜ਼ਾਕ ਉਡਾ ਰਹੀ ਹੋਵੇ।
ਉਹ ਲੰਮਾ ਪਿਆ-ਪਿਆ ਕਈ ਵਾਰ ਤਬਕਿਆ ਤੇ ਫਿਰ ਖੰਘ ਨੇ ਉਸ ਨੂੰ ਬੇਬਸ ਜਿਹਾ ਕਰ ਦਿੱਤਾ ਉਸ ਨੇ ਆਪਣਾ ਖੱਬਾ ਹੱਬ ਜ਼ੋਰ ਨਾਲ ਛਾਤੀ ‘ਤੇ ਮਲ਼ਿਆ ਫਿਰ ਹੌਲੀ-ਹੌਲੀ ਸਾਹਾਂ ਦੀ ਡੋਰੀ ਜੁੜਨ ਲੱਗੀ ਤਾਂ ਬਚਨ ਸਿੰਘ ਹੌਂਸਲਾ ਜਿਹਾ ਕਰ ਕੇ ਉੱਠਿਆ ਉਦਾਸ ਨਜ਼ਰਾਂ ਨੇ ਸਾਰੇ ਘਰ ਨੂੰ ਆਪਣੀਆਂ ਸੁੰਨੀਆਂ ਜਿਹੀਆਂ ਪਲਕਾਂ ਦੇ ਸਾਏ ਵਿੱਚ ਸਮਾ ਲਿਆ ਇੱਕ ਖੰਘੂਰਾ ਜਿਹਾ ਮਾਰ ਕੇ ਜਦੋਂ ਨਜ਼ਰ ਕੋਲ ਪਈ ਖੂੰਡੀ ‘ਤੇ ਗਈ ਤਾਂ ਬਚਨ ਸਿੰਘ ਨੇ ਖੂੰਡੀ ਦੀ ਮੁੱਠ ਨੂੰ ਜ਼ੋਰ ਨਾਲ ਆਪਣੇ ਹੱਥ ਵਿੱਚ ਘੁੱਟ ਲਿਆ ਫਿਰ ਲੱਤਾਂ ਘੜੀਸਦਾ ਹੋਇਆ ਉਹ ਚੌਂਕੇ ਦੀ ਕੰਧੋਲੀ ਕੋਲ ਆਇਆ ਖਾਲੀ ਪਈ ਬਾਲਟੀ ਨੂੰ ਦੇਖ ਕੇ ਉਸ ਨੇ ਆਪਣਾ ਹੱਥ ਜੱਗ ਵੱਲ ਵਧਾ ਲਿਆ ਖਮੋਸ਼ੀ ਦੇ ਸਾਏ ਅਜੇ ਵੀ ਉਸੇ ਤਰ੍ਹਾਂ ਮਸਤੀ ਵਿੱਚ ਨੱਚ ਰਹੇ ਸਨ ਦੋਵੇਂ ਜੀਅ ਤਾਂ ਜਿਵੇਂ ਕੱਖੋਂ ਹੌਲੇ ਹੋ ਕੇ ਰਹਿ ਗਏ ਜਾਪਦੇ ਸਨ ਜਿਸ ਪੁੱਤ ਦੀ ਆਸ ਵਿੱਚ ਬੁਢਾਪਾ ਭੁੱਲਦਾ ਜਾਪ ਰਿਹਾ ਸੀ ਉਸਨੇ ਤਾਂ ਪਰਦੇਸਾਂ ਵਿੱਚ ਰਹਿਣ ਦਾ ਮਨ ਬਣਾ ਲਿਆ ਸੀ ਵੀਹ ਕੁ ਦਿਨਾਂ ਦੀ ਫੇਰੀ ਲਈ ਆਇਆ ਬਲਵੰਤ, ਉਹ ਬਲਵੰਤ ਨਹੀਂ ਸੀ ਰਿਹਾ ਉਸਨੂੰ ਹੁਣ ਪੱਛਮੀ ਸੱਭਿਅਤਾ ਦੇ ਰੰਗਾਂ ਦੀ ਰੰਗਤ ਪੂਰੀ ਤਰ੍ਹਾਂ ਚੜ੍ਹਦੀ ਲੱਗ ਰਹੀ ਸੀ ਖੋਏ ਦੀਆਂ ਪਿੰਨੀਆਂ ਦਾ ਸੁਆਦ ਉਸਦੀ ਜੀਭ ਤੋਂ ਜਿਵੇਂ ਲਹਿ ਹੀ ਚੁੱਕਾ ਸੀ।
ਉਸ ਨੇ ਨਾ ਖੀਰ-ਪੂੜੇ ਖਾਧੇ ਨਾ ਹੀ ਗੁੜ ਦੀ ਚਾਹ ਪੀਤੀ ਅੰਬ ਦੇ ਅਚਾਰ ਵੱਲ ਦੇਖ ਕੇ ਬਲਵੰਤ ਹੁਣ ਡਰਨ ਲੱਗਾ ਸੀ ਤੇ ਖੱਟੀ ਲੱਸੀ ਨੂੰ ਤਾਂ ਦੇਖ ਕੇ ਉਹ ਫੱਟ ਬੋਲ ਪੈਂਦਾ, ‘ਆਹ ਪੁਰਾਣੀਆਂ ਚੀਜ਼ਾਂ ਅਜੇ ਮੁੱਕੀਆਂ ਨ੍ਹੀਂ ਘਰੋਂ, ਸਾਡੇ ਤਾਂ ਗਲੇ ਇਨ੍ਹਾਂ ਨੂੰ ਦੇਖ ਕੇ ਹੀ ਪੱਕ ਜਾਂਦੇ ਨੇ ਬੇਬੇ, ਤੁਸੀਂ ਖਬਰੈ ਕਿਵੇਂ ਪੀ ਲੈਂਦੇ ਓ?’ ਕਰਤਾਰ ਕੌਰ ਪੁੱਤ ਦੀਆਂ ਗੱਲਾਂ ਸੁਣਕੇ ਸੋਚੀਂ ਪੈ ਜਾਂਦੀ ਤੇ ਫਿਰ ਹੌਲੀ ਜਿਹੀ ਬੋਲਦੀ, ‘ਪੁੱਤ ਤੂੰ ਤਾਂ ਬਹੁਤ ਪਸੰਦ ਕਰਦਾ ਸੀ’ ਫਿਰ ਉਹ ਕੋਲ ਪਿਆ ਖੋਏ ਦੀਆਂ ਪਿੰਨੀਆਂ ਵਾਲਾ ਡੱਬਾ ਫੜਦੀ ਤਾਂ ਨਾਲ ਹੀ ਬੋਲ ਪੈਂਦੀ, ‘ਆਹ ਦੇਖ ਤੇਰੇ ਬਾਪੂ ਨੇ ਘਰ ਦੇ ਦੁੱਧ ‘ਚੋਂ ਤੇਰੇ ਵਾਸਤੇ ਪਿੰਨੀਆਂ ਬਣਾਈਆਂ ਨੇ, ਖਾ ਕੇ ਤਾਂ ਦੇਖ ਪੁੱਤ’ ਫਿਰ ਉਹ ਪੁੱਤ ਵੱਲ ਕਰਦੀ ਤੇ ਨਾਲ ਹੀ ਬੜੇ ਮਾਣ ਨਾਲ ਕਹਿੰਦੀ, ‘ਅਮਰੀਕਾ ‘ਚ ਕਿੱਥੇ ਲੱਭਦਾ ਐ ਆਹ ਸਭ ਕੁੱਝ’ ‘ਬੇਬੇ ਉਹ ਜ਼ਮਾਨੇ ਬਦਲ ਗਏ, ਹੁਣ ਤਾਂ ਘਿਓ ਹੋਵੇ ਭਾਵੇਂ ਖੋਆ ਬੱਸ ਦੇਖਣ ਨੂੰ ਮਨ ਨ੍ਹੀਂ ਕਰਦਾ ਨਾਲੇ ਇਨ੍ਹਾਂ ਨੂੰ ਤਾਂ ਇਹ ਸਭ ਕੁੱਝ ਪਹਿਲਾਂ ਹੀ ਮਨ੍ਹਾ ਹੈ’ ਬਲਵੰਤ ਦੇ ਕੁੱਝ ਬੋਲਣ ਤੋਂ ਪਹਿਲਾਂ ਹੀ ਜੱਸੀ ਬੋਲ ਪਈ ਉਹ ਜੱਸੀ, ਜੋ ਸਾਦੀ ਜਿਹੀ ਪਿੰਡ ਦੀ ਕੁੜੀ ਸੀ।
ਜਿਸ ਨੂੰ ਕਰਤਾਰ ਕੌਰ ਨੇ ਧੀ ਬਣਾ ਕੇ ਘਰ ਲਿਆਂਦਾ ਸੀ ਉਦੋਂ ਲਾਲ ਸੂਹੇ ਜੋੜੇ ‘ਚ ਅੰਬਰੋਂ ਉੱਤਰੀ ਅਪਸਰਾ ਲੱਗਦੀ ਸੀ, ਤਾਂ ਹੀ ਕਰਤਾਰ ਕੌਰ ਦਾ ਧਿਆਨ ਸੰਦੂਕ ਵਿੱਚ ਫੁਲਕਾਰੀ ਵੱਲ ਗਿਆ ਸੀ ਉਹ ਨੂੰਹ ਦੇ ਸਿਰ ‘ਤੇ ਫਿਰ ਨਾਲ ਫੁਲਕਾਰੀ ਦੀ ਛਾਂ ਆਪਣੇ ਹੱਥੀਂ ਕਰਨਾ ਚਾਹੁੰਦੀ ਸੀ ਮਨ ਦੀ ਆਸ ਦਸ ਸਾਲ ਬਾਅਦ ਫਿਰ ਜਾਗ ਪਈ ਸੀ, ਜਦੋਂ ਤੋਂ ਨੂੰਹ-ਪੁੱਤ ਦੇ ਆਉਣ ਦੀ ਉਡੀਕ ਬਣੀ ਸੀ ਤਾਂ ਦਿਨ ਵਿੱਚ ਕਿੰੰਨੀ ਹੀ ਵਾਰ ਕਰਤਾਰ ਕੌਰ ਫੁਲਕਾਰੀ ਕੱਢਦੀ ਸੀ ਪਰ ਹੁਣ ਤਾਂ ਜੱਸੀ ਵੀ ਮੈਡਮ ਜੈਸੀ ਬਣ ਚੁੱਕੀ ਸੀ।