1000 ਕਰੋੜ ਰੁਪਏ ਦੇ ਬਜਟ ਉਪਬੰਧ ਅਨੁਸਾਰ 776 ਕਰੋੜ ਰੁਪਏ ਦੀ ਪ੍ਰਸ਼ਾਸ਼ਕੀ ਪ੍ਰਵਾਨਗੀ ਜਾਰੀ (Harbhajan Singh ETO)
- ਬਾਕੀ ਰਹਿੰਦੀਆਂ ਪ੍ਰਵਾਨਗੀਆਂ ਵੀ ਹਫਤੇ ਅੰਦਰ ਜਾਰੀ ਕਰਨ ਦੇ ਦਿੱਤੇ ਨਿਰਦੇਸ਼
(ਅਸ਼ਵਨੀ ਚਾਵਲਾ) ਚੰਡੀਗੜ। ਪੰਜਾਬ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ (Harbhajan Singh ETO)ਨੇ ਅੱਜ ਇੱਥੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਅਪਣਾਈ ਗਈ ਪਾਰਦਰਸ਼ੀ ਆਨਲਾਈਨ ਟੈਂਡਰਿੰਗ ਪ੍ਰਕਿ੍ਰਆ ਸਦਕਾ ਨਾਬਾਰਡ-28 ਸਕੀਮ ਵਿੱਚ 35 ਕਰੋੜ, 5054 ਆਰ.ਬੀ 10 ਸੜਕਾਂ ਅਧੀਨ 87 ਕਰੋੜ, ਸੀ.ਆਰ.ਆਈ.ਐਫ ਅਧੀਨ 36 ਕਰੋੜ ਰੁਪਏ ਦੀ ਬੱਚਤ ਕੀਤੀ ਗਈ ਹੈ।
ਉਨਾਂ ਕਿਹਾ ਕਿ ਇਸ ਵਿੱਤੀ ਵਰੇ ਲਈ 5054 ਆਰ.ਬੀ. 10 ਸੜਕਾਂ ਦੇ 1000 ਕਰੋੜ ਰੁਪਏ ਦੇ ਬਜਟ ਉਪਬੰਧ ਅਨੁਸਾਰ 776 ਕਰੋੜ ਰੁਪਏ ਦੀ ਪ੍ਰਸ਼ਾਸ਼ਕੀ ਪ੍ਰਵਾਨਗੀ ਜਾਰੀ ਹੋ ਚੁੱਕੀ ਹੈ ਅਤੇ ਬਾਕੀ ਰਹਿੰਦੀਆਂ ਪ੍ਰਵਾਨਗੀਆਂ ਵੀ ਇਸੇ ਹਫਤੇ ਜਾਰੀ ਕਰਨ ਦੇ ਨਿਰਦੇਸ਼ ਦਿੱਤੇ ਗਏ ਤਾਂ ਜੋ ਕੰਮ ਸਮੇਂ ਸਿਰ ਮੁਕੰਮਲ ਕੀਤੇ ਜਾ ਸਕਣ।
ਲੋਕ ਨਿਰਮਾਣ ਮੰਤਰੀ ਨੇ ਦੱਸਿਆ ਕਿ ਵਿਭਾਗ ਵੱਲੋਂ ਕੀਤੀ ਗਈ ਇਸ ਬਚਤ ਲਈ ਜਿੱਥੇ ਸਬੰਧਤ ਅਧਿਕਾਰੀਆਂ ਦੀ ਪ੍ਰਸੰਸਾ ਕੀਤੀ ਗਈ ਹੈ ਉਥੇ ਵਿਭਾਗ ਨੂੰ ਅਗੇ ਤੋਂ ਹੋਰ ਸੁਚੇਤ ਰਹਿ ਕੇ ਤਨਦੇਹੀ ਨਾਲ ਕੰਮ ਕਰਨ ਦੀ ਹਦਾਇਤ ਦਿੱਤੀ ਗਈ ਹੈ। ਉਨਾਂ ਕਿਹਾ ਕਿ ਜਿਨਾਂ ਕਾਰਜਾਂ ‘ਤੇ 20 ਪ੍ਰਤੀਸ਼ਤ ਤੋਂ ਜ਼ਿਆਦਾ ਦੀ ਬਚਤ ਕੀਤੀ ਗਈ ਹੈ, ਉਸ ਬਾਰੇ ਖਾਸ ਹਿਦਾਇਤ ਕੀਤੀ ਗਈ ਕਿ ਇੰਨਾ ਕੰਮਾਂ ਵਿੱਚ ਮਿਆਰ ਪੱਖੋਂ ਕੋਈ ਵੀ ਕਮੀ ਨਾ ਰਹੇ।
ਇਹ ਵੀ ਪਡ਼੍ਹੋ: ਮੁਫ਼ਤ ਤੀਰਥ ਯਾਤਰਾ ਸਕੀਮ ਦਾ ਮਾਮਲਾ ਪਹੁੰਚਿਆ ਹਾਈਕੋਰਟ, ਜਾਣੋ ਕਿਉਂ
ਇਸੇ ਦੌਰਾਨ ਲੋਕ ਨਿਰਮਾਣ ਮੰਤਰੀ (Harbhajan Singh ETO) ਵੱਲੋਂ ਵਿਭਾਗ ਦੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਲਈ ਮੀਟਿੰਗ ਕੀਤੀ ਗਈ ਜਿਸ ਵਿੱਚ ਸਕੱਤਰ ਲੋਕ ਨਿਰਮਾਣ ਵਿਭਾਗ, ਮੁੱਖ ਇੰਜੀਨੀਰਜ, ਨਿਗਰਾਨ ਇੰਜੀਨੀਰਜ ਅਤੇ ਹੋਰ ਸੀਨੀਅਰ ਅਧਿਕਾਰੀ ਸ਼ਾਮਿਲ ਹੋਏ। ਮੀਟਿੰਗ ਦੌਰਾਨ ਹਲਕੇ ਅਨੁਸਾਰ ਪੰਜਾਬ ਭਰ ਦੀਆਂ ਵੱਖ-ਵੱਖ ਸਕੀਮਾਂ ਜਿਵੇ ਕਿ 5054 ਆਰ.ਬੀ. 10, ਸੀ.ਆਰ.ਆਈ.ਐਫ, ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ, ਨਾਬਾਰਡ, ਰਾਸ਼ਟਰੀ ਮਾਰਗਾਂ ਆਦਿ ਅਧੀਨ ਚਲ ਰਹੇ ਸੜਕਾਂ ਦੇ ਕੰਮਾਂ ਦੀ ਪ੍ਰਗਤੀ ਵਾਚਦੇ ਹੋਏ ਵੱਖ-ਵੱਖ ਪਹਿਲੂਆਂ ‘ਤੇ ਵਿਚਾਰ ਕੀਤਾ ਗਿਆ। ਰਾਸ਼ਟਰੀ ਮਾਰਗਾ ਦੇ ਪੁਰਾਣੇ ਕੰਮ ਜੋ ਕਿਸੀ ਕਾਰਨ ਜਿਵੇ ਜਮੀਨ ਇਕਵਾਇਰ ਕਰਨ, ਜੰਗਲਾਤ ਹਟਾਉਣ ਆਦਿ ਕਰਕੇ ਦੇਰੀ ਨਾਲ ਹੋ ਰਹੇ ਹਨ, ਬਾਰੇ ਲੋਕ ਨਿਰਮਾਣ ਮੰਤਰੀ ਨੇ ਸਬੰਧਿਤ ਨਿਗਰਾਨ ਇੰਜੀਨਿਯਰਜ ਨੂੰ ਹਦਾਇਤ ਕੀਤੀ ਗਈ ਕਿ ਇਸ ਪ੍ਰੀਕਿਰਿਆ ਵਿਚ ਤੇਜ਼ੀ ਲਿਆਂਦੀ ਜਾਵੇ ਤਾਂ ਜੋ ਆਮ ਜਨਤਾ ਨੂੰ ਸਮੇਂ ਸਿਰ ਸਹੂਲਤ ਦਿੱਤੀ ਜਾ ਸਕੇ।
ਕੰਮ ਨੂੰ ਮੁਕੰਮਲ ਕਰਨ ਵਿਚ ਕੀਤੀ ਕੋਈ ਵੀ ਦੇਰੀ ਬਰਦਾਸ਼ਤ ਨਹੀਂ ਹੋਵੇਗੀ
ਮੀਟਿੰਗ ਦੌਰਾਨ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਕਿਹਾ ਕਿ ਜੇਕਰ ਇਕ ਏਜੇਂਸੀ ਨੂੰ ਕਈ ਕੰਮ ਅਲਾਟ ਹੋਏ ਹੋਣ ਤਾਂ ਇਹ ਜਿੰਮੇਵਾਰੀ ਸਬੰਧਤ ਅਧਿਕਾਰੀਆਂ ਦੀ ਹੋਵੇਗੀ ਕਿ ਏਜੇਂਸੀ ਸਭ ਜਗਾ ਨਾਲੋਂ ਨਾਲ ਕੰਮ ਕਰੇ ਕਿਉਕਿ ਇਹ ਵੇਖਣ ਵਿੱਚ ਆਇਆ ਹੈ ਕਿ ਏਜੰਸੀ ਇਕ ਕੰਮ ਮੁਕੰਮਲ ਕਰਨ ਉਪਰੰਤ ਹੀ ਦੂਸਰਾ ਸ਼ੁਰੂ ਕਰਦੀਆਂ ਹਨ ਜਿਸ ਕਾਰਨ ਆਮ ਜਨਤਾ ਨੂੰ ਤੰਗੀ ਹੁੰਦੀ ਹੈ।
ਉਨਾਂ ਕਿਹਾ ਕਿ ਕੰਮ ਨੂੰ ਮੁਕੰਮਲ ਕਰਨ ਵਿਚ ਕੀਤੀ ਕੋਈ ਵੀ ਦੇਰੀ ਬਰਦਾਸ਼ਤ ਨਹੀਂ ਹੋਵੇਗੀ। ਉਨਾਂ ਕਿਹਾ ਕਿ ਇਕਰਾਰਨਾਮੇ ਅਨੁਸਾਰ ਬਣਦਾ ਜੁਰਮਾਨਾ ਲਗਾਉਣਾ ਵੀ ਯਕੀਨੀ ਬਣਾਈ ਜਾਵੇ, ਅਤੇ ਇਸ ਲਈ ਸਮਾਂ ਸੀਮਾ ਵਿੱਚ ਵਾਧਾ ਬਹੁਤ ਸੋਚ ਵਿਚਾਰ ਕੇ ਜਾਇਜ਼ ਕੇਸਾਂ ਵਿਚ ਹੀ ਵਿਚਾਰਿਆ ਜਾਵੇ । ਲੋਕ ਨਿਰਮਾਣ ਮੰਤਰੀ ਨੇ ਇਹ ਵੀ ਹਦਾਇਤ ਕੀਤੀ ਕਿ ਪਲੈਂਨ ਸੜਕਾਂ ‘ਤੇ ਜਿਥੇ ਵੀ ਮੁਰੰਮਤ ਦੀ ਲੋੜ ਹੈ ਉਹ ਜਲਦੀ ਮੁਕੰਮਲ ਕੀਤੀ ਜਾਵੇ ਤਾਂ ਜੋ ਸੜਕਾਂ ਨੂੰ ਟੋਇਆਂ ਤੋਂ ਮੁਕਤ ਰੱਖਿਆ ਜਾ ਸਕੇ।