ਇੱਕ ਇਲਾਹੀ ਅਵਾਜ਼ ਨੇ ਰੂਹਾਂ ਨੂੰ ਅਜਿਹੀ ਖਿੱਚ ਪਾਈ, ਜੋ ਵੀ ਸੁਣਦਾ, ਬੱਸ ਮੁਰੀਦ ਹੁੰਦਾ ਗਿਆ। ਭਾਸ਼ਾ ਸਮਝ ਆਈ ਜਾਂ ਨਾ ਆਈ ਪਰ ਉਹਨਾਂ ਦੇ ਦਰਸ਼ਨ ਦਿਲੋ-ਦਿਮਾਗ ’ਚ ਮਸਤੀ ਘੋਲਦੇ ਗਏ। ਪੜ੍ਹਿਆ-ਲਿਖਿਆ, ਅਨਪੜ੍ਹ ਜੋ ਵੀ ਇੱਕ ਝਲਕ ਪਾ ਲੈਂਦਾ, ਬੱਸ ਤੱਕਦਾ ਹੀ ਰਹਿ ਜਾਂਦਾ। ਰੂਹਾਨੀਅਤ ਦਾ ਇਹ ਨਜ਼ਾਰਾ ਅਨੋਖਾ ਹੁੰਦਾ ਹੈ। ਰੂਹਾਨੀਅਤ ਆਲਮਾਂ ਫਾਜ਼ਲਾਂ ਦੀ ਨਹੀਂ ਹੁੰਦੀ, ਜੇਕਰ ਅਜਿਹਾ ਹੁੰਦਾ ਤਾਂ ਅਨਪੜ੍ਹ ਰੱਬੀ ਰਹਿਮਤਾਂ ਤੋਂ ਕੋਰੇ ਹੀ ਰਹਿ ਜਾਂਦੇ। ਰੂਹਾਨੀ ਰਹਿਬਰ ਦੀ ਅਵਾਜ਼ ’ਚ ਹੀ ਅਜਿਹੀ ਮਸਤੀ ਹੁੰਦੀ ਹੈ ਕਿ ਲੋਕ ਖਿੱਚੇ ਆਉਦੇ ਹਨ। (MSG incarnation day)
ਉਹਨਾਂ ਦੇ ਬੋਲ ਕੰਨਾਂ ’ਚ ਮਿਸ਼ਰੀ ਘੋਲਦੇ ਹਨ। ਉਹਨਾਂ ਦੇ ਦਰਸ਼ਨ ਰੂਹ ਨੂੰ ਅਨੰਦ ਦਿੰਦੇ ਹਨ, ਜੀਵ ਨੂੰ ਮਹਿਸੂਸ ਹੁੰਦਾ ਹੈ ਕਿ ਸਦੀਆਂ ਤੋਂ ਵਿੱਛੜਿਆ ਪਿਆਰਾ ਮਿਲ ਗਿਆ। ਰੂਹਾਨੀ ਰਹਿਮਤਾਂ ਦੇ ਭੰਡਾਰ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਆਪਣੀ ਇਲਾਹੀ ਬੋਲੀ, ਅੱਖੀਆਂ ’ਚੋਂ ਵਰਸਦੇ ਨੂਰ, ਪਿਆਰ ਦੇ ਸਮੁੰਦਰ ਅਤੇ ਰੂਹਾਨੀਅਤ ਦੀ ਅਜਿਹੀ ਵਰਖਾ ਕੀਤੀ ਕਿ ਪੱਛੜੇ ਬਾਗੜ ਇਲਾਕੇ ’ਚ ਭਗਤੀ ਤੇ ਇਨਸਾਨੀਅਤ ਦੇ ਚਸ਼ਮੇ ਫੁੱਟ ਪਏ। (MSG incarnation day)
ਨੂਰਾਨੀ ਝਲਕ ਨਾਲ ਲੋਕ ਸਾਈਂ ਜੀ ਦੇ ਪਿਆਰ ’ਚ ਰੰਗੇ ਗਏ
ਬਲੋਚਿਸਤਾਨ ਸਰਸਾ ਤੋਂ ਹਜ਼ਾਰਾਂ ਕਿਲੋਮੀਟਰ ਦੂਰ, ਕੋਈ ਜਾਣ-ਪਛਾਣ ਨਹੀਂ, ਬੋਲੀ ਦੀ ਸਾਂਝ ਨਹੀਂ ਪਰ ਪਹਿਲੀ ਹੀ ਨੂਰਾਨੀ ਝਲਕ ਨਾਲ ਲੋਕ ਆਪ ਜੀ (ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ) ਦੇ ਪਿਆਰ ’ਚ ਰੰਗੇ ਗਏ। ਇਹ ਰਿਸ਼ਤਾ ਆਤਮਾ ਤੇ ਪਰਮਾਤਮਾ ਦਾ ਹੈ, ਜੋ ਅੰਦਰੋਂ ਮਹਿਸੂਸ ਕੀਤਾ ਜਾਂਦਾ ਹੈ। ਪਿੰਡ-ਪਿੰਡ ਚਰਚਾ ਚੱਲ ਪਈ ਰੂਹਾਨੀਅਤ ਦੇ ਸ਼ਹਿਨਸ਼ਾਹ ਦੀ। ਆਪ ਜੀ ਨੇ 29 ਅਪਰੈਲ 1948 ਨੂੰ ਉਜਾੜ ਬੀਆਬਾਨ ’ਚ ਡੇਰਾ ਸੱਚਾ ਸੌਦਾ ਰੂਪੀ ਚਾਨਣ-ਮੁਨਾਰਾ ਸਥਾਪਿਤ ਕੀਤਾ ਤਾਂ ਸਤਿਸੰਗ ਸੁਣਨ ਲਈ ਲੋਕਾਂ ਨੇ ਵਹੀਰਾਂ ਘੱਤ ਦਿੱਤੀਆਂ। ਹਰ ਇੱਕ ਨੂੰ ਭਾਉਣ ਲੱਗਾ ਸੱਚਾ ਸੌਦਾ, ਨਾ ਕੋਈ ਪਖੰਡ, ਨਾ ਕੋਈ ਪੈਸਾ-ਚੜ੍ਹਾਵਾ, ਨਾ ਮੱਥਾ ਟਿਕਾਈ। ਹਰ ਕਿਸੇ ਨੂੰ ਸੌਖਾ ਤੇ ਸਸਤਾ ਰਾਹ ਦੱਸਿਆ। ਹਿੰਦੂ, ਮੁਸਲਮਾਨ, ਸਿੱਖ, ਈਸਾਈ ਸਭ ਪੁੱਜਣ ਲੱਗੇ, ਸਭ ਨੂੰ ਪਰਮਾਤਮਾ ਦੇ ਨਾਮ ਨਾਲ ਜੋੜਿਆ। ਆਪ ਜੀ ਨੇ ਸਰਵ ਧਰਮ ਸੰਗਮ ਦਾ ਅਜਿਹਾ ਬੂਟਾ ਲਾਇਆ ਕਿ ਭਾਈਚਾਰਕ ਸਾਂਝ ਮਜ਼ਬੂਤ ਹੋ ਗਈ।
ਰੱਬ ਨੂੰ ਮਿਲਣ ਦਾ ਅਸਲੀ ਰਾਹ | MSG incarnation day
ਸੱਚੇ ਸਾਈਂ ਜੀ ਦੇ ਆਉਣ ਨਾਲ ਲੋਕਾਂ ਨੂੰ ਭਗਤੀ ਦਾ ਸੌਖਾ ਤੇ ਮੁਫ਼ਤ ਰਾਹ ਮਿਲ ਗਿਆ, ਜਿੱਥੇ ਪਾਖੰਡ, ਚੜ੍ਹਾਵਾ, ਪੈਸੇ-ਪਾਈ ਦੀ ਕੋਈ ਲੋੜ ਨਹੀਂ ਕਿਉਕਿ ਉਸ ਲਈ ਤਾਂ ਸ਼ਰਧਾ ਹੀ ਮੂੁਲ ਮੰਤਰ ਹੈ, ਇਹ ਸ਼ਰਧਾ ਨਿਰਮਲ ਹਿਰਦੇ ’ਚੋਂ ਉਪਜਦੀ ਹੈ। ਸਾਈਂ ਜੀ ਨੇ ਇਹੀ ਪੜ੍ਹਾਇਆ ਸੱਚਾ ਪਿਆਰ ਤੇ ਸ਼ਰਧਾ ਹੀ ਪ੍ਰਭੂ ਨੂੰ ਮਿਲਣ ਦਾ ਸਹੀ ਤਰੀਕਾ ਹੈ। ਇਸੇ ਸਿੱਖਿਆ ਨੇ ਭਟਕੀ ਮਨੁੱਖਤਾ ਨੂੰ ਰੱਬ ਦੇ ਨਾਂਅ ’ਤੇ ਹੁੰਦੀ ਲੁੱਟ ਤੇ ਖਜੱਲ-ਖੁਆਰੀ ਤੋਂ ਬਚਾ ਕੇ ਸਿੱਧੇ ਰਾਹੇ ਪਾਇਆ।
ਸੌਖੇ ਸ਼ਬਦਾਂ ’ਚ ਸਮਝਾਈ ਗੂੜ੍ਹ ਰੂਹਾਨੀਅਤ
ਰੂਹਾਨੀਅਤ ਦੇ ਗੂੜ੍ਹ ਗਿਆਨ, ਦਾਰਸ਼ਨਿਕਤਾ ਦੇ ਖੁਸ਼ਕ ਬਿਆਨ ਦੀ ਜ਼ਰੂਰਤ ਹੀ ਨਹੀਂ ਪਈ, ਸਿੱਧੇ ਸ਼ਬਦਾਂ ’ਚ ਸਿੱਧੀ ਗੱਲ ਸਮਝਾਈ। ਪ੍ਰੇਮ ਦੀ ਅਨੋਖੀ ਖੇਡ ਵੀ ਹੁੰਦੀ। ਆਪਣੇ ਮਸਤਾਂ ਨੂੰ ਬੇਪਰਵਾਹ ਸਾਈਂ ਜੀ ਘਰ ਜਾਣ ਲਈ ਸਖ਼ਤੀ ਨਾਲ ਕਹਿੰਦੇ ਪਰ ਮਸਤ ਦਰਬਾਰ ਦੇ ਆਸ-ਪਾਸ ਘੁੰਮ ਕੇ ਦਿਨ ਕੱਟ ਲੈਂਦੇ ਸਨ। ਸ਼ਾਮ ਨੂੰ ਸਾਈਂ ਜੀ ਪਿਆਰ ਲੁਟਾਉਦੇ ਹੋਏ ਉਨ੍ਹਾਂ ਨੂੰ ਵਾਪਸ ਬੁਲਾਉਦੇ। ਜ਼ਿੰਦਗੀ ਜਿਉਣ ਦਾ ਸਹੀ ਢੰਗ ਆਪ ਜੀ ਨੇ ਸਿਖਾਇਆ, ਧਰਮਾਂ ਦੀ ਸੱਚੀ ਗੱਲ ਸਮਝਾਈ, ਧਰਮਾਂ ’ਤੇ ਅਮਲ ਕਰਨ ਦੀ ਸਿੱਖਿਆ ਦਿੱਤੀ। ਹਰ ਧਰਮ ਦੀ ਮਹਾਨਤਾ ਤੋਂ ਲੋਕਾਂ ਨੂੰ ਜਾਣੂ ਕਰਵਾਇਆ।
ਹੱਥੀਂ ਕਿਰਤ ਦੀ ਸਿੱਖਿਆ ਦਿੱਤੀ, ਪਾਥੀਆਂ ਪੱਥ ਕੇ ਸੇਵਾਦਾਰਾਂ ਨੂੰ ਸਾਧ-ਸੰਗਤ ਦੀ ਸੇਵਾ ਲਈ ਖਰਚੇ ਦਾ ਪ੍ਰਬੰਧ ਕਰਨ ਲਾਇਆ। ਅਨੋਖੀ ਖੇਡ ਇਹ ਵੀ ਕਿ ਸਾਈਂ ਜੀ ਲੋਕਾਂ ਨੂੰ ਸੋਨਾ-ਚਾਂਦੀ ਵੀ ਵੰਡਦੇ। ‘ਕਿਸੇ ਤੋਂ ਮੰਗ ਕੇ ਨਹੀਂ ਖਾਣਾ’ ਸਿੱਖਿਆ ਸਮਾਜ ਲਈ ਪ੍ਰੇਰਨਾ ਬਣੀ।
Also Read : ਦੁਲਹਨ ਵਾਂਗ ਸਜ਼ਾਇਆ ਸ਼ਾਹ ਸਤਿਨਾਮ, ਸ਼ਾਹ ਮਸਤਾਨ ਜੀ ਧਾਮ, ਵੇਖੋ ਨਜ਼ਾਰਾ….
ਬੇਪਰਵਾਹ ਸਾਈਂ ਜੀ ਨੇ ਡੇਰਾ ਸੱਚਾ ਸੌਦਾ ਦੀ ਸਿੱਖਿਆ ਨੂੰ ਘਰ-ਘਰ ਪਹੁੰਚਾਉਣ ਲਈ ਆਪਣੇ ਗੱਦੀਨਸ਼ੀਨ ਨੂੰ ਚੁਣਿਆ ਤਾਂ ਰੂਹਾਨੀਅਤ ’ਚ ਇੱਕ ਨਵੀਂ ਮਿਸਾਲ ਕਾਇਮ ਕੀਤੀ। ਦੁਨੀਆ ਨੂੰ ਵਿਖਾ ਦਿੱਤਾ ਕਿ ਗੁਰੂ ਤੇ ਸ਼ਿਸ਼ ਦਾ ਪਿਆਰ ਕੀ ਹੁੰਦਾ ਹੈ। ਕਿਵੇਂ ਗੁਰੂ ਦੇ ਪਿਆਰ ’ਚ ਘਰ-ਬਾਰ ਢਾਹ ਕੇ ਹਰ ਚੀਜ਼ ਲੁਟਾਈ ਜਾਂਦੀ ਹੈ, ਆਪਣਾ-ਆਪ ਵਾਰਿਆ ਜਾਂਦਾ ਹੈ। ਰੂਹਾਨੀਅਤ ਸਤਿਗੁਰੂ ਦੇ ਪਿਆਰ ਦਾ ਨਾਂਅ ਹੈ, ਮੰਨਣ ਤੇ ਅਮਲ ਕਰਨ ਦਾ ਨਾਂਅ ਹੈ। ਰੂਹਾਨੀਅਤ ਧਾਰਮਿਕ ਤੇ ਸਮਾਜਿਕ ਸਾਂਝ ਪੈਦਾ ਕਰਨ, ਭਲਾ ਕਰਨ, ਡੁੱਬਦੇ ਨੂੰ ਬਚਾਉਣ, ਅੱਗ ’ਚੋਂ ਜਿਉਦਾ ਕੱਢਣ, ਡਿੱਗੇ ਨੂੰ ਉਠਾਉਣ ਦਾ ਨਾਂਅ ਹੈ।
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਅੱਜ ਪੂਰੀ ਦੁਨੀਆ ’ਚ ਰੂਹਾਨੀਅਤ ਤੇ ਇਨਸਾਨੀਅਤ ਦਾ ਝੰਡਾ ਲਹਿਰਾ ਰਹੇ ਹਨ। ਦੁਨੀਆ ਦੇ ਕੋਨੇ-ਕੋਨੇ ’ਚ ਡੇਰਾ ਸੱਚਾ ਸੌਦਾ ਦੀ ਸੋਚ ਸਮਾਜ ਨੂੰੂ ਸੰਵਾਰਦੀ, ਪਿਆਰ ਤੇ ਭਾਈਚਾਰੇ ਦੀ ਮਹਿਕ ਵੰਡਦੀ ਨਜ਼ਰ ਆ ਰਹੀ ਹੈ। ਸਾਰੀ ਦੁਨੀਆ ਆਪਣੀ ਹੈ, ਸਾਰਾ ਸੰਸਾਰ ਇੱਕ ਕੁਟੁੰਬ ਹੈ, ਪਰਿਵਾਰ ਹੈ। ਇਹੀ ਸਿੱਖਿਆ ਡੇਰਾ ਸੱਚਾ ਸੌਦਾ ਦੀ ਬੁਨਿਆਦ ਹੈ।
ਭਾਈਚਾਰਕ ਸਾਂਝ ਦਾ ਸੰਦੇਸ਼
ਸੱਚੇ ਸੰਤਾਂ ਦੀ ਤਾਰ ਹਮੇਸ਼ਾ ਪ੍ਰਭੂ ਨਾਲ ਜੁੜੀ ਹੁੰਦੀ ਹੈ। ਉਹ ਪਿਆਰ ਤੇ ਦਇਆ ਦੇ ਸਮੁੰਦਰ ਹੁੰਦੇ ਹਨ। ਉਨ੍ਹਾਂ ਲਈ ਕੋਈ ਪਰਾਇਆ, ਬੇਗਾਨਾ ਜਾਂ ਦੁਸ਼ਮਣ ਨਹੀਂ ਹੁੰਦਾ ਹੈ। ਉਹ ਆਤਮਾ ਨੂੰ ਪਰਮਾਤਮਾ ਨਾਲ ਮਿਲਾਉਂਦੇ ਹਨ, ਲੋਕਾਂ ’ਚ ਨਫ਼ਰਤ, ਈਰਖਾ ਵੈਰ-ਵਿਰੋਧ ਖਤਮ ਕਰਕੇ ਭਾਈਚਾਰਕ ਸਾਂਝ ਮਜ਼ਬੂਤ ਕਰਦੇ ਹਨ। ਇਹੀ ਸਭ ਕੁਝ ਸੰਤਾਂ ਦਾ ਰੂਹਾਨੀ ਏਜੰਡਾ ਹੁੰਦਾ ਹੈ।
ਸੰਪਾਦਕ।