ਉਪਰਾਲਾ : ਵਿਕਾਸ ਕਾਰਜਾਂ ਨਾਲ ਲਿਸ਼ਕਿਆ ਪਿੰਡ ਰਾਮਗੜ੍ਹ ਸੰਧੂਆਂ

Ramgarh Sandhuan

ਪਿੰਡ ਦੀ ਨੁਹਾਰ ਬਦਲਣ ’ਚ ਜੁਟੀ ਪੰਚਾਇਤ, ਪਾਣੀ ਦੀ ਸਮੱਸਿਆ ਦਾ ਕੀਤਾ ਪੱਕਾ ਹੱਲ | Ramgarh Sandhuan

ਲਹਿਰਾਗਾਗਾ (ਰਾਜ ਸਿੰਗਲਾ)। ਵਿਕਾਸ ਕਾਰਜਾਂ ਦੀ ਮਿਸਾਲ ਪੇਸ਼ ਕਰਦਿਆਂ ਲਹਿਰਾਗਾਗਾ ਦੇ ਨੇੜਲੇ ਪਿੰਡ ਰਾਮਗੜ੍ਹ ਸੰਧੂਆਂ ਦੀ ਪੰਚਾਇਤ ਪਿੰਡ ਦੀ ਨੁਹਾਰ ਬਦਲਣ ’ਚ ਪੂਰੀ ਇਮਾਨਦਾਰੀ ਨਾਲ ਜੁਟੀ ਹੋਈ ਹੈ। ਇਸ ਦੌਰਾਨ ਸਰਪੰਚ ਸ਼ਿੰਦਰ ਕੌਰ ਦੀ ਅਗਵਾਈ ’ਚ ਪੰਚਾਇਤ ਵੱਲੋਂ ਪੂਰੇ ਪਿੰਡ ਵਾਸੀਆਂ ਦੀ ਸਹੂਲਤਾਂ ਦਾ ਧਿਆਨ ਰੱਖਿਆ ਜਾ ਰਿਹਾ ਹੈ। ਪਿੰਡ ਦੀ ਸਰਪੰਚ ਸ਼ਿੰਦਰ ਕੌਰ ਦੇ ਪਤੀ ਜਗਤਾਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ’ਚ ਸਭ ਤੋਂ ਨੇਕ ਕੰਮ ਤੇ ਭਾਈਚਾਰਕ ਸਾਂਝ ਨੂੰ ਮਜਬੂਤ ਕਰਨ ਲਈ ਨੇਕ ਉਪਰਾਲਾ ਕਰਦੇ ਹੋਏ ਸਾਰੇ ਪਿੰਡ ਦਾ ਇੱਕ ਸਾਂਝਾ ਸ਼ਮਸ਼ਾਨਘਾਟ ਬਣਾਇਆ ਹੈ ਜੋ ਕਿ ਪਿਛਲੇ ਕੁਝ ਸਮੇਂ ਪਹਿਲਾਂ ਚਰਚਾ ਦਾ ਵਿਸ਼ਾ ਬਣਿਆ ਸੀ। ਜਗਤਾਰ ਸਿੰਘ ਨੇ ਆਖਿਆ ਕਿ ਪਿੰਡ ਰਾਮਗੜ੍ਹ ਸੰਧੂਆਂ ਦੀ ਲਗਭਗ 3500 ਦੇ ਕਰੀਬ ਆਬਾਦੀ।

Ramgarh Sandhuan

ਵਧੀਆ ਬੱਸ ਅੱਡੇ, ਪਾਰਕ ਤੇ ਖਿਡਾਰੀਆਂ ਲਈ ਸ਼ਾਨਦਾਰ ਖੇਡ ਟਰੈਕ ਬਣਵਾਏ

ਪਿੰਡ ’ਚ ਕੁੱਲ 9 ਵਾਰਡ ਹਨ ਜਿਨ੍ਹਾਂ ’ਚ ਪੰਚਾਇਤੀ ਤੌਰ ’ਤੇ ਬਹੁਤ ਵਧੀਆ ਤਰੀਕੇ ਨਾਲ ਵਿਕਾਸ ਦੇ ਕੰਮ ਕਰਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਪਿੰਡ ’ਚ ਵਿਆਹ ਸਾਦੀਆਂ ਅਤੇ ਹੋਰ ਪ੍ਰੋਗਰਾਮਾਂ ਲਈ ਇੱਕ ਵਿਸਾਲ ਪੈਲਸ ਦਾ ਨਿਰਮਾਣ ਕਰਵਾਇਆ ਗਿਆ ਹੈ। ਪਿੰਡ ਦੇ ਲੋਕ ਅਤੇ ਆਲੇ ਦੁਆਲੇ ਪਿੰਡਾਂ ਦੇ ਲੋਕ ਪਿੰਡ ’ਚ ਬਣੇ ਹੋਏ ਪੈਲੇਸ ’ਚ ਹੀ ਪ੍ਰੋਗਰਾਮ ਬਹੁਤ ਹੀ ਘੱਟ ਖਰਚੇ ’ਤੇ ਕਰਦੇ ਹਨ। ਵਿਆਹ ਦਾ ਸਾਰਾ ਹੀ ਸਮਾਨ ਪੈਲੇਸ ’ਚ ਮੁਹੱਈਆ ਕਰਵਾਇਆ ਜਾਂਦਾ ਹੈ। ਜਗਤਾਰ ਸਿੰਘ ਨੇ ਦੱਸਿਆ ਕਿ ਪਿੰਡ ਦੀ ਨੁਹਾਰ ਬਦਲਣ ਲਈ ਘੋੜੇਨਬ ਰੋਡ ਤੇ ਸੇਖੂਵਾਸ ਰੋਡ ’ਤੇ ਦੋ ਬੱਸ ਸਟੈਂਡਾਂ ਦਾ ਨਿਰਮਾਣ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪਿੰਡ ਦੀ ਪੰਚਾਇਤ ਤੇ ਯੁਵਾ ਕਲੱਬ ਦੇ ਪ੍ਰਧਾਨ ਮਨਦੀਪ ਸਿੰਘ ਮੋਨਾ ਦੀ ਅਗਵਾਈ ਦੇ ਹੇਠ ਨਸਾ ਮੁਕਤ ਕਮੇਟੀ ਬਣਾਈ ਗਈ ਹੈ ਜੋ ਨਸ਼ਾ ਤਸਕਰਾਂ ਨੂੰ ਪਿੰਡ ’ਚ ਵੜਨ ਤੋਂ ਰੋਕਦੀ ਹੈ ਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਦੀ ਹੈ।

Also Read : ਹੇਅਰ ਤੋਂ ਨਰਾਜ਼ ਸਨ ਭਗਵੰਤ ਮਾਨ! ਗੈਰ ਕਾਨੂੰਨੀ ਮਾਈਨਿੰਗ ਨੂੰ ਰੋਕਣ ’ਚ ਰਹੇ ਨਾਕਾਮਯਾਬ

ਜਗਤਾਰ ਸਿੰਘ ਨੇ ਦੱਸਿਆ ਕਿ ਪਿੰਡ ਵਾਸੀਆਂ ਦੀ ਸੁਰੱਖਿਆ ਲਈ ਪਿੰਡ ’ਚ ਕੈਮਰੇ ਲਵਾਏ ਜਾ ਰਹੇ ਹਨ ਤਾਂ ਜੋ ਚੱਪੇ ਚੱਪੇ ’ਤੇ ਨਜਰ ਰੱਖੀ ਜਾ ਸਕੇ। ਪਿੰਡ ਦੇ ਅੰਦਰਲੀਆਂ ਗਲੀਆਂ ’ਚ ਲੋਕ ਟਾਈਲਾਂ ਦਾ ਕੰਮ ਬਖੂਬੀ ਕਰਵਾਇਆ ਜਾ ਰਿਹਾ ਹੈ। ਪਿੰਡ ਦੀ ਫਿਰਨੀ ਤੇ ਬਹੁਤ ਹੀ ਵਧੀਆ ਪਾਰਕ ਦਾ ਨਿਰਮਾਣ ਕੀਤਾ ਗਿਆ ਜਿੱਥੇ ਪਰਿਵਾਰ ਦੇ ਨਾਲ ਸੈਰ ਸਪਾਟੇ ਤੇ ਜਾਇਆ ਜਾ ਸਕਦਾ। ਇਸ ਤੋਂ ਇਲਾਵਾ ਪਿੰਡ ’ਚ ਮਿਡਲ ਸਕੂਲ, ਪਸੂ ਹਸਪਤਾਲ, ਡਿਸਪੈਂਸਰੀ, ਜਮੀਨ ਦੀ ਨਿਸਾਨਦੇਹੀ ਕਰਵਾ ਕੇ ਪੰਜ ਫੁੱਟ ’ਤੇ ਲਾਲ ਪੱਥਰ ਰਖਵਾਏ ਗਏ ਹਨ ਤਾਂ ਜੋ ਮਿਨਤੀ ਕਰਨੀ ਸੌਖੀ ਹੋ ਜਾਵੇ। ਖੇਤਾਂ ਨੂੰ ਜਾਣ ਵਾਲੇ ਰਾਹ ਚੋੜੇ ਕਰਵਾਏ ਗਏ ਹਨ।

ਸਕੂਲ ’ਚ ਟਰੈਕ ਬਣਾਇਆ ਗਿਆ ਹੈ ਤਾਂ ਜੋ ਨੌਜਵਾਨ ਵਧੀਆ ਤਰੀਕੇ ਦੇ ਨਾਲ ਤਿਆਰੀ ਕਰ ਸਕਣ। ਉਨ੍ਹਾਂ ਦੱਸਿਆ ਕਿ ਪੀਣ ਵਾਲੇ ਪਾਣੀ ਦੀ ਸਮੱਸਿਆ ਦੇ ਹੱਲ ਲਈ ਪਿੰਡ ’ਚ ਇੱਕ ਬੋਰ ਪਹਿਲਾ ਸੀ ਅਤੇ 650 ਫੁੱਟ ਤੇ ਇੱਕ ਬੋਰ ਦਾ ਨਿਰਮਾਣ ਕਰਵਾਇਆ ਗਿਆ ਹੈ, ਤਾਂ ਜੋ ਪਿੰਡ ਨਿਵਾਸੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਹੋਵੇ।

Ramgarh Sandhuan

ਰਹਿੰਦੀਆਂ ਘਾਟਾਂ ਨੂੰ ਪੂਰਾ ਕਰਨ ਲਈ ਪੰਜਾਬ ਸਰਕਾਰ ਤੋਂ ਮੰਗਿਆ ਸਹਿਯੋਗ

ਪਿੰਡ ’ਚ ਰੜਕਦੀਆਂ ਘਾਟਾਂ ਨੂੰ ਲੈ ਕੇ ਸਰਪੰਚ ਸ਼ਿੰਦਰ ਕੌਰ ਤੇ ਉਸ ਦੇ ਪਤੀ ਜਗਤਾਰ ਸਿੰਘ ਨੇ ਆਖਿਆ ਕਿ ਪਿੰਡ ’ਚ ਜੋ ਸਕੂਲ ਹੈ ਉਹ ਮਿਡਲ ਤੱਕ ਹੀ ਹੈ। ਪੰਜਾਬ ਸਰਕਾਰ ਤੋਂ ਪਿੰਡ ਦੇ ਸਕੂਲ ਨੂੰ ਅਪਗ੍ਰੇਡ ਕਰਨ ਲਈ ਅਸੀਂ ਮੰਗ ਕਰਦੇ ਹਾਂ। ਪਿੰਡ ’ਚ ਬਣੀ ਹੋਈ ਦਾਣਾ ਮੰਡੀ ਨੂੰ ਪੱਕਾ ਕਰਨਾ, ਡਿਸਪੈਂਸਰੀ ਦੀ ਬਿਲਡਿੰਗ ਜੋ ਖਸਤਾ ਹਾਲਤ ’ਚ , ਪਿੰਡ ਦੇ ਖੇਤਾਂ ਨੂੰ ਨਹਿਰੀ ਪਾਣੀ ਦੀ ਘਾਟ ਪਿੰਡ ਦੀ ਸਾਨ ’ਚ ਰੜਕਾ ਪਾਉਂਦੀ ਰਹਿੰਦੀ ਹੈ। ਅਸੀਂ ਪੰਜਾਬ ਸਰਕਾਰ ਤੋਂ ਪਿੰਡ ਦੇ ਵਿਕਾਸ ਕਾਰਜਾਂ ਲਈ ਸਹਿਯੋਗ ਦੀ ਮੰਗ ਕਰਦੇ ਹਾਂ ਤਾਂ ਜੋ ਪਿੰਡ ਦਾ ਵਿਕਾਸ ਵਧੀਆ ਤਰੀਕੇ ਨਾਲ ਕਰ ਸਕੀਏ। ਇਸ ਮੌਕੇ ਪਿੰਡ ਦੀ ਪੰਚਾਇਤ (ਮਨਦੀਪ ਸਿੰਘ, ਗੁਰਦੀਪ ਸਿੰਘ, ਜਰਨੈਲ ਸਿੰਘ, ਤਰਸੇਮ ਸਿੰਘ, ਕੀਮਤ ਸਿੰਘ, ਚਰਨਜੀਤ ਕੌਰ, ਪਰਮਜੀਤ ਕੌਰ, ਜਸਪਾਲ ਕੌਰ, ਸਿੰਦਰ ਕੌਰ, ਸਾਰੇ ਪੰਚ) ਆਦਿ ਹਾਜ਼ਰ ਸਨ।