‘‘ਹਾਂ ਬਈ ਮਾਹਟਰਾ ਕੀ ਸੋਚਿਆ ਫੇਰ, ਕਰੀ ਕੋਈ ਗੌਰ ਗੱਲ!’’ ‘‘ਪ੍ਰਧਾਨ ਜੀ ਕਿਉਂ ਮਸਲੇ ਨੂੰ ਉਲਝਾ ਰੱਖਿਆ। ਤੁਹਾਨੂੰ ਮੇਰੇ ਬਾਰੇ ਪਤਾ, ’ਕੱਲਾ-’ਕੱਲਾ ਬੱਚਾ ਗਵਾਹ ਏਸ ਗੱਲ ਦਾ।’’ ‘‘ਕਿਹੜੇ ਗਵਾਹਾਂ ਦੀ ਗੱਲ ਕਰਦੇ ਹੋ ਮਾਹਟਰ ਜੀ, ਇਹ ਤਾਂ ਬੱਚੇ ਨੇ ਭੋਲੇ ਤੇ ਉੱਤੋਂ ਨਾਸਮਝ, ਤੁਹਾਨੂੰ ਤਾਂ ਪਤਾ ਨਾਸਮਝ ਦੀ ਤਾਂ ਗਵਾਹੀ ਨਹੀਂ ਮੰਨੀ ਜਾਂਦੀ। ਸੋ ਤੁਸੀਂ ਲੈ ਦੇ ਕੇ ਗੱਲ ਨਬੇੜੋ। ਚੰਗੇ ਰਹੋਗੇ। ਨਹੀਂ ਤਾਂ ਐਵੇਂ ਥਾਣੇ-ਕਚਹਿਰੀਆਂ ਵਿੱਚ ਖੱਜਲ-ਖੁਆਰ ਹੁੰਦੇ ਫਿਰੋਗੇ।’’ ਪਰ ਪ੍ਰਧਾਨ ਜੀ ਜਦੋਂ ਮੈਂ ਕੁਝ ਕੀਤਾ ਹੀ ਨਹੀਂ, ਭਲਾਂ ਮੈਂ ਕਿਵੇਂ ਪੈਸੇ ਨੂੰ ਹਾਂ ਕਰ ਦਿਆਂ।’’ ਕਿਉਂ ਮਾਸਟਰਾ ਭੋਲੀਆਂ ਗੱਲਾਂ ਕਰਦਾਂ ਇਹ ਠਾਣੇ -ਕਚਹਿਰੀਆਂ ’ਚ ਕੋਈ ਨਹੀਂ ਸੁਣਦਾ ਇਸ ਤਰ੍ਹਾਂ ਜਬਾਨੀ-ਕਲਾਮੀ ਗੱਲਾਂ ਨੂੰ, ਇੱਥੇ ਤਾਂ ਉਹ ਸੱਚ ਆ ਜੋ ਕਿਸੇ ਨੇ ਕਹਿ ਦਿੱਤਾ। ਨਾਲੇ ਮੈਂ ਤਾਂ ਜੋ ਕੁੜੀ ਦੀ ਮਾਂ ਦੇ ਮੂੰਹੋਂ ਸੁਣਿਆ ਉਹ ਦੱਸ ਦਿੱਤਾ, ਅੱਗੇ ਤੁਹਾਡੀ ਮਰਜ਼ੀ। ਗੱਲ ਪੈਸੇ ਨਾਲ ਮੁਕਾਉਣੀ ਹੈ ਜਾਂ ਕਚਹਿਰੀ ਵਿੱਚ!’’ ਇਹ ਆਖ ਭੰਤਾ ਪ੍ਰਧਾਨ ਖਚਰੀ ਹਾਸੀ ਹੱਸਦਿਆਂ ਅੱਗੇ ਲੰਘ ਗਿਆ। (Resignation)
Also Read : ਮਈ 2023 ’ਚ ਹੋਈਆਂ ਪ੍ਰੀਖਿਆਵਾਂ ਦੇ ਨਤੀਜੇ ਐਲਾਨੇ
ਮਾਸਟਰ ਦਰਸ਼ਨ ਢੀਂਗਰਾ ਬਹੁਤ ਦੁਖੀ ਹੋਇਆ। ਫੇਰ ਉਹ ਡੂੰਘੀ ਸੋਚ ਵਿੱਚ ਡੁੱਬ ਗਿਆ। ਉਸ ਨੂੰ ਲੱਗਾ ਜਿਵੇਂ ਭਲਾਈ ਦਾ ਤਾਂ ਜ਼ਮਾਨਾ ਹੀ ਨਾ ਰਿਹਾ ਹੋਵੇ। ਨਾ ਉਹ ਉਸ ਦਿਨ ਕੁੜੀ ਦੀ ਮਾਂ ਨੂੰ ਕੁੜੀ ਦੇ ਚਾਲ-ਚਲਣ ਬਾਰੇ ਦੱਸਦਾ ਤੇ ਨਾ ਇਹ ਗਲ਼ ਸਿਆਪਾ ਪੈਂਦਾ। ਆਪੇ ਵਿਆਹ ਕਰਵਾ ਕੇ ਚਾਰ ਦਿਨਾਂ ਨੂੰ ਵਾਪਸ ਆ ਜਾਂਦੀ। ਪਰ ਉਸ ਦਾ ਲੋਕ ਭਲਾਈ ਤੇ ਸਿਆਣਪ ਦਾ ਜਨੂੰਨ ਹੀ ਅੱਜ ਉਸ ਨੂੰ ਲੈ ਕੇ ਬੈਠ ਗਿਆ। ਕੁੜੀ ਦੀ ਮਾਂ ਨੇ ਤਾਂ ਉਲਟਾ ਉਸ ਨੂੰ ਹੀ ਦੋਸ਼ੀ ਬਣਾ ਦਿੱਤਾ। ਪ੍ਰਧਾਨ ਦੀ ਚੱਕ ਤੇ ਹਿੱਸੇ-ਪੱਤੀ ਕਰਕੇ ਗੇਲੋ ਵੀ ਟੱਸ ਤੋਂ ਮੱਸ ਨਾ ਹੋਈ। ਆਖ਼ਰਕਾਰ 10 ਲੱਖ ਤੱਕ ਲਿਖਤੀ ਰਾਜ਼ੀਨਾਮਾ ਹੋਇਆ। ਪ੍ਰਧਾਨ ਵੀ ਖੁਸ਼ ਤੇ ਗੇਲੋ ਵੀ ਖੁਸ਼। (Resignation)
ਮਾਸਟਰ ਢੀਂਗਰਾ ਸ਼ਰਮਿੰਦਗੀ ਦਾ ਮਾਰਿਆ ਬਦਲੀ ਕਰਵਾ ਗਿਆ। ਨਵੇਂ ਥਾਂ ਭਾਵੇਂ ਸਕੂਲ ਦਾ ਮਾਹੌਲ ਵਧੀਆ ਸੀ, ਪਰ ਪਿਛਲੇ ਸਕੂਲ ਵਾਲਾ ਵਾਕਿਆ ਉਸ ਦੀਆਂ ਅੱਖਾਂ ਸਾਹਵੇਂ ਘੁੰਮਦਾ ਰਹਿੰਦਾ। ਹੁਣ ਜਿਵੇਂ ਅਧਿਆਪਨ ਦਾ ਕਿੱਤਾ ਉਸ ਨੂੰ ਸਰਾਪ ਜਾਪਣ ਲੱਗਾ। ਟੀਚਰ ਸ਼ਬਦ ਹੁਣ ਉਸ ਲਈ ਸਿਰਫ਼ ਟਿੱਚਰ ਬਣ ਕੇ ਰਹਿ ਗਿਆ। ਪਰ ਜਿੰਨੀ ਦੇਰ ਕੋਈ ਦੂਸਰੀ ਨੌਕਰੀ ਨਹੀਂ ਮਿਲਦੀ ਕੁਝ ਨਹੀਂ ਸੀ ਹੋ ਸਕਦਾ। ਪਟਵਾਰੀ, ਕਾਨੂੰਗੋ ਅਤੇ ਏ.ਐੱਸ.ਆਈ. ਦੀ ਭਰਤੀ ਵਿੱਚ ਸਿਲੈਕਟ ਹੋ ਚੁੱਕਾ ਸੀ। ਪਰ ਜੁਆਇਨਿੰਗ ਲੈੱਟਰ ਬਾਕੀ ਸੀ। ਪਰ ਕਦੋਂ ਬੁਲਾਉਣਗੇ ਪਤਾ ਨਹੀਂ! ਊਠ ਦੇ ਬੁੱਲ੍ਹ ਵਾਂਗ ਸੀ ਕਿ ਹੁਣ ਡਿੱਗਿਆ, ਸਵੇਰੇ ਡਿੱਗਿਆ।
ਪੰਜ ਦਿਨਾਂ ਤੱਕ ਚੱਲਣ ਵਾਲਾ ਤਿਉਹਾਰ, ਕਈ ਦੇਸ਼ਾਂ ’ਚ ਮਨਾਇਆ ਜਾਂਦਾ ਹੈ!
ਇੱਕ ਦਿਨ ਅਚਾਨਕ ਮੇਲ ਆਈ। ਜਿਸ ਵਿੱਚ ਏ. ਐੱਸ. ਆਈ. ਲਈ ਕਾਲ ਲੈਟਰ ਭੇਜਿਆ ਗਿਆ। ਉਸ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਉਹ ਅਗਲੇ ਦਿਨ ਆਪਣੇ ਸਾਰੇ ਡਾਕੂਮੈਂਟ ਇਕੱਤਰ ਕਰ ਤਿਆਰ ਹੋ ਗਿਆ। ਬੜਾ ਖੁਸ਼ ਸੀ ਕਿ ਚਲੋ ਚੰਗਾ ਹੋਇਆ ਕਿ ਟੀਚਰ ਤੋਂ ਟਿੱਚਰ ਬਣਨ ਨਾਲੋਂ ਤਾਂ ਚੰਗਾ ਮੈਂ ਪੰਜਾਬ ਪੁਲਿਸ ਦੀ ਵਰਦੀ ਵਿੱਚ ਅਰਾਮ ਨਾ ਸਹੀ ਘੱਟੋ-ਘੱਟ ਰਿਸਪੈਕਟ ਤਾਂ ਹੈ। ਫਿਰ ਉਹ ਭਾਵੇਂ ਡਰ ਕਾਰਨ ਹੋਵੇ ਜਾਂ ਸਤਿਕਾਰ ਕਾਰਨ, ਰੋਹਬ ਵੱਖਰਾ। ਉਸ ਨੇ ਜੁਆਇਨ ਕੀਤਾ। ਇੱਧਰ ਇੱਕ ਮਹੀਨੇ ਦੀ ਤਨਖ਼ਾਹ ਜਮ੍ਹਾ ਕਰਵਾ ਅਸਤੀਫ਼ਾ ਦੇ ਦਿੱਤਾ। ਏ. ਐਸ. ਆਈ. ਜਾ ਲੱਗਾ। ਟਰੇਨਿੰਗ ਤੋਂ ਕੁਝ ਮਹੀਨੇ ਬਾਅਦ ਉਸ ਨੇ ਥਾਣੇ ਜੁਆਇਨ ਕੀਤਾ। (Resignation)
ਇੱਕ ਦਿਨ ਅਚਾਨਕ ਭੰਤਾ ਪ੍ਰਧਾਨ ਆਪਣੀ ਲੜਕੀ ਦੇ ਇੰਟਰ ਕਾਸਟ ਵਿਆਹ ਕਰਵਾਉਣ ਲਈ ਘਰੋਂ ਚਲੇ ਜਾਣ ਦੀ ਇਤਲਾਹ ਦੇਣ ਲਈ ਆਉਂਦਾ ਹੈ। ਮੁਨਸ਼ੀ ਰਿਪੋਰਟ ਲਿਖ ਕੇ ਭੰਤੇ ਨੂੰ ਸਾਹਿਬ ਨੂੰ ਮਿਲਣ ਲਈ ਕਹਿੰਦਾ ਹੈ। ਪ੍ਰਧਾਨ ਜੀ ਜਦੋਂ ਅੰਦਰ ਜਾਂਦਾ ਤਾਂ ਅੰਦਰ ਮਾਸਟਰ ਜੀ ਨੂੰ ਦੇਖ ਕਹਿੰਦਾ, ‘‘ਮਾਸਟਰ ਜੀ ਤੁਸੀਂ! ਇੱਥੇ ਕਿਵੇਂ?’’ ਇਸ ਤੋਂ ਪਹਿਲਾਂ ਕਿ ਮਾਸਟਰ ਦਰਸ਼ਨ ਢੀਂਗਰਾ ਕੁਝ ਬੋਲਦਾ। ਪਿੱਛੇ ਹੀ ਆਇਆ ਮੁਨਸ਼ੀ ਬੋਲਿਆ, ‘‘ਪ੍ਰਧਾਨ ਜੀ ਕੀ ਕਰੀ ਜਾਂਦੇ ਹੋ ਇਹ ਨਵੇਂ ਆਏ ਸਾਹਿਬ ਦਰਸ਼ਨ ਢੀਂਗਰਾ ਜੀ ਹਨ। ਸਿਵਲ ਕੱਪੜਿਆਂ ਵਿੱਚ, ਰੱਬ ਭਲੀ ਕਰੇ!’’ ਪ੍ਰਧਾਨ ਜੀ ਦੇ ਪੈਰਾਂ ਥੱਲਿਓਂ ਜਿਵੇਂ ਸੁਣ ਕੇ ਜ਼ਮੀਨ ਖਿਸਕ ਗਈ ਹੋਵੇ। ‘‘ਦੱਸੋ ਪ੍ਰਧਾਨ ਜੀ ਸਾਡੇ ਲਾਇਕ ਕੀ ਸੇਵਾ ਹੈ?’’ ਢੀਂਗਰਾ ਸਾਹਿਬ ਪ੍ਰਧਾਨ ਦੀ ਚੁੱਪੀ ਤੋੜਦਿਆਂ ਬੋਲੇ।
ਨਸ਼ਾ, ਚੜ੍ਹਦੀ ਜਵਾਨੀ ਅਤੇ ਨੌਜਵਾਨਾਂ ਦਾ ਭਵਿੱਖ
‘‘ਢੀਂਗਰਾ ਸਾਹਿਬ ਸੇਵਾ ਕੀ ਦੱਸੀਏ ਬੇਟੀ ਘਰੋਂ ਚਲੀ ਗਈ ਹੈ। ਵਰਗਲਾ ਕੇ ਲੈ ਗਿਆ ਕਮਬਖ਼ਤ, ਆਹ ਨਾਲ ਦੇ ਪਿੰਡੋਂ…।’’ ‘‘ਕੌਣ? ਤੁਹਾਨੂੰ ਪਤਾ ਹੈ?’’ ਢੀਂਗਰਾ ਸਾਹਿਬ ਨੇ ਪੁੱਛਿਆ। ‘‘ਹਾਂ ਜੀ ਉਸ ਦੇ ਨਾਲ ਹੀ ਪੜ੍ਹਦਾ।’’ ‘‘ਪ੍ਰਧਾਨ ਜੀ ਲੜਕਾ, ਲੜਕੀ ਬਾਲਗ ਹੈ ਜਾਂ ਨਾਬਾਲਗ?’’ ਪ੍ਰਧਾਨ ਜੀ ਦੇ ਕੁਝ ਬੋਲਣ ਤੋਂ ਪਹਿਲਾਂ ਹੀ, ਮੁਨਸ਼ੀ ਚੰਦ ਭਾਨ ਬੋਲਿਆ, ‘‘ਜੀ ਰਿਪੋਰਟ ਅਨੁਸਾਰ ਤਾਂ ਬਾਲਗ ਨੇ ਦੋਵੇਂ। ਰੱਬ ਭਲੀ ਕਰੇ ! ਪ੍ਰਧਾਨ ਜੀ ਦੇ ਦੱਸੇ ਅਨੁਸਾਰ, ਹੈ ਕਿ ਨਹੀਂ ਪ੍ਰਧਾਨ ਜੀ!’’ ‘‘ਹਾਂ ਜੀ!’’ ਪ੍ਰਧਾਨ ਜੀ ਕੁਝ ਨਮੋਸ਼ੀ ਨਾਲ ਬੋਲੇ। ‘‘ਦੇਖੋ ਪ੍ਰਧਾਨ ਜੀ ਮੁੰਡਾ ਤੇ ਕੁੜੀ ਦੋਵੇਂ ਨੇ ਬਾਲਗ ਤੇ ਕੁੜੀ ਨੇ ਜੇ ਮੁੰਡੇ ਦੇ ਹੱਕ ਵਿੱਚ ਬਿਆਨ ਦੇ ਦਿੱਤੇ ਤਾਂ ਕਾਨੂੰਨ ਵੀ ਕੁਝ ਨਹੀਂ ਕਰ ਸਕਦਾ।
ਹਾਂ ਚੰਗੀ ਗੱਲ ਹੈ ਜੇ ਘਰ ਦੀ ਗੱਲ ਘਰ ਵਿੱਚ ਰਹਿ ਜਾਵੇ, ਨਹੀਂ ਤਾਂ ਥਾਣੇ ਕਚਹਿਰੀਆਂ ਦੇ ਚੱਕਰਾਂ ਵਿੱਚ ਪੈ ਕੇ ਬੰਦੇ ਦਾ ਆਪਣਾ ਚੱਕਰਚੂੰਡਾ ਹੋ ਜਾਂਦਾ। ਚੰਗੀ ਗੱਲ ਹੈ ਜੇ ਆਪਸ ਵਿੱਚ ਲੈ ਦੇ ਕੇ ਰਾਜ਼ੀਨਾਮਾ ਹੁੰਦਾ। ਨਾਲੇ ਫਿਰ ਤੁਸੀਂ ਆਪ ਸਿਆਣੇ ਹੋ, ਗੱਲ ਸਮਝਦੀ ਹੁੰਦੀ ਐ।’’ ਪ੍ਰਧਾਨ ਜੀ ਕੰਨ ਜੇ ਵਲੇਟਦਾ ਘਰ ਵੱਲ ਨੂੰ ਤੁਰ ਪਿਆ। ਸਕੂਲ ਵਾਲਾ ਵਾਕਿਆ ਜਿਵੇਂ ਉਸ ਦੀਆਂ ਅੱਖਾਂ ਅੱਗੇ ਆ ਗਿਆ ਹੋਵੇ। ਭੰਤੇ ਪ੍ਰਧਾਨ ਦੀ ਖਾਮੋਸ਼ੀ ਜਿਵੇਂ ਰਾਜ਼ੀਨਾਮੇ ਲਈ ਰਾਜ਼ੀ ਹੋ ਗਈ ਹੋਵੇ। ਮਾਸਟਰ ਦਰਸ਼ਨ ਢੀਂਗਰਾ ਜਿਵੇਂ ਅੱਜ ਭੰਤੇ ਪ੍ਰਧਾਨ ਦੇ ਕੀਤੇ ਕਰਮਾਂ ਦੇ ਫ਼ਲ ’ਤੇ ਅੰਦਰੋਂ-ਅੰਦਰੀ ਮੁਸਕਰਾ ਰਿਹਾ ਹੋਵੇ।
ਰਣਬੀਰ ਸਿੰਘ ਪਿ੍ਰੰਸ (ਸ਼ਾਹਪੁਰ ਕਲਾਂ),
ਆਫ਼ੀਸਰ ਕਾਲੋਨੀ, ਸੰਗਰੂਰ ਮੋ. 98722-99613