ਪੰਜਾਬ ਸਰਕਾਰ ਨੇ ਚਾੜ੍ਹੇ ਆਦੇਸ਼, ਵਿਧਾਨ ਸਭਾ ਦੀ ਵੈਬਸਾਈਟ ‘ਤੇ ਪਏਗੀ ਹਰ ਜਾਣਕਾਰੀ
ਚੰਡੀਗੜ੍ਹ, (ਅਸ਼ਵਨੀ ਚਾਵਲਾ)। ਕਿਹੜਾ ਵਿਧਾਇਕ ਕਿੰਨੀ ਤਨਖ਼ਾਹ (MLA salary) ਲੈਂਦਾ ਹੈ ਅਤੇ ਇਸ ਨਾਲ ਹੀ ਉਸ ਨੂੰ ਸਰਕਾਰੀ ਗੱਡੀ ਅਤੇ ਹੋਰ ਖਰਚਿਆਂ ਦੀ ਜਾਣਕਾਰੀ ਆਮ ਲੋਕਾਂ ਲਈ ਨਸ਼ਰ ਹੋਣ ਜਾ ਰਹੀਂ ਹੈ। ਸਿਰਫ਼ ਇੰਟਰਨੈਟ ‘ਤੇ ਜਾ ਕੇ ਇੱਕ ਕਲਿੱਕ ਨਾਲ ਹਰ ਇੱਕ ਆਮ ਵਿਅਕਤੀ ਨੂੰ ਇਹ ਜਾਣਕਾਰੀ ਮਿਲ ਜਾਵੇਗੀ ਕਿ ਉਨ੍ਹਾਂ ਦੇ ਵਿਧਾਇਕ ਨੂੰ ਇਸ ਮਹੀਨੇ ਕਿੰਨੀ ਤਨਖ਼ਾਹ ਦੇ ਨਾਲ ਹੋਰ ਕਿਹੜੇ ਕਿਹੜੇ ਹੋਰ ਖਰਚੇ ਮਿਲੇ ਹਨ।
ਪੰਜਾਬ ਸਰਕਾਰ ਨੇ ਇਸ ਸਬੰਧੀ ਫ਼ੈਸਲਾ ਕਰਦਿਆਂ ਪੰਜਾਬ ਵਿਧਾਨ ਸਭਾ ਨੂੰ ਲਿਖਤੀ ਤੌਰ ‘ਤੇ ਭੇਜ ਦਿੱਤਾ ਗਿਆ ਹੈ ਕਿ ਹਰ ਵਿਧਾਇਕ ਦੀ ਤਨਖ਼ਾਹ ਅਤੇ ਉਨ੍ਹਾਂ ਵੱਲੋਂ ਲਏ ਜਾਣ ਵਾਲੇ ਹਰ ਖ਼ਰਚੇ ਨੂੰ ਗੁਪਤ ਰੱਖਣ ਦੀ ਥਾਂ ‘ਤੇ ਹਰ ਮਹੀਨੇ ਵਿਧਾਨ ਸਭਾ ਦੀ ਅਧਿਕਾਰਤ ਵੈਬ ਸਾਈਟ ‘ਤੇ ਇਨਾਂ ਖ਼ਰਚਿਆ ਨੂੰ ਪਾ ਦਿੱਤਾ ਜਾਵੇ। ਇਸ ਵਿੱਚ ਕੁਝ ਵੀ ਲੁਕਾਉਣ ਦੀ ਜ਼ਰੂਰਤ ਨਹੀਂ ਹੈ, ਇਸ ਵਿੱਚ ਭਾਵੇਂ ਕੋਈ ਵੀ ਵਿਧਾਇਕ ਜਿਨਾਂ ਮਰਜ਼ੀ ਇਤਰਾਜ਼ ਕਰੇ ਪਰ ਸਰਕਾਰੀ ਖਜ਼ਾਨੇ ‘ਚੋਂ ਲਿਆ ਜਾਣ ਵਾਲਾ ਹਰ ਖ਼ਰਚਾ ਵਿਧਾਨ ਸਭਾ ਦੀ ਵੈਬ ਸਾਈਟ ‘ਤੇ ਹਰ ਮਹੀਨੇ ਪਾ ਦਿੱਤਾ ਜਾਵੇ। ਪੰਜਾਬ ਵਿਧਾਨ ਸਭਾ ਨੇ ਇਸ ਸਬੰਧੀ ਪੱਤਰ ਮਿਲਦੇ ਸਾਰ ਹੀ ਆਪਣੀ ਕਾਰਵਾਈ ਨੂੰ ਵੀ ਸ਼ੁਰੂ ਕਰ ਦਿੱਤਾ ਹੈ।
ਪੰਜਾਬ ਸਰਕਾਰ ਦੇ ਆਦੇਸ਼ ਆਉਣ ਤੋਂ ਬਾਅਦ ਪੰਜਾਬ ਵਿਧਾਨ ਸਭਾ ਹੁਣ ਵਿਧਾਇਕਾਂ (MLA salary) ਵੱਲੋਂ ਲਏ ਜਾਣ ਵਾਲੇ ਮੈਡੀਕਲ ਬਿੱਲਾਂ ਦੀ ਅਦਾਇਗੀ ਬਾਰੇ ਵੀ ਜਾਣਕਾਰੀ ਦੇਣ ਨੂੰ ਤਿਆਰ ਹੋ ਗਈ ਹੈ, ਜਿਹੜੀ ਜਾਣਕਾਰੀ ਹੁਣ ਤੱਕ ਦੇਣ ਤੋਂ ਸਾਫ਼ ਇਨਕਾਰੀ ਕੀਤੀ ਜਾਂਦੀ ਰਹੀਂ ਹੈ। ਹਮੇਸ਼ਾ ਹੀ ਵਿਧਾਨ ਸਭਾ ਦਾ ਤਰਕ ਹੁੰਦਾ ਸੀ ਕਿ ਮੈਡੀਕਲ ਕਲੇਮ ਲੈਣਾ ਅਤੇ ਬਿੱਲ ਵਿਧਾਇਕਾਂ ਦੀ ਨਿੱਜੀ ਜਾਣਕਾਰੀ ਹੈ, ਇਹ ਜਾਣਕਾਰੀ ਰੁਟੀਨ ਜਾਂ ਫਿਰ ਆਰ.ਟੀ.ਆਈ. ਤਹਿਤ ਵੀ ਨਹੀਂ ਦਿੱਤੀ ਜਾ ਸਕਦੀ ਹੈ। ਪਰ ਹੁਣ ਇਹ ਸਾਰੀ ਜਾਣਕਾਰੀ ਆਰ.ਟੀ.ਆਈ. ਦੇ ਤਹਿਤ ਲੈਣ ਦੀ ਜ਼ਰੂਰਤ ਨਹੀਂ ਪਏਗੀ, ਕਿਉਂਕਿ ਵਿਧਾਨ ਸਭਾ ਦੀ ਵੈਬ ਸਾਈਟ ‘ਤੇ ਹਰ ਮਹੀਨੇ ਇਸ ਨੂੰ ਅੱਪਡੇਟ ਕਰ ਦਿੱਤਾ ਜਾਵੇਗਾ।
ਵਿਧਾਇਕ ਅਤੇ ਐਮ.ਪੀ. ਜਲਦ ਦੇਣ ਆਪਣੀਆਂ ਜਾਇਦਾਦਾਂ ਦੀ ਜਾਣਕਾਰੀ
ਪੰਜਾਬ ਸਰਕਾਰ ਦੇ ਆਦੇਸ਼ ਤੋਂ ਬਾਅਦ ਪੰਜਾਬ ਵਿਧਾਨ ਸਭਾ ਨੇ ਸਾਰੇ ਕਾਂਗਰਸ, ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਦੇ ਵਿਧਾਇਕਾਂ ਸਣੇ ਪੰਜਾਬ ਦੇ ਲੋਕ ਸਭਾ ਤੇ ਰਾਜ ਸਭਾ ਦੇ ਸੰਸਦ ਮੈਂਬਰਾਂ ਨੂੰ ਜਲਦ ਹੀ ਆਪਣੀ ਜਾਇਦਾਦਾਂ ਦੀ ਜਾਣਕਾਰੀ ਵਿਧਾਨ ਸਭਾ ਵਿੱਚ ਭੇਜਣ ਲਈ ਪੱਤਰ ਭੇਜ ਦਿੱਤਾ ਹੈ। ਇਨਾਂ ਸਾਰੇ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਦੀ ਹਰ ਤਰ੍ਹਾਂ ਦੀ ਜਾਇਦਾਦ ਦੀ ਜਾਣਕਾਰੀ ਵੀ ਪੰਜਾਬ ਵਿਧਾਨ ਸਭਾ ਦੀ ਵੈਬ ਸ਼ਾਇਟ ‘ਤੇ ਪਾਈ ਜਾਵੇਗੀ ਤਾਂ ਕਿ ਹਰ ਸਾਲ ਆਮ ਲੋਕਾਂ ਨੂੰ ਜਾਣਕਾਰੀ ਮਿਲਦੀ ਰਹੇ ਕਿ ਉਨ੍ਹਾਂ ਦੇ ਵਿਧਾਇਕ ਅਤੇ ਸੰਸਦ ਮੈਂਬਰਾਂ ਦੀ ਜਾਇਦਾਦ ਵਿੱਚ ਕਿੰਨਾ ਵਾਧਾ ਜਾਂ ਫਿਰ ਘਾਟਾ ਹੋਇਆ ਹੈ।