ਕਿੱਡਾ ਸੀ ਤੇ ਕਿੱਡਾ ਰਹਿ ਗਿਆ ਪੰਜਾਂ ਦਰਿਆਵਾਂ ਵਾਲਾ ਪੰਜਾਬ

Punjab

ਪੰਜ ਦਰਿਆਵਾਂ ਦੀ ਧਰਤੀ ਪੰਜਾਬ ਦਾ ਆਪਣਾ ਇੱਕ ਸ਼ਾਨਾਮੱਤਾ ਇਤਿਹਾਸ ਹੈ। ਇਸ ਧਰਤੀ ’ਤੇ ਪੈਦਾ ਹੋਏ ਯੋਧਿਆਂ ਬਾਰੇ ਪੜ੍ਹਦੇ ਹਾਂ ਤਾਂ ਇੱਕ ਵੱਖਰਾ ਹੀ ਮਾਣ ਮਹਿਸੂਸ ਹੁੰਦਾ ਹੈ। ਪੁਰਾਤਨ ਪੰਜਾਬ ਦਾ ਖੇਤਰਫਲ ਦੇਖਿਆ ਜਾਵੇ ਤਾਂ ਉਸ ਤੋਂ ਕਾਫ਼ੀ ਛੋਟਾ ਰਹਿ ਗਿਆ ਹੈ ਅੱਜ ਦਾ ਪੰਜਾਬ। ਉਂਝ ਤਾਂ ਪਹਿਲੀ ਨਵੰਬਰ ਨੂੰ ਪੰਜਾਬ ਦਿਵਸ ਵਜੋਂ ਮਨਾਇਆ ਜਾਂਦਾ ਹੈ ਪਰ ਇਸ ਦਿਨ ਨੇ ਪੰਜਾਬ ਦਾ ਇੱਕ ਹੋਰ ਟੁਕੜਾ ਕੀਤਾ ਜਿਸ ਨਾਲ ਇਸ ਦਾ ਖੇਤਰਫਲ ਹੋਰ ਵੀ ਘਟ ਗਿਆ। ਪਹਿਲਾਂ ਪੰਜਾਬ ਦੀ ਉਤਪਤੀ ਤੇ ਇਸ ਦੇ ਨਾਂਅ ਦੇ ਭੂਗੌਲਿਕ ਇਤਿਹਾਸ ਬਾਰੇ ਚਾਨਣਾ ਪਾਉਂਦੇ ਹਾਂ। ‘ਪੰਜਾਬ’ ਫਾਰਸੀ ਦੇ ਦੋ ਸ਼ਬਦਾਂ ਪੰਜ ਤੇ ਆਬ ਦੇ ਸੁਮੇਲ ਨਾਲ ਬਣਿਆ ਹੈ। (Punjab Day)

Also Read : ਫਿਰੋਜ਼ਪੁਰ ’ਚ ਵੱਡੀ ਵਾਰਦਾਤ, ਸ਼ੂਟਰ ਲਾਡੀ ਸ਼ੇਰ ਖਾਂ ਦਾ ਗੋਲੀਆਂ ਮਾਰ ਕੇ ਕਤਲ

ਇਸ ਦਾ ਮਤਲਬ ਪੰਜ ਦਰਿਆਵਾਂ ਦੇ ਪਾਣੀ ਤੋਂ ਹੈ। ਪੰਜਾਬ ਨੂੰ ਮਹਾਂਭਾਰਤ ਦੇ ਸਮੇਂ ਪੰਚਨਦ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਰਿਹਾ ਹੈ। ਪੰਜਾਬ ਦੇ ਘਟਦੇ ਖੇਤਰਫਲ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਪੰਜਾਬ ਨੂੰ ਅੰਗਰੇਜ਼ਾਂ ਨੇ 1947 ਦੀ ਵੰਡ ਵੇਲੇ ਹੀ ਦੋ ਹਿੱਸਿਆਂ ਵਿੱਚ ਵੰਡ ਦਿੱਤਾ ਸੀ। ਪੰਜਾਬ ਹਮੇਸ਼ਾ ਹੀ ਦੁਸ਼ਮਣਾਂ ਨੂੰ ਦੇਸ਼ ਵਿੱਚ ਦਾਖ਼ਲ ਹੋਣ ਤੋਂ ਰੋਕਦਾ ਰਿਹਾ ਹੈ। ਇਤਿਹਾਸਕ ਤੌਰ ’ਤੇ ਪੰਜਾਬ ਯੂਨਾਨੀਆਂ, ਮੱਧ ਏਸ਼ੀਆਈਆਂ, ਅਫ਼ਗਾਨੀਆਂ ਤੇ ਇਰਾਨੀਆਂ ਲਈ ਭਾਰਤੀ ਉੱਪ ਮਹਾਂਦੀਪ ਦਾ ਪ੍ਰਵੇਸ਼ ਦੁਆਰ ਰਿਹਾ ਹੈ। ਪੰਜਾਬ ਦੀ ਧਰਤੀ ਐਨੀ ਉਪਜਾਊ ਹੈ ਕਿ ਇਸ ’ਤੇ ਕਿਸੇ ਵੀ ਫ਼ਸਲ ਦੀ ਕਾਸ਼ਤ ਕੀਤੀ ਜਾ ਸਕਦੀ ਹੈ ਜਾਂ ਕਹਿ ਲਈਏ ਕਿ ਖੇਤੀਬਾੜੀ ਪੰਜਾਬ ਦਾ ਮੁੱਖ ਧੰਦਾ ਹੈ ਤਾਂ?ਕੋਈ ਦੋਰਾਇ ਨਹੀਂ ਹੈ। ਅਜ਼ਾਦੀ ਤੋਂ ਪਹਿਲਾਂ ਪੰਜਾਬ ਵਿੱਚ ਪੰਜ ਦਰਿਆ ਸਤਲੁਜ, ਬਿਆਸ, ਰਾਵੀ, ਚਨਾਬ ਤੇ ਜਿਹਲਮ ਵਗਦੇ ਸਨ।

ਵੰਡ ਤੋਂ ਬਾਅਦ ਪੰਜਾਬ ਵਿੱਚ ਸਿਰਫ਼ ਦੋ ਦਰਿਆ ਹੀ ਰਹਿ ਗਏ। ਪਾਕਿਸਤਾਨ ਹਿੱਸੇ ਆਏ ਪੰਜਾਬ ਵਿੱਚ ਤਿੰਨ ਦਰਿਆ ਰਾਵੀ, ਚਨਾਬ ਤੇ ਜਿਹਲਮ ਆ ਗਏ। ਭਾਰਤ ਦੇ ਪੰਜਾਬ ਵਿੱਚ ਸਿਰਫ਼ ਦੋ ਦਰਿਆ ਬਿਆਸ ਤੇ ਸਤਲੁਜ ਰਹਿ ਗਏ ਹਨ। ਇਸ ਤਰ੍ਹਾਂ ਪੰਜਾਬ ਨਾਂਅ ਦੋਵਾਂ ਪੰਜਾਬਾਂ ਵਿੱਚ ਢੁੱਕਵਾਂ ਨਹੀਂ ਰਿਹਾ ਪਰ ਪੰਜਾਬ ਨਾਂਅ ਐਨਾ ਹਰਮਨਪਿਆਰਾ ਬਣ ਗਿਆ ਤੇ ਸਭ ਦੀ ਜ਼ੁਬਾਨ ’ਤੇ ਚੜ੍ਹ ਗਿਆ ਕਿ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਨੇ ਇਸ ਦਾ ਨਾਂਅ ਫਿਰ ਵੀ ਪੰਜਾਬ ਹੀ ਰੱਖਿਆ। ਪੰਜਾਬ ਦੀ ਧਰਤੀ ਪੱਛਮ ਤੇ ਪੂਰਬ ਵੱਲੋਂ ਲਗਾਤਾਰ ਹੋਣ ਵਾਲੇ ਹਮਲਿਆਂ ਦਾ ਸਾਹਮਣਾ ਹਮੇਸ਼ਾ ਹੀ ਕਰਦੀ ਰਹੀ ਹੈ। ਪੰਜਾਬ ਨੂੰ ਫਰਾਂਸੀਆਂ, ਯੂਨਾਨੀਆਂ, ਤੁਰਕਾਂ ਤੇ ਅਫ਼ਗਾਨੀਆਂ ਦੇ ਹਮਲਿਆਂ ਦਾ ਸਾਹਮਣਾ ਕਰਨਾ ਪੈਂਦਾ ਰਿਹਾ ਹੈ। (Punjab Day)

Also Read : ‘ਮੈ ਪੰਜਾਬ ਬੋਲਦਾ ਹਾਂ’ ’ਤੇ ਵਿਰੋਧੀਆ ਨਾਲ ਭਿੜਨਗੇ ਭਗਵੰਤ ਮਾਨ

ਸਮੇਂ-ਸਮੇਂ ’ਤੇ ਬਦਲਦੇ ਰਹੇ ਨੇ ਪੰਜਾਬ ਦੇ ਨਾਂਅ: ਪੰਜਾਬ ਦੇ ਨਾਂਅ ਵੱਖ-ਵੱਖ ਕਾਲਾਂ ਵਿੱਚ ਬਦਲਦੇ ਰਹੇ ਹਨ। ਰਿਗਵੈਦਿਕ ਕਾਲ ਸਮੇਂ ਪੰਜਾਬ ਦਾ ਖੇਤਰਫਲ ਬਹੁਤ ਜ਼ਿਆਦਾ ਸੀ। ਪੰਜਾਬ ਵਿੱਚ ਇਸ ਸਮੇਂ ਸੱਤ ਨਦੀਆਂ ਵਗਦੀਆਂ ਸਨ ਇਸ ਲਈ ਉਸ ਸਮੇਂ ਪੰਜਾਬ ਨੂੰ ‘ਸਪਤ ਸਿੰਧੂ’ ਆਖਿਆ ਜਾਂਦਾ ਸੀ। ਉਨ੍ਹਾਂ ਸੱਤ ਨਦੀਆਂ ਦੇ ਨਾਂਅ ਸਨ ਸਿੰਧ, ਵਿਤਸਤਾ (ਜਿਹਲਮ), ਵਿਆਸ (ਬਿਆਸ), ਸ਼ਤੁਦਰੀ (ਸਤਲੁਜ), ਅਧਿਕਨੀ (ਚਨਾਬ), ਪਸਚਨੀ ਅਤੇ ਸਰਸਵਤੀ। ਪੰਜਾਬ ਨੂੰ ਮਹਾਂਕਾਵਾਂ ਤੇ ਪੁਰਾਣਾਂ ਵਿੱਚ ‘ਪੰਚਨਦ’ ਆਖਿਆ ਗਿਆ ਹੈ ਜਿਸ ਦਾ ਮਤਲਬ ਪੰਜਾਂ ਨਦੀਆਂ ਦੀ ਧਰਤੀ ਹੈ। ਕਿਵੇਂ ਤੇ ਕਦੋਂ-ਕਦੋਂ ਸੁੰਗੜਦਾ ਰਿਹਾ ਪੰਜਾਬ: ਪੁਰਾਤਨ ਪੰਜਾਬ ਦਾ ਖੇਤਰਫ਼ਲ ਬਹੁਤ ਜ਼ਿਆਦਾ ਸੀ।

ਇਤਿਹਾਸਕਾਰ ਡਾ. ਹਰੀ ਰਾਮ ਗੁਪਤਾ ਅਨੁਸਾਰ ਉਸ ਸਮੇਂ ਪੰਜਾਬ ਉੱਤਰ ਵਿੱਚ ਹਿਮਾਲਿਆ ਪਰਬਤ ਦੀਆਂ ਸ਼੍ਰੇਣੀਆਂ ਤੋਂ ਪੱਛਮ ਵਿੱਚ ਸੁਲੇਮਾਨ ਅਤੇ ਕਿਰਥਾਰ ਦੀਆਂ ਸ਼੍ਰੇਣੀਆਂ ਤੋਂ ਪੂਰਬ ਵੱਲ ਜਮਨਾ ਨਦੀ ਤੇ ਆਗਰਾ ਪ੍ਰਾਂਤ ਤੋਂ ਅਤੇ ਦੱਖਣ ਵਿੱਚ ਸਿੰਧ ਅਤੇ ਰਾਜਸਥਾਨ ਦੇ ਮਾਰੂਥਲਾਂ ਨਾਲ ਘਿਰਿਆ ਹੋਇਆ ਸੀ। ਉਸ ਸਮੇਂ ਦੇਸ਼ੀ ਰਿਆਸਤਾਂ ਵਿੱਚ ਪਾ ਕੇ ਪੰਜਾਬ ਦਾ ਕੁੱਲ ਖੇਤਰਫਲ 1,33,741 ਵਰਗ ਮੀਲ ਸੀ। ਇਹ ਅਕਾਰ ਸਾਰੇ ਭਾਰਤ ਦਾ ਦਸਵਾਂ ਹਿੱਸਾ ਸੀ। ਇਤਿਹਾਸਕਾਰਾਂ ਅਨੁਸਾਰ 1901 ਈ. ਵਿੱਚ ਪੰਜਾਬ ਦੀ ਜਨਸੰਖਿਆ 24,754,737 ਦੱਸੀ ਜਾਂਦੀ ਹੈ। ਅਜੋਕੇ ਪੰਜਾਬ ਦਾ ਖ਼ੇਤਰਫ਼ਲ ਘਟ ਕੇ 50,362 ਵਰਗ ਕਿਲੋਮੀਟਰ ਰਹਿ ਗਿਆ ਹੈ। (Punjab Day)

Also Read : ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਮਰੀਜ਼ਾਂ ਨੂੰ ਦਿੱਤਾ ਦੀਵਾਲੀ ਤੋਹਫਾ

ਜਿਸ ਵਿੱਚ ਪੇਂਡੂ ਖੇਤਰ 48,265 ਵਰਗ ਕਿਲੋਮੀਟਰ ਤੇ ਸ਼ਹਿਰੀ ਖੇਤਰ 2097 ਵਰਗ ਕਿਲੋਮੀਟਰ ਹੈ। ਪੰਜਾਬ ਸਰਕਾਰ ਦੇ ਅੰਕੜਿਆਂ ਮੁਤਾਬਿਕ ਅੱਜ ਦੇ ਪੰਜਾਬ ਸੂਬੇ ਦੀ ਆਬਾਦੀ 2.77 ਕਰੋੜ ਹੈ। ਪੰਜਾਬ ਵਿੱਚ ਅਜ਼ਾਦੀ ਤੋਂ ਪਹਿਲਾਂ ਲਹਿੰਦਾ ਪੰਜਾਬ, ਜੰਮੂ ਕਸ਼ਮੀਰ, ਹਿਮਾਚਲ ਪ੍ਰਦੇਸ਼, ਹਰਿਆਣਾ, ਰਾਜਸਥਾਨ ਤੇ ਦਿੱਲੀ ਵੀ ਆਉਂਦਾ ਸੀ। ਅੰਗਰੇਜ਼ਾਂ ਦੇ ਜਾਣ ਤੋਂ ਬਾਅਦ ਸੰਨ 1947 ਵਿੱਚ ਸਿਆਸਤਦਾਨਾਂ ਨੇ ਪੰਜਾਬ ਨੂੰ ਦੋ ਹਿੱਸਿਆਂ ਵਿੱਚ ਵੰਡ ਦਿੱਤਾ। ਇਸ ਵੰਡ ਤੋਂ ਬਾਅਦ ਅੱਧਾ ਪੰਜਾਬ ਪਾਕਿਸਤਾਨ ਦੇ ਹਿੱਸੇ ਆ ਗਿਆ ਤੇ ਅੱਧਾ ਪੰਜਾਬ ਭਾਰਤ ਵਿੱਚ ਰਿਹਾ। ਇਸ ਤੋਂ ਬਾਅਦ ਪੰਜਾਬ ਨੂੰ ਹੋਰ ਵੀ ਛੋਟਾ ਕੀਤਾ ਗਿਆ ਜਦੋਂ ਇਸ ਵਿੱਚੋਂ ਰਾਜਸਥਾਨ, ਜੰਮੂ, ਕਸ਼ਮੀਰ ਤੇ ਦਿੱਲੀ ਕੱਢ ਦਿੱਤੇ ਗਏ। ’47 ਦੀ ਵੰਡ ਤੋਂ ਬਾਅਦ ਪੰਜਾਬ ਦੇ 18 ਜ਼ਿਲ੍ਹੇ ਬਣਾਏ ਗਏ। (Punjab Day)

ਇਸ ਸਮੇਂ ਅੰਮ੍ਰਿਤਸਰ, ਬਠਿੰਡਾ, ਫਿਰੋਜ਼ਪੁਰ, ਹੁਸ਼ਿਆਰਪੁਰ, ਜਲੰਧਰ, ਗੁਰਦਾਸਪੁਰ, ਲੁਧਿਆਣਾ, ਕਪੂਰਥਲਾ, ਸੰਗਰੂਰ, ਪਟਿਆਲਾ, ਕਾਂਗੜਾ, ਸ਼ਿਮਲਾ, ਅੰਬਾਲਾ, ਗੁੜਗਾਵਾਂ, ਹਿਸਾਰ, ਮਹਿੰਦਰਗੜ੍ਹ, ਕਰਨਾਲ ਤੇ ਰੋਹਤਕ ਜ਼ਿਲੇ ਬਣਾਏ ਗਏ ਸਨ। ਫਿਰ ਸਮਾਂ ਆਇਆ ਜਦੋਂ ਇੱਕ ਵਾਰ ਫਿਰ ਪੰਜਾਬ ਨੇ ਸੁੰਗੜਨਾ ਸੀ। ਇਹ ਸਮਾਂ ਸੀ 1 ਨਵੰਬਰ 1966 ਦਾ ਉਹ ਦਿਨ ਜਦੋਂ ਇਸ ਵਿੱਚੋਂ ਹਰਿਆਣਾ ਵੱਖ ਕਰ ਦਿੱਤਾ ਗਿਆ। ਪੰਜਾਬ ਵਿੱਚੋਂ ਪਹਾੜੀ ਇਲਾਕੇ ਹਿਮਾਚਲ ਨੂੰ ਦੇ ਦਿੱਤੇ ਗਏ। ਕੁਝ ਅਖਬਾਰਾਂ ਨੇ ਇਸ ਨੂੰ ਪੰਜਾਬੀ ਸੂਬਾ ਵੀ ਆਖਿਆ ਸੀ ਪਰ ਸਰਕਾਰੀ ਕਾਗਜ਼ਾਂ ਵਿੱਚ ਪੰਜਾਬ ਦੇ ਨਾਂਅ ਨਾਲ ਹੀ ਲਿਖਿਆ ਜਾਂਦਾ ਹੈ। ਹੁਣ ਮੌਜ਼ੂਦਾ ਪੰਜਾਬ ਦਾ ਖ਼ੇਤਰਫਲ ਸੁੰਗੜ ਕੇ ਕਾਫ਼ੀ ਛੋਟਾ ਰਹਿ ਗਿਆ ਹੈ ਪਰ ਇਸ ਦੇ ਜ਼ਿਲ੍ਹਿਆਂ ਦੀ ਗਿਣਤੀ ਵਧ ਕੇ 23 ਤੇ ਤਹਿਸੀਲਾਂ ਦੀ ਗਿਣਤੀ 97 ਹੋ ਚੁੱਕੀ ਹੈ। (Punjab Day)

(ਰਵਿੰਦਰ ਸ਼ਰਮਾ) ਹੀਰਕੇ, ਮਾਨਸਾ
ਮੋ. 97292-02596