ਰਾਜਪਾਲ ਕੋਲ ਪਾਸ ਹੋਣ ਲਈ ਪੈਂਡਿੰਗ ਚੱਲ ਰਹੇ ਬਿੱਲ ਨੂੰ ਪਾਸ ਕਰਨ ਦਾ ਕੀਤਾ ਇਸ਼ਾਰਾ
ਵਿਧਾਨ ਸਭਾ ਸੈਸ਼ਨ ਦੀ ਵੈਧਤਾ ਸਬੰਧੀ ਨਹੀਂ ਦਿੱਤੀ ਕੋਈ ਜਾਣਕਾਰੀ, ਸੁਪਰੀਮ ਕੋਰਟ ਵਿੱਚ ਕੇਸ ਲੜੇਗੀ ਸਰਕਾਰ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਸੋਮਵਾਰ ਨੂੰ ਸੁਪਰੀਮ ਕੋਰਟ ਵਿੱਚ ਪੰਜਾਬ ਸਰਕਾਰ ਦੀ ਪਟੀਸ਼ਨ ‘ਤੇ ਹੋਣ ਵਾਲੀ ਸੁਣਵਾਈ ਤੋਂ ਇੱਕ ਦਿਨ ਪਹਿਲਾਂ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਮੁੱਖ ਮੰਤਰੀ ਮਾਨ ਨੂੰ ਇੱਕ ਹੋਰ ਪੱਤਰ ਲਿਖਿਆ ਹੈ। ਰਾਜਪਾਲ ਕੁਝ ਨਰਮ ਪੈਂਦੇ ਨਜ਼ਰ ਆ ਰਹੇ ਹਨ। ਜਿਸ ਕਾਰਨ ਛੁੱਟੀ ਵਾਲੇ ਦਿਨ ਬਨਵਾਰੀ ਲਾਲ ਪੁਰੋਹਿਤ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖਦੇ ਹੋਏ ਪਾਸ ਹੋਣ ਲਈ ਪੈਡਿੰਗ ਚੱਲ ਰਹੇ 5 ਬਿਲਾਂ ਨੂੰ ਜਲਦ ਹੀ ਇਜ਼ਾਜਤ ਦੇਣ ਦਾ ਇਸ਼ਾਰਾ ਕੀਤਾ ਹੈ। (Banwari Lal Purohit)
ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦੇ ਨਰਮ ਰੁੱਖ ਤੋਂ ਸਰਕਾਰ ਕਾਫ਼ੀ ਜਿਆਦਾ ਖ਼ੁਸ਼ ਹੈ ਪਰ ਫਿਰ ਵੀ ਸੋਮਵਾਰ ਨੂੰ ਸੁਪਰੀਮ ਕੋਰਟ ਵਿੱਚ ਰਾਜਪਾਲ ਖ਼ਿਲਾਫ ਕੇਸ ਲੜਿਆ ਜਾਏਗਾ, ਕਿਉਂਕਿ ਹੁਣ ਤੱਕ ਵਿਧਾਨ ਸਭਾ ਦੇ ਸੈਸ਼ਨ ਦੀ ਵੈਧਤਾ ਸਬੰਧੀ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੱਲੋਂ ਕੁਝ ਵੀ ਨਹੀਂ ਕਿਹਾ ਗਿਆ ਹੈ। ਵਿਧਾਨ ਸਭਾ ਦਾ ਸੈਸ਼ਨ ਹੀ ਮੁੱਖ ਤੌਰ ’ਤੇ ਕੇਸ ਦਾ ਆਧਾਰ ਹੈ, ਇਸ ਲਈ ਸੁਪਰੀਮ ਕੋਰਟ ਵਿੱਚ ਸੋਮਵਾਰ ਨੂੰ ਪੰਜਾਬ ਸਰਕਾਰ ਪੂਰਾ ਜੋਰ ਲਗਾਉਂਦੇ ਹੋਏ ਰਾਜਪਾਲ ਖ਼ਿਲਾਫ਼ ਲੜਾਈ ਲੜੇਗੀ।
ਇਹ ਵੀ ਪੜ੍ਹੋ : ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਮਕਸਦ ਨਾਲ ਸਰਕਾਰ ਸਕੀਮ ਤਹਿਤ ਦੇ ਰਹੀ ਈ-ਰਿਕਸ਼ਾ, ਕਰਨਾ ਪਵੇਗਾ ਇਹ ਕੰਮ
ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੱਲੋਂ ਲਿਖੇ ਗਏ ਆਪਣੇ ਪੱਤਰ ਵਿੱਚ ਕਿਹਾ ਗਿਆ ਹੈ ਕਿ ਭਾਵੇਂ ਹੀ ਵਿਧਾਨ ਸਭਾ ਸੈਸ਼ਨ ਦੀ ਵੈਧਤਾ ਨੂੰ ਲੈ ਕੇ ਉਨਾਂ ਵੱਲੋਂ ਸਰਕਾਰ ਨੂੰ ਪਹਿਲਾਂ ਹੀ ਪੱਤਰ ਲਿਖੇ ਹੋਏ ਹਨ ਪਰ ਇਸ ਨਾਲ ਹੀ ਉਹ ਦੱਸਣਾ ਚਾਹੁੰਦੇ ਹਨ ਕਿ ਪੰਜਾਬ ਸਰਕਾਰ ਵੱਲੋਂ ਪਾਸ ਕਰਨ ਲਈ ਭੇਜੇ ਗਏ 27 ਬਿੱਲ ਵਿੱਚੋਂ 22 ਬਿੱਲ ਨੂੰ ਪਹਿਲਾਂ ਹੀ ਪਾਸ ਕਰ ਦਿੱਤਾ ਗਿਆ ਹੈ। ਇਸ ਸਮੇਂ ਪੈਡਿੰਗ ਪਏ 5 ਬਿਲ ਵਿੱਚ 3 ਮਨੀ ਬਿੱਲ ਹਨ, ਜਿਨਾਂ ਨੂੰ ਜਲਦ ਹੀ ਪਾਸ ਕਰਨ ਲਈ ਵਿਚਾਰ ਕੀਤਾ ਜਾ ਰਿਹਾ ਹੈ। ਇਨਾਂ ਬਿਲਾਂ ਨੂੰ ਲੈ ਕੇ ਡੂੰਘਾਈ ਨਾਲ ਵਿਚਾਰ ਚਰਚਾ ਕੀਤੀ ਜਾ ਰਹੀ ਹੈ, ਜਿਸ ਸਬੰਧੀ ਜਲਦ ਹੀ ਸਰਕਾਰ ਨੂੰ ਸੂਚਿਤ ਕਰ ਦਿੱਤਾ ਜਾਏਗਾ।
ਬਨਵਾਰੀ ਲਾਲ ਪੁਰੋਹਿਤ ਦੇ ਇਸ ਪੱਤਰ ਵਲੋਂ ਸਾਫ਼ ਹੋ ਗਿਆ ਹੈ ਕਿ ਹੁਣ ਰਾਜਪਾਲ ਕਾਫੀ ਜਿਆਦਾ ਨਰਮ ਪੈਂਦੇ ਨਜ਼ਰ ਆ ਰਹੇ ਹਨ, ਕਿਉਂਕਿ ਛੁੱਟੀ ਵਾਲੇ ਦਿਨ ਇਹੋ ਜਿਹਾ ਪੱਤਰ ਆਉਣ ਦੀ ਕੋਈ ਵੀ ਸੰਭਾਵਨਾ ਨਜ਼ਰ ਨਹੀਂ ਆ ਰਹੀ ਸੀ, ਜਿਸ ਕਾਰਨ ਹੀ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦੇ ਇਸ ਪੱਤਰ ਨੂੰ ਦੇਖ ਕੇ ਹਰ ਕਿਸੇ ਨੂੰ ਹੈਰਾਨਗੀ ਹੋਈ ਹੈ।
ਸੋਮਵਾਰ ਨੂੰ ਸੁਪਰੀਮ ਕੋਰਟ ਵਿੱਚ ਹੋਏਗੀ ਸੁਣਵਾਈ (Banwari Lal Purohit)
ਪੰਜਾਬ ਵਿਧਾਨ ਸਭਾ ਦੇ 2 ਦਿਨਾਂ ਸੈਸ਼ਨ ਨੂੰ ਗੈਰ ਕਾਨੂੰਨੀ ਕਰਾਰ ਦੇਣ ਦੇ ਮਾਮਲੇ ਵਿੱਚ ਪੰਜਾਬ ਸਰਕਾਰ ਵੱਲੋਂ ਸੁਪਰੀਮ ਕੋਰਟ ਦਾ ਰੁੱਖ ਕੀਤਾ ਹੋਇਆ ਹੈ। ਪੰਜਾਬ ਸਰਕਾਰ ਦੀ ਪਟੀਸ਼ਨ ’ਤੇ ਅੱਜ ਸੋਮਵਾਰ ਨੂੰ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਣੀ ਹੈ। ਜਿਥੇ ਕਿ ਪੰਜਾਬ ਸਰਕਾਰ ਵ$ਲੋਂ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦੇ ਪੱਤਰ ‘ਤੇ ਕਾਫ਼ੀ ਜਿਆਦਾ ਇਤਰਾਜ ਜਾਹਰ ਕਰਨ ਦੇ ਨਾਲ ਹੀ ਬੀਤੇ ਕੁਝ ਪੱਤਰਾਂ ਨੂੰ ਧਮਕੀ ਵੀ ਕਰਾਰ ਦਿੱਤਾ ਜਾ ਰਿਹਾ ਹੈ। ਸੁਪਰੀਮ ਕੋਰਟ ਵਿੱਚ ਸੋਮਵਾਰ ਨੂੰ ਸੁਣਵਾਈ ਦੌਰਾਨ ਸਰਕਾਰ ਉਮੀਦ ਹੈ ਕਿ ਉਨਾਂ ਦੇ ਹੱਕ ਵਿੱਚ ਫੈਸਲਾ ਆਏਗਾ।