29 ਨੂੰ ਲਖਨਓ ’ਚ ਖੇਡਿਆ ਜਾਵੇਗਾ ਭਾਰਤ-ਇੰਗਲੈਂਡ ਦਾ ਮੁਕਾਬਲਾ
- ਸੂਰਿਆਕੁਮਾਰ ਨੂੰ ਹੀ ਦਿੱਤਾ ਜਾ ਸਕਦਾ ਹੈ ਮੌਕਾ
- ਆਪਣੇ ਪੰਜੇ ਮੈਚ ਜਿੱਤ ਕੇ ਅੰਕ ਸੂਚੀ ’ਚ ਪਹਿਲੇ ਨੰਬਰ ’ਤੇ ਹੈ ਭਾਰਤੀ ਟੀਮ
ਭਾਰਤ ਟੀਮ ਇੰਗਲੈਂਡ ਖਿਲਾਫ 29 ਅਕਤੂਬਰ ਨੂੰ ਹੋਣ ਵਾਲੇ ਮੈਚ ਦੌਰਾਨ ਇੱਕ ਵੱਡਾ ਝਟਕਾ ਲੱਗਿਆ ਹੈ। ਇਸ ਮੈਚ ’ਚ ਵੀ ਭਾਰਤ ਦੇ ਸਟਾਰ ਆਲਰਾਊਂਡਰ ਹਾਰਦਿਕ ਪਾਂਡਿਆ ਨਹੀਂ ਖੇਡਣਗੇ। ਦੱਸ ਦੇਈਏ ਕਿ 19 ਅਕਤੂਬਰ ਨੂੰ ਬੰਗਲਾਦੇਸ ਖਿਲਾਫ ਮੈਚ ਦੌਰਾਨ ਹਾਰਦਿਕ ਜ਼ਖਮੀ ਹੋ ਗਏ ਸਨ। ਉਸ ਸਮੇਂ ਹਾਲਾਤ ਅਜਿਹੇ ਸਨ ਕਿ ਉਨ੍ਹਾਂ ਨੂੰ ਤੁਰੰਤ ਮੈਦਾਨ ਤੋਂ ਬਾਹਰ ਜਾਣਾ ਪਿਆ ਅਤੇ ਉਨ੍ਹਾਂ ਦੇ ਓਵਰ ਦੀਆਂ ਬਾਕੀ ਰਹਿੰਦੀਆਂ 3 ਗੇਂਦਾਂ ਸਾਬਕਾ ਕਪਤਾਨ ਵਿਰਾਟ ਕੋਹਲੀ ਨੇ ਕੀਤੀਆਂ। ਇਸ ਤੋਂ ਬਾਅਦ ਉਹ ਨਿਊਜੀਲੈਂਡ ਖਿਲਾਫ ਧਰਮਸ਼ਾਲਾ ’ਚ ਹੋਏ ਮੈਚ ’ਚ ਵੀ ਨਹੀਂ ਖੇਡੇ ਸਨ ਅਤੇ ਉਨ੍ਹਾਂ ਦੀ ਜਗ੍ਹਾ ’ਤੇ ਸੂਰਿਆਕੁਮਾਰ ਨੂੰ ਮੌਕਾ ਦਿੱਤਾ ਗਿਆ ਸੀ। ਹੁਣ ਵਿਸ਼ਵ ਕੱਪ ਦੇ ਅਗਲੇ ਮੈਚ ਦੌਰਾਨ ਟੀਮ ਇੰਡੀਆ ’ਚ ਉਨ੍ਹਾਂ ਦੀ ਵਾਪਸੀ ਸਬੰਧੀ ਤਾਜ਼ਾ ਅਪਡੇਟ ਆਈ ਹੈ। (ICC World Cup 2023)
ਇਹ ਵੀ ਪੜ੍ਹੋ : ਹਰਿਆਣਾ : ਆਉਣ ਵਾਲੇ 3 ਦਿਨਾਂ ’ਚ ਕਿਵੇਂ ਰਹੇਗਾ ਮੌਸਮ ਦਾ ਮਿਜ਼ਾਜ? ਵੇਖੋ
ਤਾਜਾ ਅਪਡੇਟ ਮੁਤਾਬਕ ਹਾਰਦਿਕ ਪੰਡਯਾ ਹੁਣ 29 ਅਕਤੂਬਰ ਨੂੰ ਵੀ ਇੰਗਲੈਂਡ ਖਿਲਾਫ ਹੋਣ ਵਾਲੇ ਭਾਰਤ ਦੇ ਅਗਲੇ ਮੈਚ ’ਚ ਨਹੀਂ ਖੇਡਣਗੇ। ਇਹ ਅਪਡੇਟ ਬੀਸੀਸੀਆਈ ਵੱਲੋਂ ਆਈ ਹੈ। ਵੈਸੇ ਸੱਟ ਦੀ ਗੱਲ ਕਰੀਏ ਤਾਂ ਰਿਪੋਰਟ ਮੁਤਾਬਿਕ ਹਾਰਦਿਕ ਪਾਂਡਿਆ ਠੀਕ ਹੋ ਚੁੱਕੇ ਹਨ। ਪਰ ਬੀਸੀਸੀਆਈ ਦਾ ਕਹਿਣਾ ਹੈ ਕਿ ਉਹ ਇਸ ਵੱਡੇ ਖਿਡਾਰੀ ਲਈ ਜ਼ਿਆਦਾ ਜਲਦਬਾਜ਼ੀ ਨਹੀਂ ਕਰਨਗੇ ਅਤੇ ਉਨ੍ਹਾਂ ਨੂੰ ਹੋਰ ਆਰਾਮ ਦਿੱਤਾ ਜਾਵੇਗਾ। ਬੀਸੀਸੀਆਈ ਅਧਿਕਾਰੀ ਨੇ ਕਿਹਾ ਕਿ, ‘ਹਾਰਦਿਕ ਸ਼ਾਇਦ ਇੰਗਲੈਂਡ ਖਿਲਾਫ ਲਖਨਊ ’ਚ ਹੋਣ ਵਾਲੇ ਮੈਚ ’ਚ ਨਹੀਂ ਖੇਡਣਗੇ। ਉਨ੍ਹਾਂ ਦੀ ਸੱਟ ਗੰਭੀਰ ਨਹੀਂ ਹੈ। ਉਨ੍ਹਾਂ ਨੂੰ ਸਾਵਧਾਨੀ ਦੇ ਤੌਰ ’ਤੇ ਹੀ ਇਸ ਮੈਚ ’ਚ ਆਰਾਮ ਦਿੱਤਾ ਜਾ ਸਕਦਾ ਹੈ।
ਵੱਡੇ ਜੋਖਮ ਚੁੱਕਣ ਤੋਂ ਬਚੇਗੀ ਭਾਰਤੀ ਟੀਮ | ICC World Cup 2023
ਦੱਸਣਯੋਗ ਹੈ ਕਿ ਭਾਰਤੀ ਟੀਮ ਨੇ ਇਸ ਟੂਰਨਾਮੈਂਟ ’ਚ ਹੁਣ ਤੱਕ ਪੰਜ ਮੁਕਾਬਲੇ ਖੇਡੇ ਹਨ ਅਤੇ ਉਸ ਨੇ ਸਾਰੇ ਹੀ ਮੈਚ ਜਿੱਤੇ ਹਨ। ਪਹਿਲੇ ਮੈਚ ’ਚ ਅਸਟਰੇਲੀਆ, ਦੂਜੇ ਮੈਚ ’ਚ ਅਫਗਾਨਿਸਤਾਨ, ਤੀਜੇ ਮੈਚ ’ਚ ਪਾਕਿਸਤਾਨ, ਚੌਥੇ ਮੈਚ ’ਚ ਬੰਗਲਾਦੇਸ਼ ਅਤੇ ਪੰਜਵੇਂ ਮੈਚ ’ਚ ਨਿਊਜੀਲੈਂਡ ਨੂੰ 4 ਵਿਕਟਾਂ ਨਾਲ ਹਰਾਇਆ ਹੈ। ਜਿਸ ਕਰਕੇ ਭਾਰਤੀ ਟੀਮ ਅੰਕ ਸੂਚੀ ’ਚ ਪਹਿਲੇ ਨੰਬਰ ’ਤੇ ਹੈ। ਭਾਰਤੀ ਟੀਮ ਦੀ ਸੈਮੀਫਾਈਨਲ ’ਚ ਜਗ੍ਹਾ ਪੱਕੀ ਮੰਨੀ ਜਾ ਰਹੀ ਹੈ। ਹੁਣ ਭਾਰਤੀ ਟੀਮ ਦਾ ਅਗਲਾ ਮੁਕਾਬਲਾ ਇੰਗਲੈਂਡ ਨਾਲ ਹੈ।
ਜਿਹੜਾ ਕਿ 29 ਅਕਤੂਬਰ ਨੂੰ ਲਖਨਓ ’ਚ ਖੇਡਿਆ ਜਾਵੇਗਾ। ਜੇਕਰ ਇੰਗਲੈਂਡ ਦੀ ਗੱਲ ਕਰੀਏ ਤਾਂ ਇਹ ਮੈਚ ਇੰਗਲੈਂਡ ਲਈ ਕਰੋ ਜਾਂ ਮਰੋ ਦਾ ਹੋਵੇਗਾ, ਕਿਉਂਕਿ ਇੰਗਲੈਂਡ ਆਪਣੇ 4 ਮੈਚਾਂ ’ਚੋਂ 3 ਮੈਚ ਹਾਰ ਚੁੱਕਿਆ ਹੈ। ਇੰਗਲੈਂਡ ਖਿਲਾਫ ਭਾਰਤੀ ਟੀਮ ਦੀ ਸਥਿਤੀ ਕਾਫੀ ਮਜਬੂਤ ਨਜਰ ਆ ਰਹੀ ਹੈ। ਜਿਸ ਕਰਕੇ ਭਾਰਤੀ ਟੀਮ ਇਸ ਮੁਕਾਬਲੇ ’ਚ ਕੋਈ ਵੱਡਾ ਜੋਖਮ ਨਹੀਂ ਲਵੇਗੀ। (ICC World Cup 2023)