ਅਕਾਲੀਆਂ ਵੱਲੋਂ ਜਾਰੀ ਡਿਮਾਂਡ ਨੋਟਿਸਾਂ ‘ਤੇ ਕਿਸਾਨਾਂ ਨੂੰ ਹਾਲੇ ਤੱਕ ਨਹੀਂ ਮਿਲੇ ਟਿਊਬਵੈੱਲ ਕੂਨੈਕਸ਼ਨ
ਪਟਿਆਲਾ (ਖੁਸ਼ਵੀਰ ਸਿੰਘ ਤੂਰ) । ਅਕਾਲੀ ਸਰਕਾਰ ਦੌਰਾਨ ਪਾਵਰਕੌਮ ਵੱਲੋਂ ਢਾਈ ਤੋਂ ਪੰਜ ਏਕੜ ਵਾਲੇ ਕਿਸਾਨਾਂ ਨੂੰ ਦਿੱਤੇ ਜਾਣ ਵਾਲੇ ਟਿਊਬਵੈੱਲ ਕੁਨੈਕਸ਼ਨਾਂ ਦੀ ਸਥਿਤੀ ਸੱਤਾ ਤਬਦੀਲੀ ਤੋਂ ਬਾਅਦ ‘ਗੁੰਝਲਦਾਰ’ ਬਣ ਕੇ ਰਹਿ ਗਈ ਹੈ। ਭਾਵੇਂ ਕਿ ਪਿਛਲੀ ਸਰਕਾਰ ਦੌਰਾਨ ਪਾਵਰਕੌਮ ਵੱਲੋਂ 75 ਹਜ਼ਾਰ ਦੇ ਕਰੀਬ ਕਿਸਾਨਾਂ ਨੂੰ ਡਿਮਾਂਡ ਨੋਟਿਸ ਤਾਂ ਜਾਰੀ ਕਰ ਦਿੱਤੇ ਗਏ ਸਨ ਪਰ ਜਿਆਦਾਤਾਰ ਕਿਸਾਨਾਂ ਨੂੰ ਇਹ ਕੁਨੈਸਕਸ਼ਨ ਨਸੀਬ ਨਹੀਂ ਹੋਏ। ਇੱਧਰ ਹੁਣ ਸੱਤਾ ਵਿੱਚ ਕਾਂਗਰਸ ਸਰਕਾਰ ਆਉਣ ਤੋਂ ਬਾਅਦ ਇਨ੍ਹਾਂ ਕੁਨੈਕਸ਼ਨਾਂ ਦੀ ਟੇਕ ਨਵੀਂ ਸਰਕਾਰ ‘ਤੇ ਕੇਂਦਰਿਤ ਹੋ ਕੇ ਰਹਿ ਗਈ ਹੈ।
ਜਾਣਕਾਰੀ ਅਨੁਸਾਰ ਪਿਛਲੀ ਬਾਦਲ ਸਰਕਾਰ ਵੱਲੋਂ ਢਾਈ ਤੋਂ ਪੰਜ ਏਕੜ ਵਾਲੇ ਕਿਸਾਨਾਂ ਲਈ ਡੇਢ ਲੱਖ ਕੁਨੈਕਸ਼ਨ ਜਾਰੀ ਕਰਨ ਦਾ ਐਲਾਨ ਕੀਤਾ ਗਿਆ ਸੀ ਅਪਰੈਲ-2016 ਵਿੱਚ ਘਟਾ ਕੇ ਇਨ੍ਹਾਂ ਦੀ ਗਿਣਤੀ 1 ਲੱਖ 25 ਹਜਾਰ ਕਰ ਦਿੱਤੀ ਗਈ। ਇਸ ਦੌਰਾਨ ਹੀ ਚੋਣਾਂ ਨੂੰ ਦੇਖਦਿਆਂ ਅਕਾਲੀ ਦਲ ਵੱਲੋਂ ਪਾਵਰਕੌਮ ਤੋਂ 75 ਹਜ਼ਾਰ ਡਿਮਾਂਡ ਨੋਟਿਸ ਵੀ ਜਾਰੀ ਕਰਵਾ ਦਿੱਤੇ ਗਏ। ਉਕਤ ਸਮੇਂ ਖਾਸ ਗੱਲ ਇਹ ਰਹੀ ਕਿ ਅਕਾਲੀ ਦਲ ਨਾਲ ਜੁੜੇ ਮੂਹਰਲੀ ਕਤਾਰ ਦੇ ਆਗੂਆਂ ਵੱਲੋਂ ਆਪਣੀ ਆਪਾ-ਧਾਪੀ ਨਾਲ ਆਪਣੇ ਨੇੜਲਿਆਂ ਦੇ ਤਾਂ ਟਿਊਬਵੈੱਲ ਕੁਨੈਕਸ਼ਨ ਦਿਨਾਂ ਦੇ ਵਿੱਚ ਹੀ ਚਾਲੂ ਕਰਵਾ ਲਏ ਗਏ।
ਪਰ ਆਮ ਕਿਸਾਨਾਂ ਦੇ ਹੱਥਾਂ ਵਿੱਚ ਇਹ ਡਿਮਾਂਡ ਨੋਟਿਸ ਹੀ ਰਹਿ ਗਏ। ਦੱਸਣਯੋਗ ਹੈ ਕਿ ਚੋਣਾਂ ਤੋਂ ਕੁਝ ਸਮਾਂ ਪਹਿਲਾਂ ਅਕਾਲੀ ਦਲ ਦੇ ਹਲਕਾ ਇੰਚਾਰਜ਼ਾਂ ਵੱਲੋਂ ਆਪਣੇ ਹਰੇਕ ਹਲਕੇ ਵਿੱਚ 250 ਕਿਸਾਨਾਂ ਨੂੰ ਆਪਣੇ ਹੱਥੀਂ ਡਿਮਾਨ ਨੋਟਿਸ ਵੰਡੇ ਗਏ ਸਨ, ਜਿਸਦਾ ਕਿ ਵਿਰੋਧੀ ਧਿਰ ਵੱਲੋਂ ਵਿਰੋਧ ਕੀਤਾ ਗਿਆ ਸੀ। ਉਨ੍ਹਾਂ ਦੋਸ਼ ਲਾਏ ਸਨ ਕਿ ਆਪਣੇ ਚਹੇਤਿਆਂ ਨੂੰ ਹੀ ਇਹ ਦਿੱਤੇ ਗਏ ਹਨ । ਜਦਕਿ ਲੋੜਵੰਦ ਵਾਂਝੇ ਰਹਿ ਗਏ ਹਨ। ਇਸ ਤੋਂ ਬਾਅਦ ਪੰਜਾਬ ਅੰਦਰ ਚੋਣ ਜਾਬਤਾ ਲੱਗ ਗਿਆ ਅਤੇ ਇਹ ਪ੍ਰਕਿਰਿਆ ਠੱਪ ਹੋ ਗਈ। ਹੁਣ ਸੂਬੇ ਅੰਦਰ ਕਾਂਗਰਸ ਸਰਕਾਰ ਆਉਣ ਤੋਂ ਬਾਅਦ ਇਨ੍ਹਾਂ ਟਿਊਬਵੈੱਲ ਕੁਨੈਕਸ਼ਨਾਂ ਦੀ ਸਥਿਤੀ ਅਸਪੱਸ਼ਟ ਹੋ ਕੇ ਰਹਿ ਗਈ ਹੈ ਕਿਉਂਕਿ ਨਵੀਂ ਸਰਕਾਰ ਵੱਲੋਂ ਇਨ੍ਹਾਂ ‘ਤੇ ਫੈਸਲਾ ਕੀਤਾ ਜਾਣਾ ਹੈ।
ਦੱਸਣਸਯੋਗ ਹੈ ਕਿ ਪਾਵਰਕੌਮ ਨੂੰ ਸਰਕਾਰ ਵੱਲੋਂ ਮੁਫਤ ਬਿਜਲੀ ਲਈ ਦਿੱਤੀ ਜਾਣ ਵਾਲੀ ਸਬਸਿਡੀ 31 ਮਾਰਚ ਤੱਕ ਦੀ 2600 ਕਰੋੜ ਪੈਡਿੰਗ ਪਈ ਹੈ। ਜੇਕਰ ਸਰਕਾਰ ਵੱਲੋਂ 1 ਲੱਖ 25 ਹਜਾਰ ਕੁਨੈਕਸ਼ਨ ਦਾ ਦੇਣ ਦਾ ਇਹ ਫੈਸਲਾ ਲੈ ਲਿਆ ਗਿਆ ਤਾਂ 400 ਕਰੋੜ ਦਾ ਹੋਰ ਬੋਝ ਪੈ ਜਾਵੇਗਾ। ਦੇਖਣਾ ਇਹ ਹੋਵੇਗਾ ਕਿ ਸਰਕਾਰ ਇਨ੍ਹਾਂ ਕੁਨੈਕਸ਼ਨਾਂ ਉਪਰ ਕੀ ਫੈਸਲਾ ਲੈਂਦੀ ਹੈ।
ਕਿਸਾਨਾਂ ਨੂੰ ਕਈ ਸਾਲਾਂ ਬਾਅਦ ਵੀ ਨਹੀਂ ਮਿਲੇ ਕੁਨੈਕਸ਼ਨ
ਜ਼ਿਲ੍ਹੇ ਦੇ ਕਈ ਕਿਸਾਨਾਂ ਨੂੰ ਡਿਮਾਂਡ ਨੋਟਿਸ ਤਾਂ ਮਿਲ ਗਏ ਪਰ ਕੁਨੈਕਸ਼ਨ ਚਾਲੂ ਕਰਵਾਉਣ ਲਈ ਸਮਾਨ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਪਾਵਰਕੌਮ ਵੱਲੋਂ ਉਨ੍ਹਾਂ ਨੂੰ ਹੁਣ ਕੋਈ ਰਾਹ ਨਹੀਂ ਦਿੱਤਾ ਜਾ ਰਿਹਾ ਹੈ। ਇੱਕ ਔਰਤ ਅੰਮ੍ਰਿਤ ਕੌਰ ਨੇ ਦੱਸਿਆ ਕਿ ਉਸ ਵੱਲੋਂ ਢਾਈ ਤੋਂ ਪੰਜ ਏਕੜ ਵਾਲੀ ਸਕੀਮ ਵਿੱਚ 2007 ਦੇ ਵਿੱਚ ਕੁਨੈਕਸ਼ਨ ਅਪਲਾਈ ਕੀਤਾ ਸੀ ਜੋ ਅੱਜ ਤੱਕ ਨਹੀਂ ਮਿਲਿਆ।
ਭਾਰਤੀ ਕਿਸਾਨ ਯੂਨੀਅਨ ਢਕੌਦਾ ਦੇ ਜਨਰਲ ਸਕੱਤਰ ਜਗਮੋਹਨ ਸਿੰਘ ਨੇ ਦੱਸਿਆ ਕਿ ਉਸ ਵੱਲੋਂ ਵੀ ਇਸੇ ਸਕੀਮ ਵਿੱਚ ਕੁਨੈਕਸ਼ਨ 2 ਸਾਲ ਪਹਿਲਾਂ ਅਪਲਾਈ ਕੀਤਾ ਗਿਆ ਸੀ ਜੋ ਨਹੀਂ ਮਿਲਿਆ। ਉਨ੍ਹਾਂ ਦੱਸਿਆ ਕਿ ਉਹ ਅਗਲੇ ਦਿਨਾਂ ਵਿੱਚ ਇਸ ਮਸਲੇ ‘ਤੇ ਪਾਵਰਕੌਮ ਦੇ ਸੀਐਮਡੀ ਨੂੰ ਮਿਲ ਰਹੇ ਹਨ ਤਾਂਕਿ ਝੋਨੇ ਦੇ ਸੀਜ਼ਨ ਦੌਰਾਨ ਕਿਸਾਨ ਦੇ ਖੇਤ ਵਿੱਚ ਕੁਨੈਕਸ਼ਨ ਲੱਗ ਸਕੇ।
ਕਿਸਾਨਾਂ ਦੇ ਹਿੱਤਾਂ ਵਿੱਚ ਲਿਆ ਜਾਵੇਗਾ ਫੈਸਲਾ : ਰਾਣਾ ਗੁਰਜੀਤ ਸਿੰਘ
ਇਸ ਸਬੰਧੀ ਜਦੋਂ ਬਿਜਲੀ ਮੰਤਰੀ ਰਾਣਾ ਗੁਰਜੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਸ ਮਸਲੇ ‘ਤੇ ਅਜੇ ਕੋਈ ਫੈਸਲਾ ਨਹੀਂ ਲਿਆ ਗਿਆ। ਉਨ੍ਹਾਂ ਦੱਸਿਆ ਕਿ ਜੋ ਵੀ ਫੈਸਲਾ ਲਿਆ ਜਾਵੇਗਾ ਉਹ ਕਿਸਾਨਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਹੀ ਰੱਖ ਕੇ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਜਲਦੀ ਹੀ ਇਸ ‘ਤੇ ਫੈਸਲਾ ਲਵੇਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।