ਡਿਪਟੀ ਕਮਿਸ਼ਨਰ ਫਿਰੋਜ਼ਪੁਰ ਨੂੰ ਕੰਬੋਜ ਭਾਈਚਾਰੇ ਵੱਲੋਂ ਸੌਂਪਿਆ ਜਾਵੇਗਾ ਮੰਗ ਪੱਤਰ
ਗੁਰੂਹਰਸਹਾਏ (ਸੱਤਪਾਲ ਥਿੰਦ)। ਪੰਜਾਬ ਦਾ ਕੰਬੋਜ ਭਾਈਚਾਰਾ ਅੰਤਰਰਾਸ਼ਟਰੀ ਸਰਵ ਕੰਬੋਜ ਸਮਾਜ, ਓ.ਬੀ.ਸੀ. ਵੈਲਫੇਅਰ ਫਰੰਟ ਪੰਜਾਬ ਅਤੇ ਸ਼ਹੀਦ ਊਧਮ ਸਿੰਘ ਮੈਮੋਰੀਅਲ ਕਮੇਟੀ ਫਿਰੋਜ਼ਪੁਰ ਦੀ ਅਗਵਾਈ ਹੇਠ 20 ਅਕਤੂਬਰ ਦਿਨ ਸ਼ੁੱਕਰਵਾਰ ਸਮਾਂ 10:30 ਵਜੇ ਨੂੰ ਗੁਰਦੁਆਰਾ ਸਾਰਾਗੜ੍ਹੀ ਵਿਖੇ ਵੱਡਾ ਇਕੱਠ ਕਰਕੇ ਕੰਬੋਜ ਜਾਤੀ ਵਿਰੋਧੀ ਸਰਵੇ ਤੁਰੰਤ ਬੰਦ ਕਰਨ ਦੀ ਮੰਗ ਅਤੇ ਪੱਛੜੇ ਸਮਾਜ ਦੀਆਂ ਹੋਰ ਮੰਗਾਂ ਸਬੰਧੀ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਨੂੰ ਮੰਗ ਪੱਤਰ ਦੇਣ ਜਾ ਰਿਹਾ ਹੈ। (Ferozepur News)
ਇਸ ਸਬੰਧੀ ਜਾਣਕਾਰੀ ਦਿੰਦਿਆਂ ਅੰਤਰਰਾਸ਼ਟਰੀ ਸਰਵ ਕੰਬੋਜ ਸਮਾਜ ਇੰਪਲਾਈਜ ਵਿੰਗ ਦੇ ਰਾਸ਼ਟਰੀ ਪ੍ਰਧਾਨ ਹਰਜਿੰਦਰ ਹਾਂਡਾ, ਉਪ ਪ੍ਰਧਾਨ ਜਸਪਾਲ ਹਾਂਡਾ, ਜਨਰਲ ਸਕੱਤਰ ਆਸ਼ੂਤੋਸ ਕੰਬੋਜ ਨੇ ਦੱਸਿਆ ਕਿ ਜੋ ਲੋਕ ਕੰਬੋਜ ਜਾਤੀ ਨੂੰ ਪੱਛੜੀਆਂ ਸ਼੍ਰੇਣੀਆਂ ਦੀ ਲਿਸਟ ਵਿੱਚੋਂ ਬਾਹਰ ਕੱਢਣ ਦੀ ਮੰਗ ਕਰ ਰਹੇ ਹਨ ਉਹਨਾਂ ਦੀ ਗਿਣਤੀ ਆਟੇ ਵਿੱਚ ਸਿਰਫ ਲੂਣ ਦੇ ਬਰਾਬਰ ਹੈ ਜਦੋਂਕਿ ਪੰਜਾਬ ਦਾ ਸਮੁੱਚਾ ਕੰਬੋਜ ਭਾਈਚਾਰਾ ਇੱਕਮੁੱਠ ਹੈ ਅਤੇ ਆਪਣੇ ਆਪ ਨੂੰ ਪੱਛੜੀਆਂ ਸ਼੍ਰੇਣੀਆਂ ਦੀ ਲਿਸਟ ਵਿੱਚ ਰੱਖਣਾ ਚਾਹੁੰਦਾ ਹੈ। ਉਹਨਾਂ ਕਿਹਾ ਕਿ ਪੱਛੜੀਆਂ ਸ਼੍ਰੇਣੀਆਂ ਕਮਿਸ਼ਨ ਪੰਜਾਬ ਦੇ ਵੱਲੋਂ ਵੱਖ-ਵੱਖ ਜਿਲਿਆਂ ਦੇ ਡਿਪਟੀ ਕਮਿਸ਼ਨਰਾਂ ਦੇ ਰਾਹੀਂ ਪੰਜਾਬ ਦੀ ਕੰਬੋਜ ਜਾਤੀ ਦਾ ਜੋ ਗੈਰ ਵਾਜਿਬ ਸਰਵੇ ਕਰਵਾਇਆ ਜਾ ਰਿਹਾ ਹੈ। ਇਹ ਬਿਲਕੁਲ ਗਲਤ ਹੈ।
ਕੰਬੋਜ ਜਾਤੀ ਸਰਵੇ ਤੁਰੰਤ ਬੰਦ ਕਰਕੇ ਪੰਜਾਬ ਵਿੱਚ ਪੱਛੜੀਆਂ ਸ਼੍ਰੇਣੀਆਂ ਨੂੰ 27 ਪ੍ਰਤੀਸ਼ਤ ਰਿਜਰਵੇਸ਼ਨ ਕੋਟਾ ਦੇਣ ਦੀ ਕੀਤੀ ਮੰਗ
ਉਹਨਾਂ ਕਿਹਾ ਕਿ ਪੰਜਾਬ ਦਾ ਕੰਬੋਜ ਭਾਈਚਾਰਾ ਇਸ ਸਰਵੇ ਦੇ ਵਿਰੁੱਧ ਹੈ। ਉਹਨਾਂ ਮੰਗ ਕੀਤੀ ਕਿ ਕੰਬੋਜ ਜਾਤੀ ਦੇ ਇਸ ਗੈਰ ਵਾਜਿਬ ਸਰਵੇ ਨੂੰ ਤੁਰੰਤ ਬੰਦ ਕੀਤਾ ਜਾਵੇ ਅਤੇ ਪੰਜਾਬ ਵਿੱਚ ਪੱਛੜੀਆਂ ਸ਼੍ਰੇਣੀਆਂ ਨੂੰ ਤੁਰੰਤ 27 ਪ੍ਰਤੀਸ਼ਤ ਰਿਜਰਵੇਸ਼ਨ ਕੋਟਾ ਦਿੱਤਾ ਜਾਵੇ। ਹਰਜਿੰਦਰ ਹਾਂਡਾ, ਜਸਪਾਲ ਹਾਂਡਾ ਅਤੇ ਅਸ਼ੂਤੋਸ਼ ਕੰਬੋਜ ਨੇ ਮੰਗ ਕਰਦਿਆਂ ਕਿਹਾ ਕਿ ਇਸ ਸਰਵੇ ਨੂੰ ਬੰਦ ਕਰਕੇ ਪੰਜਾਬ ਵਿੱਚ ਬਿਹਾਰ ਦੀ ਤਰਜ ਤੇ ਜਾਤੀਗਤ ਜਨਗਨਨਾ ਕਰਵਾਈ ਜਾਵੇ।
ਭਾਈਚਾਰੇ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ
ਉਹਨਾਂ ਕਿਹਾ ਕਿ ਪੰਜਾਬ ਦੇ ਵੱਖ-ਵੱਖ ਜਿਲਿਆਂ ਵਿੱਚ ਕਈ ਡਿਪਟੀ ਕਮਿਸ਼ਨਰਾਂ ਦੇ ਵੱਲੋਂ ਕੰਬੋਜ ਜਾਤੀ ਦੇ ਸਰਵੇ ਦੇ ਨਾਂ ਤੇ ਕੰਬੋਜ ਭਾਈਚਾਰੇ ਦੇ ਵਿਰੁੱਧ ਫੇਕ ਰਿਪੋਰਟਾਂ ਤਿਆਰ ਕਰਕੇ ਉੱਪਰ ਉੱਚ ਅਧਿਕਾਰੀਆਂ ਨੂੰ ਭੇਜੀਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਇਸ ਸਾਰੇ ਵਰਤਾਰੇ ਦੇ ਵਿਰੁੱਧ ਪੰਜਾਬ ਦੇ ਕੰਬੋਜ ਭਾਈਚਾਰੇ ਵੱਲੋਂ ਕੰਬੋਜ ਵੱਸੋ ਵਾਲੇ ਪੰਜਾਬ ਦੇ ਹਰ ਬਲਾਕ ਅਤੇ ਹਰ ਜਿਲੇ ਵਿੱਚ ਲਾਮਬੰਦੀ ਕਰਕੇ ਕੰਬੋਜ ਭਾਈਚਾਰੇ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ।
Same Sex Marriage in India : ਸਮਲਿੰਗੀ ਵਿਆਹ ’ਤੇ ਸੁਪਰੀਮ ਕੋਰਟ ਦਾ ਵੱਡਾ ਫੈਸਲਾ
ਉਹਨਾਂ ਨੇ ਸਮੂਹ ਕੰਬੋਜ ਭਾਈਚਾਰੇ ਨੂੰ 20 ਅਕਤੂਬਰ ਨੂੰ ਗੁਰਦੁਆਰਾ ਸਾਰਾਗੜ੍ਹੀ ਦੇ ਇਕੱਠ ਵਿੱਚ ਵੱਧ ਚੜ ਕੇ ਪਹੁੰਚਣ ਦੀ ਅਪੀਲ ਕੀਤੀ।ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕੰਬੋਜ ਵਿਰੋਧੀ ਗੈਰ-ਵਾਜਿਬ ਸਰਵੇ ਤੁਰੰਤ ਬੰਦ ਕੀਤਾ ਜਾਵੇ ਅਤੇ ਪੰਜਾਬ ਵਿੱਚ ਪੱਛੜੀਆਂ ਸ਼੍ਰੇਣੀਆਂ ਨੂੰ ਤੁਰੰਤ 27 ਪ੍ਰਤੀਸ਼ਤ ਰਿਜਰਵੇਸ਼ਨ ਕੋਟਾ ਦਿੱਤਾ ਜਾਵੇ।