ਇੱਕ ਵਾਰ ਫਿਰ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਪੰਜਾਬ ਹਰਿਆਣਾ ’ਚ ਪਰਾਲੀ ਨੂੰ ਅੱਗ ਲਾਉਣ ਵਾਲੇ ਕਿਸਾਨਾਂ ’ਤੇ ਪਰਚੇ ਹੋ ਰਹੇ ਹਨ। ਦਿੱਲੀ ਦੇ ਉਪ ਰਾਜਪਾਲ ਵਿਨੈ ਕੁਮਾਰ ਸਕਸੈਨਾ ਨੇ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀਆਂ ਨੂੰ ਚਿੱਠੀ ਲਿਖੀ ਹੈ ਕਿ ਦੋਵਾਂ ਸੂਬਿਆਂ ’ਚ ਪਰਾਲੀ ਨੂੰ ਅੱਗ ਲਾਉਣ ਦੀਆਂ ਘਟਨਾਵਾਂ ’ਚ ਵਾਧਾ ਹੋਇਆ ਹੈ। ਉਪ ਰਾਜਪਾਲ ਦੇ ਦਾਅਵੇ ਦੀ ਸੱਚਾਈ ਬਾਰੇ ਹਾਲ ਦੀ ਘੜੀ ਕੁਝ ਕਿਹਾ ਨਹੀਂ ਜਾ ਸਕਦਾ ਪਰ ਸੱਚਾਈ ਇਹ ਹੈ ਕਿ ਕਿਸਾਨਾਂ ’ਚ ਜਾਗਰੂਕਤਾ ਆਈ ਹੈ। ਅਸਲ ’ਚ ਘਟਨਾਵਾਂ ਦੀ ਗਿਣਤੀ ਅਤੇ ਕਿੰਨੇ ਏਕੜ ’ਚ ਅੱਗ ਲਾਈ ਗਈ ਵੱਖ-ਵੱਖ ਮਸਲੇ ਹਨ। (Pollution)
ਫਰਜ਼ ਕਰੋ ਇੱਕ ਮਾਮਲਾ 30 ਏਕੜ ਪਰਾਲੀ ਨੂੰ ਅੱਗ ਲਾਉਣ ਦਾ ਹੈ ਅਤੇ 10 ਮਾਮਲੇ 10 ਏਕੜ ਜ਼ਮੀਨ ਨਾਲ ਸਬੰਧਿਤ ਹਨ। ਇਸ ਤਰ੍ਹਾਂ ਪ੍ਰਦੂਸ਼ਣ ਇੱਕ ਮਾਮਲੇ ’ਚ 10 ਮਾਮਲਿਆਂ ਨਾਲੋਂ ਜ਼ਿਆਦਾ ਹੁੰਦਾ ਹੈ ਅਤੇ ਜ਼ਿਆਦਾ ਮਾਮਲਿਆਂ ’ਚ ਇੱਕ ਮਾਮਲੇ ਨਾਲੋਂ ਘੱਟ ਹੋ ਸਕਦਾ ਹੈ। ਭਾਵੇਂ ਅਜੇ ਝੋਨੇ ਦੀ ਵਾਢੀ ਦੀ ਸ਼ੁਰੂਆਤ ਹੈ ਫਿਰ ਵੀ ਕਿਸਾਨਾਂ ’ਚ ਜਾਗਰੂਕਤਾ ਵਧੀ ਹੈ। ਜੋ ਜਾਗਰੂਕਤਾ ਆਈ ਹੈ ਉਹ ਸਰਕਾਰਾਂ ਦੀ ਸਖ਼ਤੀ ਨਾਲ ਘੱਟ ਤੇ ਤਕਨੀਕ ਦਾ ਅਸਰ ਜ਼ਿਆਦਾ ਹੈ। ਪਰਾਲੀ ਦੀਆਂ ਗੱਠਾਂ ਬਣਾਉਣ ਅਤੇ ਪਰਾਲੀ ਖੇਤ ’ਚ ਵਾਹੁਣ ਲਈ ਖੇਤੀ ਸੰਦਾਂ ’ਤੇ ਸਬਸਿਡੀ ਦੇਣ ਵਰਗੀਆਂ ਸਕੀਮਾਂ ਦਾ ਚੰਗਾ ਅਸਰ ਹੋਇਆ ਹੈ।
ਖੇਤਾਂ ਦੇ ਰਖਵਾਲੇ | Pollution
ਸਰਕਾਰ ਵੱਲੋਂ ਪਰਾਲੀ ਨੂੰ ਅੱਗ ਨਾ ਲਾਉਣ ਵਾਲੇ ਕਿਸਾਨਾਂ ਨੂੰ ‘ਖੇਤਾਂ ਦੇ ਰਖਵਾਲੇ’ ਜਿਹੇ ਸਨਮਾਨ ਦੇਣ ਨਾਲ ਕਿਸਾਨਾਂ ’ਚ ਜਾਗਰੂਕਤਾ ਆਈ ਹੈ। ਖੇਤੀ ਵਿਭਾਗ ਅਤੇ ਪ੍ਰਸ਼ਾਸਨ ਵੱਲੋਂ ਕਰਵਾਏ ਗਏ ਸਮਾਗਮਾਂ ’ਚ ਵੀ ਜਾਗਰੂਕਤਾ ਲਿਆਉਣ ’ਚ ਚੰਗੀ ਭੂਮਿਕਾ ਨਿਭਾਈ ਹੈ। ਜ਼ਰੂਰਤ ਹੈ ਇਸ ਖੇਤਰ ’ਚ ਤਕਨੀਕ ਨੂੰ ਹੋਰ ਵਿਕਸਿਤ ਕਰਨ ਦੀ। ਪੰਜਾਬ ’ਚ ਖੇਤੀ ਸੰਦ ਬਣਾਉਣ ਵਾਲੇ ਮੰਨੇ-ਪ੍ਰਮੰਨੇ ਮਾਹਿਰ ਹਨ ਜਿਨ੍ਹਾਂ ਦੀਆਂ ਸੇਵਾਵਾਂ ਲੈ ਕੇ ਤਕਨੀਕ ਨੂੰ ਵਿਕਸਿਤ ਕੀਤਾ ਜਾ ਸਕਦਾ।
ਪੰਜਾਬ ’ਚ ਲੋਹੇ ਦਾ ਕੰਮ ਕਰਨ ਵਾਲੇ ਪੁਰਾਣੇ ਮਿਸਤਰੀ ਕਿਸੇ ਇੰਜੀਨੀਅਰ ਤੋਂ ਘੱਟ ਨਹੀਂ ਹਨ, ਜਿਨ੍ਹਾਂ ਨੇ ਕਦੇ ਇਟਲੀ ਤੇ ਜਰਮਨ ਦੀਆਂ ਕੰਬਾਈਨਾਂ ਨਾਲੋਂ ਵੀ ਜ਼ਿਆਦਾ ਆਧੁਨਿਕ ਤੇ ਸਸਤੀਆਂ ਕੰਬਾਈਨਾਂ ਈਜਾਦ ਕੀਤੀਆਂ ਸਨ। ਪੰਜਾਬ ਦੀਆਂ ਕੰਬਾਈਨਾਂ ਅੱਜ ਪੂਰੇ ਦੇਸ਼ ਅੰਦਰ ਵਰਤੀਆਂ ਜਾਂਦੀਆਂ ਹਨ ਤੇ ਵਾਢੀ ਲਈ ਇਨ੍ਹਾਂ ਕੰਬਾਈਨਾਂ ਦਾ ਕੋਈ ਮੁਕਾਬਲਾ ਨਹੀਂ। ਇਹਨਾਂ ਖੇਤੀ ਸੰਦ ਬਣਾਉਣ ਵਾਲੇ ਇੰਜੀਨੀਅਰਾਂ ਦੀਆਂ ਸੇਵਾਵਾਂ ਲੈ ਕੇ ਪਰਾਲੀ ਖੇਤਾਂ ’ਚ ਵਾਹੁਣ ਲਈ ਹੋਰ ਮਸ਼ੀਨਾਂ ਈਜਾਦ ਕੀਤੀਆਂ ਜਾ ਸਕਦੀਆਂ ਹਨ। ਅਸਲ ’ਚ ਪਰਾਲੀ ਦੀ ਵਰਤੋਂ ਲਈ ਨਵੇਂ ਤਰੀਕੇ ਲੱਭਣੇ ਪੈਣਗੇ। ਪਰਾਲੀ ਨੂੰ ਪਸ਼ੂ ਖੁਰਾਕ ਦੇ ਰੂਪ ’ਚ ਬਦਲਣ ’ਤੇ ਜ਼ੋਰ ਦੇਣਾ ਪਵੇਗਾ।
ਇਹ ਵੀ ਪੜ੍ਹੋ : ਤੜਕੇ-ਤੜਕੇ ਤੂਫਾਨ ਤੇ ਮੀਂਹ, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ!
ਜਿਹੜੇ ਸੂਬਿਆਂ ’ਚ ਪਸ਼ੂ ਚਾਰੇ ਦੀ ਕਮੀ ਹੈ ਉੱਥੋਂ ਤੱਕ ਪਰਾਲੀ ਦੀ ਸਸਤੀ ਢੋਆ-ਢੁਆਈ ਵਾਸਤੇ ਪ੍ਰਬੰਧ ਕਰਨੇ ਪੈਣਗੇ। ਕੇਂਦਰ ਨੂੰ ਸੂਬਾ ਸਰਕਾਰਾਂ ਦਾ ਪੂਰਾ ਸਾਥ ਦੇਣਾ ਪਵੇਗਾ । ਕਦੇ ਸ਼ੈਲਰਾਂ ’ਚ ਝੋਨੇ ਦੀ ਫੱਕ ਬੜੀ ਵੱਡੀ ਸਮੱਸਿਆ ਸੀ ਤੇ ਲੋਕ ਸ਼ੈਲਰਾਂ ’ਚੋਂ ਹਜ਼ਾਰਾਂ ਕੁਇੰਟਲ ਫੱਕ ਮੁਫਤ ਲੈ ਜਾਂਦੇ ਸਨ ਤੇ ਬਚੀ ਹੋਈ ਫੱਕ ਨੂੰ ਸ਼ੈਲਰ ਮਾਲਕ ਅੱਗ ਲਾਉਂਦੇ ਸਨ ਅੱਜ ਤਕਨੀਕ ਕਾਰਨ ਇਹੀ ਫੱਕ ਸ਼ੈਲਰ ਮਾਲਕਾਂ ਦੀ ਕਮਾਈ ਦਾ ਹਿੱਸਾ ਬਣ ਗਈ ਹੈ। ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਤਕਨੀਕ ਹੀ ਪਰਾਲੀ ਦਾ ਪੱਕਾ ਹੱਲ ਕੱਢੇਗੀ ਤੇ ਇਹੀ ਕਿਸਾਨਾਂ ਲਈ ਮੁਸੀਬਤ ਬਣਨ ਦੀ ਬਜਾਇ ਕਮਾਈ ਦਾ ਜ਼ਰੀਆ ਬਣੇਗੀ।