ਚਲਾਕੀ ਦਾ ਨਤੀਜਾ
ਇੱਕ ਨੱਬੇ ਸਾਲ ਦੀ ਬਜ਼ੁਰਗ ਔਰਤ ਸੀ ਇੱਕ ਤਾਂ ਵਿਚਾਰੀ ਨੂੰ ਨਜ਼ਰ ਨਹੀਂ ਆਉਂਦਾ ਸੀ ਉੱਤੋਂ ਉਸਦੀਆਂ ਕੁਕੜੀਆਂ ਸਾਂਭਣ ਵਾਲੀ ਕੁੜੀ ਨੌਕਰੀ ਛੱਡ ਗਈ ਵਿਚਾਰੀ ਬਜ਼ੁਰਗ ਔਰਤ! ਸਵੇਰੇ ਕੁਕੜੀਆਂ ਨੂੰ ਚੁਗਣ ਲਈ ਛੱਡਦੀ ਤਾਂ ਉਹ ਘਰ ਦੀ ਕੰਧ ਟੱਪ ਦੇ ਆਂਢ-ਗੁਆਂਢ ਦੇ ਘਰਾਂ ‘ਚ ਭੱਜ ਜਾਂਦੀਆਂ ਤੇ ਕੁੜਕੁੜ ਕਰਦੀਆਂ ਹੋਈਆਂ ਸਾਰੇ ਮੁਹੱਲੇ ‘ਚ ਹੱਲਾ ਮਚਾਉਂਦੀਆਂ ਘੁੰਮਦੀਆਂ ਕਦੇ ਉਹ ਗੁਆਂਢੀਆਂ ਦੀ ਸਬਜ਼ੀ ਖਾ ਜਾਂਦੀਆਂ ਤਾਂ ਗੁਆਂਢੀ ਚੰਗਾ-ਮੰਦਾ ਕਹਿੰਦੇ, ਉਸ ਨਾਲ ਬਜ਼ੁਰਗ ਦੀ ਹਮੇਸ਼ਾ ਲਈ ਦੁਸ਼ਮਣੀ ਹੋ ਜਾਂਦੀ ਹਾਰ ਕੇ ਬਜ਼ੁਰਗ ਨੇ ਸੋਚਿਆ ਕਿ ਬਿਨਾ ਨੌਕਰ ਦੇ ਕੁਕੜੀਆਂ ਪਾਲਣਾ ਉਸ ਦੇ ਵੱਸ ਦੀ ਗੱਲ ਨਹੀਂ ਕਿੱਥੋਂ ਤੱਕ ਡੰਡਾ ਲੈ ਕੇ ਇੱਕ-ਇੱਕ ਕੁਕੜੀ ਮੋੜਦੀ ਫਿਰੇ?
ਥੋੜ੍ਹਾ ਜਿਹਾ ਕੰਮ ਕਰਨ ਲਾਲ ਹੀ ਤਾਂ ਉਸਦਾ ਸਾਹ ਫੂਲ ਜਾਂਦਾ ਸੀ ਤੇ ਬਜ਼ੁਰਗ ਨਿੱਕਲ ਪਈ ਡਾਂਗ ਫੜ੍ਹੀ ਨੌਕਰ ਦੀ ਭਾਲ ‘ਚ ਪਹਿਲਾਂ ਤਾਂ ਉਸਨੇ ਆਪਣੀ ਪੁਰਾਣੀ ਨੌਕਰ ਲੜਕੀ ਨੂੰ ਲੱਭਿਆ ਪਰ ਉਸਦਾ ਕਿਤੇ ਪਤਾ ਨਾ ਲੱਗਾ ਇੱਥੋਂ ਤੱਕ ਕਿ ਉਸਦੇ ਮਾਂ-ਬਾਪ ਨੂੰ ਵੀ ਨਹੀਂ ਪਤਾ ਸੀ ਕਿ ਲੜਕੀ ਆਖ਼ਰ ਗਈ ਤਾਂ ਗਈ ਕਿੱਥੇ? ਨਾਲਾਇਕ ਕੁੜੀ! ਕਿਤੇ ਏਦਾਂ ਵੀ ਕੰਮ ਛੱਡ ਕੇ ਜਾਈਦਾ, ਨਾ ਅਤਾ ਨਾ ਪਤਾ! ਬਜ਼ੁਰਗ ਬੁੜਬੁੜਾਈ ਤੇ ਅੱਗੇ ਵਧ ਗਈ ਥੋੜ੍ਹੀ ਦੂਰੀ ‘ਤੇ ਇੱਕ ਭਾਲੂ ਨੇ ਬਜ਼ੁਰਗ ਨੂੰ ਬੁੜਬੁੜਾਉਂਦੇ ਹੋਏ ਸੁਣਿਆ ਤਾਂ ਉਹ ਘੁੰਮ ਕੇ ਸੜਕ ‘ਤੇ ਆ ਗਿਆ ਅਤੇ ਬਜ਼ੁਰਗ ਨੂੰ ਰੋਕ ਕੇ ਕਹਿੰਦਾ, ”ਨਾਨੀ ਨਮਸਕਾਰ! ਅੱਜ ਸਵੇਰੇ-ਸਵੇਰੇ ਕਿੱਥੇ ਜਾ ਰਹੇ ਹੋ?
ਸੁਣਿਐ ਤੁਹਾਡੀਆਂ ਕੁਕੜੀਆਂ ਸਾਂਭਣ ਵਾਲੀ ਕੁੜੀ ਨੌਕਰੀ ਛੱਡ ਕੇ ਚਲੀ ਗਈ ਹੈ ਹੋਵੇ ਨਾ ਤਾਂ ਮੈਨੂੰ ਹੀ ਰੱਖ ਲਓ ਖੂਬ ਦੇਖਭਾਲ ਕਰਾਂਗਾ ਤੁਹਾਡੀਆਂ ਕੁਕੜੀਆਂ ਦੀ ”ਹਟ! ਕੀ ਗੱਲ ਕਰਦਾ ਏਂ’ ਬਜ਼ੁਰਗ ਨੇ ਖਿੱਝ ਕੇ ਜਵਾਬ ਦਿੱਤਾ, ”ਇੱਕ ਤਾਂ ਨਿਰਾ, ਕਾਲਾ ਮੋਟਾ ਬਦਸੂਰਤ ਏਂ, ਕੁਕੜੀਆਂ ਤਾਂ ਤੇਰੀ ਸੂਰਤ ਵੇਖਦਿਆਂ ਹੀ ਭੱਜ ਜਾਣਗੀਆਂ ਫਿਰ ਤੇਰੀ ਬੇਸੁਰੀ ਆਵਾਜ਼ ਉਨ੍ਹਾਂ ਦੇ ਕੰਨਾਂ ‘ਚ ਪਈ ਤਾਂ ਉਹ ਮੁੜ ਕੇ ਘਰ ਵੱਲ ਆਉਣਗੀਆਂ ਹੀ ਨਹੀਂ ਇੱਕ ਤਾਂ ਕੁਕੜੀਆਂ ਕਾਰਨ ਮੁਹੱਲੇ ਭਰ ਨਾਲ ਮੇਰੀ ਦੁਸ਼ਮਣੀ ਹੋ ਗਈ ਹੈ, ਦੂਜਾ ਤੇਰੇ ਵਰਗਾ ਜੰਗਲੀ ਜਾਨਵਰ ਹੋਰ ਪਾਲ ਲਵਾਂ ਤਾਂ ਕਿ ਮੇਰਾ ਜਿਉਣਾ ਵੀ ਮੁਸ਼ਕਲ ਹੋ ਜਾਵੇ।
ਛੱਡ ਮੇਰਾ ਰਸਤਾ, ਮੈਂ ਖੁਦ ਹੀ ਲੱਭ ਲਵਾਂਗੀ ਆਪਣੇ ਕੰਮ ਲਈ ਨੌਕਰਾਣੀ’ ਬਜ਼ੁਰਗ ਅੱਗੇ ਵਧੀ ਤਾਂ ਥੋੜ੍ਹੀ ਹੀ ਦੂਰ ਇੱਕ ਗਿੱਦੜ ਮਿਲਿਆ ਤੇ ਕਹਿੰਦਾ,”ਰਾਮ-ਰਾਮ ਨਾਨੀ, ਕਿਸਨੂੰ ਲੱਭ ਰਹੇ ਹੋ?’ ਬਜ਼ੁਰਗ ਬੋਲੀ, ”ਮੈਂ ਲੱਭ ਰਹੀ ਹਾਂ ਇੱਕ ਭਲੀ ਨੌਕਰਾਣੀ, ਜੋ ਮੇਰੀਆਂ ਕੁਕੜੀਆਂ ਦੀ ਦੇਖਭਾਲ ਕਰ ਸਕੇ ਵੇਖ ਭਲਾ ਮੇਰੀ ਪੁਰਾਣੀ ਨੌਕਰਾਣੀ ਇੰਨੀ ਘਟੀਆ ਨਿੱਕਲੀ ਕਿ ਬਿਨਾ ਦੱਸੇ ਕਿਤੇ ਚਲੀ ਗਈ ਹੁਣ ਮੈਂ ਕੁਕੜੀਆਂ ਦੀ ਦੇਖਭਾਲ ਕਿਵੇਂ ਕਰਾਂ? ਕੋਈ ਚੰਗੀ ਕੁੜੀ ਦੱਸੋ ਜੋ ਸੌ ਤੱਕ ਗਿਣਤੀ ਗਿਣ ਸਕੇ ਤੇ ਮੇਰੀ ਸੌ ਕੁਕੜੀਆਂ ਗਿਣ ਕੇ ਖੁੱਡੇ ‘ਚ ਬੰਦ ਕਰ ਸਕੇ’ ਇਹ ਸੁਣ ਕੇ ਗਿੱਦੜ ਬੋਲਿਆ, ”ਨਾਨੀ, ਇਹ ਕਿਹੜਾ ਵੱਡੀ ਗੱਲ ਹੈ, ਚੱਲੋ ਹੁਣੇ ਮੈਂ ਤੁਹਾਨੂੰ ਇੱਕ ਕੁੜੀ ਨਾਲ ਮਿਲਾਉਂਦਾ ਹਾਂ ਮੇਰੇ ਗੁਆਂਢ ‘ਚ ਹੀ ਰਹਿੰਦੀ ਹੈ ਰੋਜ਼ ਜੰਗਲ ‘ਚ ਪੜ੍ਹਨ ਜਾਂਦੀ ਹੈ।
ਇਸ ਲਈ ਸੌ ਤੱਕ ਗਿਣਤੀ ਉਹਨੂੰ ਜ਼ਰੂਰ ਆਉਂਦੀ ਹੋਵੇਗੀ ਅਕਲ ਵੀ ਉਸਨੂੰ ਬਹੁਤ ਹੈ ਸ਼ੇਰ ਦੀ ਮਾਸੀ ਹੈ ਉਹ ਆਓ! ਤੁਹਾਨੂੰ ਮਿਲਵਾ ਹੀ ਦੇਵਾਂ ਉਸ ਨਾਲ” ਬਜ਼ੁਰਗ ਨੇ ਕੁੜੀ ਦੀ ਤਾਰੀਫ਼ ਸੁਣ ਕੇ ਖੁਸ਼ ਹੋ ਕੇ ਕਿਹਾ, ”ਜੁੱਗ-ਜੁੱਗ ਜੀਓ ਬੇਟਾ, ਜਲਦੀ ਸੱਦੋ ਉਸਨੂੰ ਕੰਮਕਾਜ ਸਮਝਾ ਦੇਵਾਂ ਹੁਣ ਮੇਰਾ ਸਾਰਾ ਝੰਜਟ ਦੂਰ ਹੋ ਜਾਵੇਗਾ ਕੁੜੀ ਕੁਕੜੀਆਂ ਦੀ ਦੇਖਭਾਲ ਕਰੇਗੀ ਤੇ ਮੈਂ ਆਰਾਮ ਨਾਲ ਬੈਠ ਕੇ ਮੱਖਣ ਕੱਢਿਆ ਕਰਾਂਗੀ” ਗਿੱਦੜ ਭੱਜ ਕੇ ਗਿਆ ਤੇ ਆਪਣੇ ਗੁਆਂਢ ‘ਚ ਰਹਿਣ ਵਾਲੀ ਚਲਾਕ ਪੂਸੀ ਬਿੱਲੀ ਨੂੰ ਲੈ ਕੇ ਪਰਤ ਆਇਆ ਪੂਸੀ ਬਿੱਲੀ ਬਜ਼ੁਰਗ ਨੂੰ ਵੇਖਦਿਆਂ ਹੀ ਬੋਲੀ, ”ਨਾਨੀ ਨਮਸਤੇ, ਮੈਂ ਕਿਵੇਂ ਰਹਾਂਗੀ ਤੁਹਾਡੀ ਨੌਕਰਾਣੀ ਦੇ ਕੰਮ ਲਈ?” ਨੌਕਰਾਣੀ ਲਈ ਕੁੜੀ ਦੀ ਜਗ੍ਹਾ ਬਿੱਲੀ ਨੂੰ ਵੇਖ ਕੇ ਬਜ਼ੁਰਗ ਹੈਰਾਨ ਹੋ ਗਈ ਗੁੱਸੇ ਨਾਲ ਕਹਿੰਦੀ, ”ਹੇ ਰੱਬਾ! ਕਦੇ ਜਾਨਵਰ ਵੀ ਘਰਾਂ ਦੇ ਨੌਕਰ ਹੋਇਆ ਕਰਦੇ ਹਨ, ਤੈਨੂੰ ਤਾਂ ਆਪਣਾ ਕੰਮ ਵੀ ਸਲੀਕੇ ਨਾਲ ਕਰਨਾ ਨਹੀਂ ਆਉਂਦਾ ਹੋਵੇਗਾ ਤੂੰ ਮੇਰਾ ਕੰਮ ਕੀ ਕਰੇਂਗੀ?”
ਪਰ ਪੂਸੀ ਬਿੱਲੀ ਬਹੁਤ ਚਲਾਕ ਸੀ ਆਵਾਜ਼ ਨੂੰ ਮਿੱਠੀ ਜਿਹੀ ਬਣਾ ਕੇ ਮੁਸਕੁਰਾ ਕੇ ਕਹਿੰਦੀ, ”ਨਾਨੀ ਤੂੰ ਤਾਂ ਐਵੇਂ ਹੀ ਪ੍ਰੇਸ਼ਾਨ ਹੁੰਦੀ ਏਂ ਕੋਈ ਖਾਣ-ਪਕਾਉਣ ਦਾ ਕੰਮ ਤਾਂ ਹੈ ਨਹੀਂ ਜੋ ਮੈਂ ਨਾ ਕਰ ਸਕਾਂ ਆਖਰ ਕੁਕੜੀਆਂ ਦੀ ਹੀ ਦੇਖਭਾਲ ਕਰਨੀ ਹੈ ਨਾ, ਉਹ ਤਾਂ ਮੈਂ ਬਹੁਤ ਚੰਗੀ ਤਰ੍ਹਾਂ ਕਰ ਲੈਂਦੀ ਹਾਂ ਮੇਰੀ ਮਾਂ ਨੇ ਵੀ ਕੁਕੜੀਆਂ ਪਾਲ ਰੱਖੀਆਂ ਹਨ ਪੂਰੀਆਂ ਸੌ ਹਨ ਗਿਣ ਕੇ ਹੀ ਛੱਡਦੀ ਹਾਂ ਤੇ ਗਿਣ ਕੇ ਹੀ ਬੰਦ ਕਰਦੀ ਹਾਂ ਵਿਸ਼ਵਾਸ ਨਾ ਹੋਵੇ ਤਾਂ ਮੇਰੇ ਘਰ ਚੱਲ ਕੇ ਵੇਖ ਲਓ” ਇੱਕ ਤਾਂ ਪੂਸੀ ਬਿੱਲੀ ਬਹੁਤ ਚੰਗੀ ਤਰ੍ਹਾਂ ਗੱਲ ਕਰ ਰਹੀ ਸੀ ਤੇ ਦੂਜਾ ਬਜ਼ੁਰਗ ਕਾਫੀ ਥੱਕ ਵੀ ਗਈ ਸੀ ਇਸ ਲਈ ਉਸਨੇ ਜ਼ਿਆਦਾ ਬਹਿਸ ਨਹੀਂ ਕੀਤੀ ਤੇ ਪੂਸੀ ਬਿੱਲੀ ਨੂੰ ਨੌਕਰੀ ‘ਤੇ ਰੱਖ ਲਿਆ।
ਪੂਸੀ ਬਿੱਲੀ ਨੇ ਪਹਿਲੇ ਦਿਨ ਕੁਕੜੀਆਂ ਨੂੰ ਖੁੱਡੇ ‘ਚੋਂ ਕੱਢਿਆ ਤੇ ਖੂਬ ਭੱਜ-ਦੌੜ ਕਰਕੇ ਗੁਆਂਢ ‘ਚ ਜਾਣੋਂ ਰੋਕਿਆ ਬਜ਼ੁਰਗ ਪੂਸੀ ਬਿੱਲੀ ਦੀ ਇਸ ਭੱਜ-ਦੌੜ ਤੋਂ ਸੰਤੁਸ਼ਟ ਹੋ ਕੇ ਘਰ ਅੰਦਰ ਆਰਾਮ ਕਰਨ ਚਲੀ ਗਈ ਕਈ ਦਿਨਾਂ ਤੋਂ ਦੌੜਦਿਆਂ-ਭੱਜਦਿਆਂ ਵਿਚਾਰੀ ਕਾਫੀ ਥੱਕ ਗਈ ਸੀ ਤਾਂ ਉਸਨੂੰ ਨੀਂਦ ਆ ਗਈ ਇੱਧਰ ਪੂਸੀ ਬਿੱਲੀ ਨੇ ਮੌਕਾ ਵੇਖ ਕੇ ਪਹਿਲੇ ਹੀ ਦਿਨ ਛੇ ਕੁਕੜੀਆਂ ਖਾ ਲਈਆਂ ਬਜ਼ੁਰਗ ਜਦੋਂ ਸ਼ਾਮ ਨੂੰ ਉੱਠੀ ਤਾਂ ਉਸਨੂੰ ਪੂਸੀ ਦੀ ਇਸ ਹਰਕਤ ਦਾ ਭੋਰਾ ਵੀ ਪਤਾ ਨਾ ਲੱਗਾ ਇੱਕ ਤਾਂ ਉਸਨੂੰ ਚੰਗੀ ਤਰ੍ਹਾਂ ਨਜ਼ਰ ਨਹੀਂ ਆਇਆ ਤੇ ਦੂਜਾ ਉਸਨੂੰ ਸੌ ਤੱਕ ਗਿਣਤੀ ਵੀ ਨਹੀਂ ਆਉਂਦੀ ਸੀ।
ਫਿਰ ਭਲਾ ਉਹ ਇੰਨੀ ਚਲਾਕ ਪੂਸੀ ਬਿੱਲੀ ਦੀ ਸ਼ਰਾਰਤ ਕਿਵੇਂ ਜਾਣ ਸਕਦੀ ਸੀ ਪੂਸੀ ਮਿੱਠੀਆਂ-ਮਿੱਠੀਆਂ ਗੱਲਾਂ ਨਾਲ ਬਜ਼ੁਰਗ ਨੂੰ ਖੁਸ਼ ਰੱਖਦੀ ਤੇ ਆਰਾਮ ਨਾਲ ਕੁਕੜੀਆਂ ਖਾ ਜਾਂਦੀ ਗੁਆਂਢੀਆਂ ਨਾਲ ਹੁਣ ਬਜ਼ੁਰਗ ਦੀ ਲੜਾਈ ਨਹੀਂ ਹੁੰਦੀ ਸੀ ਕਿਉਂਕਿ ਕੁਕੜੀਆਂ ਹੁਣ ਉਨ੍ਹਾਂ ਦੇ ਵਿਹੜੇ ‘ਚ ਵੜ ਕੇ ਰੌਲਾ ਨਹੀਂ ਪਾਉਂਦੀਆਂ ਸਨ ਬਜ਼ੁਰਗ ਨੂੰ ਪੂਸੀ ਬਿੱਲੀ ‘ਤੇ ਇੰਨਾ ਭਰੋਸਾ ਹੋ ਗਿਆ ਕਿ ਉਸਨੇ ਕੁਕੜੀਆਂ ਦੇ ਖੁੱਡੇ ਵੱਲ ਜਾਣਾ ਛੱਡ ਦਿੱਤਾ ਹੌਲੀ-ਹੌਲੀ ਕਰਕੇ ਇੱਕ ਦਿਨ ਅਜਿਹਾ ਆਇਆ ਜਦੋਂ ਖੁੱਡੇ ‘ਚ ਵੀਹ-ਪੱਚੀ ਕੁਕੜੀਆਂ ਹੀ ਬਚੀਆਂ ਇੱਕ ਦਿਨ ਬਜ਼ੁਰਗ ਟਹਿਲਦੀ ਹੋਈ ਉੱਥੋਂ ਲੰਘੀ ਇੰਨੀਆਂ ਘੱਟ ਕੁਕੜੀਆਂ ਵੇਖ ਕੇ ਉਸਨੇ ਪੂਸੀ ਬਿੱਲੀ ਨੂੰ ਪੁੱਛਿਆ, ”ਕਿਉਂ ਨੀ ਪੂਸੀ ਬਾਕੀ ਕੁਕੜੀਆਂ ਨੂੰ ਤੂੰ ਚੁਗਣ ਲਈ ਕਿੱਥੇ ਭੇਜ ਦਿੱਤਾ?”
ਪੂਸੀ ਨੇ ਝਟ ਗੱਲ ਬਣਾਈ ”ਹੋਰ ਕਿੱਥੇ ਭੇਜਾਂਗੀ ਨਾਨੀ! ਸਾਰੀਆਂ ਪਹਾੜ ‘ਤੇ ਚਲੀਆਂ ਗਈਆਂ ਹਨ ਮੈਂ ਬਹੁਤ ਸੱਦਿਆ ਪਰ ਉਹ ਇੰਨੀਆਂ ਸ਼ਰਾਰਤੀ ਹਨ ਕਿ ਵਾਪਸ ਹੀ ਨਹੀਂ ਆਉਂਦੀਆਂ ਉਫ! ਇਹ ਸ਼ਰਾਰਤੀ ਕੁਕੜੀਆਂ! ਬਜ਼ੁਰਗ ਦਾ ਬੁੜਬੁੜਾਉਣਾ ਫਿਰ ਸ਼ੁਰੂ ਹੋ ਗਿਆ, ”ਹੁਣੇ ਜਾ ਕੇ ਵੇਖਦੀ ਹਾਂ ਕਿ ਇਹ ਇੰਨੀਆਂ ਢੀਠ ਕਿਵੇਂ ਹੋ ਗਈਆਂ ਹਨ? ਪਹਾੜ ਉੱਪਰ ਖੁੱਲ੍ਹੀਆਂ ਘੁੰਮ ਰਹੀਆਂ ਹਨ ਕਿਤੇ ਕੋਈ ਸ਼ੇਰ ਜਾਂ ਭੇੜੀਆ ਲੈ ਗਿਆ ਤਾਂ ਬੱਸ!” ਉੱਪਰ ਪਹੁੰਚ ਕੇ ਬਜ਼ੁਰਗ ਨੂੰ ਕੁਕੜੀਆਂ ਤਾਂ ਨਹੀਂ ਮਿਲੀਆਂ ਬਜ਼ੁਰਗ ਨੂੰ ਸਮਝਦੇ ਦੇਰ ਨਾ ਲੱਗੀ ਕਿ ਇਹ ਸਾਰੀ ਕਰਤੂਤ ਪੂਸੀ ਬਿੱਲੀ ਦੀ ਹੈ।
ਉਹ ਤੇਜ਼ੀ ਨਾਲ ਘਰ ਵੱਲ ਪਰਤੀ ਇੱਧਰ ਪੂਸੀ ਬਿੱਲੀ ਨੇ ਸੋਚਿਆ ਕਿ ਬਜ਼ੁਰਗ ਤਾਂ ਪਹਾੜ ‘ਤੇ ਗਈ ਹੈ, ਹੁਣ ਉੱਥੇ ਸਿਰ ਫੜ ਕੇ ਰੋਏਗੀ ਜਲਦੀ ਆਵੇਗੀ ਨਹੀਂ ਉਦੋਂ ਤੱਕ ਕਿਉਂ ਨਾ ਬਚੀਆਂ ਕੁਕੜੀਆਂ ਵੀ ਖਾ ਲਵਾਂ? ਇਹ ਸੋਚ ਕੇ ਉਸਨੇ ਬਾਕੀ ਕੁਕੜੀਆਂ ਨੂੰ ਮਾਰ ਦਿੱਤਾ ਹੁਣ ਉਹ ਬੈਠੀ ਉਨ੍ਹਾਂ ਨੂੰ ਖਾ ਰਹੀ ਸੀ ਕਿ ਬਜ਼ੁਰਗ ਵਾਪਸ ਪਰਤ ਆਈ ਪੂਸੀ ਬਿੱਲੀ ਨੂੰ ਕੁਕੜੀਆਂ ਖਾਂਦਿਆਂ ਵੇਖ ਕੇ ਉਹ ਗੁੱਸੇ ਨਾਲ ਲਾਲ-ਪੀਲੀ ਹੋ ਗਈ ਅਤੇ ਉਸਨੇ ਨੇੜੇ ਪਈ ਕੋਲੇ ਦੀ ਟੋਕਰੀ ਚੁੱਕ ਦੇ ਪੂਸੀ ਦੇ ਸਿਰ ‘ਚ ਮਾਰੀ ਪੂਸੀ ਬਿੱਲੀ ਨੂੰ ਸੱਟ ਤਾਂ ਲੱਗੀ ਹੀ, ਉੁਸਦਾ ਚਮਕੀਲਾ ਸਫੇਦ ਰੰਗ ਵੀ ਕਾਲਾ ਹੋ ਗਿਆ ਆਪਣੀ ਬਦਸੂਰਤੀ ਨੂੰ ਵੇਖ ਕੇ ਉਹ ਰੋਣ ਲੱਗੀ ਅੱਜ ਵੀ ਲੋਕ ਇਸ ਘਟਨਾ ਨੂੰ ਨਹੀਂ ਭੁੱਲਦੇ ਹਨ ਤੇ ਰੋਂਦੀ ਹੋਈ ਕਾਲੀ ਬਿੱਲੀ ਨੂੰ ਡੰਡੇ ਲੈ ਕੇ ਭਜਾਉਂਦੇ ਹਨ ਚਲਾਕੀ ਦੀ ਵਰਤੋਂ ਬੁਰੇ ਕੰਮਾਂ ‘ਚ ਕਰਨ ਵਾਲਿਆਂ ਨੂੰ ਪੂਸੀ ਬਿੱਲੀ ਵਾਂਗ ਨਤੀਜਾ ਭੋਗਣਾ ਪੈਂਦਾ ਹੈ।