ਜੈਤੋ/ਅਹਿਮਦਗੜ੍ਹ (ਕੁਲਦੀਪ ਸਿੰਘ/ਰੇਣੂੰਕਾ) ਅੱਜ ਜੈਤੋ ਨੇੜਲੇ ਪਿੰਡ ਸੂਰਘੁਰੀ ਵਿਖੇ ਇੱਕ ਨੌਜਵਾਨ ਅਤੇ ਅਹਿਮਗੜ੍ਹ ਮੰਡੀ ਨੇੜੇ ਇੱਕ ਕਬਾੜੀਏ ਦਾ ਤੇਜਧਾਰ ਹਥਿਆਰਾਂ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਦੋਵਾਂ ਥਾਵਾਂ ਨਾਲ ਸਬੰਧਿਤ ਪੁਲਿਸ ਨੇ ਮਾਮਲੇ ਦਰਜ਼ ਕਰਕੇ ਕਾਤਲਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ । ਜਾਣਕਾਰੀ ਅਨੁਸਾਰ ਜੈਤੋ ਨੇੜਲੇ ਪਿੰਡ ਸੂਰਘੂਰੀ ਵਿਖੇ ਪਰਮਲ ਸਿੰਘ(33) ਪੁੱਤਰ ਮਿੱਠੂ ਸਿੰਘ ਜੋ ਕਿ ਪਿੰਡ ਵਿੱਚ ਕਟਿੰਗ ਦੀ ਦੁਕਾਨ ਚਲਾਉਂਦਾ ਸੀ। ਅੱਜ ਉਸ ਦੀ ਲਾਸ਼ ਪਿੰਡ ਦੀ ਹੱਦ ਉੁੱਪਰ ਕਾਸਮ ਭੱਟੀ ਨੂੰ ਜਾਂਦੀ ਸੜਕ ਕੋਲੋਂ ਮਿਲੀ। ਸੁਵੇਰ ਵੇਲੇ ਜਦੋਂ ਲੋਕ ਸੈਰ ਲਈ ਖੇਤਾਂ ਵੱਲ ਜਾਣ ਲੱਗੇ ਤਾਂ ਸੜਕ ਕੋਲ ਇੱਕ ਨੌਜਵਾਨ ਦੀ ਲਾਸ਼ ਪਈ ਵੇਖਕੇ ਇਸਦੀ ਸੂਚਨਾ ਪਿੰਡ ਦੇ ਮੋਹਤਬਰਾਂ ਰਾਹੀ ਪੁਲਿਸ ਨੂੰ ਦਿੱਤੀ।
ਸੂਚਨਾ ਮਿਲਦਿਆਂ ਹੀ ਐਸ.ਐਸ.ਪੀ ਫਰੀਦਕੋਟ ਨਾਨਕ ਸਿੰਘ,ਡੀ.ਐਸ.ਪੀ ਸਬ ਡਵੀਜ਼ਨ ਜੈਤੋ ਕੇਸਰ ਸਿੰਘ ਅਤੇ ਐਸ.ਐਚ.ਓ ਜੈਤੋ ਜਤਿੰਦਰ ਸਿੰਘ ਮੌਕੇ ਉਪਰ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ। ਪੁਲਿਸ ਨੂੰ ਮ੍ਰਿਤਕ ਦੀ ਮਾਤਾ ਜਸਪਾਲ ਕੌਰ ਪਤਨੀ ਮਿੱਠੂ ਸਿੰਘ ਨੇ ਬਿਆਨ ਦਰਜ ਕਰਵਾਇਆ ਕਿ ਬੀਤੀ ਰਾਤ ਜਸਕਰਨ ਸਿਘ ਪੁੱਤਰ ਬਲਜੀਤ ਸਿੰਘ ਅਤੇ ਗਿੰਦੀ ਪੁੱਤਰ ਗੁਰਦਿਆਲ ਸਿੰਘ ਉਸਦੇ ਲੜਕੇ ਨੂੰ ਮੋਟਰ ਸਾਇਕਲ ਉਪਰ ਧੱਕੇ ਨਾਲ ਚੁੱਕ ਕੇ ਖੇਤਾਂ ਵੱਲ ਲੈ ਗਏ ਅਤੇ ਉਸ ਦਾ ਕਤਲ ਕਰ ਦਿੱਤਾ।
ਮ੍ਰਿਤਕ ਪਰਮਲ ਸਿੰਘ ਇੱਕ ਲੱਤ ਤੋਂ ਅਪਾਹਜ ਸੀ। ਪੁਲਿਸ ਨੇ ਇਸ ਸਬੰਧੀ ਕਤਲ ਦਾ ਮੁਕੱਦਮਾ ਦਰਜ ਕਰਕੇ ਕਾਤਲਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਇਲਾਵਾ ਅਹਿਮਦਗੜ੍ਹ ਤੋਂ ਕਰੀਬ 2 ਕਿਲੋਮੀਟਰ ਦੂਰ ਪੈਂਦੇ ਪਿੰਡ ਦਹਿਲੀਜ ਰੋਡ ‘ਤੇ ਸਥਿਤ ਦੁਕਾਨ ਕਰਦੇ ਇੱਕ ਕਬਾੜੀਏ ਦੀ ਹੱਤਿਆ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ। ਜਾਣਕਾਰੀ ਅਨੁਸਾਰ ਸਦੀਕ ਮੁਹੰਮਦ (55) ਪੁੱਤਰ ਬਾਬੂ ਖਾਂ ਵਾਸੀ ਪਿੰਡ ਨੌਧਰਾਣੀ ਥਾਣਾ ਮਾਲੇਰਕੋਟਲਾ ਜੋ ਕਿ ਪਿੰਡ ਦਹਿਲੀਜ਼ ਕਲਾਂ ਵਿਖੇ ਵਿਆਹਿਆ ਹੋਇਆ ਸੀ ਅਤੇ ਲੰਮੇ ਸਮੇਂ ਤੋਂ ਦਹਿਲੀਜ਼ ਹੀ ਰਹਿੰਦਾ ਸੀ।
ਸਦੀਕ ਮੁਹੰਮਦ ਨੇ ਕਰੀਬ 3 ਸਾਲ ਪਹਿਲਾ ਹੀ ਦਹਿਲੀਜ਼ ਰੋਡ ‘ਤੇ ਹੀ ਕਬਾੜ ਦੀ ਦੁਕਾਨ ਕੀਤੀ ਸੀ ਅਤੇ ਉਹ ਦੁਕਾਨ ਵਿੱਚ ਹੀ ਸੌਂਦਾ ਸੀ। ਅੱਜ ਦੁਪਹਿਰ 12 ਵਜੇ ਦੇ ਕਰੀਬ ਜਦੋਂ ਕੋਈ ਵਿਅਕਤੀ ਇਸਦੀ ਦੁਕਾਨ ‘ਤੇ ਸਮਾਨ ਵੇਚਨ ਲਈ ਆਇਆ ਤਾਂ ਉਸ ਨੇ ਸ਼ਟਰ ਥੋੜਾ ਖੁੱਲ੍ਹਾ ਵੇਖ ਕੇ ਫੋਨ ਕੀਤਾ ਤਾਂ ਫੋਨ ਦੁਕਾਨ ਦੇ ਅੰਦਰ ਹੀ ਵੱਜ ਰਿਹਾ ਸੀ। ਤਾਂ ਉਸ ਨੇ ਸ਼ਟਰ ਚੁੱਕਿਆਂ ਤਾਂ ਖੂਨ ਨਾਲ ਲੱਥ-ਪੱਥ ਮੰਜੇ ‘ਤੇ ਸਦੀਕ ਮੁਹੰਮਦ ਦੀ ਲਾਸ਼ ਪਈ ਸੀ। ਇਸ ਦੀ ਜਾਣਕਾਰੀ ਉਸਨੇ ਤੁਰੰਤ ਪੁਲਿਸ ਨੂੰ ਦਿੱਤੀ ਅਤੇ ਥਾਣਾ ਸਦਰ ਮੁਖੀ ਇੰਸ. ਮਨਜੀਤ ਸਿੰਘ ਤੇ ਸਿਟੀ ਮੁਖੀ ਗੁਰਦੀਪ ਸਿੰਘ ਨੇ ਆ ਕੇ ਮੌਕਾ ਦੇਖਿਆ । ਸਦੀਕ ਮੁਹੰਮਦ ਦਾ ਰਾਤ ਨੂੰ ਹੀ ਕਤਲ ਹੋਇਆ ਜਾਪਿਆ ਕਿਉਂਕਿ ਉਸ ਦੇ ਸਿਰ ‘ਤੇ ਤੇਜ਼ਧਾਰ ਹਥਿਆਰ ਦੇ ਨਾਲ ਸੱਟਾਂ ਦੇ ਨਿਸ਼ਾਨ ਸਨ। ਥਾਣਾ ਸਦਰ ਪੁਲਿਸ ਇਸ ਮਾਮਲੇ ਦੀ ਜਾਂਚ ‘ਚ ਜੁਟ ਗਈ ਹੈ।