ਅੰਮ੍ਰਿਤਸਰ (ਰਾਜਨ ਮਾਨ)। ਕ੍ਰਿਸ਼ੀ ਵਿਗਿਆਨ ਕੇਂਦਰ ਅੰਮ੍ਰਿਤਸਰ ਵੱਲੋਂ ਕੇ.ਵੀ.ਕੇ ਗੁਰਦਾਸਪੁਰ, ਪਠਾਨਕੋਟ ਅਤੇ ਤਰਨ ਤਾਰਨ ਨਾਲ ਮਿਲ ਕੇ ਪਰਾਲੀ ਪ੍ਰਬੰਧਨ ਚੇਤਨਾ ਯਾਤਰਾ ਅਧੀਨ ਕਿਸਾਨ ਮੇਲਾ ਲਾਇਆ ਅਤੇ ਪਰਾਲੀ ਪ੍ਰਬੰਧਨ ਯਾਤਰਾ ਦੀ ਸ਼ੁਰੂਆਤ ਕੀਤੀ ਗਈ। ਇਸ ਯਾਤਰਾ ਅਧੀਨ 4 ਤੋਂ 19 ਅਕਤੂਬਰ ਤੱਕ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਦਿੱਲੀ ’ਚ ਵੱਖ ਵੱਖ ਤਰਾਂ ਦੇ ਪਰਾਲੀ ਪ੍ਰਬੰਧਨ ਦੇ ਪ੍ਰੋਗਰਾਮ ਕੀਤੇ ਜਾਣਗੇ।
ਡਾ. ਬਿਕਰਮਜੀਤ ਸਿੰਘ ਸਹਿਯੋਗੀ ਨਿਰਦੇਸ਼ਕ ਕੇ.ਵੀ.ਕੇ ਅੰਮਿ੍ਰਤਸਰ ਨੇ ਆਏ ਹੋਏ ਪਤਵੰਤੇ ਸੱਜਣਾਂ ਕਿਸਾਨਾਂ ਅਤੇ ਵਿਦਿਆਰਥੀਆਂ ਨੂੰ ਜੀ ਆਇਆਂ ਆਖਿਆ। ਉਨ੍ਹਾਂ ਨੇ ਪਰਾਲੀ ਪ੍ਰਬੰਧਨ ’ਚ ਪਿਛਲੇ 5 ਸਾਲਾਂ ਤੋ ਕੇ.ਵੀ.ਕੇ ਵੱਲੋਂ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਅਤੇ ਕਿਸਾਨਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ। ਮੇਲੇ ਦੀ ਪ੍ਰਧਾਨਗੀ ਜਿਲ੍ਹਾ ਅੰਮਿ੍ਰਤਸਰ ਦੇ ਲੋਕ ਸਭਾ ਮੈਂਬਰ ਸ. ਗੁਰਜੀਤ ਸਿੰਘ ਔਜਲਾ ਨੇ ਕੀਤੀ। ਉਹਨਾਂ ਨੇ ਕਿਸਾਨ ਵੀਰਾਂ ਨੂੰ ਪ੍ਰੇਰਤ ਕੀਤਾ ਕਿ ਸਾਨੂੰ ਵੱਧ ਝਾੜ ਲੈਣ ਦੇ ਨਾਲ ਨਾਲ ਵਾਤਾਵਰਣ ਦੀ ਸਾਂਭ ਸੰਭਾਲ ਵੀ ਕਰਨੀ ਚਾਹੀਦੀ ਹੈ। ਕੁਦਰਤ ਨਾਲ ਖਿਲਵਾੜ ਮਨੁੱਖ ਨੂੰ ਬਹੁਤ ਮਹਿੰਗੀ ਪਵੇਗੀ। ਉਹਨਾਂ ਨੇ ਨੌਜਵਾਨਾ ਨੂੰ ਪੁਰਜੋਰ ਅਪੀਲ ਕੀਤੀ ਕਿ ਉਹ ਖੇਤੀ ਨੂੰ ਲਾਹੇਵੰਦ ਧੰਦਾ ਬਣਾਉਣ।
ਡਾ. ਪਰਵਿੰਦਰ ਸ਼ਰੋਨ ਡਾਇਰੈਕਟਰ ਆਈ.ਸੀ.ਏ.ਆਰ, ਜੋਨ-1, ਲੁਧਿਆਣਾ ਨੇ ਆਏ ਹੋਏ ਕਿਸਾਨਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਉਹਨਾਂ ਨੇ ਦੱਸਿਆਂ ਕਿਸ ਤਰ੍ਹਾਂ ਪੰਜਾਬ ਦੇ ਕੀ.ਵੀ.ਕੇ ਪਰਾਲੀ ਪ੍ਰਬੰਧਨ ’ਚ ਪਿਛਲੇ 5 ਸਾਲਾਂ ਤੋਂ ਆਪਣਾ ਯੋਗਦਾਨ ਪਾ ਰਹੇ ਹਨ। ਇਸ ਯਾਤਰਾ ਅਧੀਨ ਹੋਣ ਵਾਲੀਆਂ ਵੱਖ ਵੱਖ ਗਤੀਵਿਧੀਆਂ ਤੇ ਵੀ ਉਹਨਾਂ ਨੇ ਚਾਨਣਾ ਪਾਇਆ। ਡਾ. ਜੀ.ਪੀ.ਐਸ ਸੋਢੀ ਨੇ ਪਰਾਲੀ ਦੀ ਸੰਭਾਲ ਲਈ ਕਿਸਾਨਾਂ ਨੂੰ ਪ੍ਰੇਰਿਤ ਕਰਦਿਆਂ ਸਰਫੇਸ਼ ਸੀਡਿੰਗ ਤਕਨੀਕ ਦੀ ਤਜਵੀਜ਼ ਕੀਤੀ। ਇਸ ਕਾਰਜ ਲਈ ਵਿਸ਼ੇਸ਼ ਬਿਜਾਈ ਮਸ਼ੀਨ ਦਾ ਜ਼ਿਕਰ ਕਰਦਿਆਂ ਉਹਨਾਂ ਨੇ ਸਰਕਾਰੀ ਸਬਸਿਡੀ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਸਰ੍ਹੋਂ ਦੀਆਂ ਕਨੋਲਾ ਕਿਸਮਾਂ ਦੀ ਬਿਜਾਈ ਲਈ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਅਤੇ ਨਾਲ ਹੀ ਸੰਯੁਕਤ ਖੇਤੀ ਪ੍ਰਣਾਲੀ ਅਪਣਾ ਕੇ ਆਪਣੇ ਪਰਿਵਾਰ ਦੀਆਂ ਲੋੜਾਂ ਦੀ ਪੂਰਤੀ ਲਈ ਕਿਹਾ। ਉਨ੍ਹਾਂ ਦੱਸਿਆ ਕਿ ਢਾਈ ਏਕੜ ’ਚ ਇਸ ਪ੍ਰਣਾਲੀ ਨੂੰ ਅਪਣਾ ਕੇ ਕਿਸਾਨ ਲਾਹਾ ਲੈ ਸਕਦੇ ਹਨ।
ਇਹ ਵੀ ਪੜ੍ਹੋ : ਕੇਸ ’ਚ ਫਸਾਉਣ ਦੀ ਧਮਕੀ ਦੇ ਕੇ 20 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਾ ਐੱਸਆਈ ਗ੍ਰਿਫਤਾਰ
ਇਸ ਮੌਕੇ ਵਿਗਿਆਨੀਆਂ ਨੇ ਪਰਾਲੀ ਸੰਭਾਲਣ ਵਿਚ ਵਰਤੀਆਂ ਜਾਣ ਵਾਲੀਆਂ ਮਸ਼ੀਨਾਂ ਦੀ ਵਰਤੋਂ ਤੇ ਚਾਨਣਾ ਪਾਇਆ ਅਤੇ ਇਸ ਵਿਚ ਆਉਣ ਵਾਲੀਆਂ ਮੁਸ਼ਕਲਾਂ ਤੇ ਚਰਚਾ ਕੀਤੀ। ਇਸ ਮੇਲੇ ’ਚ 1500 ਤੋਂ ਵੱਧ ਕਿਸਾਨ ਵੀਰਾਂ ਨੇ ਭਾਗ ਲਿਆਂ ਅਤੇ ਪਰਾਲੀ ਪ੍ਰਬੰਧਨ ’ਚ ਵਧੀਆ ਕਾਰਗੁਜਾਰੀ ਕਰਨ ਵਾਲੇ ਕਿਸਾਨ ਵੀਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਜਿਲ੍ਹਾ ਗੁਰਦਾਸਪੁਰ ਦੇ ਅਗਾਂਹਵਧੂ ਕਿਸਾਨ ਸ. ਗੁਰਬਿੰਦਰ ਸਿੰਘ ਬਾਜਵਾ ਨੇ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਕਿ ਆਪਾਂ ਸਾਰੇ ਰਲ ਮਿਲ ਕੇ ਵਾਤਾਵਰਣ ਨੂੰ ਬਚਾਈਏ ਅਤੇ ਫਸਲਾਂ ਦੇ ਨਾੜ ਨੂੰ ਅੱਗ ਨਾ ਲਾ ਕੇ ਮਿੱਟੀ ਦੀ ਚੰਗੀ ਸਿਹਤ ਲਈ ਚੰਗੇ ਉਪਰਾਲੇ ਕਰੀਏ। ਇਸ ਮੇਲੇ ’ਚ ਸਹਿਯੋਗੀ ਨਿਰਦੇਸ਼ਕ ਗੁਰਦਾਸਪੁਰ, ਡਿਪਟੀ ਡਾਇਰੈਕਟਰ ਪਠਾਨਕੋਟ ਅਤੇ ਤਰਨ ਤਾਰਨ ਨੇ ਅਗਾਹ ਵਧੂ ਕਿਸਾਨਾਂ ਸੇਤ ਸਮੂਲੀਅਤ ਕੀਤੀ। ਅੰਤ ’ਚ ਧੰਨਵਾਦ ਦੇ ਸ਼ਬਦ ਕਿ੍ਰਸ਼ੀ ਵਿਗਿਆਨ ਕੇਂਦਰ ਨਾਗ ਕਲਾਂ ਦੇ ਸਹਿਯੋਗੀ ਨਿਰਦੇਸ਼ਕ ਡਾ ਸਰਬਜੀਤ ਸਿੰਘ ਔਲਖ ਨੇ ਕਹੇ। ਸਮਾਗਮ ਦਾ ਸੰਚਾਲਨ ਡਾ. ਨਰਿੰਦਰਪਾਲ ਸਿੰਘ ਨੇ ਕੀਤਾ।