ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੂੰ ਦੇਰ ਰਾਤ ਨਾਭਾ ਜ਼ੇਲ੍ਹ ਭੇਜਿਆ
ਨਾਭਾ (ਤਰੁਣ ਕੁਮਾਰ ਸ਼ਰਮਾ)। ਪੰਜਾਬ ਦੇ ਭੁਲੱਥ ਵਿਧਾਨ ਸਭਾ ਖੇਤਰ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਬੀਤੀ ਦੇਰ ਰਾਤ ਨਾਭਾ ਦੀ ਨਿਊ ਜ਼ਿਲ੍ਹਾ ਜੇਲ੍ਹ ’ਚ ਭੇਜ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਪੰਜਾਬ ਦੇ ਭੁਲੱਥ ਖੇਤਰ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਜਲਾਲਾਬਾਦ ਪੁਲਿਸ ਵੱਲੋਂ ਐਨਡੀਪੀਸੀ ਐਕਟ ਦੇ ਕਿਸੇ ਮਾਮਲੇ ’ਚ ਗ੍ਰਿਫਤਾਰ ਕੀਤਾ ਗਿਆ ਸੀ, ਜਿਸ ਤੋਂ ਬਾਅਦ ਜਲਾਲਾਬਾਦ ਕੋਰਟ ’ਚ ਪੇਸ਼ ਕਰਕੇ ਉਨ੍ਹਾਂ ਦਾ ਦੋ ਦਿਨ ਦਾ ਪੁਲਿਸ ਰਿਮਾਂਡ ਵੀ ਹਾਸਲ ਕੀਤਾ ਗਿਆ ਸੀ। ਬੀਤੇ ਦਿਨ ਪੁਲਿਸ ਰਿਮਾਂਡ ਖਤਮ ਹੋਣ ਬਾਦ ਇੱਕ ਵਾਰ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਦੇ ਹੁਕਮ ਸੁਣਾਏ ਗਏ ਸਨ, ਸੁਖਪਾਲ ਸਿੰਘ ਖਹਿਰਾ ਨੂੰ ਪਹਿਲਾਂ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹਾ ਜ਼ੇਲ੍ਹ ਲਿਜਾਇਆ ਗਿਆ। (Sukhpal Singh Khaira)
ਇਹ ਵੀ ਪੜ੍ਹੋ : ਫਰੀਦਾਬਾਦ ’ਚ ਪਿਓ-ਪੁੱਤ ਦਾ ਬੇਰਹਿਮੀ ਨਾਲ ਕਤਲ
ਜਦਕਿ ਦੇਰ ਸ਼ਾਮ ਪੰਜਾਬ ਪੁਲਿਸ ਵੱਲੋਂ ਉਨ੍ਹਾਂ ਨੂੰ ਨਾਭਾ ਜ਼ੇਲ੍ਹ ਤਬਦੀਲ ਕਰਨ ਦੇ ਬਣਾਏ ਇਰਾਦੇ ਦੀ ਖਬਰ ਨਸ਼ਰ ਹੁੰਦਿਆਂ ਹੀ ਨਾਭਾ ਜ਼ੇਲ੍ਹ ਪ੍ਰਸ਼ਾਸਨ ’ਚ ਹਿੱਲ ਜੁੱਲ ਸ਼ੁਰੂ ਹੋ ਗਈ, ਆਖਿਰਕਾਰ ਦੇਰ ਰਾਤ ਸਾਢੇ ਦਸ ਵਜੇ ਦੇ ਕਰੀਬ ਸੁਖਪਾਲ ਸਿੰਘ ਖਹਿਰਾ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਨਾਭਾ ਦੀ ਨਿਊ ਜ਼ਿਲ੍ਹਾ ਜ਼ੇਲ੍ਹ ’ਚ ਲਿਆਂਦਾ ਗਿਆ। ਦੱਸਣਯੋਗ ਹੈ ਕਿ ਭਗਵੰਤ ਮਾਨ ਸਰਕਾਰ ਦੇ ਸਮੇਂ ਪਹਿਲਾਂ ਕਾਂਗਰਸ ਦੇ ਹੀ ਦੋ ਸਾਬਕਾ ਵਿਧਾਇਕਾ ਨੂੰ ਨਾਭਾ ਜ਼ੇਲ੍ਹ ਵਿਖੇ ਨਜਰਬੰਦ ਰੱਖਿਆ ਗਿਆ ਸੀ ਅਤੇ ਹੁਣ ਮੌਜੂਦਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਨਾਭਾ ਜ਼ੇਲ੍ਹ ਆਉਣ ਬਾਦ ਜ਼ੇਲ੍ਹ ਯਾਤਰਾ ਕਰਨ ਵਾਲੇ ਕਾਂਗਰਸੀ ਆਗੂਆਂ ਦੀ ਗਿਣਤੀ ਤਿੰਨ ਤੱਕ ਪਹੁੰਚ ਗਈ ਹੈ। ਇਸ ਤੋਂ ਪਹਿਲਾਂ ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਅਤੇ ਫਰੀਦਕੋਟ ਦੇ ਸਾਬਕਾ ਕਾਂਗਰਸੀ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਨੂੰ ਭਗਵੰਤ ਮਾਨ ਸਰਕਾਰ ਵੱਲੋ ਗਿ੍ਰਫਤਾਰ ਕਰਨ ਤੋਂ ਬਾਅਦ ਨਾਭਾ ਜ਼ੇਲ੍ਹ ’ਚ ਹੀ ਰੱਖਿਆ ਗਿਆ ਸੀ। (Sukhpal Singh Khaira)
ਕੀ ਕਹਿੰਦੇ ਹਨ ਨਾਭਾ ਜ਼ੇਲ੍ਹ ਸੁਪਰਡੈਂਟ | Sukhpal Singh Khaira
ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਨਾਭਾ ਜ਼ੇਲ੍ਹ ਆਮਦ ਦੀ ਪੁਸ਼ਟੀ ਕਰਦਿਆਂ ਨਾਭਾ ਨਿਊ ਜ਼ਿਲ੍ਹਾ ਜ਼ੇਲ੍ਹ ਸੁਪਰਡੈਂਟ ਰਮਨਦੀਪ ਸਿੰਘ ਭੰਗੂ ਨੇ ਦੱਸਿਆ ਕਿ ਸੁਖਪਾਲ ਸਿੰਘ ਖਹਿਰਾ ਨੇ ਆਮ ਹਵਾਲਾਤੀ ਜਿਹਾ ਵਿਹਾਰ ਕਰਦਿਆਂ ਸਮੇਂ ਸਿਰ ਜ਼ੇਲ੍ਹ ਅੰਦਰ ਖਾਣਾ ਖਾਧਾ। ਉਨ੍ਹਾਂ ਦੱਸਿਆ ਕਿ ਸੁਖਪਾਲ ਸਿੰਘ ਖਹਿਰਾ ਆਮ ਹਵਾਲਾਤੀ ਵਾਂਗ ਹੀ ਚੰਗਾ ਵਿਹਾਰ ਕਰ ਰਹੇ ਹਨ। (Sukhpal Singh Khaira)