ਸਿਹਤ ਦਾ ਮਸਲਾ ਸਭ ਤੋਂ ਵੱਡਾ ਅਤੇ ਅਹਿਮ ਹੈ। ਸਿਹਤ (Health) ਦਾ ਖੁਰਨਾ ਜ਼ਿੰਦਗੀ ਦਾ ਰਸਹੀਣ ਬਣਨਾ ਹੈ। ਬਿਮਾਰ ਬੰਦੇ ਨੂੰ ਕੁਝ ਵੀ ਚੰਗਾ ਨਹੀਂ ਲੱਗਦਾ। ਸਿਹਤਮੰਦ ਬੰਦਾ ਛੋਲੇ ਵੀ ਬਦਾਮ ਸਮਝ ਕੇ ਖਾਂਦਾ ਹੈ ਤੇ ਬਿਮਾਰ ਨੂੰ ਮੇਵੇ ਵੀ ਭੈੜੇ ਲੱਗਦੇ ਹਨ। ਅੱਖਾਂ ਤੋਂ ਹੀਣ ਬੰਦੇ ਲਈ ਸੂਰਜ ਦੇ ਕੋਈ ਮਾਇਨੇ ਨਹੀਂ ਹੁੰਦੇ। ਦੰਦਾਂ ਬਿਨਾਂ ਸਵਾਦ ਦੇ ਅਰਥ ਖ਼ਤਮ ਹੋ ਜਾਂਦੇ ਹਨ। ਹਾਲਾਤਾਂ ਦਾ ਤਕਾਜਾ ਹੈ ਕਿ ਛੋਲੇ ਓਦੋਂ ਹੋਣ ਜਦੋਂ ਦੰਦ ਹੋਣ। ਜਦੋਂ ਦੰਦ ਸਨ ਛੋਲੇ ਨਹੀਂ ਸਨ ਤੇ ਜਦੋਂ ਛੋਲੇ ਹਨ ਤਾਂ ਦੰਦ ਨਹੀਂ ਹਨ। ਸਿਹਤ ਜ਼ਿੰਦਗੀ ਦੇ ਹਰ ਪੜਾਅ ’ਤੇ ਬਰਾਬਰ ਜ਼ਰੂਰੀ ਹੈ।
ਸਿਹਤਮੰਦ ਮਨੁੱਖ ਹਰ ਸਮਾਜ ਲਈ ਫਾਇਦੇਮੰਦ ਹੁੰਦਾ ਹੈ। ਵਿਕਾਸ ਸਿਹਤਮੰਦ ਮਨੁੱਖ ਨਾਲ ਸਿੱਧਾ ਜੁੜਦਾ ਹੈ। ਬਿਮਾਰ ਬੰਦਾ ਦੇਸ਼ ਅਤੇ ਪਰਿਵਾਰ ਲਈ ਬੋਝ ਹੀ ਹੁੰਦਾ ਹੈ। ਇਲਾਜ ਦਾ ਮਹਿੰਗਾ ਹੋਣਾ ਸਭ ਨੂੰ ਤੰਦਰੁਸਤ ਰਹਿਣ ਦੀ ਚਿਤਾਵਨੀ ਹੁੰਦੀ ਹੈ। ਵਿਦੇਸ਼ਾਂ ਵਿੱਚ ਇਲਾਜ ਮਹਿੰਗਾ ਹੈ ਕਿਉਂਕਿ ਉਹਨਾਂ ਦੇਸ਼ਾਂ ਦੀ ਧਾਰਨਾ ਹੈ ਕਿ ਸਿਹਤ ਦਾ ਖਿਆਲ ਰੱਖੋ। ਉਹ ਦੇਸ਼ ਆਪਣੇ ਦੇਸ਼ ਦੇ ਹਰ ਮਨੁੱਖ ਦੀ ਸਿਹਤ ਦੇ ਜਿੰਮੇਵਾਰ ਹੁੰਦੇ ਹਨ। (Health)
ਨਿਰੋਗ ਮਨੁੱਖ ਦੀ ਅਹਿਮੀਅਤ | Health
ਮਿਲਾਵਟਖੋਰੀ ਨਿਰੋਗ ਜੀਵਨ ਦੀ ਵਿਰੋਧੀ ਹੈ। ਸਾਡੇ ਦੇਸ਼ ਵਿੱਚ ਮਿਲਾਵਟਖੋਰੀ ਨੂੰ ਲੁਕਵੀਂ ਮਾਨਤਾ ਹੈ। ਵਿਦੇਸ਼ਾਂ ਵਿੱਚ ਮਿਲਾਵਟਖੋਰੀ ਪੂਰਨ ਤੌਰ ’ਤੇ ਬੈਨ ਹੈ। ਉਹਨਾਂ ਦੇਸ਼ਾਂ ਨੂੰ ਨਿਰੋਗ ਮਨੁੱਖ ਦੀ ਅਹਿਮੀਅਤ ਦੀ ਜਾਣਕਾਰੀ ਹੋ ਚੁੱਕੀ ਹੈ। ਸਾਡੇ ਦੇਸ਼ ਵਿੱਚ ਸ਼ੁੱਧਤਾ ਖੁਰ ਰਹੀ ਹੈ। ਵਿਦੇਸ਼ਾਂ ਵਿੱਚ ਦੰਦਾਂ ਦੇ ਇਲਾਜ ਦਾ ਮਹਿੰਗਾ ਹੋਣਾ ਇਸ ਗੱਲ ਵੱਲ ਇਸ਼ਾਰਾ ਹੈ ਕਿ ਦੰਦਾਂ ਦੀ ਸੰਭਾਲ ਕਰੋ। ਜਦ ਤੱਕ ਦੰਦ ਦੇ ਦਰਦ ਲਈ ਦਰਦ ਨਿਵਾਰਕ ਗੋਲੀਆਂ ਦਿੱਤੀਆਂ ਜਾਂਦੀਆਂ ਰਹਿਣਗੀਆਂ ਤਾਂ ਦੰਦਾਂ ਦੀ ਸੰਭਾਲ ਵੱਲ ਪਰਤਣਾ ਮੁਸ਼ਕਲ ਹੈ।
ਵਿਦੇਸ਼ੀ ਲੋਕਾਂ ਕੋਲ ਮਹਿੰਗੀਆਂ ਕਾਰਾਂ ਦੇ ਨਾਲ-ਨਾਲ ਕਾਰਾਂ ਪਿੱਛੇ ਸਾਈਕਲ ਟੰਗੇ ਵੀ ਮਿਲਦੇ ਹਨ। ਇਹ ਸਿੱਧਾ ਤੰਦਰੁਸਤ ਹੋਣ ਦਾ ਸੂਚਕ ਹੈ। ਕਾਰ ਰੋਕ ਕੇ ਸਾਈਕਲਿੰਗ ਕਰਨਾ ਸਿਹਤਮੰਦ ਸਮਾਜ ਦੀ ਸਿਰਜਣਾ ਦਾ ਰਾਹ ਹੈ। ਸਾਡਾ ਖਾਣਾ-ਪੀਣਾ ਤਾਂ ਖਰਾਬ ਹੈ ਹੀ, ਸਰੀਰ ਲਈ ਸਾਡੇ ਕੋਲ ਸਮਾਂ ਵੀ ਨਹੀਂ। ਸਵੇਰੇ-ਸਵੇਰੇ ਜਦ ਸੈਰ ਦਾ ਸਮਾਂ ਹੁੰਦਾ ਤਾਂ ਅਸੀਂ ਸੁੱਤੇ ਪਏ ਹੁੰਦੇ ਹਾਂ। ਚੰਗੀ ਸਿਹਤ ਦਾ ਇੱਕ ਰਾਜ਼ ਰਾਤੀਂ ਜਲਦੀ ਸੌਣਾ ਤੇ ਸਵੇਰੇ ਜਲਦੀ ਜਾਗਣਾ ਹੈ। ਸਾਡਾ ਸ਼ਾਮ ਅਤੇ ਸਵੇਰਾ ਦੋਵੇਂ ਖਰਾਬ ਹੋ ਚੁੱਕੇ ਹਨ।
ਇਹ ਵੀ ਪੜ੍ਹੋ : ਭਾਦਸੋਂ ਤੋਂ ਸਰਕਾਰੀ ਬੱਸਾਂ ਦੇ ਟਾਇਮ ਮਿਸ ਰਹਿਣ ਕਾਰਨ ਸਵਾਰੀਆਂ ਤੇ ਵਿਦਿਆਰਥੀ ਪ੍ਰੇਸ਼ਾਨ
ਚਿੜੀ ਚੂਕਦੀ ਨਾਲ ਜਾਂ ਤੁਰੇ ਪਾਂਧੀ, ਪਈਆਂ ਚਾਟੀਆਂ ਵਿੱਚ ਮਧਾਣੀਆਂ ਨੇ। ਇਹ ਦੋਵੇਂ ਸਿਹਤਮੰਦ ਹੋਣ ਦੇ ਤਕਾਜੇ ਹਨ। ਹੁਣ ਨਾ ਚਿੜੀ ਚੂਕਦੀ ਹੈ ਨਾ ਚਾਟੀਆਂ ਵਿੱਚ ਮਧਾਣੀਆਂ ਪੈਂਦੀਆਂ ਹਨ। ਬਜਾਰ ਪਿੰਡ ਤੇ ਘਰਾਂ ਨੂੰ ਆਪਣੀ ਲਪੇਟ ਵਿੱਚ ਲੈ ਚੁੱਕਿਐ। ਚਿੜੀ ਚੂਕਣ ਦੀ ਜਗ੍ਹਾ ਦੋਧੀ ਦੇ ਸਾਈਕਲ ਦੀ ਟੱਲੀ ਨੇ ਲੈ ਲਈ ਹੈ ਅਤੇ ਦੁੱਧ ਹੁਣ ਰਿੜਕਣਿਆਂ ਦੀ ਜਗ੍ਹਾ ਦੁੱਧ ਦੀ ਡੇਅਰੀ ਵਿੱਚ ਪਹੁੰਚ ਚੁੱਕਿਐ। ਹੁਣ ਅਸੀਂ ਸਿਹਤ ਬਣਾਉਣ ਵਾਲੀਆਂ ਚੀਜ਼ਾਂ ਦੀ ਥਾਂ ਸਿਹਤ ਗਵਾਉਣ ਵਾਲੀਆਂ ਚੀਜ਼ਾਂ ਦਾ ਸੇਵਨ ਕਰ ਰਹੇ ਹਾਂ।
ਫੇਫੜਿਆਂ ਦੀ ਸਫਾਈ | Health
ਆਪਾਂ ਤਾਂ ਪਿਛਲੇ ਤਿੰਨ ਮਹੀਨਿਆਂ ਤੋਂ ਸਿਹਤ ਵੱਲ ਮੁੜੇ ਹਾਂ। ਸਵੇਰੇ 5 ਵਜੇ ਸਾਈਕਲ ਨੂੰ ਪੈਡਲ ਮਾਰ ਦੇਈਦਾ। ਪੰਜ ਕਿਲੋਮੀਟਰ ਦੂਰ ਸਟੇਡੀਅਮ ਦਾ ਸਫਰ ਕੁਦਰਤ ਦੇ ਨਜ਼ਾਰਿਆਂ ਸੰਗ ਬੁੱਲੇ ਲੁੱਟਦਿਆਂ ਗੁਜ਼ਰਦਾ। ਵਿਚਾਰਾਂ ਅਤੇ ਗੱਲਾਂ ਕਰਦਿਆਂ ਹਾਸਿਆਂ ਦੇ ਅੰਬਾਰ ਫੁੱਟਦੇ ਹਨ। ਸਵੇਰੇ-ਸਵੇਰੇ ਤਾਜੀ ਹਵਾ ਕਾਰਨ ਆਕਸੀਜ਼ਨ ਦੇ ਲੇਬੇ ਫੇਫੜਿਆਂ ਦੀ ਸਫਾਈ ਕਰ ਦਿੰਦੇ ਹਨ। ਸਟੇਡੀਅਮ ਪਹੁੰਚ ਕੇ ਟਰੈਕ ’ਤੇ ਗੇੜੇ ਲਾਈਦੇ ਹਨ। 10 ਦੋਸਤ ਨਵੀਆਂ-ਨਵੀਆਂ ਗੱਲਾਂ ਕਰਦੇ ਹਨ। ਰਾਜਨੀਤੀ, ਸਮਾਜ, ਸਿੱਖਿਆ ਪ੍ਰਤੀ ਨਵੀਂ ਸਮਝ ਪੈਦਾ ਹੁੰਦੀ ਹੈ। ਸਟੇਡੀਅਮ ਵਿੱਚ ਲੱਗੇ ਓਪਨ ਜਿੰਮ ’ਤੇ ਕਸਰਤ ਕਰੀਦੀ ਹੈ। ਫਿਰ ਪੰਜ ਕਿਲੋਮੀਟਰ ਵਾਪਸ ਸਾਈਕਲ ’ਤੇ ਗੱਲਾਂ ਮਾਰਦਿਆਂ ਘਰ ਆਈਦਾ। ਤਿਆਰ ਹੋ ਕੇ ਸਕੂਲ ਪਹੁੰਚ ਜਾਈਦਾ।
ਇਹ ਸਭ ਕਰਕੇ ਇੱਕ ਨਵਾਂ ਅਤੇ ਊਰਜਾ ਨਾਲ ਭਰਪੂਰ ਸਰੀਰ ਸਕੂਲ ਪਹੁੰਚਦਾ ਹੈ। ਊਰਜਾ ਦਾ ਪੱਧਰ ਐਨਾ ਉੱਚਾ ਕਿ ਦਿਲ ਕਰਦਾ ਕਿ 47 ਸਾਲ ਪਾਰ ਉਮਰ ਵਿੱਚ ਹਵਾ ਵਿੱਚ ਉਡਾਰੀ ਲਾ ਦੇਵਾਂ। ਸਾਥੀ ਜਦ ਪੁੱਛਦੇ ਹਨ ਕਿ ਕੀ ਹਾਲ ਹੈ? ਹਾਂ-ਪੱਖੀ ਨਜ਼ਰੀਏ ਨਾਲ ਰੱਜੀ ਰੂਹ ਨਾਲ ਕਹਿ ਦੇਈਦਾ ਕਿ ਕਾਂਟੋ ਫੁੱਲਾਂ ’ਤੇ ਖੇਡਦੀ ਹੈ। ਛਾਲਾਂ ਮਾਰਦੀ ਕਾਂਟੋ ਫੁੱਲਾਂ ਦੀਆਂ ਫੁੱਟਦੀਆਂ ਨਵੀਆਂ ਪੱਤੀਆਂ ’ਤੇ ਚਾਂਭਲਾਂ ਪਾਉਂਦੀ ਹੈ ਤੇ ਟੂਸਿਆਂ ’ਤੇ ਭੰਗੜਾ। ਸਰੀਰ ਦਾ ਖੁਰਨਾ ਸੋਚ ਖੁਰ ਗਈ ਸੋਚ ਗਈ ਤਾਂ ਕੁਝ ਵੀ ਚੰਗਾ ਨਹੀਂ ਲੱਗਦਾ। ਬੰਦਾ ਹਵਾ ਨਾਲ ਵੀ ਰੁੱਸ ਜਾਂਦਾ ਹੈ। ਮਨੱੁਖੀ ਸੁਭਾਅ ਭਾਵਨਾਵਾਂ ਦਾ ਜੋੜ ਹੈ। ਬਿਨਾਂ ਭਾਵਨਾਵਾਂ ਤੋਂ ਸਰੀਰ ਪਸ਼ੂ ਹੈ ਜਾਂ ਮੁਰਦਾ। ਰਿਸਟ-ਪੁਸਟ ਸਰੀਰ ਵਿੱਚ ਚੰਗੀ ਸੋਚ ਵਾਸ ਕਰੇਗੀ ਤੇ ਚੰਗੀ ਸੋਚ ਸਰੀਰ ਨੂੰ ਰਿਸਟ-ਪੁਸਟ ਹੋਣ ਲਈ ਪ੍ਰੇਰਦਾ ਹੈ। (Health)
ਸੋ ਸਿਹਤ ਦੀ ਰਾਖੀ ਦੇਸ਼ ਦੀ ਰਾਖੀ ਦੇ ਸਮਾਨ ਹੈ। ਸਿਹਤ ਠੀਕ ਹੋਣ ਦਾ ਅਰਥ ਦੇਸ਼ ਦਾ ਤੰਦਰੁਸਤ ਹੋਣਾ ਵੀ ਹੈ। ਆਓ! ਸਿਹਤ ਦੀ ਹਿਫਾਜਤ ਲਈ ਉਹ ਸਭ ਕਰੀਏ ਜੋ ਸਿਹਤ ਨੂੰ ਲੋੜੀਂਦਾ ਹੈ। ਚੜ੍ਹਦੀ ਕਲਾ ਦਾ ਨਾਅਰਾ ਬੁਲੰਦ ਕਰਨ ਲਈ ਸਿਹਤ ਦੀ ਤੰਦਰੁਸਤੀ ਵੱਲ ਪਰਤਣ ਦਾ ਹੁਨਰ ਸਿੱਖ ਕੇ ਜ਼ਿੰਦਗੀ ਨੂੰ ਖੂਬਸੂਰਤ ਤੇ ਚਾਵਾਂ ਭਰਪੂਰ ਬਣਾਈਏ।
ਪਿਆਰਾ ਸਿੰਘ ਗੁਰਨੇ ਕਲਾਂ
ਗੁਰਨੇ ਕਲਾਂ, ਮਾਨਸਾ
ਮੋ. 99156-21188