ਕੇਜਰੀਵਾਲ ਤੇ ਭਗਵੰਤ ਮਾਨ ਪੁੱਜਣਗੇ ਪਟਿਆਲਾ, ਸਿਹਤ ਸਹੂਲਤਾਂ ਜਰੀਏ ਹੋਵੇਗੀ ਵੱਡੀ ਰੈਲੀ

Kejriwal and Bhagwant Mann

2 ਅਕਤੂਬਰ ਨੂੰ ਪਟਿਆਲਾ ਤੋਂ ਹੋਵੇਗਾ ਜ਼ਿਲ੍ਹੇ ਦੇ ਹਸਪਤਾਲਾਂ ਅੰਦਰ ਮਿਆਰੀ ਸਿਹਤ ਸਹੂਲਤਾਂ ਦਾ ਅਗਾਜ਼

ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਆਮ ਆਦਮੀ ਪਾਰਟੀ ਵੱਲੋਂ ਸੂਬੇ ਦੇ ਜ਼ਿਲ੍ਹਾ ਹਸਪਤਾਲਾਂ ਅੰਦਰ ਸਿਹਤ ਸਹੂਲਤਾਂ ਨੂੰ ਮਿਆਰੀ ਰੂਪ ਦੇਣ ਦਾ ਅਗਾਜ਼ ਪਟਿਆਲਾ ਤੋਂ 2 ਅਕਤੂਬਰ ਨੂੰ ਰਾਜ ਪੱਧਰੀ ਸਮਾਗਮ ਕਰਕੇ ਕੀਤਾ ਜਾ ਰਿਹਾ ਹੈ ਤੇ ਇਸ ਸਮਾਗਮ ਵਿੱਚ ਆਪ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Kejriwal and Bhagwant Mann) ਪੁੱਜ ਰਹੇ ਹਨ। ਇੱਧਰ ਇਸ ਸਮਾਗਮ ਦੇ ਨਾਂਅ ’ਤੇ ਵੱਡੀ ਰੈਲੀ ਵੀ ਕੀਤੀ ਜਾ ਰਹੀ ਹੈ, ਜਿਸ ਵਿੱਚ ਪੰਜਾਬ ਭਰ ਤੋਂ ਹਜ਼ਾਰਾਂ ਵਰਕਰ ਪੁੱਜਣਗੇ। ਦੂਜੇ ਬੰਨੇ ਵਿਰੋਧੀਆਂ ਵੱਲੋਂ ਸੁਆਲ ਚੁੱਕੇ ਜਾ ਰਹੇ ਹਨ ਕਿ ਸਰਕਾਰੀ ਖ਼ਰਚੇ ’ਤੇ ਰੈਲੀ ਕਰਕੇ ਆ ਰਹੀਆਂ ਚੋਣਾਂ ਸਬੰਧੀ ਰਾਜਨੀਤਿਕ ਲਾਹਾ ਖੱਟਣ ਲਈ ਜੁਗਤ ਹੈ।

ਐਵੀਏਸ਼ਨ ਕਲੱਬ ਨੇੜੇ ਖਾਲੀ ਥਾਂ ’ਚ ਹੋਵੇਗੀ ਰੈਲੀ, ਪ੍ਰਸ਼ਾਸਨ ਸਮੇਤ ਆਪ ਆਗੂ ਹੋਏ ਪੱਬਾਂ ਭਾਰ

ਜਾਣਕਾਰੀ ਅਨੁਸਾਰ 2 ਅਕਤੂਬਰ ਨੂੰ ਗਾਂਧੀ ਜੇਅੰਤੀ ਮੌਕੇ ਪਟਿਆਲਾ ਦੇ ਸਰਕਾਰੀ ਮਾਤਾ ਕੁਸ਼ੱਲਿਆ ਹਸਪਤਾਲ ਵਿਖੇ ਜ਼ਿਲ੍ਹਾ ਪੱਧਰੀ ਹਸਪਤਾਲਾਂ ਅੰਦਰ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਣ ਸਮੇਤ ਹਸਪਤਾਲਾਂ ਅੰਦਰ ਪ੍ਰਬੰਧਾਂ ਨੂੰ ਨਵਾ ਰੂਪ ਦੇਣ ਦੀ ਸ਼ੁਰੂਆਤ ਮਾਤਾ ਕੁਸ਼ੱਲਿਆ ਹਸਪਤਾਲ ਤੋਂ ਕੀਤੀ ਜਾ ਰਹੀ ਹੈ। ਮਾਤਾ ਕੁਸ਼ੱਲਿਆ ਹਸਪਤਾਲ ਵਿਖੇ ਦੋਵਾਂ ਮੁੱਖ ਮੰਤਰੀਆਂ ਦੀ ਆਮਦ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਤੇ ਸਿਹਤ ਵਿਭਾਗ ਪੱਬਾਂ ਭਾਰ ਹੋਇਆ ਪਿਆ ਹੈ ਤੇ ਹਸਪਤਾਲ ਅੰਦਰ ਚੱਲ ਰਹੇ ਕੰਮ ਨੂੰ ਪੂਰ ਚਾੜ੍ਹਨ ਲਈ ਕਾਹਲੀ ਕਰਦਿਆਂ ਲਿਪਾਪੋਚੀ ਕੀਤੀ ਜਾ ਰਹੀ ਹੈ। ਇੱਥੋਂ ਤੱਕ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਵੀ ਕੰਮ ਕਰਨ ਵਾਲਿਆਂ ਦੀ ਜਾਨ ਸੁੱਕਣੇ ਪਾਈ ਹੋਈ ਹੈ।

Kejriwal and Bhagwant Mann

ਮਾਤਾ ਕੁਸ਼ੱਲਿਆ ਹਸਪਤਾਲ ਵਿਖੇ ਇਸ ਮੁਹਿੰਮ ਦਾ ਆਗਾਜ਼ ਕਰਨ ਤੋਂ ਬਾਅਦ ਪਟਿਆਲਾ ਐਵੀਏਸ਼ਨ ਕਲੱਬ ਨੇੜੇ ਪਏ ਖਾਲੀ ਗਰਾਊਂਡ ਵਿੱਚ ਇੱਕ ਵੱਡੀ ਰੈਲੀ ਵੀ ਕੀਤੀ ਜਾ ਰਹੀ ਹੈ, ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ’ਚ ਆਮ ਆਦਮੀ ਪਾਰਟੀ ਦੇ ਵਰਕਰਾਂ ਤੇ ਆਗੂਆਂ ਦੇ ਜਮਾਵੜੇ ਲਈ ਪ੍ਰਬੰਧ ਕੀਤੇ ਜਾ ਰਹੇ ਹਨ। ਉਂਜ ਇਸ ਰੈਲੀ ਅੰਦਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਮੇਤ ਹੋਰ ਆਗੂ ਸਿਹਤ ਸਹੂਲਤਾਂ ਦੇ ਰਾਹੀਂ ਰਾਜਨੀਤਿਕ ਪਾਰੇ ਨੂੰ ਗਰਮਾਉਣਗੇ ਤੇ ਆ ਰਹੀਆਂ ਲੋਕ ਸਭਾ ਚੋਣਾਂ ਸਮੇਤ ਪੰਜਾਬ ’ਚ ਹੋਣ ਵਾਲੀਆਂ ਵੱਖ-ਵੱਖ ਚੋਣਾਂ ਸਬੰਧੀ ਆਪਣੇ ਪਾਰਟੀ ਵਰਕਰਾਂ ’ਚ ਜੋਸ਼ ਭਰਨਗੇ।

ਇਹ ਵੀ ਪੜ੍ਹੋ : ਪੰਜ ਹਜ਼ਾਰ ਸੋਸ਼ਲ ਮੀਡੀਆ ਸਮੱਗਰੀ ਨਿਰਮਾਤਾਵਾਂ ਨਾਲ ਪ੍ਰਧਾਨ ਮੰਤਰੀ ਦੀ ਗੱਲਬਾਤ

ਇਸ ਰੈਲੀ ਲਈ ਜ਼ਿਲ੍ਹੇ ਦੇ ਵੱਖ-ਵੱਖ ਵਿਧਾਇਕਾਂ ਸਮੇਤ ਹੋਰ ਆਗੂਆਂ ਵੱਲੋਂ ਅੱਡੀ ਚੋਟੀ ਦਾ ਜੋਰ ਲਾਇਆ ਜਾ ਰਿਹਾ ਹੈ। ਪਟਿਆਲਾ ਅੰਦਰ ਦੋਵਾਂ ਮੁੱਖ ਮੰਤਰੀਆਂ ਦੀ ਆਮਦ ਨੂੰ ਲੈ ਕੇ ਲੋਕ ਸਭਾ ਚੋਣਾਂ ਲੜਨ ਦੇ ਚਾਹਵਾਨਾਂ ਸਮੇਤ ਆਪ ਦੇ ਆਗੂਆਂ ਵੱਲੋਂ ਪੋਸਟਰ ਵਾਰ ਦੀ ਸ਼ੁਰੂਆਤ ਵੀ ਕਰ ਦਿੱਤੀ ਹੈ। ।