ਕੈਨੇਡਾ ਤੋਂ ਆਉਂਦੇ ਮਸਰ ਦੀ ਭਾਰਤ ’ਚ ਹਰ ਸਾਲ ਲੱਖਾਂ ਟਨ ਦੀ ਖ਼ਪਤ
ਲੁਧਿਆਣਾ (ਜਸਵੀਰ ਸਿੰਘ ਗਹਿਲ)। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਦਿੱਤੇ ਗਏ ਬਿਆਨ ਤੋਂ ਬਾਅਦ ਭਾਰਤ ਤੇ ਕੈਨੇਡਾ ਵਿਚਕਾਰ ਪੈਦਾ ਹੋਇਆ ਤਣਾਅ (India-Canada Relations) ਘਟਣ ਦੀ ਥਾਂ ਵਧਦਾ ਦਿਖਾਈ ਦੇ ਰਿਹਾ ਹੈ। ਜਿਸ ਦਾ ਅਸਰ ਕੈਨੇਡਾ ਵੱਸਦੇ ਭਾਰਤੀਆਂ ’ਤੇ ਹੀ ਨਹੀਂ ਸਗੋਂ ਭਾਰਤੀਆਂ ਦੀ ਰਸੋਈ ’ਤੇ ਵੀ ਪੈਣ ਦੇ ਆਸਾਰ ਹਨ। ਜਾਣਕਾਰੀ ਮੁਤਾਬਕ ਭਾਰਤ ਤਕਰੀਬਨ 7 ਲੱਖ ਟਨ ਦਾਲਾਂ ਲਈ ਵਿਦੇਸ਼ਾਂ ’ਤੇ ਨਿਰਭਰ ਹੈ ਜਿਸ ਵਿੱਚ ਕੈਨੇਡਾ ਵੀ ਇੱਕ ਵੱਡਾ ਸਪਲਾਇਰ ਹੈ ਜੋ ਭਾਰਤ ਨੂੰ ਕਈ ਤਰ੍ਹਾਂ ਦੀਆਂ ਦਾਲਾਂ ਦੀ ਵੱਡੀ ਖੇਪ ਮੁਹੱਈਆ ਕਰਵਾਉਂਦਾ ਹੈ।
ਦਾਲ ਵਪਾਰੀਆਂ ਮੁਤਾਬਕ ਭਾਰਤ ’ਚ ਕੁੱਲ ਦਾਲਾਂ ਦੀ ਖ਼ਪਤ 23 ਲੱਖ ਟਨ ਹੈ। ਜਦਕਿ ਪੈਦਾਵਾਰ ਲਗਭਗ 16 ਲੱਖ ਟਨ ਦੇ ਕਰੀਬ ਹੈ। ਕੁੱਲ ਮਿਲਾ ਕੇ ਭਾਰਤ 7 ਲੱਖ ਟਨ ਦਾਲਾਂ ਲਈ ਵਿਦੇਸ਼ਾਂ ’ਤੇ ਨਿਰਭਰ ਹੈ ਜਿਨ੍ਹਾਂ ਵਿੱਚ ਮਸਰ, ਕਾਬਲੀ ਛੋਲੇ ਅਤੇ ਚਿੱਟੇ ਮਟਰ ਭਾਰਤ ਨੂੰ ਮੁਹੱਈਆ ਕਰਵਾਉਣ ਵਿੱਚ ਕੈਨੇਡਾ ਆਪਣਾ ਅਹਿਮ ਸਥਾਨ ਰੱਖਦਾ ਹੈ।
India-Canada Relations
ਵਪਾਰੀਆਂ ਦੀ ਮੰਨੀਏ ਤਾਂ ਮਾਰਚ-ਅਪਰੈਲ ਵਿੱਚ ਸ਼ਿਪਮੈਂਟ ਆਉਣੀ ਹੈ ਜਿਸ ਦੀ ਕਨਫਰਮੇਸ਼ਨ ਹੋ ਚੁੱਕੀ ਹੈ। ਜਿਸ ’ਤੇ ਫ਼ਿਲਹਾਲ ਭਾਵੇਂ ਦੋਵਾਂ ਦੇਸ਼ਾਂ ਵਿਚਕਾਰ ਪੈਦਾ ਹੋਈ ਤਲਖ਼ੀ ਦਾ ਕੋਈ ਅਸਰ ਨਹੀਂ ਪਵੇਗਾ ਪਰ ਜੇਕਰ ਵਿਵਾਦ ਬਰਕਰਾਰ ਰਿਹਾ ਤਾਂ ਭਵਿੱਖ ’ਚ ਦਾਲਾਂ ਦੀਆਂ ਕੀਮਤਾਂ ’ਚ ਉਛਾਲ ਆ ਸਕਦਾ ਹੈ। ਵਪਾਰੀਆਂ ਮੁਤਾਬਕ ਹਾਲ ਹੀ ’ਚ ਕੈਨੇਡਾ ਤੋਂ ਆਉਂਦੀ ਮਸਰ ਦੀ ਦਾਲ ਦੇ ਭਾਅ ’ਚ 1 ਰੁਪਏ ਤੋਂ ਲੈ ਕੇ ਡੇਢ ਰੁਪਏ ਪ੍ਰਤੀ ਕਿੱਲੋ ਦਾ ਵਾਧਾ ਹੋਇਆ ਹੈ।
ਜਾਣਕਾਰੀ ਅਨੁਸਾਰ 2022- 23 ਵਿੱਚ ਭਾਰਤ ਨੇ 3,012 ਕਰੋੜ ਰੁਪਏ ਦੇ ਕਰੀਬ ਕੀਮਤ ਦੀ 4.85 ਲੱਖ ਟਨ ਦੀ ਵੱਡੀ ਖੇਪ ਕੈਨੇਡਾ ਤੋਂ ਮੰਗਵਾਈ ਸੀ। ਇਸ ਤੋਂ ਇਲਾਵਾ ਜੂਨ ਮਹੀਨੇ ’ਚ ਵੀ ਭਾਰਤ ਦੁਆਰਾ ਕੈਨੇਡਾ ਪਾਸੋਂ ਲਗਭਗ 1 ਲੱਖ ਟਨ ਮਸਰ ਦੀ ਦਾਲ ਮੰਗਵਾਈ ਗਈ ਹੈ। ਜਿਸ ਦੀ ਹੋਲਸੇਲ ’ਚ ਕੀਮਤ (ਕੁਆਲਿਟੀ ਦੇ ਮੁਤਾਬਕ) 75 ਰੁਪਏ ਤੋਂ ਲੈ ਕੇ 92 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਹੈ ਪਰ ਇਹੀ ਮਸਰ ਪ੍ਰਚੂਨ ਦੀ ਦੁਕਾਨ ’ਤੇ 100 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਵਿਕ ਰਿਹਾ ਹੈ। ਦੋਵਾਂ ਮੁਲਕਾਂ ’ਚ ਪੈਦਾ ਹੋਏ ਕੂਟਨੀਤਿਕ ਵਿਵਾਦ ਦੇ ਜਾਰੀ ਰਹਿਣ ਨਾਲ ਦਾਲਾਂ ਦੇ ਭਾਅ ਚੜ੍ਹ ਸਕਦੇ ਹਨ। ਜਿਸ ਦਾ ਜ਼ਿਆਦਾ ਅਸਰ ਆਮ ਲੋਕਾਂ ’ਤੇ ਪਵੇਗਾ।
‘… ਤਾਂ ਪੈ ਸਕਦੈ ਅਸਰ’ | India-Canada Relations
ਲੁਧਿਆਣਾ ਦਾਲ ਬਜ਼ਾਰ ਐਸੋਸੀਏਸ਼ਨ ਦੇ ਪ੍ਰਧਾਨ ਪਿ੍ਰਤਪਾਲ ਸਿੰਘ ਦਾ ਕਹਿਣਾ ਹੈ ਕਿ ਭਾਰਤ ਮਸਰ ਦੀ ਦਾਲ ਕੈਨੇਡਾ ਤੋਂ ਲੈਂਦਾ ਹੈ। ਉਨ੍ਹਾਂ ਕਿਹਾ ਕਿ ਮਾਰਚ-ਅਪਰੈਲ ’ਚ ਕੈਨੇਡਾ ਤੋਂ ਦਾਲ ਦੀ ਸ਼ਿਪਮੈਂਟ ਆਉਣੀ ਹੈ, ਜੇਕਰ ਮੰਗ ਵਧੀ ਤੇ ਸਰਕਾਰ ਬਰਾਮਦ-ਦਰਾਮਦ ਵਿੱਚ ਡਿਊਟੀ ਕਰ ਵਧਾ ਦਿੰਦੀ ਹੈ ਤਾਂ ਦਾਲ ਦੀਆਂ ਕੀਮਤਾਂ ’ਤੇ ਥੋੜ੍ਹਾ-ਬਹੁਤਾ ਅਸਰ ਦੇਖਣ ਨੂੰ ਮਿਲ ਸਕਦਾ ਹੈ।
‘ਫ਼ਿਲਹਾਲ 1.2 ਰੁਪਏ ਦੀ ਤੇਜੀ’
ਦਸਮੇਸ਼ ਦਾਲ ਟਰੇਡਿੰਗ ਦੇ ਨਰਿੰਦਰ ਸਿੰਘ ਨੇ ਕਿਹਾ ਕਿ ਕੈਨੇਡਾ ਭਾਰਤ ਨੂੰ ਮਸਰ ਦੀ ਦਾਲ ਸਪਲਾਈ ਕਰਦਾ ਹੈ। ਜੇਕਰ ਦੋਵਾਂ ਮੁਲਕਾਂ ਵਿਚਕਾਰ ਤਲਖ਼ੀ ਦਾ ਮਾਹੌਲ ਬਰਕਰਾਰ ਰਹਿੰਦਾ ਹੈ ਤਾਂ ਸੰਭਵ ਹੈ ਕਿ ਮਸਰ ਦੇ ਭਾਅ ’ਚ ਵਾਧਾ ਹੋ ਸਕਦਾ ਹੈ। ਫ਼ਿਲਹਾਲ 1.2 ਰੁਪਏ ਦੀ ਤੇਜੀ ਵੀ ਮਸੂਰ ਦੀ ਦਾਲ ’ਚ ਦਰਜ਼ ਕੀਤੀ ਗਈ ਹੈ।