‘ਮੈਂ ਇਸੇ ਦੇਸ਼ ’ਚ ਜਨਮ ਲੈਣਾ ਚਾਹੁੰਦਾ ਹਾਂ’

ਜਨਮ ਦਿਨ ’ਤੇ ਵਿਸ਼ੇਸ਼ | Shaheed Bhagat Singh

ਮਾਰਚ 2011 ਦੀ ਸਵੇਰ ਸੀ। ਅਸੀਂ ਇੱਕ ਬੱਸ ਵਿਚ ਸਵਾਰ ਹੋ ਕੇ ਮੇਰੇ ਪਿੰਡ ਸੰਗਤ ਕਲਾਂ ਤੋਂ ਪਿੰਡ ਖਟਕੜ ਕਲਾਂ ਵੱਲ ਕੂਚ ਕੀਤਾ। ਇਹ ਵੀ ਇੱਤਫਾਕ ਹੈ ਕਿ ਇਹ ਦੋਹਾਂ ਪਿੰਡਾਂ ਦੇ ਨਾਵਾਂ ਨਾਲ ਕਲਾਂ ਲਿਖਿਆ ਜਾਂਦਾ ਹੈ। ਖੁਰਦ ਅਤੇ ਕਲਾਂ ਫਾਰਸੀ ਭਾਸ਼ਾ ਦੇ ਸ਼ਬਦ ਹਨ ਜਿਸ ਦਾ ਅਰਥ ਕ੍ਰਮਵਾਰ ਛੋਟਾ ਅਤੇ ਵੱਡਾ ਹੈ, ਜਦੋਂ ਦੋ ਪਿੰਡਾਂ ਦੇ ਇੱਕੋ ਨਾਂਅ ਹੋਣ ਤਾਂ ਇਹਨਾਂ ਪਿੰਡਾਂ ਨੂੰ ਵੱਖਰਾ ਦਰਸਾਉਣ ਲਈ ਵੱਖਰਾ-ਵੱਖਰਾ ਲਿਖਿਆ ਜਾਂਦਾ ਹੈ ਜਿਵੇਂ ਕਿ ਪਿੰਡ ਦੇ ਨਾਂਅ ਨਾਲ ਕਲਾਂ ਦਾ ਮਤਲਬ ਵੱਡਾ ਅਤੇ ਖੁਰਦ ਦਾ ਮਤਲਬ ਛੋਟਾ ਹੁੰਦਾ ਹੈ। ਬੱਸ ਵਿਚ ਸਵਾਰ ਬਹੁਤੇ ਸਾਥੀਆਂ ਦੇ ਬਸੰਤੀ ਰੰਗ ਦੀਆਂ ਪੱਗਾਂ ਸਜਾਈਆਂ ਹੋਈਆਂ ਸਨ। (Shaheed Bhagat Singh)

ਉਸ ਦਿਨ ਖਟਕੜ ਕਲਾਂ ਵਿਚ ਲੱਖਾਂ ਲੋਕਾਂ ਦਾ ਇਕੱਠ ਹੋਇਆ ਸੀ

ਸਾਰੇ ਸਾਥੀਆਂ ਦੇ ਅੰਦਰ ਇੱਕ ਨਵੀਂ ਤਾਂਘ ਸੀ, ਉਹ ਪੰਜਾਬ ਲਈ ਇੱਕ ਨਵੀਂ ਰਾਜਨੀਤਿਕ ਪਾਰਟੀ ਦੇ ਗਠਨ ਸਮਾਗਮ ਵਿਚ ਹਿੱਸਾ ਲੈਣ ਜਾ ਰਹੇ ਸੀ। ਉਸ ਦਿਨ ਖਟਕੜ ਕਲਾਂ ਵਿਚ ਲੱਖਾਂ ਲੋਕਾਂ ਦਾ ਇਕੱਠ ਹੋਇਆ ਸੀ, ਉਹ ਦਿਨ ਮੈਨੂੰ ਆਪਣੀ ਜ਼ਿੰਦਗੀ ਵਿੱਚ ਹਮੇਸ਼ਾ ਯਾਦ ਰਹੇਗਾ ਅਤੇ ਉਸ ਸਮਾਗਮ ਨੂੰ ਵੀ ਇਤਿਹਾਸ ਦੇ ਪੰਨਿਆਂ ਵਿਚ ਯਾਦ ਰੱਖਿਆ ਜਾਵੇਗਾ। ਖਟਕੜ ਕਲਾਂ ਵਿਖੇ ਭਗਤ ਸਿੰਘ ਦੀ ਯਾਦ ਵਿਚ ਇੱਕ ਮਿਊਜ਼ੀਅਮ ਵੀ ਸਥਾਪਿਤ ਕੀਤਾ ਗਿਆ ਹੈ ਜੋ ਭਗਤ ਸਿੰਘ ਦੀ ਜ਼ਿੰਦਗੀ ’ਤੇ ਚਾਨਣਾ ਪਾਉਂਦਾ ਹੈ। ਖਟਕੜ ਕਲਾਂ ਵਿੱਖੇ ਭਗਤ ਸਿੰਘ ਦੇ ਜਨਮ ਅਤੇ ਸ਼ਹਾਦਤ ਦਿਵਸ ’ਤੇ ਵੱਖ-ਵੱਖ ਰਾਜਨੀਤਿਕ, ਸਮਾਜਿਕ, ਸਰਕਾਰੀ, ਗੈਰ-ਸਰਕਾਰੀ ਪ੍ਰੋਗਰਾਮ ਕਰਵਾਏ ਜਾਂਦੇ ਹਨ।

ਇਹ ਵੀ ਪੜ੍ਹੋ : ਜਾਨਵਰ ਦੇ ਕੱਟਣ ਨੂੰ ਅਣਦੇਖਿਆ ਨਾ ਕਰੋ

ਭਾਰਤ ਦੇ ਸੁਤੰਤਰਤਾ ਸੰਗਰਾਮ ਨਾਲ ਅਟੁੱਟ ਸਬੰਧ ਰੱਖਣ ਵਾਲਾ ਪੰਜਾਬ ਦਾ ਪਿੰਡ ਖਟਕੜ ਕਲਾਂ ਹਮੇਸ਼ਾ ਭਗਤ ਸਿੰਘ ਨਾਲ ਉਨ੍ਹਾਂ ਦੇ ਜੱਦੀ ਸਥਾਨ ਵਜੋਂ ਜੁੜਿਆ ਰਹੇਗਾ। ਪਰ ਅਜ਼ਾਦੀ ਘੁਲਾਟੀਏ ਦਾ ਜਨਮ ਇਸ ਪਿੰਡ ਵਿੱਚ ਨਹੀਂ ਹੋਇਆ ਅਤੇ ਨਾ ਹੀ ਕਦੇ ਉੱਥੇ ਰਿਹਾ। ਭਗਤ ਸਿੰਘ ਦਾ ਜਨਮ 28 ਸਤੰਬਰ, 1907 ਨੂੰ ਲਾਇਲਪੁਰ ਜ਼ਿਲ੍ਹੇ ਦੇ ਪਿੰਡ ਬੰਗਾ ਵਿੱਚ ਹੋਇਆ ਸੀ, ਜੋ ਹੁਣ ਪੰਜਾਬ, ਪਾਕਿਸਤਾਨ ਦੇ ਵਿੱਚ ਹੈ। ਪੰਜਾਬ ਦੀ ਭਟਕੀ ਨੌਜਵਾਨੀ ਨੂੰ ਇੱਕ ਵਾਰ ਫੇਰ ਭਗਤ ਸਿੰਘ ਤੋਂ ਸੇਧ ਲੈਣ ਦੀ ਲੋੜ ਹੈ, ਆਓ! ਅੱਜ ਦੇ ਦਿਨ ਉਸ ਮਹਾਨ ਸਪੂਤ ਨੂੰ ਉਸ ਦੀ ਦਿ੍ਰੜਤਾ, ਦਲੇਰੀ ਅਤੇ ਦੇਸ਼ ਪ੍ਰੇਮ ਲਈ ਯਾਦ ਕਰੀਏ ਭਗਤ ਸਿੰਘ ਅੱਜ ਵੀ ਅਤੇ ਸੰਘਰਸ਼ ਦੇ ਦਿਨਾਂ ਦੌਰਾਨ ਨੌਜਵਾਨਾਂ ਲਈ ਖਿੱਚ ਦਾ ਪ੍ਰਤੀਕ ਸੀ। (Shaheed Bhagat Singh)

ਉਸ ’ਤੇ ਚੱਲ ਰਹੇ ਕੇਸ ਅਤੇ ਪੇਸ਼ੀ ਦੇ ਦਿਨਾਂ ਦੌਰਾਨ, ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀ, ਆਪਣੇ ਨਾਇਕ ਦੀ ਝਲਕ ਪਾਉਣ ਲਈ ਅਦਾਲਤ ਦੇ ਬਾਹਰ ਇੰਤਜ਼ਾਰ ਕਰਦੇ ਸਨ। ਨੌਜਵਾਨ ਭਗਤ ਸਿੰਘ ਨੂੰ ਦੇਖਦੇ ਹੀ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਸ਼ੁਰੂ ਕਰ ਦਿੰਦੇ ਸਨ। ਕ੍ਰਾਂਤੀਕਾਰੀ ਉਰਦੂ ਸ਼ਾਇਰ ਫੈਜ ਅਹਿਮਦ ਫੈਜ ਉਹਨਾਂ ਕੁਝ ਲੋਕਾਂ ਵਿੱਚੋਂ ਸਨ ਜਿਨ੍ਹਾਂ ਨੇ ਉਹ ਦਿ੍ਰਸ਼ ਦੇਖਿਆ ਸੀ ਜਦੋਂ ਸਾਂਡਰਸ ਨੂੰ ਭਗਤ ਅਤੇ ਉਸ ਦੇ ਸਾਥੀਆਂ ਦੁਆਰਾ ਮਾਰਿਆ ਗਿਆ ਸੀ। ਫੈਜ ਅਹਿਮਦ ਫੈਜ ਨੇ ਭਗਤ ਸਿੰਘ ਦੇ ਬਹਾਦਰੀ ਭਰੇ ਕਾਰਨਾਮਿਆਂ ਤੋਂ ਪ੍ਰੇਰਿਤ ਹੋ ਕੇ ਲਿਖੀਆਂ ਇਹ ਸਤਰਾਂ ਅੱਜ ਵੀ ਆਪਣੇ ਲੂੰ ਕੰਡੇ ਖੜ੍ਹੇ ਕਰ ਦਿੰਦੀਆਂ ਹਨ:-

ਜਿਸ ਧਜ ਸੇ ਕੋਈ ਮਕਤਲ ਮੇਂ ਗਿਆ, ਵੋ ਸ਼ਾਨ ਸਲਾਮਤ ਰਹਿਤੀ ਹੈ,
ਯੇ ਜਾਨ ਤੋ ਆਨੀ ਜਾਨੀ ਹੈ, ਇਸ ਜਾਨ ਕੀ ਕੋਈ ਬਾਤ ਨਹੀਂ।

ਭਗਤ ਸਿੰਘ ਆਪਣੀ ਸ਼ਹਾਦਤ ਲਈ ਇੰਨਾ ਬਹਾਦਰ ਅਤੇ ਅਡੋਲ ਸੀ। ਇੱਕ ਵਾਰ ਜਦੋਂ ਭਗਤ ਸਿੰਘ ਜੇਲ੍ਹ ਦੀਆਂ ਕੋਠੜੀਆਂ ਅੱਗੋਂ ਲੰਘ ਰਿਹਾ ਸੀ, ਤਾਂ ਪੰਜਾਬ ਕਾਂਗਰਸ ਦੇ ਨੇਤਾ, ਭੀਮਸੇਨ ਸੱਚਰ ਨੇ ਭਗਤ ਸਿੰਘ ਨੂੰ ਪੁੱਛਿਆ ਕਿ ਲਾਹੌਰ ਸਾਜਿਸ਼ ਕੇਸ ਦੌਰਾਨ ਉਸ ਦੇ ਸਾਥੀਆਂ ਅਤੇ ਉਸ ਨੇ ਆਪਣਾ ਬਚਾਅ ਕਿਉਂ ਨਹੀਂ ਕੀਤਾ? ਭਗਤ ਸਿੰਘ ਨੇ ਜੁਆਬ ਵਿੱਚ ਕਿਹਾ, ‘‘ਕ੍ਰਾਂਤੀਕਾਰੀਆਂ ਨੇ ਮਰਨਾ ਹੈ, ਕਿਉਂਕਿ ਉਹ ਜਿਸ ਕਾਰਜ ਦੀ ਪ੍ਰਤੀਨਿਧਤਾ ਕਰਦੇ ਹਨ, ਉਹ ਕੁਰਬਾਨੀ ਨਾਲ ਮਜ਼ਬੂਤ ਹੁੰਦਾ ਹੈ, ਅਦਾਲਤ ਵਿਚ ਅਪੀਲ ਨਾਲ ਨਹੀਂ।’’ ਭਗਤ ਸਿੰਘ ਅਤੇ ਉਸਦੇ ਸਾਥੀਆਂ ਨੂੰ ਫਾਂਸੀ ਦਿੱਤੇ ਜਾਣ ਤੋਂ ਬਾਅਦ, ਜੇਲ੍ਹ ਵਾਰਡਨ ਚੜ੍ਹਤ ਸਿੰਘ ਆਪਣੇ-ਆਪ ਨੂੰ ਹੌਲੀ-ਹੌਲੀ ਆਪਣੇ ਕਮਰੇ ਵਿੱਚ ਵਾਪਸ ਲੈ ਆਇਆ ਅਤੇ ਰੋਣ ਲੱਗ ਪਿਆ। (Shaheed Bhagat Singh)

ਇਹ ਵੀ ਪੜ੍ਹੋ : ਮੁੱਖ ਮੰਤਰੀ ਚਿਹਰੇ ’ਤੇ ਦੁਵਿਧਾ

ਆਪਣੀ ਤੀਹ ਸਾਲਾਂ ਦੀ ਸੇਵਾ ਵਿੱਚ ਉਸ ਨੇ ਕਈ ਫਾਂਸੀਆਂ ਦੇ ਰੱਸੇ ’ਤੇ ਚੜ੍ਹਦੇ ਵੇਖੇ ਪਰ ਕਦੇ ਕਿਸੇ ਨੂੰ ਭਗਤ ਸਿੰਘ ਅਤੇ ਉਸਦੇ ਸਾਥੀਆਂ ਜਿੰਨੀ ਦਲੇਰੀ ਨਾਲ ਫਾਂਸੀ ’ਤੇ ਚੜ੍ਹਦਿਆਂ ਨਹੀਂ ਦੇਖਿਆ। ਦੇਸ਼ ਦੇ ਤਿੰਨ ਉੱਤਮ ਅਤੇ ਬਹਾਦਰ ਨੌਜਵਾਨਾਂ ਦੀਆਂ ਜ਼ਿੰਦਗੀਆਂ ਬਿ੍ਰਟਿਸ਼ ਸਾਮਰਾਜੀਆਂ ਨੇ ਬੇਰਹਿਮੀ ਨਾਲ ਖ਼ਤਮ ਕਰ ਦਿੱਤੀਆਂ ਸਨ। ਫਾਂਸੀ ਤੋਂ ਦੋ ਘੰਟੇ ਪਹਿਲਾਂ ਉਸ ਦਾ ਵਕੀਲ ਭਗਤ ਸਿੰਘ ਨੂੰ ਮਿਲਣ ਆਖਰੀ ਮੁਲਾਕਾਤ ਕਰਨ ਆਇਆ। ਜਦੋਂ ਪ੍ਰਾਣ ਨਾਥ ਮਹਿਤਾ (ਵਕੀਲ) ਨੇ ਉਸ ਨੂੰ ਪੁੱਛਿਆ ਕਿ, ਕੀ ਉਨ੍ਹਾਂ ਕੋਲ ਰਾਸ਼ਟਰ ਲਈ ਕੋਈ ਸੰਦੇਸ਼ ਹੈ ਜਾਂ ਉਹ ਹੋਰ ਕੋਈ ਚੀਜ਼ ਚਾਹੁੰਦਾ ਹੈ, ਤਾਂ ਕਿਤਾਬ ਤੋਂ ਅੱਖਾਂ ਹਟਾਏ ਬਿਨਾਂ ਭਗਤ ਸਿੰਘ ਨੇ ਕਿਹਾ, ‘‘ਹਾਂ, ਮੈਂ ਇਸੇ ਦੇਸ਼ ਵਿਚ ਦੁਬਾਰਾ ਜਨਮ ਲੈਣਾ ਚਾਹੁੰਦਾ ਹਾਂ ਤਾਂ ਕਿ ਮੈਂ ਦੁਬਾਰਾ ਦੇਸ਼ ਦੀ ਸੇਵਾ ਕਰ ਸਕਾਂ।’’ (Shaheed Bhagat Singh)

ਇਹ ਵੀ ਪੜ੍ਹੋ : 28 ਸਤੰਬਰ ਨੂੰ ਇਸ ਜ਼ਿਲ੍ਹੇ ’ਚ ਰਹੇਗੀ ਛੁੱਟੀ 

ਭਗਤ ਸਿੰਘ ਨੇ ਇੱਕ ਅਜਿਹੇ ਰਾਸ਼ਟਰ ਦੇ ਰੂਪ ਵਿੱਚ ਭਾਰਤ ਦਾ ਸੁਪਨਾ ਲਿਆ ਸੀ ਜਿਸ ਵਿੱਚ ਸਭ ਲਈ ਸਮਾਜਿਕ, ਰਾਜਨੀਤਿਕ, ਆਰਥਿਕ ਨਿਆਂ ਹੋਵੇਗਾ। ਭਾਗਾਂਵਾਲੇ ਨੇ ਇਸ ਦਿਨ ਜਨਮ ਲਿਆ ਤੇ ਉਹ 23 ਸਾਲ ਦੀ ਉਮਰੇ ਸ਼ਹੀਦ ਹੋ ਗਿਆ। ਉਹ ਵੀ ਸਮੇਂ ਸਨ ਜਦ 22-22, 23-23 ਸਾਲ ਦੇ ਸੂਰਮੇ ਦੇਸ਼ ਲਈ ਹੱਸ-ਹੱਸ ਕੇ ਸੂਲੀ ਚੜ੍ਹ ਰਹੇ ਸਨ, ਪਰ ਅਫਸੋਸ ਅੱਜ ਇਸੇ ਉਮਰ ਦੇ ਨੌਜਵਾਨ ਸਿਰਿੰਜਾਂ (ਟੀਕੇ) ਲਾ-ਲਾ ਕੇ ਖ਼ਤਮ ਹੋ ਰਹੇ ਹਨ। ਉਹ ਵੀ ਦਿਨ ਸਨ ਜਦ ਅਖਬਾਰਾਂ ਵਿਚ ਨੌਜਵਾਨਾਂ ਦੇ ਬਹਾਦਰੀ ਦੇ ਕਰਨਾਮਿਆਂ ਦੀਆਂ ਤਕਰੀਰਾਂ ਛਪਦੀਆਂ ਸਨ। ਪਰ ਅਫਸੋਸ ਅੱਜ-ਕੱਲ੍ਹ ਨੌਜਵਾਨਾਂ ਦੀਆਂ ਟੀਕਿਆਂ ਨਾਲ ਤਕਰੀਰਾਂ ਛਪਦੀਆਂ ਹਨ। ਵੀਰੋ! ਦੇਸ਼ ਨੂੰ, ਤੁਹਾਡੇ ਮਾਂ-ਬਾਪ ਨੂੰ ਤੁਹਾਡੀ ਲੋੜ ਹੈ ਇਹਨਾਂ ਸਿਰਿੰਜਾਂ (ਟੀਕਿਆਂ) ਤੋਂ ਪਿੱਛਾ ਛੁਡਵਾਓ ਅਤੇ ਨੌਜਵਾਨਾਂ ਨੂੰ ਨਸ਼ੇ ਵਿਰੁੱਧ ਪ੍ਰੇਰਿਤ ਕਰੋ। (Shaheed Bhagat Singh)

ਇਹ ਵੀ ਪੜ੍ਹੋ : ਹੈਰੋਇਨ ਤਸਕਰੀ ਮਾਮਲੇ ’ਚ ਪਤੀ-ਪਤਨੀ ਨੂੰ 20-20 ਸਾਲ ਦੀ ਕੈਦ ਤੇ ਜ਼ੁਰਮਾਨਾ