ਤੀਜਾ ਮੁਕਾਬਲਾ ਅੱਜ ਗੁਜਰਾਤ ਦੇ ਰਾਜਕੋਟ ਸਟੇਡੀਅਮ ’ਚ | IND Vs AUS 3rd ODI
- ਸ਼ੁਭਮਨ ਗਿੱਲ, ਮੁਹੰਮਦ ਸ਼ਮੀ ਅਤੇ ਹਾਰਦਿਕ ਨੂੰ ਇਸ ਮੈਚ ’ਚ ਆਰਾਮ
- ਟਾਸ ਦੁਪਹਿਰ 1:00 ਵਜੇ
ਰਾਜਕੋਟ (ਏਜੰਸੀ)। ਭਾਰਤ ਅਤੇ ਅਸਟਰੇਲੀਆ ਵਿਚਕਾਰ ਤਿੰਨ ਮੈਚਾਂ ਦੀ ਇੱਕਰੋਜ਼ਾ ਲੜੀ ਖੇਡੀ ਜਾ ਰਹੀ ਹੈ। ਜਿਸ ਦਾ ਪਹਿਲਾ ਮੁਕਾਬਲਾ ਮੋਹਾਲੀ ਵਿਖੇ ਅਤੇ ਦੂਜਾ ਮੁਕਾਬਲਾ ਮੱਧ-ਪ੍ਰਦੇਸ਼ ਦੇ ਇੰਦੌਰ ’ਚ ਖੇਡਿਆ ਗਿਆ। ਜੋ ਕਿ ਦੋਵੇਂ ਹੀ ਮੁਕਾਬਲੇ ਭਾਰਤੀ ਟੀਮ ਦੇ ਨਾਂਅ ਰਹੇ ਅਤੇ ਅੱਜ ਲੜੀ ਦਾ ਆਖਿਰੀ ਮੁਕਾਬਲਾ ਗੁਜਰਾਤ ’ਚ ਰਾਜਕੋਟ ਦੇ ਸੌਰਾਸ਼ਟਰ ਕ੍ਰਿਕੇਟ ਐਸੋਸੀਏਸ਼ਨ ਸਟੇਡੀਆਮ ’ਚ ਖੇਡਿਆ ਜਾਵੇਗਾ। ਜਿੱਥੇ ਕਿ ਭਾਰਤੀ ਟੀਮ ਕੋਲ ਪਹਿਲੀ ਵਾਰ ਅਸਟਰੇਲੀਆ ’ਤੇ ਕਲੀਨ ਸਵੀਪ ਕਰਨ ਦਾ ਮੌਕਾ ਰਹੇਗਾ।
ਇਸ ਮੈਚ ਦੀ ਸ਼ੁਰੂਆਤ ਦੁਪਹਿਰ 1:30 ਵਜੇ ਹੋਵੇਗੀ ਅਤੇ ਟਾਸ ਦੁਪਹਿਰ 1:00 ਵਜੇ ਹੋਵੇਗਾ। ਇਸ ਲੜੀ ’ਚ ਭਾਰਤੀ ਟੀਮ ਦਾ ਪ੍ਰਦਰਸ਼ਨ ਬਹੁਤ ਚੰਗਾ ਰਿਹਾ ਹੈ। ਇਸ ਮੈਚ ’ਚ ਭਾਰਤੀ ਟੀਮ ’ਚ ਕੁਝ ਬਦਲਾਅ ਵੇਖਣ ਨੂੰ ਮਿਲਣਗੇ। ਜਿੱਥੇ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਅਤੇ ਹਾਰਦਿਕ ਪਾਂਡਿਆ ਨੂੰ ਆਰਾਮ ਦਿੱਤਾ ਗਿਆ ਹੈ। ਇਸ ਮੈਚ ’ਚ ਕਪਤਾਨ ਰੋਹਿਤ ਸ਼ਰਮਾ ਅਤੇ ਸਾਬਕਾ ਕਪਤਾਨ ਵਿਰਾਟ ਕੋਹਲੀ ਦੀ ਵਾਪਸੀ ਹੋਵੇਗੀ। ਭਾਰਤੀ ਟੀਮ ਦੇ ਚੋਣਕਰਤਾ ਵੱਲੋਂ ਲੜੀ ਦੇ ਪਹਿਲੇ ਦੋ ਮੁਕਾਬਲਿਆਂ ’ਚ ਸੀਨੀਅਰ ਖਿਡਾਰੀਆਂ ਨੂੰ ਆਰਾਮ ਦਿੱਤਾ ਗਿਆ ਸੀ। ਇਸ ਮੈਚ ’ਚ ਸ਼ੁਭਮਨ ਗਿੱਲ, ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ, ਆਲਰਾਉਂਡਰ ਹਾਰਦਿਕ ਪਾਂਡਿਆ ਨਹੀਂ ਖੇਡਣਗੇ।
ਅਸਟਰੇਲੀਆ ’ਚ ਮੈਕਸਵੈਲ ਅਤੇ ਸਟਾਰਕ ਦੀ ਹੋ ਸਕਦੀ ਹੈ ਵਾਪਸੀ
ਅਸਟਰੇਲੀਆ ਟੀਮ ’ਚ ਗਲੇਨ ਮੈਕਸਵੈਲ ਅਤੇ ਮਿਚੇਲ ਸਟਾਰਕ ਤੀਜੇ ਇੱਕਰੋਜ਼ਾ ਮੈਚ ’ਚ ਵਾਪਸੀ ਕਰ ਸਕਦੇ ਹਨ। ਮਿਚੇਲ ਸਟਾਰਕ ਗੋਢੇ ਦੀ ਸੱਟ ਨਾਲ ਜੂਝ ਰਹੇ ਸਨ। ਮੈਕਸਵੈਲ ਵੀ ਜ਼ਖਮੀ ਸਨ। ਇਸ ਸਾਲ ’ਚ ਅਸਟਰੇਲੀਆ ਵੱਲੋਂ ਲਾਬੁਸ਼ੇਨ ਨੇ ਸਭ ਤੋਂ ਜ਼ਿਆਦਾ ਦੌੜਾਂ ਬਣਾਈਆਂ ਹਨ। ਗੇਂਦਬਾਜ਼ੀ ’ਚ ਸਪਿਨਰ ਐਡਮ ਜੰਪਾ ਨੇ ਸਭ ਤੋਂ ਜ਼ਿਆਦਾ ਵਿਕਟਾਂ ਲਈਆਂ ਹਨ।