(ਜਸਵੀਰ ਸਿੰਘ ਗਹਿਲ) ਲੁਧਿਆਣਾ। ਆਪਣੇ ਖਿਲਾਫ਼ ਚੱਲਦੇ ਇੱਕ ਕੇਸ ਦੇ ਗਵਾਹ ਨੂੰ ਅਗਵਾ ਕਰਨ ਦੇ ਦੋਸ਼ ਹੇਠ ਥਾਣਾ ਸਾਹਨੇਵਾਲ ਦੀ ਪੁਲਿਸ ਨੇ ਯੂਥ ਕਾਂਗਰਸੀ ਆਗੂ ਸਰਵੋਤਮ ਸਿੰਘ ਉਰਫ਼ ਲੱਕੀ ਸੰਧੂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਥਾਣਾ ਸਾਹਨੇਵਾਲ ਦੀ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਹਰਜੀਤ ਸਿੰਘ ਵਾਸੀ ਸਾਹਨੇਵਾਲ ਨੇ ਦੱਸਿਆ ਕਿ ਉਹ ਆਪਣੇ ਜਾਣਕਾਰ ਬੱਲਲਜੀਤ ਸਿੰਘ ਨਾਲ ਉਸਦੀ ਬਲੈਰੋ ਗੱਡੀ ਵਿੱਚ ਸਵਾਰ ਹੋ ਕੇ ਜਾ ਰਿਹਾ ਸੀ। (Lucky Sandhu Arrested)
ਦੋਵੇਂ ਜਿਵੇਂ ਹੀ ਭਰਾਵਾਂ ਦੇ ਢਾਬੇ ਦੇ ਲਾਗੇ ਪਹੁੰਚੇ ਤਾਂ ਢਾਬੇ ਦੇ ਮਾਲਕ ਸਰਵੋਤਮ ਸਿੰਘ ਉਰਫ਼ ਲੱਕੀ ਸੰਧੂ ਅਤੇ ਹੋਰ ਵਿਅਕਤੀ ਉਸ ਨੂੰ ਜਬਰਦਸਤੀ ਗੱਡੀ ’ਚੋਂ ਉਤਾਰ ਚੁੱਕ ਕੇ ਢਾਬੇ ਦੇ ਅੰਦਰ ਲੈ ਗਏ। ਹਰਜੀਤ ਸਿੰਘ ਮੁਤਾਬਕ ਢਾਬੇ ਅੰਦਰ ਸਰਵੋਤਮ ਸਿੰਘ ਅਤੇ ਬਾਕੀ ਮੁਲਜ਼ਮਾਂ ਨੇ ਉਸਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਅਦਾਲਤ ਵਿੱਚ ਗੁਰਵੀਰ ਸਿੰਘ ਗਰਚਾ ਅਤੇ ਸਰਬੋਤਮ ਸਿੰਘ ਦੇ ਵਿਚਕਾਰ ਚੱਲ ਰਹੇ ਕੇਸ ਦੀ ਗਵਾਹੀ ਤੋਂ ਮੁੱਕਰ ਜਾਣ ਦੀਆਂ ਧਮਕੀਆਂ ਦਿੱਤੀਆਂ।
ਇਹ ਵੀ ਪੜ੍ਹੋ : ਕਿਸਾਨ ਚਿੰਤਾ ਨਾ ਕਰਨ, ਮੀਂਹ ਝੋਨੇ ਦੀ ਫ਼ਸਲ ਲਈ ਰਹੇਗਾ ਲਾਹੇਵੰਦ
ਇੰਨਾਂ ਹੀ ਨਹੀਂ ਸਰਵੋਤਮ ਸਿੰਘ ਨੇ ਉਸਦੀ ਗਰਦਨ ’ਤੇ ਪਿਸਤੋਲ ਰੱਖ ਕੇ ਉਸ ਪਾਸੋਂ ਮੋਬਾਈਲ ਖੋਹ ਕਰਦਿਆਂ ਕੁੱਟਮਾਰ ਕਰਕੇ ਛੱਡ ਦਿੱਤਾ। ਥਾਣੇਦਾਰ ਹਰਮੀਤ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਹਰਜੀਤ ਸਿੰਘ ਦੀ ਸ਼ਿਕਾਇਤ ’ਤੇ ਸਰਵੋਤਮ ਸਿੰਘ ਵਾਸੀ ਮਾਲਕ ਭਰਾਵਾਂ ਦਾ ਢਾਬਾ ਸਾਹਨੇਵਾਲ ਅਤੇ 10-12 ਅਣਪਛਾਤਿਆਂ ਖਿਲਾਫ਼ ਮਾਮਲਾ ਦਰਜ਼ ਕਰਦਿਆਂ ਸਰਵੋਤਮ ਸਿੰਘ ਨੂੰ ਗਿ੍ਰਫ਼ਤਾਰ ਕਰ ਲਿਆ ਹੈ। ਇਸ ਤੋਂ ਇਲਾਵਾ ਬਾਕੀਆਂ ਦੀ ਤਲਾਸ਼ ਵੀ ਜਾਰੀ ਹੈ।