ਗੋਦਾਮ ਬਿਲਡਿੰਗ ਤੇ ਆਸ-ਪਾਸ ਕੋਈ ਘਰ ਨਹੀਂ ਹੈ : ਮਾਲਕ
ਕਿਹਾ, ਗੋਦਾਮ ਬਣਾਉਣ ਤੋਂ ਪਹਿਲਾਂ ਸਾਡੇ ਕੋਲੋਂ ਸਹਿਮਤੀ ਨਹੀਂ ਲਈ ਗਈ
ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਸਥਾਨਕ ਸ਼ਹਿਰ ਤੋਂ ਚੱਠੇ ਉੱਪਲੀ ਰੋਡ ‘ਤੇ ਨਵੇ ਬਣੇ ਪਟਾਕਿਆਂ ਦੇ ਗੋਦਾਮ ਦੇ ਵਿਰੋਧ ਵਿੱਚ ਲੋਕਾਂ ਨੇ ਪ੍ਰਸ਼ਾਸਨ ਅਤੇ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਮੌਕੇ ’ਤੇ ਮੌਜੂਦ ਲੋਕਾਂ ਦਾ ਕਹਿਣਾ ਸੀ ਕਿ ਉਹਨਾਂ ਦੇ ਰਿਹਾਇਸ਼ੀ ਮਕਾਨਾਂ ਤੋਂ ਕਰੀਬ ਕਿੱਲੋ ਡੇਢ ਕਿਲੋਮੀਟਰ ਦੇ ਫ਼ਾਸਲੇ ‘ਤੇ ਹੀ ਇਹ ਪਟਾਕਿਆਂ ਦਾ ਗੋਦਾਮ (Firecrackers Warehouse) ਬਣਿਆ ਹੈ ਅਤੇ ਇਸ ਗੋਦਾਮ ਨੂੰ ਬਣਾਉਣ ਤੋਂ ਪਹਿਲਾਂ ਉਨ੍ਹਾਂ ਕੋਲੋਂ ਸਹਿਮਤੀ ਨਹੀਂ ਲਈ ਗਈ।
ਉਹਨਾਂ ਕਿਹਾ ਕਿ ਇਹ ਪਟਾਕਿਆਂ ਦਾ ਗੋਦਾਮ ਬਹੁਤ ਖ਼ਤਰਨਾਕ ਸਿੱਧ ਹੋ ਸਕਦਾ ਹੈ। ਉਹਨਾਂ ਕਿਹਾ ਕਿ ਪਹਿਲਾਂ ਇਹ ਗੋਦਾਮ ਸ਼ਹਿਰ ਦੇ ਨੀਲੋਵਾਲ ਰੋਡ ‘ਤੇ ਹੁੰਦਾ ਸੀ ਅਤੇ ਉਥੇ ਵੱਡਾ ਹਾਦਸਾ ਵਾਪਰ ਚੁਕਿਆ ਹੈ। ਜਿਸ ਵਿੱਚ ਜਾਨੀ ਨੁਕਸਾਨ ਵੀ ਹੋਇਆ ਸੀ। ਹੁਣ ਉਹ ਨਹੀਂ ਚਾਹੁੰਦੇ ਕਿ ਉਸ ਤਰ੍ਹਾਂ ਦਾ ਹੀ ਹਾਦਸਾ ਇੱਥੇ ਵੀਂ ਵਾਪਰੇ ਇਸ ਲਈ ਉਹ ਸਰਕਾਰ ਅਤੇ ਪ੍ਰਸ਼ਾਸ਼ਨ ਤੋਂ ਮੰਗ ਕਰਦੇ ਹਨ ਕਿ ਇਸ ਗੁਦਾਮ ਨੂੰ ਬੰਦ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਇਹ ਗੁਦਾਮ ਬੰਦ ਨਹੀਂ ਹੁੰਦਾ। ਤਾਂ ਉਹ ਅੱਗੇ ਸੰਘਰਸ਼ ਕਰਨ ਲਈ ਮਜ਼ਬੂਰ ਹੋਣਗੇ।
ਦੂਜੇ ਪਾਸੇ ਇਸ ਸੰਬੰਧ ਵਿਚ ਰਾਜ ਕੁਮਾਰ ਰਾਜੂ ਨਾਗਪਾਲ ਨੇ ਕਿਹਾ ਕਿ ਉਨ੍ਹਾਂ ਕੋਲ ਭਾਰਤ ਸਰਕਾਰ ਤੋਂ ਮਨਜ਼ੂਰਰਸ਼ੁਦਾ ਲਾਇਸੈਂਸ ਹੈ ਜੋ ਕਿ ਉਨ੍ਹਾਂ ਦੀ ਪਤਨੀ ਰੇਖਾ ਰਾਣੀ ਦੇ ਨਾਂਅ ਉੱਤੇ ਰਜਿਸਟਰਡ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਗੋਦਾਮ ਬਿਲਡਿੰਗ ਤੇ ਆਸ-ਪਾਸ ਕੋਈ ਘਰ ਨਹੀਂ ਹੈ ਅਤੇ ਉਹਨਾਂ ਵੱਲੋਂ ਪ੍ਰਸ਼ਾਸਨ ਦੇ ਜੋ ਸਬੰਧਿਤ ਵਿਭਾਗ ਹਨ ਉਨ੍ਹਾਂ ਤੋਂ ਐਨਓਸੀ ਜਾਰੀ ਕੀਤੀ ਗਈ ਹੈ। ਸਾਡੇ ਕੋਲ ਭਾਰਤ ਸਰਕਾਰ ਸੈਂਟਰ ਦੇ ਲਾਇੰਸੇਂਸ ਹਨ। ਜੋ ਕੇ ਡੀਸੀ ਦਫ਼ਤਰ ਦੇ ਵਿਚੋਂ ਐਨਓਸੀ ਹੋ ਕੇ ਫਿਰ ਮਿਲਦੇ ਹਨ ਅਤੇ ਸਾਡੇ ਕੋਲ ਫਾਇਰ ਬ੍ਰਿਗੇਡ ਦੀ ਰਿਪੋਰਟ ਵੀ ਹੈ।
ਇਹ ਵੀ ਪੜ੍ਹੋ : ਮੀਂਹ ਨੇ ਸੁਨਾਮ ਦਾ ਬੱਸ ਸਟੈਂਡ ਕੀਤਾ ਜਲਥਲ, ਮੁਸਫਰਾਂ ਨੂੰ ਚੱਲਣੀ ਪਈ ਪ੍ਰੇਸ਼ਾਨੀ
ਉਨ੍ਹਾਂ ਕਿਹਾ ਕਿ ਡੀਸੀ ਸਾਹਿਬ ਨੇ ਇਕ ਨੋਟੀਫਿਕੇਸ਼ਨ ਰਾਹੀਂ ਦੋ ਅਖਬਾਰਾਂ ਵਿੱਚ ਵੀ ਪਬਲਿਸ਼ ਕਰਵਾਇਆ ਸੀ ਜਿਸ ਵਿੱਚ ਇੱਕ ਮਹੀਨੇ ਦਾ ਸਮਾਂ ਦਿੱਤਾ ਗਿਆ ਸੀ ਜਿਸ ਵਿੱਚ ਜੇਕਰ ਕਿਸੀ ਸ਼ਹਿਰ ਵਾਸੀ ਜਾਂ ਕਿਸੀ ਨਾਗਰਿਕ ਨੂੰ ਕੋਈ ਇਤਰਾਜ ਹੋਵੇ ਤਾਂ ਜਵਾਬ ਮੰਗਿਆ ਗਿਆ ਸੀ। ਉਨ੍ਹਾਂ ਆਸ-ਪਾਸ ਖੇਤੀਬਾੜੀ ਜ਼ਮੀਨ ਉਪਰ ਪਰਾਲੀ ਦੀ ਅੱਗ ਬਾਰੇ ਵੀ ਕਿਹਾ ਕਿ ਕਿਸੇ ਨੂੰ ਵੀ ਅੱਗ ਨਹੀਂ ਲਾਉਣ ਦਿੱਤੀ ਜਾਵੇਗੀ ਅਤੇ ਜੇਕਰ ਕੋਈ ਇਸ ਤਰ੍ਹਾਂ ਕਰਦਾ ਹੈ ਤਾਂ ਕਾਨੂੰਨੀ ਕਾਰਵਾਈ ਕਰਵਾਈ ਜਾਵੇਗੀ। ਇਸ ਮੌਕੇ ਹਰਭਜਨ ਸਿੰਘ, ਦਰਸ਼ਨ ਸਿੰਘ, ਐਡਵੋਕੇਟ ਵਿਕਰਮਜੀਤ ਸਿੰਘ, ਗੌਰਵ ਗਰਗ, ਦੀਪਕ, ਗੌਰਵ, ਕਾਲਾ, ਦਰਸ਼ਨ ਸਿੰਘ, ਸੋਹਣ ਸਿੰਘ, ਡਾ ਰਾਮ ਸਿੰਘ, ਗੁਰਪ੍ਰੀਤ ਪਲੰਬਰ, ਕੁਲਵੀਰ ਸਿੰਘ, ਲਾਡੀ ਮਿਸਤਰੀ, ਪਿੰਟਾ, ਅੰਮ੍ਰਿਤਪਾਲ, ਬੌਬੀ, ਵਿਸ਼ਾਲ, ਹਰੀ, ਗੁਰਦੀਪ ਸਿੰਘ, ਸਤਨਾਮ ਸਿੰਘ, ਜੀਤ ਸਿੰਘ, ਅਮਨਦੀਪ ਸਿੰਘ, ਕਾਕਾ ਢਿੱਲੋ ਆਦਿ ਮੌਜੂਦ ਸਨ। (Firecrackers Warehouse)