ਬਠਿੰਡਾ/ਮਾਨਸਾ (ਸੁਖਜੀਤ ਮਾਨ)। ਅੱਜ ਦੁਪਹਿਰ ਵੇਲੇ ਮੌਸਮ ’ਚ ਆਈ ਅਚਾਨਕ ਤਬਦੀਲੀ ਨੇ ਭਾਦੋਂ ਦੀ ਗਰਮੀ ਤੋਂ ਰਾਹਤ ਦਿਵਾ ਦਿੱਤੀ ਹੈ ਹਾਲ ਦੀ ਘੜੀ ਇਹ ਹਲਕਾ ਮੀਂਹ ਫਸਲਾਂ ਵਾਸਤੇ ਫਾਇਦੇਮੰਦ ਹੀ ਸਾਬਿਤ ਹੋਵੇਗਾ ਪਰ ਜੇ ਝੜੀ ਲੱਗਦੀ ਹੈ ਤਾਂ ਨੁਕਸਾਨ ਝੱਲਣਾ ਪੈ ਸਕਦਾ ਹੈ। ਵੇਰਵਿਆਂ ਮੁਤਾਬਿਕ ਲੰਮਾ ਸਮਾਂ ਮੀਂਹ ਨਾ ਪੈਣ ਕਾਰਨ ਤੇ ਭਾਦੋਂ ਦਾ ਮਹੀਨਾ ਸੁੱਕਾ ਲੰਘਣ ਕਾਰਨ ਸਾਉਣੀ ਦੀਆਂ ਫ਼ਸਲਾਂ ਮੀਂਹ ਬਗੈਰ ਗਰਮੀ ਦੀ ਜਕੜ ’ਚ ਖੜ੍ਹੀਆਂ ਸਨ। ਬੀਤੇ ਦਿਨ ਦੁਪਹਿਰ ਵੇਲੇ ਬਠਿੰਡਾ-ਮਾਨਸਾ ਜ਼ਿਲ੍ਹੇ ’ਚ ਕਈ ਥਾਈਂ ਪਏ ਹਲਕੇ ਮੀਂਹ ਨੇ ਕਿਸਾਨਾਂ ਨੂੰ ਰਾਹਤ ਦਿੱਤੀ ਹੈ। ਭਾਵੇਂ ਕਿ ਅੱਜ ਵੀ ਜ਼ਿਆਦਾ ਮੀਂਹ ਨਹੀਂ ਪਿਆ ਪਰ ਇਸ ਦੇ ਕਾਰਨ ਫ਼ਸਲਾਂ ਨੂੰ ਫ਼ਾਇਦਾ ਹੋਣ ਦੀ ਕਿਸਾਨਾਂ ਵੱਲੋਂ ਗੱਲ ਆਖੀ ਜਾ ਰਹੀ ਹੈ। ਕਿਸਾਨ ਗੋਰਾ ਸਿੰਘ ਭੈਣੀ ਬਾਘਾ ਅਤੇ ਜਸਵੀਰ ਸਿੰਘ ਬੁਰਜ ਸੇਮਾ ਨੇ ਦੱਸਿਆ ਕਿ ਮੀਂਹ ਦੇ ਨਾਲ ਹਾਲ ਦੀ ਘੜੀ ਫ਼ਸਲਾਂ ਨੂੰ ਫ਼ਾਇਦਾ ਹੋਵੇਗਾ। (Light Rain)
ਕਿਸਾਨਾਂ ਤੇ ਖੇਤੀ ਮਾਹਿਰਾਂ ਵੱਲੋਂ ਹਾਲ ਦੀ ਘੜੀ ਮੀਂਹ ਫਾਇਦੇਮੰਦ ਕਰਾਰ | Light Rain
ਪਛੇਤੇ ਝੋਨੇ ਨੂੰ ਪੱਤਾ ਲਪੇਟ ਸੁੰਡੀ ਪੈ ਰਹੀ ਸੀ ਅਤੇ ਇਸ ਸੁੰਡੀ ਦਾ ਹਮਲਾ ਤੇਜ਼ ਹੋ ਗਿਆ ਸੀ, ਉਸ ਨੂੰ ਵੀ ਠੱਲ੍ਹ ਪਵੇਗੀ ਅਤੇ ਤੇਲੇ ਵਰਗੀਆਂ ਬਿਮਾਰੀਆਂ ਤੋਂ ਵੀ ਕਿਸਾਨਾਂ ਨੂੰ ਕੁਝ ਰਾਹਤ ਮਿਲੇਗੀ। ਕਿਸਾਨ ਮੱਖਣ ਸਿੰਘ ਨੇ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਮੀਂਹ ਨਾ ਪੈਣ ਦੇ ਕਾਰਨ ਗਰਮੀ ਕਾਫ਼ੀ ਵੱਧ ਗਈ ਸੀ ਜਿਸ ਕਾਰਨ ਆਮ ਲੋਕਾਂ ਨੂੰ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਅੱਜ ਦੁਪਹਿਰ ਵੇਲੇ ਭਾਵੇਂ ਬਹੁਤਾ ਮੀਂਹ ਨਹੀਂ ਪਿਆ ਪਰ ਹਲਕੇ ਮੀਂਹ ਦੇ ਨਾਲ ਵੀ ਲੋਕਾਂ ਨੂੰ ਰਾਹਤ ਮਿਲੀ ਹੈ। ਖੇਤੀਬਾੜੀ ਅਫ਼ਸਰ ਮਾਨਸਾ ਡਾ. ਮਨੋਜ ਕੁਮਾਰ ਦਾ ਆਖਣਾ ਹੈ ਕਿ ਭਾਵੇਂ ਕੋਈ ਜ਼ਿਆਦਾ ਮੀਂਹ ਨਹੀਂ ਪਿਆ ਪਰ ਹਲਕੇ ਮੀਂਹ ਨਾਲ ਵੀ ਫਾਇਦਾ ਹੀ ਮਿਲੇਗਾ