ਓਜ਼ੋਨ ਪਰਤ ਨੂੰ ਪਤਲੇ ਹੋਣ ਤੋਂ ਰੋਕਣ ਲਈ ਵਿਹਾਰਕ ਕਦਮ ਚੁੱਕਣੇ ਜ਼ਰੂਰੀ

Ozone Layer

ਸੰਯੁਕਤ ਰਾਸ਼ਟਰ ਮਹਾਸਭਾ ਦੁਆਰਾ 16 ਸਤੰਬਰ ਨੂੰ ਓਜ਼ੋਨ ਪਰਤ ਦੀ ਸੰਭਾਲ ਲਈ ਅੰਤਰਰਾਸ਼ਟਰੀ ਦਿਵਸ ਵਜੋਂ ਤੈਅ ਕੀਤਾ ਗਿਆ ਹੈ। ਓਜ਼ੋਨ (Ozone Layer) ਇੱਕ ਗੈਸ ਹੈ ਜੋ ਤਿੰਨ ਆਕਸੀਜਨ ਪਰਮਾਣੂਆਂ ਤੋਂ ਬਣੀ ਹੈ। ਇਹ ਆਕਸੀਜ਼ਨ ਦਾ ਇੱਕ ਐਲੋਟ੍ਰੋਪ ਹੋਣ ਦੇ ਨਾਲ-ਨਾਲ ਬਹੁਤ ਹੀ ਪ੍ਰਤੀਕਿਰਿਆਸ਼ੀਲ ਗੈਸ ਹੈ। ਓਜ਼ੋਨ ਆਕਸੀਜਨ ਮੋਲੀਕਿਊਲਜ ਉੱਤੇ ਅਲਟ੍ਰਾਵਾਇਲਟ ਰੌਸ਼ਨੀ ਦੀ ਕਿਰਿਆ ਦੁਆਰਾ ਬਣਦੀ ਹੈ। ਓਜ਼ੋਨ ਇੱਕ ਟ੍ਰਾਈ ਆਕਸੀ ਅਣੂ ਹੈ ਜਿਸ ਵਿੱਚ ਫਿੱਕੇ ਨੀਲੇ ਰੰਗ ਤੇ ਇੱਕ ਤਿੱਖੀ ਗੰਧ ਹੁੰਦੀ ਹੈ। ਇਸ ਦਾ ਫਾਰਮੂਲਾ 3 ਹੈ ਜਿਸਦਾ ਅਰਥ ਹੈ ਟ੍ਰਾਈ ਆਕਸੀਜਨ ਭਾਵ ਆਕਸੀਜਨ ਦੇ ਤਿੰਨ ਪਰਮਾਣੂ। ਇਹ ਕੇਵਲ ਇੱਕ ਤਿੱਖੀ ਗੰਧ ਵਾਲਾ ਅਣੂ ਹੀ ਨਹੀਂ ਹੈ, ਇਹ ਧਰਤੀ ਦੇ ਦੁਆਲੇ ਇੱਕ ਸੁਰੱਖਿਆ ਪਰਤ ਹੈ, ਉਹ ਪਰਤ ਜੋ ਧਰਤੀ ਨੂੰ ਵੱਖ-ਵੱਖ ਖਤਰਨਾਕ ਗੈਸਾਂ ਤੋਂ ਬਚਾਉਂਦੀ ਹੈ। ਓਜੋਨ ਦੇ ਅਣੂ ਸੂਰਜ ਦੀ ਅਲਟ੍ਰਾ ਵਾਇਲੇਟ ਰੇਡੀਏਸ਼ਨ ਨੂੰ ਸੋਖ ਲੈਂਦੇ ਹਨ।

ਵਾਯੂਮੰਡਲ ਵਿਚ ਓਜੋਨ ਦੀ ਕਮੀ ਕਾਰਨ ਧਰਤੀ ਦੀ ਸਤ੍ਹਾ ’ਤੇ ਵਧੇਰੇ ਪਰਾ ਬੈਂਗਣੀ ਰੇਡੀਏਸ਼ਨ ਪਹੁੰਚਣ ਨਾਲ ਮਨੁੱਖੀ ਸਿਹਤ ਅਤੇ ਵਾਤਾਵਰਨ ’ਤੇ ਮਾੜਾ ਅਸਰ ਪਵੇਗਾ। ਸਭ ਤੋਂ ਮਹੱਤਵਪੂਰਨ ਪ੍ਰਭਾਵ ਚਮੜੀ ਦੇ ਕੈਂਸਰ, ਅੱਖਾਂ ਦੇ ਮੋਤੀਆਬਿੰਦ, ਮਨੁੱਖੀ ਇਮਿਊਨ ਸਿਸਟਮ ਨੂੰ ਨੁਕਸਾਨ ਤੇ ਧਰਤੀ ਦੇ ਵਾਤਾਵਰਨ ਨੂੰ ਹੋਣ ਵਾਲੀਆਂ ਘਟਨਾਵਾਂ ਵਿੱਚ ਵਾਧਾ ਹੋਵੇਗਾ। ਵਿਗਿਆਨੀਆਂ ਨੇ ਸਿੱਧ ਕੀਤਾ ਕਿ ਸੂਰਜ ਅਤੇ ਹੋਰ ਤਾਰਿਆਂ ਵਿੱਚ ਵਿਖੰਡਨ ਪ੍ਰਤੀਕਿਰਿਆਵਾਂ ਲਗਾਤਾਰ ਹੋ ਰਹੀਆਂ ਹਨ। ਜੇਕਰ ਰਸਾਇਣ, ਗੈਸਾਂ ਤੇ ਹੋਰ ਪ੍ਰਤੀਕਿਰਿਆ ਦੇ ਉਤਪਾਦ ਸਿੱਧੇ ਧਰਤੀ ’ਤੇ ਪਹੁੰਚ ਜਾਂਦੇ ਹਨ ਤਾਂ ਇਹ ਧਰਤੀ ਦੀ ਸੁਰੱਖਿਆ ਤੇ ਬਚਾਅ ਲਈ ਬਹੁਤ ਖਤਰਨਾਕ ਹੋਵੇਗਾ। (Ozone Layer)

ਵਿਸ਼ਵ ਲਈ ਚਿੰਤਾਜਨਕ | Ozone Layer

ਪਰ ਬਦਕਿਸਮਤੀ ਨਾਲ, ਸਾਡੇ ਰੋਜ਼ਾਨਾ ਜੀਵਨ ਵਿੱਚ ਕਲੋਰੋਫਲੋਰੋਕਾਰਬਨ ਦੀ ਵੱਧ ਵਰਤੋਂ ਕਾਰਨ ਓਜੋਨ ਪਰਤ ਦਿਨੋ-ਦਿਨ ਪਤਲੀ ਪੈ ਰਹੀ ਹੈ। ਕਲੋਰੋਫਲੋਰੋਕਾਰਬਨ ਦੇ ਮੁੱਖ ਸਰੋਤ ਫਰਿੱਜ ਅਤੇ ਏਅਰ ਕੰਡੀਸ਼ਨਰ ਹਨ। ਵਿਗਿਆਨੀਆਂ ਨੇ ਓਜੋਨ ਪਰਤ ਵਿੱਚ ਇੱਕ ਛੇਕ ਦੇਖਿਆ ਹੈ (ਇੱਥੇ ਛੇਕ ਤੋਂ ਭਾਵ ਓਜੋਨ ਪਰਤ ਦਾ ਬੇਹੱਦ ਪਤਲਾ ਹੋਣਾ) ਜੋ ਵਿਸ਼ਵ ਲਈ ਚਿੰਤਾਜਨਕ ਹੈ। ਇਸ ਲਈ ਜਾਗਰੂਕਤਾ ਪੈਦਾ ਕਰਨ ਤੇ ਕਲੋਰੋਫਲੋਰੋਕਾਰਬਨ ਦੀ ਵਰਤੋਂ ਨੂੰ ਘੱਟ ਕਰਨ ਲਈ ਵਾਤਾਵਰਨ ਪੱਖੀ ਤਕਨੀਕਾਂ ਨੂੰ ਗ੍ਰਹਿਣ ਕਰਨ ਲਈ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਨੇ ਵਿਸ਼ਵ ਓਜੋਨ ਦਿਵਸ ਮਨਾਉਣ ਦਾ ਪ੍ਰਸਤਾਵ ਰੱਖਿਆ, ਇਹ ਫੈਸਲਾ 1994 ਵਿੱਚ ਲਿਆ ਗਿਆ ਸੀ ਤੇ ਉਦੋਂ ਤੋਂ ਹਰ ਸਾਲ 16 ਸਤੰਬਰ ਨੂੰ ਵਿਸ਼ਵ ਓਜੋਨ ਦਿਵਸ ਮਨਾਇਆ ਜਾਂਦਾ ਹੈ। ਇਹ ਦਿਨ ਦੁਨੀਆ ਭਰ ਵਿੱਚ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ’ਤੇ ਮਨਾਇਆ ਜਾਂਦਾ ਹੈ।

ਵੱਖ-ਵੱਖ ਦੇਸ਼ਾਂ ਦੀਆਂ ਸਰਕਾਰਾਂ ਵਾਤਾਵਰਨ ਦੇ ਅਨੁਕੂਲ ਤੇ ਓਜੋਨ ਸੁਰੱਖਿਆ ਉਤਪਾਦਾਂ ਦੀ ਵਰਤੋਂ ਨੂੰ ਫੈਲਾਉਣ ਲਈ ਜਾਗਰੂਕਤਾ ਪ੍ਰੋਗਰਾਮ ਅਤੇ ਸਮਾਰੋਹ ਕਰਦੀਆਂ ਹਨ। ਬੱਚਿਆਂ ਨੂੰ ਇਹ ਸਿਖਾਉਣ ਲਈ ਸਕੂਲਾਂ ਅਤੇ ਕਾਲਜਾਂ ਵਿੱਚ ਵੱਖੋ-ਵੱਖਰੇ ਪ੍ਰੋਗਰਾਮ ਵੀ ਕਰਵਾਏ ਜਾਂਦੇ ਹਨ ਕਿ ਸਾਡੇ ਇਸ ਵਾਯੂਮੰਡਲ ਦੀ ਰੱਖਿਆ ਕਿਵੇਂ ਕਰਨੀ ਹੈ। ਵਿਦਿਆਰਥੀਆਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਅਧਿਆਪਕਾਂ ਦੁਆਰਾ ਵੱਖ-ਵੱਖ ਗਤੀਵਿਧੀਆਂ ਦਾ ਪ੍ਰਬੰਧਨ ਕੀਤਾ ਜਾਂਦਾ ਹੈ, ਤਾਂ ਜੋ ਉਹ ਵਾਤਾਵਰਨ ਅਨੁਕੂਲ ਅਤੇ ਓਜੋਨ ਸੁਰੱਖਿਆ ਤਕਨੀਕਾਂ ਦੀ ਵਰਤੋਂ ਸਿੱਖ ਸਕਣ। ਇਹ ਵੀ ਕਿਹਾ ਜਾ ਸਕਦਾ ਹੈ ਕਿ ਓਜੋਨ ਪਰਤ ਤੋਂ ਬਿਨਾਂ ਧਰਤੀ, ਛੱਤ ਤੋਂ ਬਿਨਾਂ ਘਰ ਵਰਗੀ ਹੈ।

ਇਹ ਵੀ ਪੜ੍ਹੋ : Big Update : ਭਾਰਤ-ਪਾਕਿਸਤਾਨ ਸਰਹੱਦ ’ਤੇ ਰੀਟਰੀਟ ਸਮਾਰੋਹ ਦੇ ਸਮੇਂ ’ਚ ਬਦਲਾਅ

ਵਿਗਿਆਨੀ ਇਸ ਗੱਲ ’ਤੇ ਸਹਿਮਤ ਹੋ ਗਏ ਹਨ ਕਿ ਸਟ੍ਰੈਟੋਸਫੀਅਰ ਵਿੱਚ ਓਜੋਨ ਦੀ ਕਮੀ ਓਜੋਨ ਨੂੰ ਖਤਮ ਕਰਨ ਵਾਲੇ ਰਸਾਇਣਾਂ ਕਾਰਨ ਹੁੰਦੀ ਹੈ। ਇਨ੍ਹਾਂ ਰਸਾਇਣਾਂ ਵਿੱਚ ਅੰਦਰੂਨੀ ਰਸਾਇਣਕ ਸਥਿਰਤਾ ਦੇ ਨਾਲ ਕਲੋਰੀਨ ਜਾਂ ਬ੍ਰੋਮੀਨ ਐਟਮ ਹੁੰਦੇ ਹਨ ਤੇ ਵਾਯੂਮੰਡਲ ਵਿੱਚ 50 ਤੋਂ 150 ਸਾਲਾਂ ਦੀ ਰੇਂਜ ਵਿੱਚ ਲੰਬੇ ਸਮੇਂ ਤੱਕ ਰਹਿੰਦੇ ਹਨ। ਇਹ ਰਸਾਇਣ ਤੇ ਹੋਰ ਟਰੇਸ ਗੈਸਾਂ ਸਟ੍ਰੈਟੋਸਫੀਅਰ ਵਿੱਚ ਵਹਿ ਜਾਂਦੀਆਂ ਹਨ ਤੇ ਕਲੋਰੀਨ-ਰਿਲੀਜ ਕਰਨ ਵਾਲੀਆਂ ਪ੍ਰਤੀਕਿਰਿਆਵਾਂ ਵਿੱਚ ਸ਼ਾਮਲ ਹੋ ਜਾਂਦੀਆਂ ਹਨ। ਕਲੋਰੀਨ ਦੇ ਪਰਮਾਣੂ ਸੂਰਜ ਦੀ ਰੌਸ਼ਨੀ ਦੀ ਮੌਜੂਦਗੀ ਵਿੱਚ ਓਜੋਨ ਦੇ ਅਣੂਆਂ ਨਾਲ ਪ੍ਰਤੀਕਿਰਿਆ ਕਰਦੇ ਹਨ ਤੇ ਓਜੋਨ ਅਣੂਆਂ ਨੂੰ ਨਸ਼ਟ ਕਰਦੇ ਹਨ।

ਓਜੋਨ ਪਰਤ ਤੇਜੀ ਨਾਲ ਘਟੀ

ਸਿਰਫ ਇੱਕ ਕਲੋਰੋਫਲੋਰੋਕਾਰਬਨ ਅਣੂ ਹਜ਼ਾਰਾਂ ਓਜੋਨ ਅਣੂਆਂ ਨੂੰ ਨਸ਼ਟ ਕਰ ਸਕਦਾ ਹੈ। ਇਹ ਓਜੋਨ ਨੂੰ ਖਤਮ ਕਰਨ ਵਾਲੇ ਰਸਾਇਣ ਮਨੁੱਖ ਦੁਆਰਾ ਬਣਾਏ ਗਏ ਰਸਾਇਣਾਂ ਵਿੱਚ ਵਿਆਪਕ ਤੌਰ ’ਤੇ ਵਰਤੇ ਜਾਂਦੇ ਹਨ ਜਿਸ ਵਿੱਚ ਹੇਠ ਲਿਖੇ ਸਾਮਲ ਹਨ। ਜਿਵੇਂ ਕਲੋਰੋ ਫਲੋਰੋ ਕਾਰਬਨ, ਮਿਥਾਇਲ ਕਲੋਰੋਫਾਰਮ,1,1,1-ਟ੍ਰਾਈਕਲੋਰੋਇਥੇਨ, ਕਾਰਬਨ ਟੈਟਰਾਕਲੋਰਾਈਡ, ਮਿਥਾਇਲ ਬਰੋਮਾਈਡ ਆਦਿ। ਪਿਛਲੇ ਕੁਝ ਸਾਲਾਂ ਵਿੱਚ ਓਜੋਨ ਪਰਤ ਤੇਜੀ ਨਾਲ ਘਟੀ ਹੈ। ਇਹ ਵਧਦੀ ਅਬਾਦੀ ਅਤੇ ਧਰਤੀ ’ਤੇ ਰੁੱਖਾਂ ਦੀ ਘੱਟ ਰਹੀ ਗਿਣਤੀ ਦੇ ਕਾਰਨ ਹੈ। ਫਰਿੱਜਾਂ ਤੇ ਏਅਰ-ਕੰਡੀਸ਼ਨਰਾਂ ’ਚੋਂ ਨਿੱਕਲਣ ਵਾਲੀ ਗੈਸ ਓਜੋਨ ਪਰਤ ਨੂੰ ਕਮਜੋਰ ਕਰਨ ਵਿੱਚ ਸਭ ਤੋਂ ਵੱਧ ਯੋਗਦਾਨ ਪਾਉਂਦੀ ਹੈ। ਮੋਟਰ ਵਾਹਨਾਂ, ਫੈਕਟਰੀਆਂ ਅਤੇ ਘਰਾਂ ਦੀਆਂ ਚਿਮਨੀਆਂ ਤੋਂ ਨਿੱਕਲਣ ਵਾਲਾ ਧੂੰਆਂ ਓਜੋਨ ਦੀ ਕਮੀ ਦਾ ਸਰੋਤ ਹਨ।

ਇਹ ਵੀ ਪੜ੍ਹੋ : ਈਡੀ ਨੇ ਜ਼ਬਤ ਕੀਤੀ 417 ਕਰੋੜ ਕਰੋੜ ਰੁਪਏ ਦੀ ਸੰਪਤੀ

ਓਜੋਨ ਪਰਤ ਦੀ ਕਮੀ ਧਰਤੀ ਨੂੰ ਆਮ ਨਾਲੋਂ ਵੱਧ ਗਰਮ ਕਰਦੀ ਹੈ। ਇਹ ਜ਼ਮੀਨ ਅਤੇ ਪਾਣੀ ਵਿੱਚ ਵੀ ਜੈਵ ਵਿਭਿੰਨਤਾ ਦੇ ਨੁਕਸਾਨ ਦਾ ਇੱਕ ਕਾਰਨ ਹੈ। ਪੰਛੀਆਂ ਦੀਆਂ ਬਹੁਤ ਸਾਰੀਆਂ ਕਿਸਮਾਂ ਅਲੋਪ ਹੋ ਗਈਆਂ ਹਨ ਅਤੇ ਮਨੁੱਖਾਂ ਨੂੰ ਚਮੜੀ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਵੀ ਆਮ ਹੀ ਵੇਖਣ ਨੂੰ ਮਿਲਦੀਆਂ ਹਨ । ਗਲੋਬਲ ਵਾਰਮਿੰਗ ਓਜੋਨ ਪਰਤ ਦੇ ਘਟਣ ਦਾ ਸਭ ਤੋਂ ਵਿਨਾਸ਼ਕਾਰੀ ਨਤੀਜਾ ਹੈ।

ਕਲੋਰੋ ਫਲੋਰੋ ਕਾਰਬਨ-11, ਕਲੋਰੋ ਫਲੋਰੋ ਕਾਰਬਨ-12 ਤੇ ਹਾਈਡ੍ਰੋ ਕਲੋਰੋ ਫਲੋਰੋ ਕਾਰਬਨ-22 ਘਰੇਲੂ ਏਅਰ-ਕੰਡੀਸ਼ਨਰਾਂ ਅਤੇ ਫਰਿੱਜਾਂ ਦੇ ਨਾਲ-ਨਾਲ ਪ੍ਰਚੂਨ ਸਟੋਰ ਰੈਫ੍ਰੀਜਰੇਸਨ ਪ੍ਰਣਾਲੀਆਂ ਤੇ ਏਅਰ-ਕੰਡੀਸ਼ਨਰਾਂ ਵਿੱਚ ਕੂਲੈਂਟ ਵਜੋਂ ਵਰਤੇ ਜਾਂਦੇ ਹਨ। ਕਲੋਰੋ ਫਲੋਰੋ ਕਾਰਬਨ-11 ਅਤੇ 12 ਨੂੰ ਐਰੋਸੋਲ ਸਪਰੇਅ ਜਿਵੇਂ ਕਿ ਵਾਲਾਂ ਤੇ ਘਰੇਲੂ ਸਫਾਈ ਉਤਪਾਦਾਂ ਲਈ ਪ੍ਰੋਪੈਲੈਂਟ ਵਜੋਂ ਵਰਤਿਆ ਜਾਂਦਾ ਹੈ। ਵਿਗਿਆਨੀਆਂ ਤੇ ਖੋਜਕਰਤਾਵਾਂ ਨੇ ਸਿੱਧ ਕੀਤਾ ਕਿ ਕਲੋਰੋਫਲੋਰੋਕਾਰਬਨ ਦੀ ਥਾਂ ’ਤੇ ਹਾਈਡ੍ਰੋਫਲੋਰੋਕਾਰਬਨ ਦੀ ਵਰਤੋਂ ਘੱਟ ਖਤਰਨਾਕ ਹੈ। ਖੋਜ ਅਨੁਸਾਰ ਹਾਈਡ੍ਰੋਫਲੋਰੋਕਾਰਬਨ ਦੀ ਵਰਤੋਂ ਨਾਲ ਓਜੋਨ ਦੀ ਕਮੀ ਦੀ ਸੰਭਾਵਨਾ ਜ਼ੀਰੋ ਹੈ। ਵਿਗਿਆਨੀਆਂ ਨੇ ਇਹ ਵੀ ਦੇਖਿਆ ਹੈ ਕਿ ਕਲੋਰੋਫਲੋਰੋਕਾਰਬਨ ਦੀ ਬਜਾਏ ਹਾਈਡ੍ਰੋਫਲੋਰੋਕਾਰਬਨ ਦੀ ਵਰਤੋਂ ਤੋਂ ਬਾਅਦ ਓਜੋਨ ਦੀ ਕਮੀ ਓਜੋਨ ਦੇ ਪਤਲੇ ਹੋਣ ਦਾ ਪੱਧਰ ਘਟ ਰਿਹਾ ਹੈ।

ਬਦਲ ਲੱਭਣ ਵਿੱਚ ਕਾਫੀ ਤਰੱਕੀ | Ozone Layer

ਸਾਨੂੰ ਸਾਰਿਆਂ ਨੂੰ ਰਲ ਕੇ ਇਸ ਸੰਸਾਰ ਨੂੰ ਬਚਾਉਣ ਲਈ ਉਪਾਅ ਕਰਨੇ ਚਾਹੀਦੇ ਹਨ ਨਹੀਂ ਤਾਂ ਇਹ ਜ਼ਲਦੀ ਖਤਮ ਹੋ ਜਾਵੇਗਾ। ਆਓ! ਇਸ ਵਿਸ਼ਵ ਓਜੋਨ ਦਿਵਸ ’ਤੇ ਆਪਣੇ ਆਪ ਨਾਲ ਵਾਅਦਾ ਕਰੀਏ ਕਿ ਅਸੀਂ ਅਜਿਹੀ ਕੋਈ ਵੀ ਗਤੀਵਿਧੀ ਨਹੀਂ ਕਰਾਂਗੇ ਜੋ ਓਜੋਨ ਦੀ ਕਮੀ ਦਾ ਕਾਰਨ ਬਣੇ। ਪਿਛਲੇ ਕੁਝ ਸਾਲਾਂ ਵਿੱਚ ਓ.ਡੀ.ਐਸ. ( ਓਜੋਨ ਡੇਪਲੇਸ਼ਨ ਪਦਾਰਥ) ਲਈ ਗੈਰ-ਓਜੋਨ-ਘਟਾਉਣ ਵਾਲੇ ਬਦਲ ਲੱਭਣ ਵਿੱਚ ਕਾਫੀ ਤਰੱਕੀ ਹੋਈ ਹੈ। ਏਅਰ-ਕੰਡਸ਼ਨਿੰਗ ਤੇ ਰੈਫ੍ਰੀਜਰੇਸ਼ਨ ਐਪਲੀਕੇਸ਼ਨਾਂ ਦੇ ਬਦਲ ਹੁਣ ਉਪਲੱਬਧ ਹਨ, ਜਿਵੇਂ ਕਿ ਹਾਈਡਰੋ ਕਲੋਰੋ ਫਲੋਰੋ ਕਾਰਬਨ-22 ਨੂੰ ਹਾਈਡ੍ਰੋਫਲੋਰੋ ਕਾਰਬਨ-410 ਨਾਲ ਬਦਲਿਆ ਜਾ ਸਕਦਾ ਹੈ, ਸੀਐਫਸੀ-12 ਨੂੰ ਐਚ ਐੱਫਸੀ -134 ਨਾਲ ਬਦਲਿਆ ਜਾ ਸਕਦਾ ਹੈ।

ਬੇਸ਼ੱਕ ਓਜੋਨ ਪਰਤ ਦਾ ਪਤਲਾ ਪੈਣਾ ਸਾਡੇ ਲਈ ਹਾਨੀਕਾਰਕ ਅਤੇ ਚਿੰਤਾ ਦਾ ਵਿਸ਼ਾ ਹੈ। ਸਥਿਤੀ ਅਜੇ ਵੀ ਸਾਡੇ ਹੱਥ ਵਿੱਚ ਹੈ ਅਤੇ ਅਸੀਂ ਇਸ ਨੂੰ ਰੋਕ ਸਕਦੇ ਹਾਂ। ਸਾਨੂੰ ਆਪਣੇ ਭਵਿੱਖ ਤੇ ਅਗਲੀਆਂ ਪੀੜ੍ਹੀਆਂ ਲਈ ਇਸ ਨੂੰ ਰੋਕਣ ਦੀ ਲੋੜ ਹੈ। ਇਸ ਲਈ, ਹਰ ਵਿਅਕਤੀ ਨੂੰ ਓਜੋਨ ਪਰਤ ਨੂੰ ਪਤਲੇ ਹੋਣ ਤੋਂ ਰੋਕਣ ਲਈ ਵਿਹਾਰਕ ਕਦਮ ਚੁੱਕਣੇ ਚਾਹੀਦੇ ਹਨ, ਕਿਉਂਕਿ ਓਜੋਨ ਨੂੰ ਨਸ਼ਟ ਕਰਨ ਵਾਲੇ ਮੁੱਖ ਪਦਾਰਥ ਮਨੁੱਖ ਦੁਆਰਾ ਹੀ ਵਰਤੇ ਜਾਂਦੇ ਹਨ ।

ਲੈਕਚਰਾਰ ਲਲਿਤ ਗੁਪਤਾ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ,
ਪੱਖੋਵਾਲ ( ਲੁਧਿਆਣਾ)
ਮੋ. 97815-90500