(ਰਵੀਪਾਲ) ਦੋਦਾ। ਸਾਊਦੀ ਅਰਬ (Saudi Arabia ) ਦੀ ਜੇਲ੍ਹ’ਚ ਬੰਦ ਪਿੰਡ ਮੱਲਣ ਸ੍ਰੀ ਮੁਕਤਸਰ ਸਾਹਿਬ ਦਾ ਨੌਜਵਾਨ ਬਲਵਿੰਦਰ ਸਿੰਘ ਆਖਿਰ ਰਿਹਾਅ ਹੋ ਕੇ ਵਤਨ ਵਾਪਸ ਪਰਤ ਆਇਆ। ਜੇਲ੍ਹ ’ਚ ਬੰਦ ਰਹੇ ਬਲਵਿੰਦਰ ਸਿੰਘ ਨੂੰ ਉੱਥੇ ਵੱਡੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ। ਉੱਥੋਂ ਦੀ ਸਰਕਾਰ ਵੱਲੋਂ ਉਸਦਾ ਸਿਰ ਕਲਮ ਕਰਨ ਜਾਂ ਦੋ ਕਰੋੜ ਰੁਪਏ ਅਦਾ ਕਰਨ ਤੇ ਸੱਤ ਸਾਲ ਦੀ ਸਜ਼ਾ ਦਾ ਹੁਕਮ ਸੁਣਾਇਆ ਗਿਆ ਸੀ। ਇਸ ਵੱਡੀ ਮੁਸੀਬਤ ’ਚੋਂ ਆਖਿਰ ਬਲਵਿੰਦਰ ਅੱਜ ਵਤਨ ਵਾਪਸ ਪਰਤ ਆਇਆ। ਉਸਦੀ ਵਤਨ ਵਾਪਸੀ ’ਤੇ ਪਰਿਵਾਰਿਕ ਮੈਂਬਰਾਂ ਦੋ ਭਰਾਵਾਂ ਤੇ ਇਕ ਭੈਣ ਸਮੇਤ ਇਲਾਕੇ ਭਰ ’ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।
ਸਾਊਦੀ ਅਰਬ ਸਰਕਾਰ ਵੱਲੋਂ ਉਸਦਾ ਸਿਰ ਕਲਮ ਕਰਨ ਦੀ ਸਜ਼ਾ ਸੁਣਾਈ ਸੀ
ਵਤਨ ਵਾਪਸ ਪਰਤੇ ਬਲਵਿੰਦਰ ਨੇ ਦੱਸਿਆ ਕਿ ਉਸਨੂੰ ਉੱਥੇ ਕਾਫ਼ੀ ਕਸ਼ਟ ਝਲਣੇ ਪਏ। ਨਸਲੀ ਭੇਦਭਾਵ ਦਾ ਵੀ ਸ਼ਿਕਾਰ ਹੋਣਾ ਪਿਆ। ਧਰਮ ਤਬਦੀਲ ਕਰਨ ਲਈ ਉਸਨੂੰ ਵਾਰ ਵਾਰ ਉਕਸਾਇਆ ਗਿਆ ਪਰ ਉਸਨੇ ਈਨ ਨਹੀਂ ਮੰਨੀ। ਸਾਊਦੀ ਅਰਬ ਸਰਕਾਰ ਵੱਲੋਂ ਉਸਦਾ ਸਿਰ ਕਲਮ ਕਰਨ ਦੀ ਸਜ਼ਾ ਸੁਣਾ ਦਿੱਤੀ ਗਈ ਸੀ ਪਰ ਪੰਜਾਬੀਆਂ ਵੱਲੋਂ 2 ਕਰੋੜ ਰੁਪਏ ਦੀ ਰਾਸ਼ੀ ਅਦਾ ਕਰਕੇ ਉਸਨੂੰ ਨਵਾਂ ਜੀਵਨਦਾਨ ਦਿੱਤਾ ਜਿਸਦਾ ਉਹ ਸਦਾ ਕਰਜ਼ਦਾਰ ਰਹੇਗਾ।
ਜਾਣਕਾਰੀ ਅਨੁਸਾਰ ਬਲਵਿੰਦਰ ਸਿੰਘ ਪੁੱਤਰ ਕਰਮ ਸਿੰਘ ਵਾਸੀ ਪਿੰਡ ਮੱਲਣ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਪਿਛਲੇ ਲੰਬੇ ਸਮੇਂ ਤੋਂ ਸਾਊਦੀ ਅਰਬ ਗਿਆ ਹੋਇਆ ਸੀ, ਉੱਥੇ ਇਕ ਕੰਪਨੀ ’ਚ ਝਗੜਾ ਹੋਇਆ ਸੀ ਤੇ ਇਕ ਵਿਅਕਤੀ ਦੀ ਮੌਤ ਹੋ ਗਈ ਸੀ। ਉਸ ਸਬੰਧ ’ਚ ਬਲਵਿੰਦਰ ਸਿੰਘ ਨੂੰ ਸੱਤ ਸਾਲ ਪਹਿਲਾਂ ਸਾਊਦੀ ਅਰਬ ਦਾ 10 ਲੱਖ ਰਿਆਲ ਭਾਰਤ ਦਾ ਲੱਗਭਗ 2 ਕਰੋੜ ਰੁਪਏ ਜੁਰਮਾਨਾ ਕੀਤਾ ਗਿਆ ਸੀ। ਸੱਤ ਸਾਲ ਸਜ਼ਾ ਪੂਰੀ ਹੋਣ ਤੋਂ ਬਾਅਦ ਜੁਰਮਾਨਾ ਨਾ ਅਦਾ ਕਰਨ ’ਤੇ 18 ਮਈ 2022 ਨੂੰ ਸਿਰ ਕਲਮ ਕੀਤਾ ਜਾਣਾ ਸੀ ਪਰ ਲੋਕਾਂ ਦੀ ਮੱਦਦ ਨਾਲ 22 ਮਈ 2022 ਨੂੰ 2 ਕਰੋੜ ਰੁਪਏ ਦੀ ਰਾਸ਼ੀ ਇਕੱਠੀ ਕਰਕੇ ਸਾਊਦੀ ਅਰਬ ਭੇਜੀ ਗਈ। ਉਸਤੋਂ ਬਾਅਦ ਉੱਥੋਂ ਦੀ ਅਦਾਲਤ ਨੇ ਬਲਵਿੰਦਰ ਸਿੰਘ ਦੀ ਸਿਰ ਕਲਮ ਕਰਨ ਦੀ ਸਜ਼ਾ ਟਾਲ ਦਿੱਤੀ ਸੀ। (Saudi Arabia )
ਮ੍ਰਿਤਕ ਪਰਿਵਾਰ ਨੂੰ ਰਾਸ਼ੀ ਦੇਣ ਤੋਂ ਬਾਅਦ ਵੀ ਅਦਾਲਤ ਵੱਲੋਂ ਬਲਵਿੰਦਰ ਸਿੰਘ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ ਸੀ ਜਿਸ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਸਮੇਤ ਬਹੁਤ ਸਾਰੇ ਪੰਜਾਬੀਆਂ ਵੱਲੋਂ ਕੀਤੇ ਲੰਬੇ ਸੰਘਰਸ਼ ਤੋਂ ਬਾਅਦ ਆਖਿਰਕਾਰ ਸਾਊਦੀ ਅਰਬ ਸਰਕਾਰ ਪਾਸੋਂ ਬਲਵਿੰਦਰ ਸਿੰਘ ਦੀ ਰਿਹਾਈ ਕਰਵਾਈ ਗਈ। ਇਸ ਵੱਡੀ ਘਾਲਣਾ ਤੋਂ ਬਾਅਦ ਬਲਵਿੰਦਰ ਆਪਣੇ ਪਰਿਵਾਰ ’ਚ ਪਹੁੰਚ ਗਿਆ। ਭਾਵੇਂ ਕਿ ਉਸਦੇ ਮਾਤਾ ਪਿਤਾ ਉਸਦਾ ਮੁੱਖ ਵੇਖਿਆ ਬਿਨਾਂ ਹੀ ਇਸ ਜਹਾਨ ਤੋਂ ਰੁਖ਼ਸਤ ਹੋ ਗਏ ਪਰ ਬਲਵਿੰਦਰ ਦੇ ਵਤਨ ਵਾਪਸ ਆਉਣ ’ਤੇ ਪਰਿਵਾਰਿਕ ਮੈਂਬਰਾਂ ਤੇ ਪਿੰਡ ਵਾਸੀਆਂ ’ਚ ਭਾਰੀ ਖੁਸ਼ੀ ਪਾਈ ਜਾ ਰਹੀ।
ਪਿੰਡ ਵਾਸੀਆਂ ਨੇ ਕੀਤਾ ਨਿੱਘਾ ਸਵਾਗਤ (Saudi Arabia )
ਪਿੰਡ ਮੱਲਣ ਪੁੱਜਣ ’ਤੇ ਪਿੰਡ ਵਾਸੀਆਂ ਵੱਲੋਂ ਉਸਦਾ ਫੁੱਲਾਂ ਦੇ ਹਾਰ ਪਾ ਕੇ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਸਨੇ ਆਪਣੀ ਦੁੱਖ ਭਰੀ ਦਾਸਤਾਨ ਦਸਦਿਆਂ ਪੰਜਾਬੀ ਨੌਜਵਾਨਾਂ ਨੂੰ ਵਿਦੇਸ਼ਾਂ ਵੱਲ ਨਾ ਜਾਣ ਅਤੇ ਪੰਜਾਬ ’ਚ ਕੰਮ ਨੂੰ ਤਰਜੀਹ ਦੇਣ ਦੀ ਅਪੀਲ ਕੀਤੀ। ਉਨਾਂ ਕਿਹਾ ਕਿ ਵਿਦੇਸ਼ਾਂ ’ਚ ਪੰਜਾਬੀ ਨੌਜਵਾਨਾਂ ਨੂੰ ਬਹੁਤ ਦੁੱਖ ਝੱਲਣੇ ਪੈਂਦੇ ਹਨ। ਉਸਨੇ ਦੱਸਿਆ ਕਿ ਉਹ ਖੁਦ ਵੀ ਰੁਜ਼ਗਾਰ ਦੀ ਖਾਤਿਰ ਹੀ ਸਾਊਦੀ ਅਰਬ ’ਚ ਗਿਆ ਸੀ ਪਰ ਉਸਦੀ ਜਿੰਦਗੀ ਦੁੱਖਾਂ ’ਚ ਹੀ ਬੀਤੀ। ਉਸਨੇ ਸਰਕਾਰਾਂ ’ਤੇ ਰੋਸ ਜਤਾਇਆ ਕਿ ਜੇਕਰ ਸਰਕਾਰਾਂ ਸਾਡੇ ਨੌਜਵਾਨਾਂ ਨੂੰ ਸਹੀ ਰੁਜ਼ਗਾਰ ਦੇਣ ਤਾਂ ਅਜਿਹੀਆਂ ਮੁਸੀਬਤਾਂ ਦਾ ਸਾਹਮਣਾ ਨਾ ਕਰਨਾ ਪਵੇ।
ਦੋਦਾ : ਸਾਊਦੀ ਅਰਬ ਤੋਂ ਵਤਨ ਵਾਪਸ ਪਰਤੇ ਬਲਵਿੰਦਰ ਦਾ ਸਵਾਗਤ ਕਰਦੇ ਹੋਏ ਪਿੰਡ ਵਾਸੀ। ਤਸਵੀਰ-ਰਵੀਪਾਲ