ਕਿਹਾ, ਭ੍ਰਿਸ਼ਟਾਚਰੀਆਂ ਨਾਲ ਭਰੀ ਹੋਈ ਐ ਕਾਂਗਰਸ
- ਪੰਜਾਬ ਦੀ ਕੈਬਨਿਟ ਮੰਤਰੀ
- ਮੁੱਖ ਮੰਤਰੀ ਭਗਵੰਤ ਮਾਨ ਅਤੇ ਪਾਰਟੀ ਪੱਧਰ ’ਤੇ ਬਣ ਚੁੱਕੀ ਐ ਸਹਿਮਤੀ, ਪੰਜਾਬ ਵਿੱਚ ਸਾਨੂੰ ਮਨਜ਼ੂਰ ਨਹੀਂ ਕੋਈ ਗਠਜੋੜ : ਮਾਨ
(ਅਸ਼ਵਨੀ ਚਾਵਲਾ) ਚੰਡੀਗੜ। ਕਾਂਗਰਸ ਪਾਰਟੀ ਪੰਜਾਬ ਵਿੱਚ ਭ੍ਰਿਸ਼ਟਾਚਰੀਆਂ ਨਾਲ ਭਰੀ ਹੋਈ ਹੋਈ ਹੈ ਅਤੇ ਪਿਛਲੀ ਸਰਕਾਰ ਵਿੱਚ ਮੰਤਰੀ ਰਹੇ ਕਈ ਕਾਂਗਰਸੀ ਲੀਡਰ ਪਿਛਲੇ ਸਮੇਂ ਦੌਰਾਨ ਜੇਲ੍ਹ ਵੀ ਜਾ ਕੇ ਆਏ ਹਨ। ਇਸ ਲਈ ਪੰਜਾਬ ਵਿੱਚ ਕਿਸੇ ਵੀ ਤਰੀਕੇ ਦਾ ਕੋਈ ਗਠਜੋੜ ਕਾਂਗਰਸ ਪਾਰਟੀ ਨਾਲ ਆਮ ਆਦਮੀ ਪਾਰਟੀ ਨਹੀਂ ਕਰੇਗੀ। ਇਸ ਸਬੰਧੀ ਹਾਈ ਕਮਾਨ ਨੂੰ ਵੀ ਦੱਸਿਆ ਜਾਏਗਾ ਕਿ ਕੌਮੀ ਪੱਧਰ ’ਤੇ ਭਾਵੇਂ ਕਾਂਗਰਸ ਨਾਲ ਗਠਜੋੜ ਕਰ ਲਿਆ ਜਾਵੇ ਪਰ ਪੰਜਾਬ ਵਿੱਚ ਇਹ ਗਠਜੋੜ ਨਹੀਂ ਹੋਏਗਾ। ਇਸ ਨਾਲ ਹੀ ਅਗਾਮੀ 13 ਲੋਕ ਸਭਾ ਸੀਟਾਂ ’ਤੇ ਆਮ ਆਦਮੀ ਪਾਰਟੀ ਖ਼ੁਦ ਲੜਦੇ ਹੋਏ ਜਿੱਤ ਹਾਸਲ ਕਰੇਗੀ। ਇਹ ਬਿਆਨ ਪੰਜਾਬ ਦੀ ਕੈਬਨਿਟ ਮੰਤਰੀ ਗਗਨ ਅਨਮੋਲ ਮਾਨ ( Gagan Anmol Maan) ਵੱਲੋਂ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਕਰਦੇ ਹੋਏ ਦਿੱਤਾ ਗਿਆ ਹੈ।
ਗਗਨ ਅਨਮੋਲ ਮਾਨ ਚੰਡੀਗੜ ਵਿਖੇ ਟੂਰਿਜ਼ਮ ਸਮਿਟ 2023 ਨੂੰ ਲੈ ਕੇ ਪ੍ਰੈਸ ਕਾਨਫਰੰਸ ਕਰ ਰਹੇ ਸਨ ਤਾਂ ਉਨਾਂ ਨੂੰ ਇਹ ਸੁਆਲ ਪੁੱਛਿਆ ਗਿਆ ਸੀ ਕਿ ਪੰਜਾਬ ਵਿੱਚ ਕਾਂਗਰਸ ਪਾਰਟੀ ਦੇ ਲੀਡਰਾਂ ਵੱਲੋਂ ਵਾਰ-ਵਾਰ ਆਮ ਆਦਮੀ ਪਾਰਟੀ ਦੇ ਨਾਲ ਗਠਜੋੜ ਨਹੀਂ ਕਰਨ ਲਈ ਕਿਹਾ ਜਾ ਰਿਹਾ ਹੈ ਤਾਂ ਇਸ ਵਿੱਚ ‘ਆਪ’ ਦਾ ਕੀ ਸਟੈਂਡ ਹੈ ? ਇਸ ’ਤੇ ਉਨਾਂ ਕਿਹਾ ਕਿ ਅਸੀਂ ਕਦੋਂ ਗਠਜੋੜ ਦੀ ਗੱਲ ਕਰ ਰਹੇ ਹਾਂ। ਅਸੀਂ ਤਾਂ ਖ਼ੁਦ ਕਹਿ ਰਹੇ ਹਨ ਕਿ ਕਾਂਗਰਸ ਪਾਰਟੀ ਦੇ ਜ਼ਿਆਦਾਤਰ ਲੀਡਰ ਭਿ੍ਰਸ਼ਟਾਚਾਰ ਦੇ ਦੋਸ਼ ਵਿੱਚ ਫੜੇ ਗਏ ਹਨ ਤਾਂ ਉਨਾਂ ਨਾਲ ਕਿਸੇ ਵੀ ਤਰੀਕੇ ਨਾਲ ਗਠਜੋੜ ਨਹੀਂ ਕੀਤਾ ਜਾਏਗਾ।
ਇਹ ਵੀ ਪੜ੍ਹੋ : ਢਿੱਲੋਂ ਭਰਾਵਾਂ ਦੀ ਖੁਦਕੁਸ਼ੀ ਮਾਮਲੇ ’ਚ ਘਿਰੇ ਐੱਸਐੱਚਓ ਨਵਦੀਪ ਸਿੰਘ ’ਤੇ ਡਿੱਗੀ ਗਾਜ
ਦਿੱਲੀ ਵਿਖੇ ਪਾਰਟੀ ਦੇ ਲੀਡਰ ਭਾਵੇਂ ਕੁਝ ਵੀ ਕਹਿ ਰਹੇ ਹੋਣ ਅਤੇ ਕਿਸੇ ਵੀ ਪਾਰਟੀ ਨੂੰ ਇੰਡੀਆ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ ਪਰ ਪੰਜਾਬ ਵਿੱਚ ਕਾਂਗਰਸ ਪਾਰਟੀ ਦੇ ਉਹ ਖ਼ਿਲਾਫ਼ ਹਨ ਅਤੇ ਕਿਸੇ ਵੀ ਹਾਲਤ ਵਿੱਚ ਇਨਾਂ ਨਾਲ ਮਿਲ ਕੇ ਚੋਣ ਨਹੀਂ ਲੜੀ ਜਾਏਗੀ।
ਗਗਨ ਅਨਮੋਲ ਮਾਨ ( Gagan Anmol Maan) ਨੇ ਇਥੇ ਸਾਫ਼ ਕਿਹਾ ਕਿ ਇਹ ਪਾਰਟੀ ਅਤੇ ਮੁੱਖ ਮੰਤਰੀ ਦਾ ਸਾਂਝਾ ਸਟੈਂਡ ਹੈ ਅਤੇ ਇਸ ਤੋਂ ਪਿੱਛੇ ਕੋਈ ਵੀ ਪਾਰਟੀ ਲੀਡਰ ਨਹੀਂ ਹਟੇਗਾ। ਇਸ ਲਈ ਕਾਂਗਰਸ ਪਾਰਟੀ ਨਾਲ ਪੰਜਾਬ ਵਿੱਚ ਸਮਝੌਤਾ ਨਹੀਂ ਕੀਤਾ ਜਾਏਗਾ ਅਤੇ ਇਸ ਦਾ ਸੁਆਲ ਹੀ ਪੈਦਾ ਨਹੀਂ ਹੁੰਦਾ ਹੈ।