ਸੁਖਜਿੰਦਰ ਰੰਧਾਵਾ ਦੇ ਪੁੱਤਰ ਦੀ ਚੰਡੀਗੜ੍ਹ ’ਚ ਗੁੰਡਾਗਰਦੀ, ਪਹਿਲਾਂ ਨੌਜਵਾਨ ਨੂੰ ਕੁੱਟਿਆ ਤੇ ਫਿਰ ਕੀਤਾ ਅਗਵਾ

Sukhjinder Randhawa

ਸੁਰੱਖਿਆ ਮੁਲਾਜ਼ਮ ਦੀ ਤੈਨਾਤੀ ਕਰਕੇ ਵੀ ਜਾਂਚ ਦੇ ਘੇਰੇ ਵਿੱਚ ਆਏ Sukhjinder Randhawa

ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ (Sukhjinder Randhawa) ਦੇ ਪੁੱਤਰ ਉਦੈਵੀਰ ਰੰਧਾਵਾ ਵੱਲੋਂ ਬੁੱਧਵਾਰ ਰਾਤ ਨੂੰ ਚੰਡੀਗੜ੍ਹ ਦੇ ਇੱਕ ਪ੍ਰਾਈਵੇਟ ਹੋਟਲ ਵਿੱਚ ਗੁੰਡਾਗਰਦੀ ਕੀਤੀ ਗਈ। ਪੰਜਾਬ ਯੂਨੀਵਰਸਿੱਟੀ ਦੇ ਇੱਕ ਨੌਜਵਾਨ ਨਰਵੀਰ ਸਿੰਘ ਨੂੰ ਪਹਿਲਾਂ ਕਾਫ਼ੀ ਜ਼ਿਆਦਾ ਕੁੱਟਿਆ ਗਿਆ ਤੇ ਬਾਅਦ ਵਿੱਚ ਉਸ ਨੂੰ ਆਪਣੀ ਹੀ ਗੱਡੀ ਵਿੱਚ ਬੰਦੂਕ ਦੀਆਂ ਨੋਕ ’ਤੇ ਅਗਵਾ ਕਰਕੇ ਲੈ ਗਏ। ਚੰਡੀਗੜ੍ਹ ਸ਼ਹਿਰ ਦੀਆਂ ਸੜਕਾਂ ’ਤੇ ਘੁੰਮਾਉਣ ਤੋਂ ਬਾਅਦ ਸੈਕਟਰ 17 ਦੇ ਥਾਣੇ ਵਿੱਚ ਲੈ ਕੇ ਉਦੈਵੀਰ ਰੰਧਾਵਾ ਨੇ ਨਰਵੀਰ ਸਿੰਘ ਨੂੰ ਹੀ ਗਿ੍ਰਫ਼ਤਾਰ ਕਰਨ ਦੇ ਆਦੇਸ਼ ਚਾੜ੍ਹ ਦਿੱਤੇ।

ਸਾਰੀ ਰਾਤ ਥਾਣੇ ਵਿੱਚ ਬਹਿ ਕੇ ਸਮਝੌਤਾ ਕਰਵਾਉਣ ਦੀ ਕੀਤੀ ਗਈ ਨਾਕਾਮ ਕੋਸ਼ਿਸ਼ | Sukhjinder Randhawa

ਜਿੱਥੇ ਕਿ ਨਰਵੀਰ ਸਿੰਘ ਦੇ ਸਿਰ ਵਿੱਚ ਲੱਗੀ ਸੱਟ ਨੂੰ ਦੇਖਦੇ ਹੋਏ ਪਹਿਲਾਂ ਪੁਲਿਸ ਵੱਲੋਂ ਉਸ ਦਾ ਇਲਾਜ ਕਰਵਾਇਆ ਗਿਆ ਤੇ ਬਾਅਦ ਵਿੱਚ ਜਦੋਂ ਮਾਮਲਾ ਪੁੱਛਿਆ ਗਿਆ ਤਾਂ ਉਦੈਵੀਰ ਰੰਧਾਵਾ ਨੇ ਚੰਡੀਗੜ੍ਹ ਪੁਲਿਸ ਨੂੰ ਹੀ ਗਾਲੀ-ਗਲੋਚ ਕਰਨ ਦੀ ਕੋਸ਼ਿਸ਼ ਕੀਤੀ ਗਈ। ਜਿਸ ਤੋਂ ਬਾਅਦ ਚੰਡੀਗੜ੍ਹ ਪੁਲਿਸ ਵੱਲੋਂ ਉਦੈਵੀਰ ਰੰਧਾਵਾ ਨੂੰ ਆਪਣੇ ਕੋਲ ਬਿਠਾਉਂਦੇ ਹੋਏ ਨਰਵੀਰ ਸਿੰਘ ਦੀ ਸ਼ਿਕਾਇਤ ’ਤੇ ਕਾਰਵਾਈ ਕਰਨ ਦੀ ਕੋਸ਼ਸ਼ ਕੀਤੀ ਤਾਂ ਮੌਕੇ ’ਤੇ ਖੜੇ੍ਹ ਪੰਜਾਬ ਪੁਲਿਸ ਦੇ ਸੁਰੱਖਿਆ ਮੁਲਾਜ਼ਮਾਂ ਨੇ ਇਤਰਾਜ਼ ਜ਼ਾਹਿਰ ਕੀਤਾ ਤਾਂ ਚੰਡੀਗੜ੍ਹ ਪੁਲਿਸ ਨੇ ਉਨ੍ਹਾਂ ਨੂੰ ਪਿੱਛਣ ਹਟਣ ਦਾ ਆਦੇਸ਼ ਦੇ ਦਿੱਤਾ, ਜਿਸ ਤੋਂ ਬਾਅਦ ਲਗਾਤਾਰ ਇਹ ਮਾਮਲਾ ਵਿਗੜਦਾ ਗਿਆ ਅਤੇ ਵੀਰਵਾਰ ਸਾਰਾ ਦਿਨ ਵੀ ਇਹ ਮਾਮਲਾ ਕਾਫ਼ੀ ਜ਼ਿਆਦਾ ਗਰਮ ਹੀ ਰਿਹਾ।

ਨਰਵੀਰ ਸਿੰਘ ਨੇ ਦੱਸਿਆ ਕਿ ਬੁੱਧਵਾਰ ਦੇਰ ਰਾਤ ਜਦੋਂ ਉਦੈਵੀਰ ਨੂੰ ਚੰਡੀਗੜ੍ਹ ਪੁਲਿਸ ਛੱਡਣ ਨੂੰ ਤਿਆਰ ਨਹੀਂ ਸੀ ਤਾਂ ਸੁਖਜਿੰਦਰ ਸਿੰਘ ਰੰਧਾਵਾ ਖ਼ੁਦ ਸੈਕਟਰ 17 ਦੇ ਪੁਲਿਸ ਥਾਣੇ ਪੁੱਜ ਗਏ, ਜਿਥੇ ਉਨ੍ਹਾਂ ਨੇ ਕਾਫ਼ੀ ਜ਼ਿਆਦਾ ਰੋਹਬ ਮਾਰਨ ਦੇ ਨਾਲ ਹੀ ਪੁਲਿਸ ’ਤੇ ਦਬਾਅ ਬਣਾਉਣ ਦੀ ਕੋਸ਼ਸ਼ ਕੀਤੀ ਪਰ ਚੰਡੀਗੜ੍ਹ ਪੁਲਿਸ ਨੇ ਇਸ ਮਾਮਲੇ ਵਿੱਚ ਕੋਈ ਢਿੱਲ ਨਹੀਂ ਛੱਡਣ ਲਈ ਕਹਿ ਦਿੱਤਾ। ਨਰਵੀਰ ਸਿੰਘ ਨੇ ਦੱਸਿਆ ਕਿ ਦੇਰ ਰਾਤ ਤੱਕ ਸੁਖਜਿੰਦਰ ਰੰਧਾਵਾ ਅਤੇ ਉਨ੍ਹਾਂ ਦੇ ਲੋਕ ਕਾਫ਼ੀ ਜ਼ਿਆਦਾ ਦਬਾਅ ਬਣਾਉਂਦੇ ਰਹੇ ਪਰ ਉਹ ਕਿਸੇ ਵੀ ਹਾਲਤ ਵਿੱਚ ਆਪਣੀ ਸ਼ਿਕਾਇਤ ਨੂੰ ਵਾਪਸ ਨਹੀਂ ਲੈਣਗੇ, ਕਿਉਂਕਿ ਉਨ੍ਹਾਂ ਦੇ ਸਿਰ ’ਤੇ ਬੋਤਲ ਮਾਰੀ ਗਈ ਹੈ, ਜਿਸ ਨਾਲ ਸਿਰ ਵਿੱਚ ਟਾਂਕੇ ਵੀ ਆਏ ਹਨ।

ਨਰਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਸ਼ਿਕਾਇਤ ਵਿੱਚ ਜਾਨ ਤੋਂ ਮਾਰਨ ਦੀ ਕੋਸ਼ਸ਼ ਅਤੇ ਅਗਵਾ ਕਰਨ ਦਾ ਦੋਸ਼ ਲਗਾਇਆ ਹੈ।ਉਨ੍ਹਾਂ ਕਿਹਾ ਕਿ ਵੀਰਵਾਰ ਸਵੇਰੇ 4 ਵਜੇ ਉਹ ਪੁਲਿਸ ਥਾਣੇ ਤੋਂ ਆਏ ਸਨ ਅਤੇ ਉਸ ਸਮੇਂ ਤੱਕ ਸੁਖਜਿੰਦਰ ਰੰਧਾਵਾ ਅਤੇ ਉਨ੍ਹਾਂ ਦਾ ਪੁੱਤਰ ਉਦੈਵੀਰ ਰੰਧਾਵਾ ਉਥੇ ਹੀ ਮੌਜ਼ੂਦ ਸੀ ਪਰ ਬਾਅਦ ਵਿੱਚ ਪੁਲਿਸ ਨੇ ਉਸ ਨੂੰ ਛੱਡ ਦਿੱਤਾ।

ਰੰਧਾਵੇ ਦੇ ਪੁੱੱਤਰ ਦੀ ਗੁੰਡਾਗਰਦੀ ਲਈ ਪਰਚਾ ਦਰਜ ਕਰੇ ਪੁਲਿਸ : ਆਪ

ਆਮ ਆਦਮੀ ਪਾਰਟੀ ਪੰਜਾਬ ਦੇ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਸੁਖਜਿੰਦਰ ਸਿੰਘ ਰੰਧਾਵਾ ਭਾਵੇਂ ਪੰਜਾਬ ਦਾ ਉਪ ਮੁੱਖ ਮੰਤਰੀ ਰਿਹਾ ਹੋਵੇ ਪਰ ਉਸ ਦੇ ਪੁੱਤਰ ਨੂੰ ਚੰਡੀਗੜ੍ਹ ਵਿਖੇ ਗੁੰਡਾਗਰਦੀ ਕਰਨ ਦਾ ਲਾਈਸੰਸ ਨਹੀਂ ਮਿਲ ਜਾਂਦਾ। ਇਸ ਲਈ ਉਹ ਮੰਗ ਕਰਦੇ ਹਨ ਕਿ ਚੰਡੀਗੜ੍ਹ ਪੁਲਿਸ ਤੁਰੰਤ ਉਦੈਵੀਰ ਸਿੰਘ ਦੇ ਖ਼ਿਲਾਫ਼ ਪਰਚਾ ਦਰਜ ਕਰਦੇ ਹੋਏ ਕਾਰਵਾਈ ਕਰੇ।

ਸੁਖਜਿੰਦਰ ਰੰਧਾਵਾ ਦੀ ਸੁਰੱਖਿਆ ਕਿਵੇਂ ਲੈ ਗਿਆ ਪੁੱਤਰ, ਜਾਂਚ ਦੇ ਆਦੇਸ਼

ਸੁਖਜਿੰਦਰ ਸਿੰਘ ਰੰਧਾਵਾ ਨੂੰ ਮਿਲੀ ਹੋਈ ਸੁਰੱਖਿਆ ਉਸ ਦੇ ਪੁੱਤਰ ਉਦੈਵੀਰ ਸਿੰਘ ਨਾਲ ਕੀ ਕਰ ਰਹੀ ਸੀ ? ਇਸ ਮਾਮਲੇ ਵਿੱਚ ਜਾਂਚ ਦੇ ਆਦੇਸ਼ ਪੰਜਾਬ ਸਰਕਾਰ ਵੱਲੋਂ ਦੇ ਦਿੱਤੇ ਗਏ ਹਨ। ਇਹ ਮਾਮਲੇ ਵਿੱਚ ਜਾਂਚ ਕੀਤੀ ਜਾਵੇਗੀ ਕਿ ਸੁਰੱਖਿਆ ਮੁਲਾਜ਼ਮ ਕਿਸ ਦੀ ਇਜ਼ਾਜਤ ਨਾਲ ਉਦੈਵੀਰ ਸਿੰਘ ਨਾਲ ਹੋਟਲ ਵਿੱਚ ਗਏ ਸਨ ਅਤੇ ਸੁਰੱਖਿਆ ਮੁਲਾਜ਼ਮਾਂ ਵੱਲੋਂ ਪੀੜਤ ਨੌਜਵਾਨ ਨਰਵੀਰ ਸਿੰਘ ਨੂੰ ਅਗਵਾ ਕਰਨ ਵਿੱਚ ਮਦਦ ਕਿਉਂ ਕੀਤੀ ? ਇਸ ਨਾਲ ਹੀ ਸੁਖਜਿੰਦਰ ਰੰਧਾਵਾ ਦੀ ਸੁਰੱਖਿਆ ਵੀ ਵਾਪਸ ਲਈ ਜਾ ਸਕਦੀ ਹੈ ਕਿਉਂਕਿ ਉਨ੍ਹਾਂ ਵੱਲੋਂ ਸੁਰੱਖਿਆ ਨਿਯਮਾਂ ਨੂੰ ਤੋੜਿਆ ਹੈ।

ਇਹ ਵੀ ਪੜ੍ਹੋ : ਮਹਿੰਗਾਈ ਨੂੰ ਕਾਬੂ ਕਰਨ ਦੀਆਂ ਸਰਕਾਰੀ ਕੋਸ਼ਿਸ਼ਾਂ