ਮੈਂ ਚੰਦ ਤੋਂ ਭਾਰਤ ਬੋਲ ਰਿਹਾਂ : ਚੰਦਰਯਾਨ-3 ਦੇ ਚੰਦ ਤੱਕ ਪਹੁੰਚਣ ਦੀ ਪੂਰੀ ਕਹਾਣੀ

Chandrayaan-3

ਚੰਦਰਯਾਨ-3 (Chandrayaan-3) ਦੇ ਲੈਂਡਰ ਨੇ ਚੰਦ ਦੇ ਦੱਖਣੀ ਧਰੁਵ ’ਤੇ ਕਦਮ ਰੱਖ ਕੇ ਇਤਿਹਾਸ ਰਚ ਦਿੱਤਾ ਹੈ। ਉਸ ਨੇ 20 ਮਿੰਟ ਵਿਚ ਚੰਦਰਮਾ ਦੀ ਆਖ਼ਰੀ ਜ਼ਮਾਤ ਤੋਂ 25 ਕਿਲੋਮੀਟਰ ਦਾ ਸਫ਼ਰ ਪੂਰਾ ਕੀਤਾ। ਲੈਂਡਰ ਨੂੰ ਹੌਲੀ-ਹੌਲੀ ਹੇਠਾਂ ਉਤਾਰਿਆ ਗਿਆ। 5 ਵੱਜ ਕੇ 30 ਮਿੰਟ ’ਤੇ ਸ਼ੁਰੂਆਤ ਵਿਚ ਰਫ਼ ਲੈਂਡਿੰਗ ਬੇਹੱਦ ਕਾਮਯਾਬ ਰਹੀ। ਇਸ ਤੋਂ ਬਾਅਦ 5 ਵਜ ਕੇ 44 ਮਿੰਟ ’ਤੇ ਲੈਂਡਰ ਨੇ ਵਰਟੀਕਲ ਲੈਂਡਿੰਗ ਕੀਤੀ। ਉਦੋਂ ਉਸ ਦੀ ਚੰਦਰਮਾ ਤੋਂ ਦੂਰੀ 3 ਕਿਲੋਮੀਟਰ ਰਹਿ ਗਈ ਸੀ।

ਆਖ਼ਰਕਾਰ ਲੈਂਡਰ ਨੇ 6 ਵੱਜ ਕੇ 4 ਮਿੰਟ ’ਤੇ ਚੰਦ ’ਤੇ ਪਹਿਲਾ ਕਦਮ ਰੱਖਿਆ। ਇਸ ਤਰ੍ਹਾਂ ਭਾਰਤ ਚੰਦ ਦੇ ਦੱਖਣੀ ਧਰੁਵ ’ਤੇ ਲੈਂਡਿੰਗ ਕਰਨ ਵਾਲਾ ਦੁਨੀਆਂ ਦਾ ਪਹਿਲਾ ਦੇਸ਼ ਬਣ ਗਿਆ ਅਤੇ ਚੰਦ ਦੇ ਕਿਸੇ ਵੀ ਹਿੱਸੇ ਵਿਚ ਯਾਨ ਉਤਾਰਨ ਵਾਲਾ ਚੌਥਾ ਦੇਸ਼ ਬਣ ਗਿਆ ਹੈ। ਇਸ ਤੋਂ ਪਹਿਲਾਂ ਅਮਰੀਕਾ, ਸੁਵੀਅਤ ਸੰਘ ਅਤੇ ਚੀਨ ਦੀ ਹੀ ਇਹ ਕਾਮਯਾਬੀ ਮਿਲੀ ਹੈ। ਆਖ਼ਰਕਾਰ ਉਹ ਪਲ ਆ ਹੀ ਗਿਆ ਜਦੋਂ ਸਾਡੇ ਚੰਦਰਯਾਨ-3 ਨੇ ਚੰਦ ਦੇ ਸਾਊਥ ਪੋਲ ’ਤੇ ਸਫ਼ਲ ਲੈਂਡਿੰਗ ਕਰਕੇ ਵਿਸ਼ਵ ਪੱਧਰ ’ਤੇ ਇੱਕ ਨਵਾਂ ਕੀਰਤੀਮਾਨ ਸਥਾਪਿਤ ਕਰ ਦਿੱਤਾ। (Chandrayaan-3)

ਇਸ ਸ਼ੁੱਭ ਲੈਂਡਿੰਗ ਨਾਲ ਪੂਰਾ ਦੇਸ਼ ਉਤਸ਼ਾਹ ਅਤੇ ਊਰਜਾ ਨਾਲ ਭਰ ਗਿਆ ਹੈ। ਸਾਡੇ ਵਿਗਿਆਨੀਆਂ ਨੇ ਪੂਰੇ ਦੇਸ਼ ਨੂੰ ਮਾਣ ਦਾ ਅਹਿਸਾਸ ਕਰਨ ਦਾ ਇੱਕ ਹੋਰ ਮੌਕਾ ਦਿੱਤਾ ਹੈ, ਇਸ ਸਫ਼ਲਤਾ ਲਈ ਇਸਰੋ ਦੇ ਸਾਰੇ ਵਿਗਿਆਨੀਆਂ, ਕਰਮਚਾਰੀਆਂ ਦੀ ਅਣਥੱਕ ਮਿਹਨਤ ਨੂੰ ਕੋਟਿ-ਕੋਟਿ ਸਲਾਮ ਅਤੇ ਵਧਾਈ। ਹੁਣ ਤੋਂ ਚੰਦ ਤੇ ਵੀ ਅਸ਼ੋਕ ਸਤੰਭ ਦੇ ਰੂਪ ਵਿਚ ਭਾਰਤ ਦੀ ਛਾਪ ਸਥਾਪਿਤ ਹੋ ਗਈ ਹੈ।

ਕੁਦਰਤੀ ਤੱਤਾਂ, ਮਿੱਟੀ, ਪਾਣੀ ਆਦਿ ’ਤੇ ਵਿਗਿਆਨਕ ਪ੍ਰਯੋਗ

ਚੰਦਰਯਾਨ-3 ਮਿਸ਼ਨ ਦੇ ਉਦੇਸ਼: ਇਸਰੋ ਨੇ ਚੰਦਰਯਾਨ-3 ਮਿਸ਼ਨ ਲਈ ਤਿੰਨ ਮੁੱਖ ਉਦੇਸ਼ ਨਿਰਧਾਰਿਤ ਕੀਤੇ ਸਨ। ਪਹਿਲਾ, ਲੈਂਡਰ ਦੀ ਚੰਦਰਮਾ ਦੀ ਸਤ੍ਹਾ ’ਤੇ ਸੁਰੱਖਿਅਤ ਅਤੇ ਸਾਫ਼ਟ ਲੈਂਡਿੰਗ ਕਰਾਉਣਾ। ਦੂਜਾ, ਚੰਦਰਮਾ ’ਤੇ ਰੋਵਰ ਦੇ ਤੁਰਨ-ਫਿਰਨ ਦੀਆਂ ਸਮਰੱਥਾਵਾਂ ਦੀ ਦੇਖ-ਰੇਖ ਅਤੇ ਪ੍ਰਦਰਸ਼ਨ ਅਤੇ ਤੀਜਾ, ਚੰਦਰਮਾ ਦੇ ਢਾਂਚੇ ਨੂੰ ਬਿਹਤਰ ਢੰਗ ਨਾਲ ਸਮਝਣ ਅਤੇ ਉਸ ਦੇ ਵਿਗਿਆਨ ਨੂੰ ਅਭਿਆਸ ਵਿਚ ਲਿਆਉਣ ਲਈ ਚੰਦਰਮਾ ਦੀ ਸਤ੍ਹਾ ’ਤੇ ਉਪਲੱਬਧ ਰਸਾਇਣਿਕ ਅਤੇ ਕੁਦਰਤੀ ਤੱਤਾਂ, ਮਿੱਟੀ, ਪਾਣੀ ਆਦਿ ’ਤੇ ਵਿਗਿਆਨਕ ਪ੍ਰਯੋਗ ਕਰਨਾ। ਇਸ ਪੂਰੀ ਯਾਤਰਾ ਵਿਚ ਚੰਦਰਯਾਨ-3 ਨੇ ਆਪਣੇ ਇਨ੍ਹਾਂ ਤਿੰਨਾਂ ਉਦੇਸ਼ ਨੂੰ ਬਾਖੂਬੀ ਪੂਰਾ ਕੀਤਾ ਹੈ। ਅੱਗੇ ਆਉਣ ਵਾਲੇ ਸਮੇਂ ਵਿਚ ਸ਼ਾਇਦ ਚੰਦਰਯਾਨ-3 ਤੋਂ ਸਾਨੂੰ ਅਜਿਹੀਆਂ ਅਨੇਕਾਂ ਜਾਣਕਾਰੀਆਂ ਮਿਲ ਸਕਦੀਆਂ ਹੈ, ਜਿਸ ਬਾਰੇ ਹਾਲੇ ਸੋਚ ਸਕਣਾ ਮੁਸ਼ਕਲ ਹੈ।

ਕਿਵੇਂ ਕੀਤਾ ਸਫ਼ਰ | Chandrayaan-3

ਚੰਦਰਯਾਨ-3 ਦੀ ਯਾਤਰਾ ਸੌਖੀ ਨਹੀਂ ਸੀ: ਲਗਭਗ 615 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਅਤੇ 14 ਜੁਲਾਈ ਨੂੰ ਆਂਧਰਾ ਪ੍ਰਦੇਸ਼ ਦੇ ਸ੍ਰੀਹਰੀਕੋਟਾ ਸਥਿਤ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਯਾਤਰਾ ਸ਼ੁਰੂ ਕਰਨ ਵਾਲੇ ਚੰਦਰਯਾਨ-3 ਦੇ ਪੂਰੇ ਸਫ਼ਰ ਨੇ ਪਹਿਲੇ ਦਿਨ ਤੋਂ ਹਰੇਕ ਭਾਰਤੀ ਨੂੰ ਆਪਣੇ ਨਾਲ ਜੋੜੀ ਰੱਖਿਆ ਅਤੇ ਦੁਨੀਆਂ ਭਰ ਤੋਂ ਕਰੋੜਾਂ ਲੋਕ ਅੱਖਾਂ ਜਮਾਈ ਇਸ ਯਾਤਰਾ ਨਾਲ ਲਗਾਤਾਰ ਜੁੜੇ ਰਹੇ। ਇਸਰੋ ਨੇ ਧਰਤੀ ਤੋਂ ਦੂਰ ਕਈ ਵਾਰ ਚੰਦਰਯਾਨ-3 ਦੀਆਂ ਜ਼ਮਾਤਾਂ ਬਦਲੀਆਂ ਸਨ। ਧਰਤੀ ਦੀਆਂ ਵੱਖ-ਵੱਖ ਜਮਾਤਾਂ ਵਿੱਚ ਪਰਿਕਰਮਾ ਕਰਦੇ ਹੋਏ ਇੱਕ ਅਗਸਤ ਨੂੰ ਸਾਲਿੰਗਸ਼ਾਟ ਤੋਂ ਬਾਅਦ ਧਰਤੀ ਦੀ ਜ਼ਮਾਤ ਤੱਡ ਕੇ ਯਾਨ ਚੰਦਰਮਾ ਦੀ ਜ਼ਮਾਤ ਵੱਲ ਵਧਿਆ ਸੀ। 5 ਅਗਸਤ ਨੂੰ ਇਸ ਨੇ ਚੰਦਰਮਾ ਦੀ ਜ਼ਮਾਤ ਵਿਚ ਪ੍ਰਵੇਸ਼ ਕੀਤਾ। 6 ਅਗਸਤ ਨੂੰ ਪਹਿਲੀ ਵਾਰ ਜ਼ਮਾਤ ਬਦਲੀ।

ਇਸ ਤੋਂ ਬਾਅਦ 9, 14 ਅਤੇ 16 ਅਗਸਤ ਨੂੰ ਜ਼ਮਾਤਾਂ ਵਿਚ ਬਦਲਾਅ ਕਰਕੇ ਇਹ ਚੰਦਰਮਾ ਦੇ ਹੋਰ ਨੇੜੇ ਪਹੁੰਚਿਆ। ਸਤਾਰਾਂ ਅਗਸਤ ਨੂੰ ਚੰਦਰਯਾਨ-3 ਦੇ ਪ੍ਰੋਪਲਸ਼ਨ ਮਾਡਿਊਲ ਅਤੇ ਲੈਂਡਰ ਮਡਿਊਲ ਵੱਖ-ਵੱਖ ਹੋ ਗਏ ਅਤੇ ਲੈਂਡਰ ਮਡਿਊਲ ਚੰਦਰਮਾ ਦੀ ਸਤ੍ਹਾ ਵੱਲ ਵਧਿਆ। 18 ਅਤੇ 19 ਅਗਸਤ ਨੂੰ ਦੋ ਬਾਰ ਡੀਬੂਸਟਿੰਗ (ਹੌਲੀ ਕਰਨ ਦੀ ਪ੍ਰਕਿਰਿਆ) ਤੋਂ ਬਾਅਦ ਲੈਂਡਰ (ਵਿਕਰਮ) ਅਤੇ ਰੋਵਰ (ਪ੍ਰਗਿਆਨ) ਨਾਲ ਯੁਕਤ ਲੈਂਡਰ ਮਡਿਊਲ ਚੰਦ ਦੀ ਸਭ ਤੋਂ ਨੇੜਲੀ ਜਮਾਤ ਵਿਚ ਪਹੁੰਚਿਆ ਅਤੇ ਇਸ ਅਸੰਭਵ ਲੱਗਣ ਵਾਲੀ ਚੰਦਰਯਾਨ-3 ਦੀ ਯਾਤਰਾ ਨੂੰ ਆਖ਼ਰਕਾਰ ਅਸੀਂ ਚੁਣੌਤੀਆਂ ਦੇ ਬਾਵਜ਼ੂਦ ਵੀ ਪੂਰਾ ਕਰ ਲਿਆ। ਵਿਚ-ਵਿਚਾਲੇ ਕਈ ਵਾਰ ਦਿਲਾਂ ਦੀ ਧੜਕਣ ਤੇਜ਼ ਵੀ ਹੋਈ ਅਤੇ ਡਰ ਵੀ ਲੱਗਾ, ਪਰ ਅੰਤ ਭਲਾ ਤਾਂ ਸਭ ਭਲਾ।

ਸਾਊਥ ਪੋਲ ’ਤੇ ਪਾਣੀ ਦੀ ਸੰਭਾਵਨਾ ਦੀ ਭਾਲ

ਸਾਊਥ ਪੋਲ ’ਤੇ ਹੋਣ ਦੇ ਮਾਇਨੇ: ਭਾਰਤ ਸਾਊਥ ਪੋਲ ’ਤੇ ਪਹੁੰਚਣ ਵਾਲਾ ਦੁਨੀਆਂ ਦਾ ਪਹਿਲਾ ਦੇਸ਼ ਬਣ ਗਿਆ ਹੈ। ਸਾਊਥ ਪੋਲ ਤੋਂ ਭਾਰਤ ਨੂੰ ਅਜਿਹੀਆਂ ਸਭ ਜਾਣਕਾਰੀਆਂ ਮਿਲ ਸਕਦੀਆਂ ਹਨ, ਜੋ ਉੱਥੇ ਜੀਵਨ ਦੀਆਂ ਸੰਭਾਵਨਾਵਾਂ ਅਤੇ ਹੋਰ ਸੰਬੰਧਿਤ ਖੇਤਰਾਂ ਨਾਲ ਜੁੜੀਆਂ ਸੰਭਾਵਨਾਵਾਂ ਵੱਲ ਜ਼ਿਆਦਾ ਗਤੀ ਪ੍ਰਦਾਨ ਕਰੇਗਾ। ਸਾਊਥ ਪੋਲ ’ਤੇ ਪਾਣੀ ਦੀ ਸੰਭਾਵਨਾ ਦੀ ਭਾਲ ਦਾ ਮਤਲਬ ਹੋਵੇਗਾ ਇੱਕ ਨਵੀਂ ਜਿੰਦਗੀ। ਇਸ ਨਾਲ ਮੰਗਲ ’ਤੇ ਜਾਣ ਲਈ ਚੰਦਰਮਾ ’ਤੇ ਉੱਤਰ ਕੇ ਫਿਊਲ ਲੈ ਸਕਾਂਗੇ। ਸਪੇਸ ਮਾਰਕੀਟ ਵਿਚ ਭਾਰਤ ਲਈ ਸੰਭਾਵਨਾਵਾਂ ਪਹਿਲਾਂ ਤੋਂ ਜ਼ਿਆਦਾ ਵਧ ਗਈਆਂ ਹਨ। ਪੁਲਾੜ ਵਿਚ ਵੀ ਪੂਰੀ ਦੁਨੀਆਂ ਅੱਜ ਭਾਰਤ ਦਾ ਲੋਹਾ ਮੰਨਣ ਲੱਗੀ ਹੈ। ਹੁਣ ਭਾਰਤ ਨੇ ਸਪੇਸ ਵਿਚ ਅਮਰੀਕਾ ਸਮੇਤ ਕਈ ਵੱਡੇ ਦੇਸ਼ਾਂ ਦਾ ਏਕਾਧਿਕਾਰ ਤੋੜਿਆ ਹੈ।

ਪੂਰੀ ਦੁਨੀਆਂ ਵਿਚ ਸੈਟੇਲਾਈਟ ਦੇ ਜ਼ਰੀਏ ਟੈਲੀਵਿਜ਼ਨ ਪ੍ਰਸਾਰਨ, ਮੌਸਮ ਦੀ ਭਵਿੱਖਬਾਣੀ ਅਤੇ ਦੂਰਸੰਚਾਰ ਦਾ ਖੇਤਰ ਬਹੁਤ ਤੇਜ਼ ਗਤੀ ਨਾਲ ਵਧ ਰਿਹਾ ਹੈ ਅਤੇ ਕਿਉਕਿ ਇਹ ਸਾਰੀਆਂ ਸਹੂਲਤਾਂ ਉਪਗ੍ਰਹਿਆਂ ਦੇ ਜ਼ਰੀਏ ਚੱਲਦੀਆਂ ਹਨ, ਇਸ ਲਈ ਸੰਚਾਰ ਉਪਗ੍ਰਹਿਆਂ ਨੂੰ ਪੁਲਾੜ ਵਿਚ ਸਥਾਪਿਤ ਕਰਨ ਦੀ ਮੰਗ ਵੀ ਤੇਜ਼ ਹੋ ਰਹੀ ਹੈ। ਹਾਲਾਂਕਿ ਇਸ ਖੇਤਰ ਵਿਚ ਚੀਨ, ਰੂਸ, ਜਪਾਨ ਆਦਿ ਦੇਸ਼ ਮੁਕਾਬਲੇ ਵਿਚ ਹਨ, ਪਰ ਇਹ ਬਜ਼ਾਰ ਇੰਨੀ ਤੇਜ਼ੀ ਨਾਲ ਵਧ ਰਿਹਾ ਹੈ ਕਿ ਇਹ ਮੰਗ ਉਨ੍ਹਾਂ ਸਹਾਰੇ ਪੂਰੀ ਨਹੀਂ ਕੀਤੀ ਜਾ ਸਕਦੀ।

ਸਪੇਸ ਕੰਪਨੀ ਦੀ ਮੱਦਦ | Chandrayaan-3

ਅਜਿਹੇ ਵਿਚ ਚੰਦਰਯਾਨ-3 ਦੀ ਘੱਟ ਬਜਟ ਵਿਚ ਸਫ਼ਲ ਲੈਂਡਿੰਗ ਤੋਂ ਬਾਅਦ ਕਾਰੋਬਾਰੀ ਤੌਰ ’ਤੇ ਭਾਰਤ ਲਈ ਸੰਭਾਵਨਾਵਾਂ ਪਹਿਲਾਂ ਤੋਂ ਜ਼ਿਆਦਾ ਵਧ ਗਈਆਂ ਹਨ। ਚੰਦ ਅਤੇ ਮੰਗਲ ਅਭਿਆਨ ਸਮੇਤ ਇਸਰੋ ਆਪਣੇ 100 ਤੋਂ ਜ਼ਿਆਦਾ ਪੁਲਾੜ ਅਭਿਆਨ ਪੂਰੇ ਕਰਕੇ ਪਹਿਲਾਂ ਹੀ ਇਤਿਹਾਸ ਰਚ ਚੁੱਕਾ ਹੈ। ਭਵਿੱਖ ਵਿਚ ਪੁਲਾੜ ਵਿਚ ਮੁਕਾਬਲਾ ਵਧੇਗਾ ਕਿਉਕਿ ਇਹ ਅਰਬਾਂ ਡਾਲਰ ਦੀ ਮਾਰਕੀਟ ਹੈ। ਕੁਝ ਸਾਲ ਪਹਿਲਾਂ ਤੱਕ ਫਰਾਂਸ ਦੀ ਏਰੀਅਨ ਸਪੇਸ ਕੰਪਨੀ ਦੀ ਮੱਦਦ ਨਾਲ ਭਾਰਤ ਆਪਣੇ ਉਪਗ੍ਰਹਿ ਛੱਡਦਾ ਸੀ ਪਰ ਹੁਣ ਉਹ ਗ੍ਰਾਹਕ ਦੀ ਬਜਾਏ ਭਾਈਵਾਲ ਦੀ ਭੂਮਿਕਾ ਵਿਚ ਪਹੁੰਚ ਗਿਆ ਹੈ।

ਜੇਕਰ ਇਸੇ ਤਰ੍ਹਾਂ ਭਾਰਤ ਪੁਲਾੜ ਖੇਤਰ ਵਿਚ ਸਫ਼ਲਤਾ ਹਾਸਲ ਕਰਦਾ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਸਾਡੇ ਯਾਨ ਪੁਲਾੜ ਯਾਤਰੀਆਂ ਨੂੰ ਚੰਦ, ਮੰਗਲ ਅਤੇ ਹੋਰ ਗ੍ਰਹਿਆਂ ਦੀ ਸੈਰ ਕਰਵਾ ਸਕਣਗੇ। ਇਸ ਨੇ ਮੂਨ ਮਿਸ਼ਨ, ਮੰਗਲ ਅਭਿਆਨ, ਸਵਦੇਸ਼ੀ ਸਪੇਸ ਸ਼ਟ ਦੀ ਕਾਮਯਾਬੀ ਅਤੇ ਹੁਣ ਚੰਦਰਯਾਨ-3 ਦੀ ਸਫ਼ਲਤਾ ਤੋਂ ਬਾਅਦ ਇਸਰੋ ਲਈ ਸੰਭਾਵਨਾਵਾਂ ਦੇ ਨਵੇਂ ਦਰਵਾਜ਼ੇ ਖੁੱਲ੍ਹ ਜਾਣਗੇ, ਜਿਸ ਨਾਲ ਭਾਰਤ ਦੀ ਨਿਸ਼ਚਿਤ ਰੂਪ ਨਾਲ ਸਪੇਸ ਵਿਚ ਹੋਂਦ ਪਹਿਲਾਂ ਤੋਂ ਜ਼ਿਆਦਾ ਵਧ ਜਾਵੇਗੀ।

ਇਹ ਵੀ ਪੜ੍ਹੋ : ਠੇਕੇਦਾਰ ਖਿਲਾਫ ਐਫ.ਆਈ.ਆਰ. ਦਰਜ, ਮੈਜਿਸਟ੍ਰੇਟ ਜਾਂਚ ਲਈ ਡੀਸੀ ਵੱਲੋਂ ਕਮੇਟੀ ਦਾ ਗਠਨ

ਜਿਸ ਦਾ ਇੰਤਜ਼ਾਰ ਸੀ, ਜਿਸ ਲਈ ਕਰੋੜਾਂ ਲੋਕਾਂ ਦਾ ਦਿਲ ਬੇਕਰਾਰ ਸੀ, ਉਹ ਪਲ ਅਸੀਂ ਸਾਰਿਆਂ ਨੇ ਦੇਖਿਆ ਅਤੇ ਅਸੀਂ ਹੁਣ ਉਸ ਦੇ ਗਵਾਹ ਵੀ ਬਣ ਗਏ ਹਾਂ। ਇਹ ਤਜ਼ਰਬਾ ਅਤੇ ਸਫ਼ਲਤਾ 140 ਕਰੋੜ ਭਾਰਤੀਆਂ ਦੇ ਜੀਵਨ ਦਾ ਸੁਨਹਿਰੀ ਪਲ ਰਹੇਗਾ। ਸੱਚ ਵਿਚ ਚੰਦਰਯਾਨ-3 ਦੀ ਸਫ਼ਲਤਾ ਨੇ 2047 ਦੇ ਅੰਮਿ੍ਰਤਕਾਲ ਦੀ ਸ਼ੁਰੂਆਤ ਬਹੁਤ ਬਿਹਤਰੀਨ ਤਰੀਕੇ ਨਾਲ ਕੀਤੀ ਹੈ ਅਤੇ ਹੁਣ ਹਰੇਕ ਭਾਰਤੀ ਦਾ ਵਿਸ਼ਵਾਸ ਪਹਿਲਾਂ ਤੋਂ ਕਈ ਗੁਣਾ ਵਧ ਗਿਆ ਹੈ, ਕਿ ਭਾਰਤ ਹੁਣ ਕਿਸੇ ਵੀ ਖੇਤਰ ਵਿਚ ਰੁਕਣ ਵਾਲਾ ਨਹੀਂ ਹੈ। ਹੁਣ ਸਾਰਿਆਂ ਦੇ ਦਿਲ ਦੀ ਸਿਰਫ਼ ਇੱਕ ਹੀ ਧੁਨ ਹੈ ‘‘ਜੈ ਭਾਰਤ, ਜੈ-ਜੈ ਭਾਰਤ’’। ਇੱਕ ਵਾਰ ਮੁੜ ਇਸਰੋ ਦੇ ਸਾਰੇ ਵਿਗਿਆਨੀਆਂ, ਕਰਮਚਾਰੀਆਂ ਦੀ ਅਣਥੱਕ ਮਿਹਨਤ ਨੂੰ ਸਲਾਮ ਅਤੇ ਸਾਰੇ ਭਾਰਤੀਆਂ ਨੂੰ ਵਧਾਈ, ਕਿਉਕਿ ਚੰਦ ਤੋਂ ਮੈਂ ਭਾਰਤ ਬੋਲ ਰਿਹਾ ਹਾਂ।

ਡਾ. ਪਵਨ ਸਿੰਘ
(ਇਹ ਲੇਖਕ ਦੇ ਆਪਣੇ ਵਿਚਾਰ ਹਨ)