ਸ਼ਾਹ ਸਤਿਨਾਮ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਵੱਲੋਂ ਹੜ੍ਹ ਪੀੜਤਾਂ ਦੀ ਮੱਦਦ ਜਾਰੀ | Firozepur News
ਫਿਰੋਜ਼ਪੁਰ (ਸਤਪਾਲ ਥਿੰਦ)। ਹੜ੍ਹ ਪੀੜਤਾਂ ਲਈ ਸ਼ਾਹ ਸਤਿਨਾਮ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਹਰ ਮੱਦਦ ਲਈ ਡਟੇ ਹੋਏ ਹਨ ਅਤੇ ਜਾਨ ਦੀ ਪਰਵਾਹ ਕੀਤੇ ਬਿਨਾਂ ਪਾਣੀ ਵਿੱਚ ਫਸੇ ਲੋਕਾਂ ਤੱਕ ਲੰਗਰ ਪਾਣੀ ਅਤੇ ਹੋਰ ਲੋੜੀਂਦੀ ਸਮੱਗਰੀ ਪਹੁੰਚਾ ਰਹੇ ਹਨ। ਦੱਸ ਦੇਈਏ ਕਿ ਸਤਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਸਤਲੁਜ ਦਰਿਆ ਨਾਲ ਲੱਗਦੇ ਪਿੰਡ ਗੱਟੀ ਰਾਜੋ ਕੇ, ਜੱਲੋ ਕੇ, ਚਾਂਦੀ ਵਾਲਾ, ਚੂਹੜੀ ਵਾਲਾ, ਟੇਂਡੀ ਵਾਲਾ, ਹਜ਼ਾਰਾ ਸਿੰਘ ਵਾਲਾ, ਨਿਹਾਲਾ ਕਿਲਚਾ, ਪੱਲਾ ਮੇਘਾ ਆਦਿ 20-25 ਪਿੰਡ ਪਾਣੀ ਦੇ ਲਪੇਟ ਵਿੱਚ ਆਏ ਹੋਏ ਹਨ, ਲੋਕਾਂ ਦੇ ਘਰ ਪਾਣੀ ਦੀ ਲਪੇਟ ਵਿੱਚ ਆ ਜਾਣ ਕਾਰਨ ਲੋਕਾਂ ਨੂੰ ਘਰ ਬਾਰ ਛੱਡ ਕੇ ਆਪਣੀਆਂ ਰਿਸ਼ਤੇਦਾਰੀਆਂ ਵਿੱਚ ਜਾਣਾ ਪੈ ਰਿਹਾ ਹੈ। (Firozepur News)
ਕੁਝ ਲੋਕ ਸਾਮਾਨ ਲੈ ਕੇ ਆਪਣੇ ਘਰਾਂ ਦੀਆਂ ਛੱਤਾਂ ਉੱਪਰ ਬੈਠੇ ਹਨ, ਇਸ ਮੁਸੀਬਤ ਭਰੀ ਘੜੀ ਵਿੱਚ ਸ਼ਾਹ ਸਤਿਨਾਮ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਵੱਡਾ ਸਹਾਰਾ ਇਨ੍ਹਾਂ ਲੋਕਾਂ ਲਈ ਬਣੇ ਹੋਏ ਹਨ ਅਤੇ ਸੇਵਾਦਾਰਾਂ ਵੱਲੋਂ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਇਹਨਾਂ ਲੋਕਾਂ ਦੀ ਮੱਦਦ ਕੀਤੀ ਜਾ ਰਹੀ ਹੈ।
ਹੜ੍ਹ ਦੇ ਪਾਣੀ ਵਿੱਚ ਫਸੇ ਲੋਕਾਂ ਤੱਕ ਪਹੁੰਚਾਇਆ ਜਾ ਰਿਹੈ ਲੰਗਰ-ਪਾਣੀ, ਦਵਾਈਆਂ ਤੇ ਹੋਰ ਸਮੱਗਰੀ
ਇਸ ਮੌਕੇ 85 ਮੈਂਬਰ ਬਲਕਾਰ ਸਿੰਘ ਇੰਸਾਂ ਨੇ ਦੱਸਿਆ ਕਿ ਫਿਰੋਜ਼ਪੁਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਸ਼ਾਹ ਸਤਿਨਾਮ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਵੱਲੋਂ ਇਹਨਾਂ ਲੋਕਾਂ ਨੂੰ ਲੰਗਰ ਪਾਣੀ ਪਹੁੰਚਾਇਆ ਜਾ ਰਿਹਾ ਹੈ ਇਸ ਦੇ ਨਾਲ ਇਹਨਾਂ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਲਿਜਾਣ ਦੇ ਵੀ ਕਾਰਜ ਕੀਤੇ ਜਾ ਰਹੇ ਹਨ, ਜਿਸ ਲਈ ਪ੍ਰਸ਼ਾਸਨ ਵੱਲੋਂ ਸੇਵਾਦਾਰਾਂ ਨੂੰ ਕਿਸ਼ਤੀਆਂ ਮੁਹੱਈਆ ਕਰਵਾਈਆਂ ਗਈਆਂ ਹਨ।
ਉਨ੍ਹਾਂ ਦੱਸਿਆ ਕਿ ਲੰਗਰ ਪਾਣੀ ਤੋਂ ਇਲਾਵਾ ਸੇਵਾਦਾਰਾਂ ਵੱਲੋਂ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਲੋੜੀਂਦੀਆਂ ਦਵਾਈਆਂ ਵੀ ਮੁਹੱਈਆਂ ਕਰਵਾਈਆਂ ਜਾ ਰਹੀਆਂ ਹਨ ਅਤੇ ਪਸ਼ੂਆਂ ਲਈ ਚਾਰਾ ਅਤੇ ਫੀਡ ਵੀ ਪਹੁੰਚਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸਾਧ-ਸੰਗਤ ਵੱਲੋਂ ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਵਿੱਚ ਲੰਗਰ ਪਾਣੀ ਤਿਆਰ ਕੀਤਾ ਜਾ ਰਿਹਾ ਹੈ।