ਪੰਜਾਬ ਦੀ ਸਭ ਤੋਂ ਵੱਡੀ ਪੰਚਾਇਤ ‘ਵਿਧਾਨ ਸਭਾ’ ਦਾ ਵਿਧਾਨਿਕ ਕੰਮਕਾਜ ‘ਅਨਐਡਿਟ’, 4 ਸਾਲਾਂ ਤੋਂ ਫਾਈਨਲ ਪਿ੍ਰੰਟ ਨਹੀਂ ਹੋਈ ਕੋਈ ‘ਡਿਬੇਟ ਰਿਕਾਰਡ’

Punjab Vidhan Sabha

15 ਤੋਂ 20 ਦਿਨਾਂ ’ਚ ਹੋਣ ਵਾਲੇ ਕੰਮ ਨੂੰ ਲਾਇਆ ਜਾ ਰਿਹੈ ਸਾਲਾਂ ਦੇ ਸਾਲ, ਅਧਿਕਾਰੀ ਵੀ ਵੱਟੀ ਬੈਠੇ ਹਨ ਚੁੱਪ | Vidhan Sabha

ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਦੀ ਸਭ ਤੋਂ ਵੱਡੀ ਪੰਚਾਇਤ ‘ਵਿਧਾਨ ਸਭਾ’ (Vidhan Sabha) , ਜਿੱਥੇ ਕਿ ਪੰਜਾਬ ਲਈ ਹਰ ਵੱਡੇ ਤੋਂ ਵੱਡਾ ਫੈਸਲਾ ਲਿਆ ਜਾਂਦਾ ਹੈ, ਉਸ ਵਿਧਾਨ ਸਭਾ ਦੇ ਸਦਨ ’ਚ ਹੋਈ ਬਹਿਸ ਤੇ ਵਿਧਾਨਿਕ ਕੰਮਕਾਜ ਹੁਣ ਤੱਕ ‘ਅਨਐਡਿਟ’ ਹੀ ਚੱਲ ਰਿਹਾ ਹੈ। ਪਿਛਲੇ ਸਾਢੇ 4 ਸਾਲਾਂ ਦੇ ਕੰਮਕਾਜ ਨੂੰ ਫਾਈਨਲ ਕਰਦੇ ਹੋਏ ਪਿ੍ਰੰਟ ਹੀ ਨਹੀਂ ਕਰਵਾਇਆ ਗਿਆ ਪਿਛਲੀ ਕਾਂਗਰਸ ਸਰਕਾਰ ਤੋਂ ਚੱਲਦੀ ਆ ਰਹੀ ਇਹ ਅਣਗਹਿਲੀ ਇਸ ਆਮ ਆਦਮੀ ਪਾਰਟੀ ਦੀ ਸਰਕਾਰ ’ਚ ਵੀ ਜਾਰੀ ਹੈ। ਇਸ ਦੇਰੀ ਕਾਰਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੋਲ ਸਾਰੇ ਅਖਤਿਆਰ ਹਨ ਕਿ ਉਹ ਜਦੋਂ ਮਰਜ਼ੀ ਇਸ ਵਿਧਾਨਿਕ ਕੰਮਕਾਜ ਵਿੱਚ ਕਿਸੇ ਵੀ ਤਰ੍ਹਾਂ ਦਾ ਬਦਲਾਅ ਕਰਵਾ ਸਕਦੇ ਹਨ।

ਜਦੋਂ ਮਰਜ਼ੀ ਵਿਧਾਨ ਸਭਾ ਦੇ ਸਪੀਕਰ ਕਰ ਸਕਦੇ ਹਨ ਬਦਲਾਅ, ਸਾਰੇ ਅਖ਼ਤਿਆਰ ਸਪੀਕਰ ਕੋਲ ਰਾਂਖਵੇ | Vidhan Sabha

ਇਸ ਸਰਕਾਰ ਦੇ ਕਾਰਜਕਾਲ ’ਚ ਹੋਈਆਂ ਸਾਰੇ ਸੈਸ਼ਨ ਦੀਆਂ ਬਹਿਸਾਂ ਨੂੰ ਉਹ ਕੱਟ ਵੀ ਸਕਦੇ ਹਨ ਤਾਂ ਪਿਛਲੀ ਸਰਕਾਰ ਦੀਆਂ ਪੈਂਡਿੰਗ ਚੱਲ ਰਹੀਆਂ ਬਹਿਸਾਂ ’ਚ ਕੁਝ ਹੱਦ ਤੱਕ ਹੀ ਬਦਲਾਅ ਕਰਵਾ ਸਕਦੇ ਹਨ ਪਰ ਸਪੀਕਰ ਚਾਹੁਣ ਤਾਂ ਆਪਣੇ ਅਖਤਿਆਰ ਦੀ ਵਰਤੋਂ ਕਰਦੇ ਹੋਏ ਬਦਲਾਅ ਕੀਤਾ ਜਾ ਸਕਦਾ ਹੈ। ਇਸ ਕਾਰਨ ਡਿਬੇਟ ਤੇ ਵਿਧਾਨਿਕ ਕੰਮਕਾਜ ਦਾ ਫਾਈਨਲ ਨਾ ਹੋਣਾ ਆਪਣੇ ਆਪ ’ਚ ਵੱਡੇ ਸੁਆਲ ਵੀ ਖੜੇ੍ਹ ਕਰਦਾ ਹੈ। ਹਾਲਾਂਕਿ ਵਿਧਾਨ ਸਭਾ ਦੇ ਅਧਿਕਾਰੀ ਇਸ ਪਿੱਛੇ ਪੰਜਾਬ ਸਰਕਾਰ ਦੀ ਪਿੰ੍ਰਟਿੰਗ ਪ੍ਰੈਸ ਦਾ ਦੋਸ਼ ਕੱਢ ਰਹੇ ਹਨ ਕਿ ਉਨ੍ਹਾਂ ਵੱਲੋਂ ਕੀਤੀ ਜਾ ਰਹੀ ਦੇਰੀ ਕਰਕੇ ਹੀ ਡਿਟੇਬ ‘ਅਨਐਡਿਟ’ ਚੱਲ ਰਹੀਆਂ ਹਨ ਤੇ ਹੁਣ ਤੱਕ ਪਿ੍ਰੰਟ ਨਹੀਂ ਹੋ ਸਕੀਆਂ ਹਨ।

ਆਖ਼ਰੀ ਵਾਰ ਫਰਵਰੀ 2019 ’ਚ ਕੀਤਾ ਗਿਆ ਸੀ ਵਿਧਾਨਿਕ ਕੰਮਕਾਜ ਫਾਈਨਲ

ਜਾਣਕਾਰੀ ਅਨੁਸਾਰ ਪੰਜਾਬ ਵਿਧਾਨ ਸਭਾ ’ਚ ਹੋਣ ਵਾਲੇ ਹਰ ਸੈਸ਼ਨ ਦੌਰਾਨ ਸਦਨ ’ਚ ਹੋਣ ਵਾਲੀ ਹਰ ਤਰ੍ਹਾਂ ਦੀ ਡਿਬੇਟ ਤੇ ਸਰਕਾਰੀ ਤੇ ਗੈਰ ਸਰਕਾਰੀ ਕੰਮਕਾਜ ਦੇ ਨਾਲ ਨਾਲ ਵਿਧਾਇਕਾਂ ਵੱਲੋਂ ਕਹੇ ਜਾਣ ਵਾਲੇ ਹਰ ਸ਼ਬਦ ਦਾ ਰਿਕਾਰਡ ਰੱਖਿਆ ਜਾਂਦਾ ਹੈ। ਇਸ ਲਈ ਬਕਾਇਦਾ ਪੰਜਾਬ ਵਿਧਾਨ ਸਭਾ ’ਚ ਰਿਪੋਰਟਰ ਭਰਤੀ ਕੀਤੇ ਹੋਏ ਹਨ ਤੇ ਇੱਕ ਵਿੰਗ ਵੀ ਵੱਖਰਾ ਬਣਾਇਆ ਹੋਇਆ ਹੈ ਤਾਂ ਕਿ ਵਿਧਾਨ ਸਭਾ ’ਚ ਬੋਲੇ ਗਏ ਹਰ ਸ਼ਬਦ ਨੂੰ ਰਿਕਾਰਡ ’ਚ ਰੱਖਦੇ ਹੋਏ ਪਿੰ੍ਰਟਿੰਗ ਰਾਹੀਂ ਦਰਜ਼ ਕਰਵਾਇਆ ਜਾਵੇ ਤਾਂ ਕਿ ਭਵਿੱਖ ’ਚ ਇਸ ਰਿਕਾਰਡ ਨੂੰ ਪੜ੍ਹਿਆ ਜਾ ਸਕੇ ਕਿ ਕਿਹੜੇ ਵਿਧਾਇਕ ਵੱਲੋਂ ਸਦਨ ਦੇ ਅੰਦਰ ਕੀ ਕੀ ਆਖਿਆ ਗਿਆ ਪੰਜਾਬ ਵਿਧਾਨ ਸਭਾ ਦੇ ਸਦਨ ਦੀ ਮਰਿਆਦਾ ਅਨੁਸਾਰ ਹੀ ਇਹ ਸਾਰਾ ਰਿਕਾਰਡ ਸਪੀਕਰ ਤੇ ਬੋਲਣ ਵਾਲੇ ਵਿਧਾਇਕ ਨੂੰ ਦਿਖਾਉਣ ਤੋਂ ਬਾਅਦ ਫਾਈਨਲ ਕਰਦੇ ਹੋਏ ਪਿ੍ਰੰਟ ਕੀਤਾ ਜਾਂਦਾ ਹੈ।

ਇਹ ਵੀ ਪੜ੍ਹੋ : ਮੁੱਖ ਮੰਤਰੀ ਮਾਨ ਦਾ ਸੂਰਜੀ ਊਰਜਾ ਸਬੰਧੀ ਵੱਡਾ ਬਿਆਨ, ਪੜ੍ਹੋ ਕੀ ਕਿਹਾ…

ਵਿਧਾਨ ਸਭਾ ਦੇ ਇਸ ਸਾਰੇ ਕੰਮਕਾਜ ਨੂੰ ਕੁਝ ਹੀ ਦਿਨਾਂ ’ਚ ਪਿ੍ਰੰਟ ਕਰਦੇ ਹੋਏ ਰਿਕਾਰਡ ਦਾ ਹਿੱਸਾ ਬਣਾਇਆ ਜਾਂਦਾ ਹੈ ਤਾਂਕਿ ਉਸ ਵਿੱਚ ਕਿਸੇ ਵੀ ਤਰ੍ਹਾਂ ਦਾ ਫੇਰਬਦਲ ਨਾ ਹੋ ਸਕੇ। ਪਿਛਲੇ ਕਈ ਦਹਾਕਿਆਂ ਤੋਂ ਇਹ ਪ੍ਰਕਿਰਿਆ ਚਲਦੀ ਆ ਰਹੀ ਹੈ ਪਰ ਮੌਜ਼ੂਦਾ ਸਮੇਂ ’ਚ ਪਿਛਲੇ ਸਾਢੇ 4 ਸਾਲ ਤੋਂ ਵਿਧਾਨ ਸਭਾ ’ਚ ਹੋਏ ਸਾਰੇ ਕੰਮਕਾਜ ਨੂੰੂ ਹੀ ‘ਅਨਐਡਿਟ’ ਰੱਖਿਆ ਹੋਇਆ ਹੈ। ਆਖ਼ਰੀ ਵਾਰ 20 ਫਰਵਰੀ 2019 ’ਚ ਵਿਧਾਨ ਸਭਾ ’ਚ ਹੋਈ ਕਾਰਵਾਈ ਨੂੰ ਫਾਈਨਲ ਕਰਦੇ ਹੋਏ ਪਿ੍ਰੰਟ ਕੀਤਾ ਗਿਆ ਸੀ।

ਪਿ੍ਰੰਟਿੰਗ ਵਿਭਾਗ ਨਹੀਂ ਕਰ ਰਿਹੈ ਫਾਈਨਲ : ਰਾਮ ਲੋਕ

ਪੰਜਾਬ ਵਿਧਾਨ ਸਭਾ ਦੇ ਸਕੱਤਰ ਰਾਮ ਲੋਕ ਨੇ ਕਿਹਾ ਕਿ ਸਰਕਾਰੀ ਪਿੰ੍ਰਟਿੰਗ ਪ੍ਰੈਸ ਵੱਲੋਂ ਵਿਧਾਨ ਸਭਾ ਦੇ ਕੰਮ ਨੂੰ ਪਿਛਲੇ ਕਈ ਸਾਲਾਂ ਤੋਂ ਨਿਪਟਾਇਆ ਨਹੀਂ ਜਾ ਰਿਹਾ ਹੈ, ਜਿਸ ਕਾਰਨ ਹੀ ਇਹ ਦੇਰੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਫਾਈਨਲ ਪਿ੍ਰੰਟ ਹੋ ਜਾਂਦਾ ਹੈ, ਉਸ ਸਮੇਂ ਤੱਕ ਵਿਧਾਨ ਸਭਾ ਦੇ ਕੰਮਕਾਜ ਨੂੰ ਅਨਐਡਿਟ ਹੀ ਮੰਨਿਆ ਜਾਂਦਾ ਹੈ ਪਰ ਇਸ ਵਿੱਚ ਪਿ੍ਰੰਟਿੰਗ ਵਿਭਾਗ ਦੀ ਗਲਤੀ ਹੈ ਤੇ ਇਸ ਲਈ ਵਿਧਾਨ ਸਭਾ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ।