ਪਟਿਆਲਾ ਵਿਖੇ ਰਾਜ ਪੱਧਰੀ ਸਮਾਗਮ ਅੱਜ, ਪੁਲਿਸ ਪ੍ਰਸ਼ਾਸਨ ਮਾਨ ਦੀ ਆਮਦ ਨੂੰ ਲੈ ਪੱਬਾ ਭਾਰ | Chief Minister
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਮੁੱਖ ਮੰਤਰੀ ਭਗਵੰਤ ਸਿੰਘ ਮਾਨ (Chief Minister) ਵੱਲੋਂ 15 ਅਗਸਤ ਦੇ ਅਜ਼ਾਦੀ ਦਿਹਾੜੇ ਮੌਕੇ ਪਟਿਆਲਾ ਤੋਂ ਹੜ੍ਹ ਪੀੜ੍ਹਤ ਕਿਸਾਨਾਂ ਸਮੇਤ ਹੋਰ ਲੋਕਾਂ ਨੂੰ ਚੈਂਕ ਵੰਡਣ ਦੀ ਰਸਮੀ ਸ਼ੁਰੂਆਤ ਕਰਨਗੇ। ਮੁੱਖ ਮੰਤਰੀ ਦੀ ਆਮਦ ਨੂੰ ਲੈ ਕੇ ਪਟਿਆਲਾ ਸ਼ਹਿਰ ਪੁਲਿਸ ਛਾਉਣੀ ਵਿੱਚ ਤਬਦੀਲ ਹੋ ਗਿਆ ਹੈ। ਜਾਣਕਾਰੀ ਅਨੁਸਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪਟਿਆਲਾ ਵਿਖੇ ਅਜ਼ਾਦੀ ਦਿਹਾੜੇ ਮੌਕੇ ਕਰਵਾਏ ਜਾ ਰਹੇ ਰਾਜ ਪੱਧਰੀ ਸਮਾਗਮ ਮੌਕੇ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ। ਮੁੱਖ ਮੰਤਰੀ ਅੱਜ ਸ਼ਾਮ ਪਟਿਆਲਾ ਦੇ ਸਰਕਟ ਹਾਊਸ ਵਿਖੇ ਪੁੱਜ ਗਏ ਸਨ।
ਰਾਜ ਪੱਧਰੀ ਸਮਾਗਮ ਨੂੰ ਲੈਕੇ ਪਟਿਆਲਾ ਪ੍ਰਸ਼ਾਸਨ ਪਿਛਲੇ ਲਗਭਗ ਇੱਕ ਹਫ਼ਤੇ ਤੋਂ ਪੱਬਾ ਭਾਰ ਹੋਇਆ ਪਿਆ ਹੈ ਅਤੇ ਮੁੱਖ ਮੰਤਰੀ ਦੀ ਆਮਦ ਨੂੰ ਲੈ ਕੇ ਪਟਿਆਲਾ ਦੀਆਂ ਸੜਕਾਂ ਸਮੇਤ ਚੌਂਕਾ ਦੀ ਨੁਹਾਰ ਬਦਲ ਦਿੱਤੀ ਗਈ ਹੈ ਅਤੇ ਖਾਸ ਕਰਕੇ ਪੋਲੋਂ ਗਰਾਉਂਡ ਨੂੰ ਜਾਂਦੇ ਰਸਤਿਆਂ ਨੂੰ ਵਿਸ਼ੇਸ ਤੌਰ ਤੇ ਸਿੰਗਾਰਿਆ ਗਿਆ ਹੈ। ਮੁੱਖ ਮੰਤਰੀ ਮਾਨ ਵੱਲੋਂ ਝੰਡਾ ਚੜਾਉਣ ਦੀ ਰਸ਼ਮ ਤੋਂ ਬਾਅਦ ਪੰਜਾਬ ਵਿੱਚ ਆਏ ਹੜ੍ਹਾਂ ਕਾਰਨ ਕਿਸਾਨਾਂ ਦੇ ਝੋਨੇ ਦੀ ਫ਼ਸਲ ਦੇ ਹੋਏ ਨੁਕਸਾਨ ਦੀ ਪੂਰਤੀ ਲਈ ਪੀੜ੍ਹਤ ਕਿਸਾਨਾਂ ਸਮੇਤ ਹੋਰਨਾਂ ਲੋਕਾਂ ਨੂੰ ੁਮਆਵਜ਼ੇ ਦੇ ਚੈਂਕ ਵੰਡਣ ਦੀ ਸ਼ੁਰੂਆਤ ਕਰਨਗੇ।
ਪੰਜਾਬ ’ਚ ਹੜ੍ਹਾਂ ਨੇ ਮਚਾਹੀ ਹੈ ਭਾਰੀ ਤਬਾਹੀ | Chief Minister
ਪਟਿਆਲਾ ਜ਼ਿਲ੍ਹੇ ਸਮੇਤ ਦਰਜ਼ਨ ਤੋਂ ਵੱਧ ਜ਼ਿਲ੍ਹਿਆਂ ਅੰਦਰ ਪਾਣੀ ਨੇ ਭਾਰੀ ਤਬਾਹੀ ਮਚਾਈ ਹੈ। ਪਟਿਆਲਾ ਜ਼ਿਲ੍ਹੇ ਅੰਦਰ 35 ਹਜ਼ਾਰ ਹੈਕਟੇਅਰ ਰਕਬੇ ਅੰਦਰ ਝੋਨੇ ਦੀ ਫਸਲ ਬਰਬਾਦ ਹੋਈ ਹੈ ਜਦਕਿ ਦੋਂ ਹਜਾਰ ਹੈਕਟੇਅਰ ਤੋਂ ਵੱਧ ਰਕਬਾ ਅਜਿਹਾ ਹੈ, ਜਿੱਥੇ ਕਿ ਦੋਂ-ਤਿੰਨ ਮਹੀਨੇ ਹੋਈ ਫਸਲ ਹੀ ਨਹੀਂ ਹੋ ਸਕੇਗੀ। ਇਸ ਸਬੰਧੀ ਪੰਜਾਬ ਸਰਕਾਰ ਵੱਲੋਂ ਸਪੈਸ਼ਲ ਗਿਰਦਵਾਰੀ ਕਰਵਾਈ ਗਈ ਹੈ। ਇਸ ਤੋਂ ਇਲਾਵਾ ਘਰਾਂ, ਪਸ਼ੂਆਂ ਅਤੇ ਹੋਰ ਖ਼ਰਾਬੇ ਦੀ ਵੀ ਸਰਕਾਰ ਵੱਲੋਂ ਵਿਸ਼ੇਸ਼ ਗਿਰਦਾਵਰੀ ਕਰਵਾਈ ਗਈ ਹੈ, ਜਿਨ੍ਹਾਂ ਨੂੰ ਕਿ ਕੱਲ ਤੋਂ ਮੁਆਵਜ਼ੇ ਤੇ ਚੈਕਾਂ ਦੀ ਸ਼ੁਰੂਆਤ ਕੀਤੀ ਜਾਵੇਗੀ ਅਤੇ ਇਸ ਸਬੰਧੀ ਮਾਲ ਵਿਭਾਗ ਵੱਲੋਂ ਸਬੰਧਿਤ ਕਿਸਾਨਾਂ ਨੂੰ ਸੱਦੇ ਦੇ ਦਿੱਤੇ ਗਏ ਹਨ। ਪਟਿਆਲਾ ਦੀ ਡਿਪਟੀ ਕਮਿਸ਼ਨਰ ਸ਼ਾਕਸੀ ਸਾਹਨੀ ਨੇ ਦੱਸਿਆ ਕਿ ਰਾਜ ਪੱਧਰੀ ਸਮਾਗਮ ਦੀਆਂ ਤਿਆਰੀਆਂ ਮੁਕੰਮਲ ਹਨ।
ਪਟਿਆਲਾ ਅੰਦਰ ਸਰੁੱਖਿਆ ਦੇ ਸਖ਼ਤ ਪ੍ਰਬੰਧ : ਵਰੁਣ ਸ਼ਰਮਾ
ਮੁੱਖ ਮੰਤਰੀ ਦੀ ਆਮਦ ਨੂੰ ਲੈ ਕੇ ਪਟਿਆਲਾ ਸ਼ਹਿਰ ਅੰਦਰ ਸਰੁੱਖਿਆ ਦੇ ਜ਼ਬਰਦਸ਼ਤ ਪ੍ਰਬੰਧ ਕੀਤੇ ਗਏ ਹਨ ਅਤੇ ਸ਼ਹਿਰ ਪੁਲਿਸ ਛਾਉਣੀ ਵਿੱਚ ਤਬਦੀਲ ਹੋ ਗਿਆ ਹੈ। ਸ਼ਹਿਰ ਅੰਦਰ ਸੈਕੜੇ ਪੁਲਿਸ ਮੁਲਾਜ਼ਮਾਂ ਅਤੇ ਅਧਿਕਾਰੀਆਂ ਵੱਲੋਂ ਆਪਣੇ ਮੋਰਚੇ ਸੰਭਾਲ ਲਏ ਹਨ। ਸ਼ਹਿਰ ਸਮੇਤ ਜ਼ਿਲ੍ਹੇ ਅੰਦਰ ਗੁਜ਼ਰਨ ਵਾਲੇ ਵਾਹਣਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਪੋਲੋਂ ਗਰਾਉਂਡ ਨੂੰ ਜਾਂਦੇ ਰਸਤਿਆਂ ਦੇ ਪੁਲਿਸ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਹਨ। ਪਟਿਆਲਾ ਦੇ ਐਸਐਸਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਸ਼ਹਿਰ ਸਮੇਤ ਜ਼ਿਲ੍ਹੇ ਅੰਦਰ ਸਰੁੱਖਿਆ ਦੇ ਤਕੜੇ ਪ੍ਰਬੰਧ ਹਨ ਅਤੇ ਭੈੜੇ ਅਨਸਰਾਂ ਨੂੰ ਸਿਰ ਚੁੱਕਣ ਨਹੀਂ ਦਿੱਤਾ ਜਾਵੇਗਾ।
ਪੁਰਾਣੇ ਬੱਸ ਅੱਡੇ ਨੇੜੇ ਦੁਕਾਨਦਾਰਾਂ ਨੇ ਲਗਾਏ ਕਾਲੇ ਝੰਡੇ
ਮੁੱਖ ਮੰਤਰੀ ਦੀ ਆਮਦ ਤੋਂ ਪਹਿਲਾ ਪੁਰਾਣੇ ਬੱਸ ਅੱਡੇ ਨੇੜੇ ਦੁਕਾਨਦਾਰਾਂ ਵੱਲੋਂ ਰੋਸ਼ ਵਜੋਂ ਆਪਣੀਆਂ ਦੁਕਾਨਾਂ ਤੇ ਕਾਲੇ ਝੰਡੇ ਲਗਾਕੇ ਰੋਸ਼ ਪ੍ਰਗਟਾਇਆ ਗਿਆ ਹੈ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਨਵਾਂ ਬੱਸ ਅੱਡਾ ਚਾਲੂ ਕਰਨ ਮੌਕੇ ਭਰੋਸਾ ਦਿੱਤਾ ਗਿਆ ਸੀ ਕਿ ਪੁਰਾਣੇ ਬੱਸ ਅੱਡੇ ਅੰਦਰ ਵੀ 60 ਕਿਲੋਮੀਟਰ ਤੱਕ ਦੀਆਂ ਬੱਸਾਂ ਦਾ ਆਉਣਾ ਜਾਣਾ ਜਾਰੀ ਰਹੇਗਾ, ਪਰ ਅਜਿਹਾ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਵਿਧਾਇਕਾਂ ਸਮੇਤ ਪੀਆਰਟੀਸੀ ਦੇ ਚੇਅਰਮੈਂਨ ਨਾਲ ਅਨੇਕਾਂ ਮੀਟਿੰਗਾਂ ਦੇ ਬਾਵਜ਼ੂਦ ਵੀ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਗਿਆ, ਜਿਸ ਕਾਰਨ ਹੀ ਅੱਜ ਉਨ੍ਹਾਂ ਵੱਲੋਂ ਕਾਲੇ ਝੰਡੇ ਲਾ ਕੇ ਆਪਣਾ ਰੋਸ ਪ੍ਰਗਟਾਇਆ ਗਿਆ ਹੈ।