ਰੋਡਵੇਜ ਹੜਤਾਲ ਹੋਈ ਮੁਲਤਵੀ | Punjab Roadways
ਜਲੰਧਰ। ਪੰਜਾਬ ’ਚ ਬੱਸਾਂ ਦਾ ਚੱਕਾ ਜਾਮ ਰਹਿਣ ਦੀ ਖ਼ਬਰ ਤੋਂ ਬਾਅਦ ਇੱਕ ਹੋਰ ਅਪਡੇਟ ਨਿੱਕਲ ਕੇ ਸਾਹਮਣੇ ਆ ਰਿਹਾ ਹੈ। ਜਾਣਕਾਰੀ ਅਨੁਸਾਰ 14 ਤੋਂ 16 ਅਗਸਤ ਤੱਕ ਬੱਸਾਂ ਵੱਲੋਂ ਹੜਤਾਲ ਕਰਕੇ ਚੱਕਾ ਜਾਮ ਕਰਨ ਦੇ ਫ਼ੈਸਲੇ ਨੂੰ ਵਾਪਸ ਲੈ ਲਿਆ ਗਿਆ ਹੈ। ਜਿਸ ਕਾਰਨ ਹੁਣ ਬੱਸਾਂ ਸੁਚਾਰੂ ਰੂਪ ’ਚ ਚੱਲਦੀਆਂ ਰਹਿਣਗੀਆਂ ਅਤੇ ਯਾਤਰੀਆਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਯੂਨੀਅਨ ਨੂੰ ਮੁੱਖ ਮੰਤਰੀ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ ਹੈ, ਜਿਸ ਤੋਂ ਬਾਅਦ ਹੜਤਾਲ ਦਾ ਫੈਸਲਾ ਵਾਪਸ ਲੈ ਲਿਆ ਗਿਆ ਹੈ। ਯੂਨੀਅਨ ਦੀ ਸੂਬਾਈ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਚਾਨਣ ਸਿੰਘ ਚੰਨਾ ਨੇ ਦੱਸਿਆ ਕਿ ਅਜ਼ਾਦੀ ਦਿਹਾੜੇ ਦੇ ਪ੍ਰੋਗਰਾਮ ਅਤੇ ਮੁੱਖ ਮੰਤਰੀ ਨਾਲ ਮੀਟਿੰਗ ਦੇ ਮੱਦੇਨਜ਼ਰ ਹੜਤਾਲ ਫਿਲਹਾਲ ਵਾਪਸ ਲੈ ਲਈ ਗਈ ਹੈ। (Punjab Roadways)
ਹੜਤਾਲ ਦੇ ਮੱਦੇਨਜ਼ਰ ਯੂਨੀਅਨ ਵੱਲੋਂ ਐਤਵਾਰ ਰਾਤ 12 ਵਜੇ ਕੰਮਕਾਜ ਠੱਪ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ, ਜਿਸ ਨੂੰ ਲੈ ਕੇ ਯੂਨੀਅਨ ਦੇ ਅਹੁਦੇਦਾਰਾਂ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ। ਇਸੇ ਲੜੀ ਤਹਿਤ ਯੂਨੀਅਨ ਵੱਲੋਂ ਐਤਵਾਰ ਸ਼ਾਮ 5 ਵਜੇ ਤੋਂ ਲੰਮੇਂ ਰੂਟ ਦੀਆਂ ਬੱਸਾਂ ਦੀ ਆਵਾਈ ਬੰਦ ਕਰਨ ਦੀ ਯੋਜਨਾ ਬਣਾਈ ਗਈ ਸੀ। ਹੜਤਾਲ ਦੀਆਂ ਤਿਆਰੀਆਂ ਨੂੰ ਦੇਖਦੇ ਹੋਏ ਸੀਐੱਮ ਦਫ਼ਤਰ ਤੋਂ ਦਖਲਅੰਦਾਜ਼ੀ ਕਰਦੇ ਹੋਏ ਹੜਤਾਲ ਦੀ ਯੋਜਨਾ ਨੂੰ ਵਿਚਾਲੇ ਰੁਕਵਾ ਦਿੱਤਾ ਗਿਆ।
ਇਹ ਵੀ ਪੜ੍ਹੋ : ਜੰਮੂ-ਕਸ਼ਮੀਰ ਦੇ ਹਰ ਨੌਜਵਾਨ ਨੂੰ ਤਿਰੰਗੇ ਨਾਲ ਪਿਆਰ ਹੈ: ਸਿਨਹਾ
ਚਾਨਣ ਸਿੰਘ ਨੇ ਦੱਸਿਆ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਅਗਲੇ ਹਫ਼ਤੇ ਮੁੱਖ ਮੰਤਰੀ ਨਾਲ ਮੀਟਿੰਗ ਬੁਲਾੲਾਂੀ ਗਈ, ਜਿਸ ਵਿੱਚ ਸਰਬ-ਸੰਮਤੀ ਨਾਲ ਹੜਤਾਲ ਦਾ ਪ੍ਰੋਗਰਾਮ ਫਿਲਹਾਲ ਰੋਕਣ ਦਾ ਫ਼ੈਸਲਾ ਕੀਤਾ ਗਿਆਹੈ। ਰਣਨੀਤੀ ਤਹਿਤ ਐਤਵਾਰ ਰਾਤ 12 ਵਜੇ ਤੋਂ ਹੜਤਾਲ ਸ਼ੁਰੂ ਕੀਤੀ ਜਾ ਰਹੀ ਸੀ, ਜਿਸ ਬਾਰੇ ਯਾਤਰੀਆਂ ਨੂੰ ਪਹਿਲਾਂ ਹੀ ਜਾਣਕਾਰੀ ਮਿਲ ਚੁੱਕੀ ਸੀ। ਇਸ ਕਾਰਨ ਬੱਸ ਸਟੈਂਡ ’ਤੇ ਯਾਤਰੀ ਪ੍ਰੇਸ਼ਾਨ ਦੇਖੇ ਗਏ। ਲੰਮੇ ਰੂਟਾਂ ’ਤੇ ਸਫ਼ਰ ਕਰਨ ਵਾਲੇ ਯਾਤਰੀ ਹੜਤਾਲ ਸ਼ੁਰੂ ਹੋਣ ਤੋਂ ਪਹਿਲਾਂ ਆਪਣੀਆਂ ਮੰਜਲਾਂ ਵੱਲ ਰਵਾਨਾ ਹੋ ਗਏ।