ਮਣੀਪੁਰ (Manipur) ’ਚ ਦੋ ਮਹੀਨੇ ਬਾਅਦ ਵੀ ਹਿੰਸਕ ਘਟਨਾਵਾਂ ਜਾਰੀ ਰਹਿਣਾ ਕਈ ਸਵਾਲ ਖੜ੍ਹੇ ਕਰਦਾ ਹੈ। ਬਿਨਾਂ ਸ਼ੱਕ ਹਿੰਸਾ ਦੀ ਸ਼ੁਰੂਆਤ ਦੋ ਅਨੁਸੂਚਿਤ ਕਬੀਲਿਆਂ ਦੀ ਖਹਿਬਾਜ਼ੀ ਤੋਂ ਹੋਈ ਪਰ ਸੁਰੱਖਿਆ ਬਲਾਂ ਵੱਲੋਂ ਕਰੜੀ ਮੁਸ਼ੱਕਤ ਦੇ ਬਾਵਜ਼ੂਦ ਹਿੰਸਾ ਦਾ ਜਾਰੀ ਰਹਿਣਾ ਕਈ ਵੱਡੇ ਸਵਾਲ ਖੜ੍ਹੇ ਕਰਦਾ ਹੈ। ਇਸ ਗੱਲ ਤੋਂ ਇਨਕਾਰ ਕਰਨਾ ਔਖਾ ਹੈ ਕਿ ਇਹ ਹਿੰਸਾ ਸਿਰਫ ਦੋ ਕਬੀਲਿਆਂ ਦੀ ਸਮਰੱਥਾ ਨਾਲ ਹੀ ਹੋ ਰਹੀ ਹੈ। ਅਸਲ ’ਚ ਵਿਦੇਸ਼ੀ ਤਾਕਤਾਂ ਵੀ ਕਿਸੇ ਨਾ ਕਿਸੇ ਮੌਕੇ ਦੀ ਤਲਾਸ਼ ’ਚ ਰਹਿੰਦੀਆਂ ਹਨ। ਭਾਵੇਂ ਧਰਮਾਂ ਦਾ ਮਾਮਲਾ ਹੋਵੇ ਭਾਵੇਂ ਖੇਤਰਵਾਦ, ਭਾਵੇਂ ਜਾਤੀਵਾਦ ਦਾ ਵਿਦੇਸ਼ੀ ਤਾਕਤਾਂ ਲਈ ਇਹ ਰੁਝਾਨ ਬਹੁਤ ਵੱਡਾ ਮੌਕਾ ਹੁੰਦਾ ਹੈ। ਇਹ ਤੱਥ ਹਨ ਕਿ ਪਿਛਲੇ ਦਹਾਕਿਆਂ ’ਚ ਵਿਸ਼ਵ ਪੱਧਰੀ ਅੱਤਵਾਦ ਨੇ ਕਈ ਦੇਸ਼ਾਂ ’ਚ ਧਾਰਮਿਕ ਟਕਰਾਵਾਂ ਨੂੰ ਵਰਤ ਕੇ ਆਪਣਾ ਨੈੱਟਵਰਕ ਮਜ਼ਬੂਤ ਕੀਤਾ।
ਭਾਰਤ ਅੰਦਰ ਵੀ ਵਿਦੇਸ਼ੀ ਤਾਕਤਾਂ ਨੇ ਧਾਰਮਿਕ ਟਕਰਾਵਾਂ ਨੂੰ ਵਧਾਉਣ ਲਈ ਅੱਡੀ-ਚੋਟੀ ਦਾ ਜ਼ੋਰ ਲਾਇਆ ਸੀ ਖਾਸ ਕਰਕੇ ਜੰਮੂ ਕਸ਼ਮੀਰ ’ਚ ਇੱਕ ਧਰਮ ਵਿਸ਼ੇਸ਼ ਦੇ ਲੋਕਾਂ ਨੂੰ ਨਿਸ਼ਾਨਾ ਬਣਾ ਕੇ ਕਤਲ ਕੀਤੇ ਗਏ। ਵਿਦੇਸ਼ੀ ਤਾਕਤਾਂ ਨੂੰ ਫੇਲ੍ਹ ਕਰਨ ਲਈ ਜ਼ਰੂਰੀ ਹੈ ਕਿ ਮਣੀਪੁਰ ਅੰਦਰ ਸੁਰੱਖਿਆ ਪ੍ਰਬੰਧ ਮਜ਼ਬੂਤ ਕਰਨ ਦੇ ਨਾਲ-ਨਾਲ ਸਮਾਜਿਕ ਪੱਧਰ ’ਤੇ ਵੀ ਸਦਭਾਵਨਾ ਕਾਇਮ ਕਰਨ ਲਈ ਯਤਨ ਕੀਤੇ ਜਾਣ। ਅਸਲ ’ਚ ਵਿਦੇਸ਼ੀ ਤਾਕਤਾਂ ਦੇ ਮੋਹਰੇ ਬਣ ਕੇ ਕੁਝ ਲੋਕ ਆਮ ਲੋਕ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਸਕਦੇ ਹਨ। ਦੇਸ਼ ਦੀਆਂ ਸੁਰੱਖਿਆ ਤੇ ਸੂਹੀਆ ਏਜੰਸੀਆਂ ਨੂੰ ਵਿਦੇਸ਼ੀ ਤਾਕਤਾਂ ਪ੍ਰਤੀ ਹੋਰ ਸੁਚੇਤ ਹੋ ਕੇ ਇਨ੍ਹਾਂ ਦੇ ਮਨਸੂਬਿਆਂ ਨੂੰ ਨਕਾਮ ਕਰ ਦੇਣਾ ਚਾਹੀਦਾ ਹੈ। ਅਸਲ ’ਚ ਪਾਕਿਸਤਾਨ ਸਮੇਤ ਕਈ ਗੁਆਂਢੀ ਮੁਲਕ ਭਾਰਤ ਦੀ ਏਕਤਾ ਅਤੇ ਅਖੰਡਤਾ ਨੂੰ ਸਹਿਣ ਨਹੀਂ ਕਰਦੇ। (Manipur)
ਇਹ ਵੀ ਪੜ੍ਹੋ : ‘ਪੂਜਨੀਕ ਪਰਮ ਪਿਤਾ ਜੀ ਦੀ ਡੰਗੋਰੀ’ ਕਿਰਾਏਦਾਰ ਨੇ ਛੱਡ ਦਿੱਤੀ ਸ਼ਰਾਬ
ਪਾਕਿਸਤਾਨ ਜੰਮੂ ਕਸ਼ਮੀਰ ’ਚ ਅੱਤਵਾਦ ਨੂੰ ਅਜ਼ਾਦੀ ਦੀ ਲੜਾਈ ਦੱਸਦਾ ਹੈ ਤਾਂ ਚੀਨ ਦੀਆਂ ਗੜਬੜੀਆਂ ਦੀ ਇੱਕ ਲੰਮੀ ਸੂਚੀ ਬਣ ਚੱੁਕੀ ਹੈ। ਚੀਨ ਸਿੱਕਮ ਤੇ ਅਰੁਣਾਚਲ ਪ੍ਰਦੇਸ਼ ’ਤੇ ਆਪਣਾ ਹੱਕ ਜਤਾਉਂਦਾ ਆ ਰਿਹਾ ਹੈ। ਐਲਏਸੀ ’ਤੇ ਵੀ ਚੀਨ ਨੇ ਕਈ ਵਾਰ ਉਲੰਘਣਾ ਕੀਤੀ ਹੈ। ਇਸ ਲਈ ਜ਼ਰੂਰੀ ਹੈ ਕਿ ਵਿਦੇਸ਼ੀ ਤਾਕਤਾਂ ’ਤੇ ਨਜ਼ਰ ਰੱਖਣ ਦੇ ਨਾਲ-ਨਾਲ ਲੋਕਾਂ ਨੂੰ ਅਫਵਾਹਾਂ ਤੇ ਗਲਤ ਪ੍ਰਚਾਰ ਤੋਂ ਸੁਚੇਤ ਕੀਤਾ ਜਾਵੇ।
ਬਿਨਾਂ ਸ਼ੱਕ ਮਣੀਪੁਰ ’ਚ ਵੱਡੇ ਪੱਧਰ ’ਤੇ ਹੋਈ ਹਿੰਸਾ ਨੂੰ ਰੋਕਣ ਲਈ ਪੀੜਤਾਂ ਦੇ ਜਖ਼ਮਾਂ ’ਤੇ ਮੱਲ੍ਹਮ ਲਾਈ ਜਾਵੇ ਇੱਥੇ ਇਹ ਵੀ ਜ਼ਰੂਰੀ ਹੈ ਕਿ ਮਣੀਪੁਰ ਦੀਆਂ ਸਿਆਸੀ ਪਾਰਟੀਆਂ ਲੋਕਾਂ ਦੇ ਦਿਲਾਂ ’ਚ ਪੈਦਾ ਹੋਈ ਦੂਰੀ ਨੂੰ ਖ਼ਤਮ ਕਰਨ ਲਈ ਵੋਟਾਂ ਦੀ ਰਾਜਨੀਤੀ ਨੂੰ ਪਾਸੇ ਰੱਖ ਕੇ ਪੀੜਤਾਂ ਦੇ ਦੁੱਖ ਵੰਡਣ। ਹਰ ਦੁਖੀ ਦੀ ਸਾਰ ਲੈਣੀ ਜ਼ਰੂਰੀ ਹੈ। ਹਿੰਸਾ ਦੇ ਫਾਇਦੇ ਭਾਲਣ ਦੇ ਨਕਾਰਾਤਮਕ ਰੁਝਾਨ ਦਾ ਖਹਿੜਾ ਛੱਡ ਕੇ ਜਨਤਾ ਨਾਲ ਖੜ੍ਹਨ ਦੀ ਜ਼ਰੂਰਤ ਹੈ। ਜੇਕਰ ਪਾਰਟੀਬਾਜ਼ੀ ਨੂੰ ਪਾਸੇ ਰੱਖ ਕੇ ਜਨਤਾ ਦੇ ਹਿੱਤ ’ਚ ਕੰਮ ਕੀਤੇ ਜਾਣ ਤਾਂ ਵਿਦੇਸ਼ੀ ਤਾਕਤਾਂ ਨੂੰ ਕਮਜ਼ੋਰ ਕਰਨਾ ਔਖਾ ਨਹੀਂ। ਸਿਆਸੀ ਆਗੂਆਂ ਦਾ ਸਵਾਰਥ ਹੀ ਵਿਦੇਸ਼ੀ ਤਾਕਤਾਂ ਨੂੰ ਸੌਖਾ ਰਸਤਾ ਦਿੰਦਾ ਹੈ।