ਸ਼ਹੀਦੀ ਦਿਵਸ ’ਤੇ ਵਿਸ਼ੇਸ਼ | Shaheed Udham Singh
ਇੱਕ ਲੰਬੀ ਸਦੀ ਤੱਕ ਭਾਰਤ ਅੰਗਰੇਜ਼ਾਂ ਦਾ ਗੁਲਾਮ ਰਿਹਾ । ਦੇਸ਼ ਨੂੰ ਗੁਲਾਮੀ ਦੀਆਂ ਜ਼ੰਜੀਰਾਂ ਤੋਂ ਅਜ਼ਾਦ ਕਰਨ ਲਈ ਅਨੇਕਾਂ ਸ਼ਹੀਦਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਚਲੇ ਜਾਓ ਪੰਜਾਬ ਦੇ ਸ਼ਹੀਦਾਂ ਦੀਆਂ ਮਿਸਾਲਾਂ ਆਮ ਸੁਣਨ ਨੂੰ ਮਿਲਣਗੀਆਂ ਸ਼ਹੀਦਾਂ ਦੀ ਘਾਲਣਾ ਕਰਕੇ ਉਨ੍ਹਾਂ ਦੀਆਂ ਕੁਰਬਾਨੀਆਂ ਦੇ ਸਦਕਾ ਹੀ ਅੱਜ ਅਸੀਂ ਅਜ਼ਾਦੀ ਦੀ ਨਿੱਘ ਮਾਣ ਰਹੇ ਹਾਂ। ਉਨ੍ਹਾਂ ਚੋਟੀ ਦੇ ਸ਼ਹੀਦਾਂ ਵਿੱਚੋਂ ਇੱਕ ਨਾਂਅ ਹੈ ਸ਼ਹੀਦ ਊਧਮ ਸਿੰਘ (Shaheed Udham Singh) ਉਰਫ ਉਦੈ ਸਿੰਘ ਉਰਫ਼ ਸ਼ੇਰ ਸਿੰਘ ਉਰਫ਼ ਰਾਮ ਮੁਹੰਮਦ ਸਿੰਘ ਆਜ਼ਾਦ ਦਾ, ਜਿਸ ਨੇ 21 ਸਾਲ ਬਾਅਦ ਜਲਿਆਂ ਵਾਲੇ ਬਾਗ ਦੇ ਖੂਨੀ ਸਾਕੇ ਦਾ ਬਦਲਾ ਦੁਸ਼ਮਣ ਦੇ ਘਰ ਜਾ ਕੇ ਲਿਆ।
ਊਧਮ ਸਿੰਘ (Shaheed Udham Singh) ਦਾ ਜਨਮ 26 ਦਸੰਬਰ 1899 ਨੂੰ ਪੰਜਾਬ ਦੇ ਸੁਨਾਮ (ਸ਼ਹੀਦ ਊਧਮ ਸਿੰਘ ਵਾਲਾ) ਜ਼ਿਲ੍ਹਾ ਸੰਗਰੂਰ ਵਿੱਚ ਹੋਇਆ ਊਧਮ ਸਿੰਘ ਦੇ ਬਚਪਨ ਦਾ ਨਾਂਅ ਉਦੈ ਸਿੰਘ ਸੀ ਪਰਿਵਾਰ ’ਚ ਪਿਤਾ ਟਹਿਲ ਸਿੰਘ, ਮਾਤਾ ਹਰਨਾਮ ਕੌਰ ਅਤੇ ਉਨ੍ਹਾਂ ਤੋਂ ਇੱਕ ਤਿੰਨ ਸਾਲ ਵੱਡਾ ਭਰਾ ਸਾਧੂ ਸਿੰਘ ਸੀ ਪਿਤਾ ਰੇਲਵੇ ਵਿਚ ਚੌਂਕੀਦਾਰੀ ਕਰਦੇ ਸਨ ਊਧਮ ਸਿੰਘ ਬਚਪਨ ਤੋਂ ਹੀ ਜ਼ਿੰਦਾਦਿਲ ਅਤੇ ਮਿਹਨਤਕਸ਼ ਕਿਸਮ ਇਨਸਾਨ ਸੀ।
ਊਧਮ ਸਿੰਘ ਤਿੰਨ ਸਾਲ ਦਾ ਸੀ ਜਦੋਂ ਉਨ੍ਹਾਂ ਦੀ ਮਾਂ ਇਸ ਦੁਨੀਆ ਤੋਂ ਚਲੇ ਗਏ ਅਤੇ 1907 ਵਿਚ ਊਧਮ ਸਿੰਘ ਦੇ ਪਿਤਾ ਕਾਫੀ ਬਿਮਾਰ ਰਹਿਣ ਲੱਗ ਪਏ ਉਨ੍ਹਾਂ ਨੇ ਅੰਮਿ੍ਰਤਸਰ ਜਾਣ ਦਾ ਫੈਸਲਾ ਕੀਤਾ ਦੀਵਾਲੀ ਦੇ ਦਿਨ ਸਨ ਅੰਮਿ੍ਰਤਸਰ ਪਹੁੰਚਣ ਤੋਂ ਬਾਅਦ ਊਧਮ ਸਿੰਘ ਦੇ ਪਿਤਾ ਕਾਫੀ ਬਿਮਾਰ ਹੋ ਗਏ ਫਿਰ ਉਨ੍ਹਾਂ ਨੂੰ ਰਸਤੇ ਦੇ ਵਿਚ ਉਨ੍ਹਾਂ ਦੇ ਦੋਸਤ-ਰਿਸ਼ਤੇਦਾਰ ਚੰਚਲ ਸਿੰਘ ਮਿਲੇ ਜੋ ਉਹ ਸਮੇਂ ਰਾਗੀ ਸਨ ਟਹਿਲ ਸਿੰਘ ਨੇ ਆਪਣੇ ਦੋਵਾਂ ਬੱਚਿਆਂ ਦੀ ਜਿੰਮੇਵਾਰੀ ਚੰਚਲ ਸਿੰਘ ਨੂੰ ਦੇ ਦਿੱਤੀ ਕੁਝ ਦਿਨਾਂ ਬਾਅਦ ਟਹਿਲ ਸਿੰਘ ਇਸ ਦੁਨੀਆ ਨੂੰ ਛੱਡ ਕੇ ਚਲੇ ਗਏ ਕੁਝ ਸਮੇਂ ਬਾਅਦ ਚੰਚਲ ਸਿੰਘ ਨੇ ਆਪਣੇ ਪ੍ਰੋਗਰਾਮ ਲਈ ਵਿਦੇਸ਼ ਜਾਣਾ ਸੀ ਘਰ ਵਿਚ ਕੋਈ ਨਹੀਂ ਸੀ, ਇਸ ਲਈ ਉਸ ਨੇ ਫੈਸਲਾ ਕੀਤਾ ਕੇ ਦੋਵਾਂ ਬੱਚਿਆਂ ਨੂੰ ਯਤੀਮਖ਼ਾਨੇ ਦੇ ਵਿੱਚ ਛੱਡ ਦਿੱਤਾ ਜਾਵੇ।
ਵੱਖ-ਵੱਖ ਕੰਮ ਸਿੱਖਣੇ | Shaheed Udham Singh
24 ਅਕਤੂਬਰ 1907 ਨੂੰ ਊਧਮ ਸਿੰਘ ਅਤੇ ਉਸ ਦੇ ਭਰਾ ਸਾਧੂ ਨੂੰ ਯਤੀਮਖ਼ਾਨੇ ਅੰਮਿ੍ਰਤਸਰ ਦੇ ਵਿੱਚ ਦਾਖ਼ਲ ਕਰਵਾ ਦਿੱਤਾ ਉੱਥੇ ਹੌਲ਼ੀ-ਹੌਲ਼ੀ ਉੱਥੋਂ ਦੇ ਮਾਹੌਲ ਵਿਚ ਦੋਵਾਂ ਦਾ ਮਨ ਲੱਗਣ ਲੱਗ ਪਿਆ ਉੱਥੇ ਊਧਮ ਸਿੰਘ ਨੇ ਅੰਮਿ੍ਰਤ ਛਕ ਲਿਆ। ਹੌਲੀ-ਹੌਲੀ ਊਧਮ ਸਿੰਘ ਦਰਜੀ ਦਾ ਕੰਮ, ਰੰਗ ਦਾ ਕੰਮ, ਕੁਰਸੀਆਂ ਬੁਣਨਾਂ, ਰਾਗ ਅਤੇ ਮਸ਼ੀਨਰੀ ਦਾ ਕੰਮ ਸਿੱਖ ਗਿਆ। 1917-18 ਵਿੱਚ ਊਧਮ ਸਿੰਘ ਨੇ ਦਸਵੀਂ ਪਾਸ ਕੀਤੀ ਥੋੜ੍ਹੇ ਸਮੇਂ ਬਾਅਦ ਊਧਮ ਸਿੰਘ ਨੂੰ ਭਾਰੀ ਸਦਮਾ ਲੱਗਾ ਜਦੋਂ ਬਿਮਾਰੀ ਕਾਰਨ ਉਸ ਦੇ ਭਰਾ ਸਾਧੂ ਸਿੰਘ ਦੀ ਮੌਤ ਹੋ ਗਈ ਉਸ ਤੋਂ ਬਾਅਦ ਊਧਮ ਸਿੰਘ ਅੰਦਰੋਂ ਕਾਫੀ ਟੁੱਟ ਗਿਆ ਊਧਮ ਸਿੰਘ ਗ਼ਦਰ ਪਾਰਟੀ ਦੀਆਂ ਗਤੀਵਿਆਂ ਤੋਂ ਕਾਫ਼ੀ ਪ੍ਰਭਾਵਿਤ ਸੀ ਉਹ ਦੇਸ਼ ਭਗਤੀ ਦੇ ਕੰਮ ਵਿੱਚ ਕਾਫੀ ਦਿਲਚਸਪੀ ਰੱਖਦਾ ਸੀ ਫਿਰ ਉਹ ਗ਼ਦਰ ਪਾਰਟੀ ਵਿਚ ਸ਼ਾਮਲ ਹੋ ਗਿਆ।
Shaheed Udham Singh
13 ਅਪਰੈਲ 1919 ਨੂੰ ਵਿਸਾਖੀ ਵਾਲੇ ਦਿਨ ਰੋਲਟ ਐਕਟ ਅਤੇ ਡਾ. ਸੱਤਿਆਪਾਲ ਅਤੇ ਸੈਫ ਉਦੀਨ ਕਿਚਲੂ ਦੀ ਗਿ੍ਰਫਤਾਰੀ ਦੇ ਵਿਰੋਧ ਦੇ ਵਿਚ ਭਾਰਤੀ ਜਲਿਆਂਵਾਲੇ ਬਾਗ ਵਿਚ ਸ਼ਾਂਤਮਈ ਢੰਗ ਦੇ ਨਾਲ ਰੋਸ ਪ੍ਰਦਰਸ਼ਨ ਕਰ ਰਹੇ ਸਨ ਅਚਾਨਕ ਬਿ੍ਰਗੇਡੀਅਰ ਜਨਰਲ ਡਾਇਰ ਦੀ ਕਮਾਂਡ ਹੇਠ ਗਵਰਨਰ ਮਾਈਕਲ ਓਡਵਾਇਰ ਦੁਆਰਾ ਭੇਜੀਆਂ ਫੌਜਾਂ ਨੇ ਜਲਿਆਂਵਾਲੇ ਬਾਗ ਨੂੰ ਚਾਰੇ ਪਾਸਿਓਂ ਘੇਰ ਲਿਆ ਅਤੇ ਬਿਨਾ ਕੋਈ ਚਿਤਾਵਨੀ ਦਿੱਤੇ, ਬਿਨਾਂ ਕੁਝ ਕਹੇ ਡਾਇਰ ਨੇ ਲੋਕਾਂ ਉੱਪਰ ਗੋਲੀ ਚਲਾਉਣ ਦਾ ਹੁਕਮ ਦੇ ਦਿੱਤਾ ਅੰਦਰ ਜਾਣ ਲਈ ਮਹਿਜ਼ ਤਿੰਨ-ਚਾਰ ਫੱੁਟ ਦੇ ਤੰਗ ਰਸਤੇ ਸਨ ਜਿਨ੍ਹਾਂ ਵਿਚ ਟੈਂਕ ਖੜੇ੍ਹ ਕਰ ਦਿੱਤੇ ਨਿਹੱਥੇ ਲੋਕਾਂ ’ਤੇ ਤਾਬੜਤੋੜ ਫਾਇਰਿੰਗ ਦਾ ਮੰਜਰ ਲਗਭਗ 10 ਤੋਂ 12 ਮਿੰਟ ਚੱਲਦਾ ਰਿਹਾ।
ਲਗਭਗ 1000 ਲੋਕ ਗੋਲੀਆਂ ਦਾ ਸ਼ਿਕਾਰ ਹੋ ਗਏ ਤੇ ਕਈਆਂ ਨੇ ਆਪਣੀਆਂ ਜਾਨਾਂ ਖੂਹ ਦੇ ਵਿਚ ਛਾਲਾਂ ਮਾਰ ਕੇ ਗੁਆ ਲਈਆਂ ਅਤੇ ਕਾਫੀ ਲੋਕ ਭਾਜੜ ਪੈਣ ਕਾਰਨ ਮਾਰੇ ਗਏ ਲਗਭੱਗ 1500 ਲੋਕਾਂ ਦੀ ਮੌਤ ਹੋ ਗਈ ਸੀ ਇਸ ਮੰਜਰ ਨੂੰ ਊਧਮ ਸਿੰਘ ਦੇਖ ਰਿਹਾ ਸੀ ਉਸ ਦੇ ਖੱਬੇ ਹੱਥ ’ਤੇ ਗੋਲੀ ਲੱਗੀ ਅਤੇ ਹੇਠਾਂ ਡਿੱਗ ਗਿਆ ਉਹ ਲਾਸ਼ਾਂ ਦੇ ਹੇਠ ਦੱਬ ਗਿਆ ਬਾਅਦ ਵਿਚ ਊਧਮ ਸਿੰਘ ਨੇ ਆਪਣੇ ਸਾਥੀ ਕ੍ਰਾਂਤੀਕਾਰੀਆਂ ਦੇ ਨਾਲ ਸਾਰਿਆਂ ਦੀਆਂ ਲਾਸ਼ਾਂ ਦਾ ਸੰਸਕਾਰ ਕੀਤਾ ਊਧਮ ਸਿੰਘ ਨੇ ਖੂਨੀ ਮੰਜਰ ਦੇਖ ਕੇ ਇਹ ਪ੍ਰਣ ਕੀਤਾ ਕਿ ਉਹ ਇਸ ਘਟਨਾ ਦੇ ਦੋਸ਼ੀ ਨੂੰ ਉਸ ਦੇ ਘਰ ਵਿਚ ਜਾ ਕੇ ਮਾਰੇਗਾ ਤੇ ਨਿਹੱਥੇ ਲੋਕਾਂ ਦੀ ਮੌਤ ਦਾ ਬਦਲਾ ਜ਼ਰੂਰ ਲਵੇਗਾ।
ਜ਼ਿੰਦਗੀ ਦਾ ਬਣ ਗਿਆ ਮਕਸਦ
ਇਸ ਘਟਨਾ ਤੋਂ ਬਾਅਦ ਊਧਮ ਸਿੰਘ ਦੀ ਜ਼ਿੰਦਗੀ ਦਾ ਇੱਕ ਮਕਸਦ ਮਾਈਕਲ ਓਡਵਾਇਰ ਤੋਂ ਬਦਲਾ ਲੈਣਾ ਹੀ ਬਣ ਗਿਆ ਸੀ ਊਧਮ ਸਿੰਘ 1920 ਵਿਚ ਅਫਰੀਕਾ, 1921 ਵਿਚ ਨਰੋਬੀ ਜਿੱਥੇ ਉਸ ਨੇ ਰੇਲਵੇ ਵਿਚ ਮਕੈਨਿਕ ਵਜੋਂ ਕੰਮ ਕੀਤਾ, 1924 ਵਿਚ ਭਗਤ ਸਿੰਘ ਦੇ ਕਹਿਣ ’ਤੇ ਉਹ ਅਮਰੀਕਾ ਚਲਾ ਗਿਆ ਬਾਅਦ ਵਿੱਚ ਭਾਰਤ ਵਾਪਸ ਆ ਗਿਆ ਗੈਰ-ਕਾਨੂੰਨੀ ਹਥਿਆਰ ਰੱਖਣ ਦੇ ਜ਼ੁਰਮ ਵਿਚ ਊਧਮ ਸਿੰਘ ਨੂੰ ਇੱਕ ਵਾਰ 5 ਸਾਲ ਜੇਲ੍ਹ ਕੱਟਣੀ ਪਈ ਬਾਹਰ ਆਉਣ ਤੋਂ ਬਾਅਦ ਊਧਮ ਸਿੰਘ ਨੂੰ ਭਗਤ ਸਿੰਘ ਦੀ ਫਾਂਸੀ ਬਾਰੇ ਪਤਾ ਲੱਗਾ ਉਹ ਬੁਹਤ ਉਦਾਸ ਹੋਇਆ ਫਿਰ ਉਹ ਆਪਣੇ ਮਕਸਦ ਵੱਲ ਲੰਡਨ ਵੱਲ ਨੂੰ ਚੱਲ ਪਿਆ।
ਇੰਗਲੈਂਡ ਵਿਚ ਊਧਮ ਸਿੰਘ ਰਾਮ ਮੁਹੰਮਦ ਸਿੰਘ ਆਜ਼ਾਦ ਦੇ ਨਾਂਅ ਨਾਲ ਰਹਿ ਰਿਹਾ ਸੀ 1934 ਵਿਚ ਊਧਮ ਸਿੰਘ ਨੇ ਇੰਜੀਨੀਅਰ ਦੀ ਨੌਕਰੀ ਕੀਤੀ ਹੁਣ ਊਧਮ ਸਿੰਘ ਦਿਨ-ਰਾਤ ਆਪਣੇ ਮਕਸਦ ਦੀ ਭਾਲ ਵਿਚ ਸੀ ਕਈ ਵਾਰ ਊਧਮ ਸਿੰਘ ਦੇ ਓਡਵਾਇਰ ਨਾਲ ਟਾਕਰੇ ਹੋਏ ਪਰ ਊਧਮ ਸਿੰਘ ਨੇ ਬਦਲਾ ਲੈਣਾ ਵਾਜ਼ਿਬ ਨਾ ਸਮਝਿਆ ਇੱਕ ਦਿਨ ਉਹ ਕੈਕਸਟਨ ਹਾਲ ਦੇ ਨੇੜੇ ਰਹਿੰਦੇ ਆਪਣੇ ਇੱਕ ਦੋਸਤ ਨੂੰ ਮਿਲਣ ਗਿਆ ਦੋਸਤ ਤਾਂ ਨਹੀਂ ਮਿਲਿਆ ਪਰ ਮਕਸਦ ਮਿਲ ਗਿਆ ਊਧਮ ਸਿੰਘ ਨੇ ਦੇਖਿਆ ਕੇ 13 ਮਾਰਚ ਨੂੰ ਕੈਕਸਟਨ ਹਾਲ ਦੇ ਵਿੱਚ ਇੱਕ ਸਭਾ ਹੋਵੇਗੀ ਜਿਸ ਵਿਚ ਓਡਵਾਇਰ ਵੀ ਸ਼ਾਮਲ ਹੋਵੇਗਾ ਉਸ ਨੇ ਆਪਣੇ ਮਕਸਦ ਨੂੰ ਪਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ।
ਆਪਣਾ ਕਮਸਦ ਇੰਜ ਕੀਤਾ ਪੂਰਾ
13 ਮਾਰਚ 1940 ਨੂੰ ਮਾਈਕਲ ਓਡਵਾਇਰ ਲੰਡਨ ਦੇ ਕੈਕਸਟਨ ਹਾਲ ਦੇ ਵਿੱਚ ਈਸਟ ਇੰਡੀਆ ਐਸੋਸੀਏਸ਼ਨ ਅਤੇ ਸੈਂਟਰਲ ਐਸੋਸੀਏਸ਼ਨ ਦੀ ਸਾਂਝੀ ਮੀਟਿੰਗ ਵਿਚ ਭਾਗ ਲੈ ਰਿਹਾ ਸੀ ਉੱਥੇ ਊਧਮ ਸਿੰਘ ਵੀ ਗਿਆ ਸੀ ਅਤੇ ਆਪਣੀ ਕਿਤਾਬ ਵਿਚ ਪਿਸਤੌਲ ਲੈ ਕੇ ਗਿਆ ਜਦੋਂ ਮੀਟਿੰਗ ਖ਼ਤਮ ਹੋਣ ਲੱਗੀ ਤਾਂ ਸ਼ਹੀਦਾਂ ਨੂੰ ਯਾਦ ਕਰਕੇ ਅੱਗੇ ਜਾ ਕੇ ਊਧਮ ਸਿੰਘ ਨੇ 3 ਗੋਲੀਆਂ ਚਲਾਈਆਂ ਜਿਸ ਵਿਚੋਂ ਦੋ ਮਾਈਕਲ ਓਡਵਾਇਰ ਦੀ ਛਾਤੀ ਵਿਚ ਲੱਗੀਆਂ ਉਹ ਉੱਥੇ ਹੀ ਢੇਰ ਹੋ ਗਿਆ ਅਤੇ ਤਿੰਨ ਜਣਿਆਂ ਨੂੰ ਹੋਰ ਗੋਲੀਆਂ ਲੱਗੀਆਂ ਹਾਲ ਵਿੱਚ ਹਫੜਾ-ਦਫੜੀ ਮੱਚ ਗਈ ਊਧਮ ਸਿੰਘ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ ਉਸ ਨੇ ਆਪਣਾ ਮਕਸਦ ਪੂਰਾ ਕਰ ਲਿਆ ਸੀ ਊਧਮ ਸਿੰਘ ਨੇ ਲਗਭਗ 21 ਸਾਲ ਬਾਅਦ ਆਪਣੇ ਸੀਨੇ ਅੰਦਰ ਮੱਚਦੇ ਭਾਂਬੜ ਨੂੰ ਉਜਾਗਰ ਕੀਤਾ।
ਊਧਮ ਸਿੰਘ ਦੀ ਤਲਾਸ਼ੀ ਲਈ ਗਈ ਜਿਸ ਵਿਚੋਂ ਇੱਕ ਚਾਕੂ ਤੇ ਕੁਝ ਗੋਲੀਆਂ ਮਿਲੀਆਂ 5 ਜੂਨ 1940 ਨੂੰ ਜੱਜ ਨੇ ਊਧਮ ਸਿੰਘ ਨੂੰ ਫਾਂਸੀ ਦੀ ਸਜਾ ਸੁਣਾਈ ਊਧਮ ਸਿੰਘ ਤੋਂ ਸਫਾਈ ਮੰਗੀ ਗਈ ਊਧਮ ਸਿੰਘ ਬੋਲਿਆ, ‘‘ਮੈਂ ਆਪਣੇ ਮਕਸਦ ਵਿਚ ਕਾਮਯਾਬ ਹੋਇਆ ਹਾਂ ਮੇਰਾ ਮਕਸਦ ਪੂਰਾ ਹੋ ਗਿਆ ਹੈ ਮੈਂ ਮਰਾਂਗਾ ਤਾਂ ਮੇਰੇ ਵਰਗੇ ਸੌ ਹੋਰ ਊਧਮ ਸਿੰਘ ਪੈਦਾ ਹੋਣਗੇ’’ ਬਾਅਦ ਵਿੱਚ ਊਧਮ ਸਿੰਘ ਨੂੰ ਪੈਨਟਨਵਿਲ ਜੇਲ੍ਹ ਵਿਚ ਭੇਜ ਦਿੱਤਾ ਗਿਆ 31 ਜੁਲਾਈ 1940 ਨੂੰ ਬੁੱਧਵਾਰ ਸਵੇਰੇ 9 ਵਜੇ ਊਧਮ ਸਿੰਘ ਨੂੰ ਪਨਵਿਲ ਜੇਲ੍ਹ ਦੇ ਵਿਚ ਫਾਂਸੀ ਦੀ ਸਜ਼ਾ ਦੇ ਦਿੱਤੀ ਗਈ ਇਹ ਮਿਸ਼ਨ ਸ਼ਹੀਦ ਊਧਮ ਸਿੰਘ ਦਾ ਆਪਣਾ ਜਾਂ ਆਪਣੇ ਲਈ ਨਹੀਂ ਸੀ ਸਗੋਂ ਸਮਾਜਿਕ ਤਬਦੀਲੀ ਲਈ ਆਪਣੀ ਕੁਰਬਾਨੀ ਦਿੱਤੀ ਸੀ।
ਇਹ ਵੀ ਪੜ੍ਹੋ : ਤੁਹਾਡੇ ਸਿਰ ਤੋਂ ਵੀ ਝੜ ਰਹੇ ਨੇ ਵਾਲ, ਤਾਂ ਘਬਰਾਓ ਨਾ, ਅਪਣਾਓ ਇਹ ਸ਼ਾਨਦਾਰ ਨੁਸਖਾ
ਅੱਜ ਦੇਸ਼ਵਾਸੀ ਸ਼ਹੀਦ ਊਧਮ ਸਿੰਘ ਨੂੰ ਯਾਦ ਕਰ ਰਹੇ ਹਨ ਆਓ! ਉਨ੍ਹਾਂ ਸ਼ਹੀਦਾਂ ਦੀਆਂ ਦਿੱਤੀਆਂ ਸਿੱਖਿਆਵਾਂ ’ਤੇ ਚੱਲੀਏ ਅੱਜ ਕੋਈ ਵੀ ਆਪਣੇ-ਆਪ ਨੂੰ ਸੁਰੱਖਿਅਤ ਨਹੀਂ ਸਮਝਦਾ ਸਮਾਜ ਦਾ ਤਾਣਾ-ਬਾਣਾ ਸਮਾਜ ਦੇ ਲੋਕਾਂ ਦੇ ਕੰਮ ਹੀ ਇਸ ਤਰ੍ਹਾਂ ਦੇ ਹੋ ਗਏ ਹਨ ਕਿ ਦਿਨੋ-ਦਿਨ ਬੁਰਾਈ ਆਪਣੇ ਪੈਰ ਪਸਾਰ ਰਹੀ ਹੈ ਨੌਜਵਾਨੀ ਨਸ਼ਿਆਂ, ਗੈਂਗਵਾਦ, ਗਾਣਿਆਂ, ਫੋਕੀ ਟੋਹਰ ਵਿੱਚ ਫਸ ਗਈ ਹੈ ਸੋ ਆਓ! ਇਹ ਸਭ ਛੱਡ ਕੇ ਮਿਹਨਤ ਦੇ ਰਾਹ ਪਈਏ ਬਦਲਾਅ ਅਸੀਂ ਘਰ ਬੈਠ ਕੇ ਮੰਗ ਰਹੇ ਹਾਂ ਪਰ ਬਦਲਾਅ ਸਾਨੂੰ ਘਰ ਬੈਠ ਕੇ ਨਹੀਂ ਸਗੋਂ ਊਧਮ ਸਿੰਘ ਦੀ ਤਰ੍ਹਾਂ ਘਾਲਣਾ ਘਾਲ ਕੇ ਘਰ ਤੋਂ ਨਿੱਕਲ ਕੇ ਮਿਲੇਗਾ।
ਦੀਪ ਸਿੰਘ ਖਡਿਆਲ
ਮੋ. 89680-65293