ਨਸ਼ਾਬੰਦੀ ਲਈ ਅੱਗੇ ਆਉਣ ਵਾਲੇ ਪਿੰਡ ਵਾਸੀਆਂ ਦਾ ਪੂਰਾ ਸਾਥ ਦਿਆਂਗੇ – ਡਿਪਟੀ ਕਮਿਸ਼ਨਰ (Amritsar News)
- ਅਦਾਕਾਰਾ ਸੋਨੀਆ ਮਾਨ ਦੀ ਸੰਸਥਾ ਮਾਈ ਭਾਗੋ ਚੈਰਿਟੀ ਸਾਰੇ ਪੰਜਾਬ ਲਈ ਕਰੇਗੀ ਕੰਮ
(ਰਾਜਨ ਮਾਨ) ਅੰਮ੍ਰਿਤਸਰ। ਪੰਜਾਬ ਵਿੱਚ ਵੱਧ ਰਹੇ ਨਸ਼ਿਆਂ ਦੇ ਰੁਝਾਨ ਨੂੰ ਰੋਕਣ ਲਈ ਹੁਣ ਪਿੰਡਾਂ ਦੇ ਲੋਕ ਮੈਦਾਨ ਵਿੱਚ ਨਿੱਤਰਨੇ ਸ਼ੁਰੂ ਹੋ ਗਏ ਹਨ ਅਤੇ ਇਸੇ ਤਹਿਤ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਅਦਲੀਵਾਲਾ ਦੇ ਵਾਸੀ ਨਸ਼ਾ ਵੇਚਣ ਵਾਲਿਆਂ ਵਿਰੁੱਧ ਮੈਦਾਨ ਵਿੱਚ ਨਿਤਰੇ ਹਨ।
ਪਿੰਡ ਨੇ ਬਾਬਾ ਬੀਰ ਸਿੰਘ ਜੀ ਨਸ਼ਾ ਮੁਕਤ ਅਦਲੀਵਾਲਾ ਦੇ ਨਾਂਅ ’ਤੇ ਇਕ 40 ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ ਜੋ ਪਿੰਡ ਵਿੱਚ ਨਸ਼ਾ ਵੇਚਣ ਵਾਲਿਆਂ ਵਿਰੁੱਧ ਪਿੰਡ ਦੇ ਮੋਹਤਬਰ ਸਾਥੀਆਂ ਨਾਲ ਮਿਲ ਕੇ ਕਾਰਵਾਈ ਕਰੇਗੀ।
ਪੰਜਾਬ ਸਰਕਾਰ ਨਸ਼ਿਆਂ ਪ੍ਰਤੀ ਕਾਫ਼ੀ ਗੰਭੀਰ ਹੈ ਅਤੇ ਜੋ ਵੀ ਪਿੰਡ ਵਾਸੀ ਨਸ਼ਿਆਂ ਵਿਰੁੱਧ ਮੈਦਾਨ ਵਿੱਚ ਨਿਤਰਨਗੇ ਉਨ੍ਹਾਂ ਦਾ ਹਰ ਤਰ੍ਹਾਂ ਸਾਥ ਦਿੱਤਾ ਜਾਵੇਗਾ ਅਤੇ ਨਸ਼ਾ ਵੇਚਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀ ਅਮਿਤ ਤਲਵਾੜ ਨੇ ਗ੍ਰਾਮ ਪੰਚਾਇਤ ਪਿੰਡ ਅਦਲੀਵਾਲਾ ਬਲਾਕ ਹਰਸ਼ਾ ਛੀਨਾ ਵੱਲੋਂ ਪਿੰਡ ਵਿੱਚ ਨਸ਼ਾ ਵੇਚਣ ਵਾਲਿਆਂ ਵਿਰੁੱਧ ਕਾਰਵਾਈ ਲਈ ਬਣਾਈ ਗਈ ਕਮੇਟੀ ਕੋਲੋਂ ਮੰਗ ਪੱਤਰ ਲੈਂਦਿਆਂ ਕੀਤਾ (Amritsar News)। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬੜੀ ਚੰਗੀ ਪਹਿਲ ਹੈ ਕਿ ਪਿੰਡ ਵਾਸੀ ਹੁਣ ਇਕੱਠੇ ਹੋ ਕੇ ਨਸ਼ਾ ਵੇਚਣ ਵਾਲਿਆਂ ਵਿਰੁੱਧ ਲਾਮਬੰਦ ਹੋ ਰਹੇ ਹਨ। ਉਨਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਇਨਾਂ ਪਿੰਡਾਂ ਦਾ ਪੂਰਨ ਸਹਿਯੋਗ ਕਰੇਗਾ।
ਇਹ ਵੀ ਪੜ੍ਹੋ : ਫਾਜ਼ਿਲਕਾ ਜ਼ਿਲ੍ਹੇ ਦੀ ਇਕ ਹੋਰ ਧੀ ਨੇ ਵਧਾਇਆ ਮਾਣ, ਪੰਜਾਬ ਭਰ ’ਚੋਂ ਰਹੀ ਅੱਵਲ
ਇਸ ਮੌਕੇ ਪਿੰਡ ਦੇ ਸਰਪੰਚ ਹਰਕੰਵਲਜੀਤ ਸਿੰਘ ਨੇ ਦੱਸਿਆ ਕਿ ਸਾਡੇ ਪਿੰਡ ਨੇ ਬਾਬਾ ਬੀਰ ਸਿੰਘ ਜੀ ਨਸ਼ਾ ਮੁਕਤ ਅਦਲੀਵਾਲਾ ਦੇ ਨਾਮ ਤੇ ਇਕ 40 ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ ਜੋ ਪਿੰਡ ਵਿੱਚ ਨਸ਼ਾ ਵੇਚਣ ਵਾਲਿਆਂ ਵਿਰੁੱਧ ਪਿੰਡ ਦੇ ਮੋਹਤਬਰ ਸਾਥੀਆਂ ਨਾਲ ਮਿਲ ਕੇ ਕਾਰਵਾਈ ਕਰੇਗੀ। ਉਨਾਂ ਦੱਸਿਆ ਕਿ ਸਾਰੇ ਪਿੰਡ ਵਾਸੀਆਂ ਨੇ ਫੈਸਲਾ ਕੀਤਾ ਹੈ ਕਿ ਪਿੰਡ ਦਾ ਕੋਈ ਵੀ ਵਿਅਕਤੀ ਕਿਸੇ ਅਪਰਾਧੀ ਨੂੰ ਪੁਲਿਸ ਹਿਰਾਸਤ ਦੀ ਜਮਨਾਤ ਨਹੀਂ ਦੇਵੇਗਾ। ਜੇਕਰ ਕੋਈ ਪਿੰਡ ਦਾ ਵਿਅਕਤੀ ਜਮਾਨਤ ਦਿੰਦਾ ਹੈ ਤਾਂ ਉਸ ਵਿਰੁੱਧ ਕਾਨੂੰਨੀ ਕਾਰਵਾਈ ਤੋਂ ਇਲਾਵਾ ਪਿੰਡ ਵਿੱਚ ਬਾਈਕਾਟ ਦਾ ਫੈਸਲਾ ਕੀਤਾ ਗਿਆ ਹੈ।
ਪੰਜਾਬ ਵਿੱਚ ਨਸ਼ਿਆਂ ਵਿਰੁੱਧ ਮੁਹਿੰਮ ਲਈ ਮਾਈ ਭਾਗੋ ਚੈਰਿਟੀ ਸੰਸਥਾ ਸ਼ੁਰੂ ਕੀਤੀ
ਇਸ ਮੌਕੇ ਅਦਾਕਾਰਾ ਅਤੇ ਗਾਇਕਾ ਸੋਨੀਆ ਮਾਨ ਨੇ ਦੱਸਿਆ ਕਿ ਅਸੀਂ ਪੂਰੇ ਪੰਜਾਬ ਵਿੱਚ ਨਸ਼ਿਆਂ ਵਿਰੁੱਧ ਮੁਹਿੰਮ ਲਈ ਮਾਈ ਭਾਗੋ ਚੈਰਿਟੀ ਸੰਸਥਾ ਸ਼ੁਰੂ ਕੀਤੀ ਹੈ, ਜਿਸਦੀ ਸ਼ੁਰੂਆਤ ਪਿੰਡ ਅਦਲੀਵਾਲਾ ਤੋਂ ਕੀਤੀ ਗਈ ਹੈ। ਉਨਾਂ ਕਿਹਾ ਕਿ ਇਹ ਸੰਸਥਾ ਪਿੰਡਾਂ ਵਿੱਚ ਨਸ਼ਾ ਵੇਚਣ ਵਾਲਿਆਂ ਵਿਰੁੱਧ ਕਾਰਵਾਈ ਕਰੇਗੀ ਅਤੇ ਸਾਡਾ ਪਿੰਡ ਵੀ ਇਸ ਮੁਹਿੰਮ ਵਿੱਚ ਵੱਧ ਚੜ੍ਹ ਦੇ ਹਿੱਸਾ ਲਵੇਗਾ। ਇਸ ਮੌਕੇ ਸ: ਰੇਸ਼ਮ ਸਿੰਘ, ਜਸਬੀਰ ਸਿੰਘ ਕੁਲਵਿੰਦਰ ਸਿੰਘ, ਬੂਆ ਸਿੰਘ, ਸੂਖਚੈਨ ਸਿੰਘ, ਸਕੱਤਰ ਸਿੰਘ, ਲਖਬੀਰ ਸਿੰਘ, ਸੁਖਮਨਦੀਪ ਸਿੰਘ, ਬਚਿੱਤਰ ਸਿੰਘ, ਗੁਰਦੀਪ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।