(ਜਸਵੀਰ ਸਿੰਘ ਗਹਿਲ) ਲੁਧਿਆਣਾ। ਰਾਸ਼ਟਰੀ ਝੰਡੇ ਤਿਰੰਗੇ ਦੀ ਸ਼ਾਨ ਨੂੰ ਬਰਕਰਾਰ ਰੱਖਣ ਲਈ ਅਣਗਿਣਤ ਮਾਵਾਂ ਦੇ ਲਾਲ ਉਨਾਂ ਤੋਂ ਸਦਾ ਲਈ ਦੂਰ ਹੋ ਗਏ ਤੇ ਅਨੇਕਾਂ ਹੀ ਇਸ ਨੂੰ ਉੱਚਾ ਰੱਖਣ ਲਈ ਆਪਣੀ ਜਾਨ ਦਾਅ ’ਤੇ ਲਾਉਣ ਲਈ ਤਿਆਰ ਬਰ- ਤਿਆਰ ਹਨ ਪਰ ਬਾਵਜੂਦ ਇਸਦੇ ਕੁੱਝ ਲੋਕ ਤਿਰੰਗੇ ਝੰਡੇ ਦੀ ਸ਼ਾਨ ’ਚ ਘੋਰ ਲਾਹਪ੍ਰਵਾਹੀ ਵਰਤ ਰਹੇ ਹਨ। (Ludhiana News)
ਮਾਮਲਾ ਲੁਧਿਆਣਾ ਦਾ ਹੈ। ਜਿੱਥੋਂ ਦੀ ਘੁਮਾਰ ਮੰਡੀ ’ਚ ਕੁੱਝ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ’ਤੇ ਤਿਰੰਗਾ ਝੰਡਾ ਲਹਿਰਾ ਕੇ ਉਸਦਾ ਸਨਮਾਨ ਕਰਨ ਦੀ ਥਾਂ ਅਪਮਾਨ ਕੀਤਾ ਜਾ ਰਿਹਾ ਹੈ। ਇਸ ਵਿੱਚ ਇੱਕ ਤਿਰੰਗੇ ਦਾ ਰੰਗ ਬਹੁਤ ਜ਼ਿਆਦਾ ਫਿੱਕਾ ਪੈ ਚੁੱਕਾ ਹੈ ਜੋ ਬਾਵਜੂਦ ਇਸਦੇ ਲਹਿਰਾ ਰਿਹਾ ਹੈ। ਜਦੋਂਕਿ ਦੂਜਾ ਦੁਕਾਨ ਦੀ ਛੱਤ ’ਤੇ ਲੱਗੀ ਇੱਕ ਫਲੈਕਸ ਦੀ ਪਾਇਪ ਨਾਲ ਲਟਕਦਾ ਹੋਇਆ ਹਵਾ ਚੱਲਣ ’ਤੇ ਇੱਧਰ ਉੱਧਰ ਟਕਰਾ ਰਿਹਾ ਹੈ। ਨਾਲ ਹੀ ਇੱਕ ਤਿਰੰਗਾ ਵੀ ਖੜੀ ਐਂਗਲ ’ਚ ਫਸਾਇਆ ਨਜ਼ਰ ਆ ਰਿਹਾ ਹੈ। ਸਬੰਧਿਤ ਦੁਕਾਨਦਾਰ ਸ਼ਾਇਦ ਤਿਰੰਗੇ ਝੰਡੇ ਦੇ ਸਬੰਧ ’ਚ ਬਣੇ ਕਾਨੂੰਨ ਤਹਿਤ ਅਪਮਾਨਿਤ ਕੀਤੇ ਜਾਣ ਦੇ ਦੋਸ਼ ’ਚ ਹੋਣ ਵਾਲੀ ਸਜ਼ਾ ਤੋਂ ਅਣਜਾਣ ਹਨ ਜਾਂ ਫ਼ਿਰ ਜਾਣਬੁੱਝ ਕੇ ਤਿਰੰਗੇ ਦਾ ਅਪਮਾਨ ਕਰ ਰਹੇ ਹਨ। (Ludhiana News)
ਇਹ ਵੀ ਪੜ੍ਹੋ : ਅਜ਼ਾਦੀ ਦਿਵਸ ਮੌਕੇ ਭਗਵੰਤ ਮਾਨ ਪਟਿਆਲਾ ਵਿਖੇ ਲਹਿਰਾਉਣਗੇ ਤਿਰੰਗਾ ਝੰਡਾ
ਇਸ ਬਾਰੇ ਕੁੱਝ ਵੀ ਕਹਿਣਾ ਮੁਨਾਸਿਬ ਨਹੀ ਪਰ ਇੰਨਾਂ ਸਪੱਸ਼ਟ ਹੈ ਕਿ ਤਿਰੰਗੇ ਝੰਡੇ ਦੀ ਸ਼ਾਨ ਉਕਤ ਦੋਵੇਂ ਦੁਕਾਨਦਾਰਾਂ ਦੁਆਰਾ ਘੋਰ ਲਾਹਪ੍ਰਵਾਹੀ ਵਰਤੀ ਜਾ ਰਹੀ ਹੈ। ਤਿਰੰਗੇ ਝੰਡੇ ਸਬੰਧੀ ਕਾਨੂੰਨ ਮੁਤਾਬਿਕ ਝੰਡਾ ਲਾਗਲੀਆਂ ਬਿਲਡਿੰਗਾਂ ਤੋਂ ਉੱਚੀ ਜਗਾ ’ਤੇ ਲਹਿਰਾਉਣਾ ਚਾਹੀਦਾ ਹੈ। ਕਿਸੇ ਵੀ ਹਾਲਾਤਾਂ ’ਚ ਪਾਟਿਆ ਹੋਇਆ ਜਾਂ ਰੰਗ ਫਿੱਕਾ ਪਿਆ ਝੰਡਾ ਨਹੀਂ ਲਹਿਰਾਇਆ ਜਾ ਸਕਦਾ। ਜੇਕਰ ਅਜਿਹਾ ਕੋਈ ਕਰ ਰਿਹਾ ਹੈ ਤਾਂ ਫਲੈਗ ਕੋਡ ਦੇ ਉਪਬੰਧਾਂ ਦੀ ਉਲੰਘਣਾ ਕਰਨ ਦੇ ਦੋਸ਼ ਤਹਿਤ ਤਿੰਨ ਸਾਲ ਦੀ ਸਜ਼ਾ, ਜੁਰਮਾਨਾ ਜਾਂ ਫ਼ਿਰ ਦੋਵੇਂ ਵੀ ਹੋ ਸਕਦੇ ਹਨ। ਡਿਪਟੀ ਕਮਿਸ਼ਨਰ ਸੁਰਭੀ ਮਲਿਕ ਨੇ ਸੰਪਰਕ ਕਰਨ ’ਤੇ ਆਖਿਆ ਕਿ ਲੁਕੇਸ਼ਨ ਸਾਂਝੀ ਕੀਤੀ ਜਾਵੇ। ਉਹ ਅੱਗੇ ਕਾਰਪੋਰੇਸ਼ਨ ਅਧਿਕਾਰੀਆਂ ਨੂੰ ਭੇਜ ਕੇ ਮਾਮਲੇ ਦੀ ਜਾਂਚ ਕਰਵਾਉਣਗੇ। ਇਸ ਤੋਂ ਬਾਅਦ ਹੀ ਕੋਈ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।