ਹਰਿਆਣਾ ਤੇ ਪੰਜਾਬ ਸਰਕਾਰ ਦੇ ਦੋ ਦਿਨਾਂ ‘ਚ ਖਰਚ ਹੋਏ ਕਰੋੜਾਂ ਰੁਪਏ
- ਪੰਜਾਬ ਸਰਕਾਰ ਨੇ ਨਿਗਰਾਨੀ ਲਈ ਕਿਰਾਏ ‘ਤੇ ਲਏ ਡਰੋਨ ਕੈਮਰੇ ਤੇ ਹੈਲੀਕਾਪਟਰ
(ਅਸ਼ਵਨੀ ਚਾਵਲਾ) ਚੰਡੀਗੜ। ਸਤਲੁਜ ਯਮੁਨਾ ਲਿੰਕ ਨਹਿਰ ਨੂੰ ਲੈ ਕੇ ਹਰਿਆਣਾ ਦੀ ਸਿਆਸੀ ਪਾਰਟੀ ਇਨੈਲੋ (INILO) ਵੱਲੋਂ ਕੀਤਾ ਗਿਆ ਹਾਈ ਵੋਲਟੇਜ ਡਰਾਮਾ ਪੰਜਾਬ ਅਤੇ ਹਰਿਆਣਾ ਸਰਕਾਰ ਨੂੰ ਵੱਡੇ ਪੱਧਰ ‘ਤੇ ਭਾਰੀ ਪੈਦਾ ਨਜ਼ਰ ਆ ਰਿਹਾ ਹੈ। ਇਨੈਲੋ ਦੇ ਲੀਡਰਾਂ ਅਤੇ ਵਰਕਰਾਂ ਨੂੰ ਰੋਕਣ ਲਈ ਪੰਜਾਬ ਅਤੇ ਹਰਿਆਣਾ ਪੁਲਿਸ ਵੱਲੋਂ ਕੀਤੀ ਗਈ ਤਿਆਰੀ ‘ਤੇ ਡੇਢ ਕਰੋੜ ਰੁਪਏ ਦੇ ਲਗਭਗ ਖ਼ਰਚਾ ਆ ਗਿਆ ਹੈ ਜਿਸ ‘ਚ 70 ਫੀਸਦੀ ਤੋਂ ਜਿਆਦਾ ਖ਼ਰਚਾ ਇਕੱਲੀ ਪੰਜਾਬ ਸਰਕਾਰ ਦਾ ਆਇਆ ਹੈ। ਹਾਲਾਂਕਿ ਪੰਜਾਬ ਪੁਲਿਸ ਨੂੰ ਆਪਣੇ ਵੱਲੋਂ ਕੀਤੇ ਗਏ ਵੱਡੇ ਪੱਧਰ ‘ਤੇ ਇੰਤਜ਼ਾਮ ਦੀ ਵਰਤੋਂ ਕਰਨ ਦੀ ਜਰੂਰਤ ਨਹੀਂ ਪਈ, ਕਿਉਂਕਿ ਇਨੈਲੋ ਦੇ ਲੀਡਰਾਂ ਅਤੇ ਵਰਕਰਾਂ ਨੇ ਕੋਈ ਵੀ ਹੰਗਾਮਾ ਕਰਨ ਦੀ ਥਾਂ ‘ਤੇ ਖ਼ੁਦ ਹੀ ਪੰਜਾਬ ਦੀ ਹੱਦ ‘ਚ ਆਉਂਦਿਆਂ ਗ੍ਰਿਫਤਾਰੀ ਦੇ ਦਿੱਤੀ ਇਸ ਪੂਰੇ ਹਾਈ ਵੋਲਟੇਜ ਡਰਾਮੇ ਵਿੱਚ ਹਰਿਆਣਾ ਸਰਕਾਰ ਨੂੰ ਲਗਭਗ 35 ਲੱਖ ਰੁਪਏ ਅਤੇ ਪੰਜਾਬ ਸਰਕਾਰ ਨੂੰ 1 ਕਰੋੜ 10 ਲੱਖ ਰੁਪਏ ਖ਼ਰਚਾ ਆਉਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ।
ਜਾਣਕਾਰੀ ਅਨੁਸਾਰ ਹਰਿਆਣਾ ਦੀ ਰਾਜਨੀਤਕ ਪਾਰਟੀ ਇਨੈਲੋ ਵੱਲੋਂ ਐਸ.ਵਾਈ.ਐਲ. ਨਹਿਰ ਦੀ ਪੁਟਾਈ ਦਾ ਐਲਾਨ ਕਰਨ ਤੋਂ ਬਾਅਦ ਲਗਾਤਾਰ ਪਿਛਲੇ ਦੋ ਮਹੀਨੇ ਤੋਂ ਇਸ ਦੀ ਤਿਆਰੀ ਵਿੱਢੀ ਹੋਈ ਸੀ, ਜਿਸ ਨੂੰ ਦੇਖਦੇ ਹੋਏ ਹਰਿਆਣਾ ਅਤੇ ਪੰਜਾਬ ਸਰਕਾਰ ਨੇ ਵੀ ਇਨਾਂ ਨੂੰ ਰੋਕਣ ਲਈ ਆਪਣੇ-ਆਪਣੇ ਪੱਧਰ ‘ਤੇ ਤਿਆਰੀ ਕਰ ਲਈ ਸੀ ।
ਇਨੈਲੋ (INILO) ਵਰਕਰਾਂ ‘ਤੇ ਨਜ਼ਰ ਰੱਖਣ ਲਈ 2 ਹੈਲੀਕਾਪਟਰ ਅਤੇ ਸੀਸੀਟੀਵੀ ਕੈਮਰੇ ਲਾਏ
ਇਨੈਲੋ ਵੱਲੋਂ 1 ਲੱਖ ਤੋਂ ਜਿਆਦਾ ਵਰਕਰਾਂ ਨੂੰ ਲੈ ਕੇ ਪੰਜਾਬ ਦਾ ਬਾਰਡਰ ਪਾਰ ਕਰਨ ਦਾ ਐਲਾਨ ਕੀਤਾ ਹੋਇਆ ਸੀ, ਜਿਸ ਨੂੰ ਵੇਖਦਿਆਂ ਹਰਿਆਣਾ ਪੁਲਿਸ ਨੇ ਕੇਂਦਰੀ ਨੀਮ ਫੌਜ ਬਲ ਦੀਆਂ 5 ਕੰਪਨੀਆਂ ਤੋਂ ਇਲਾਵਾ ਹਰਿਆਣਾ ਪੁਲਿਸ ਦੀਆਂ 5 ਕੰਪਨੀਆਂ ਸੰਭੂ ਬਾਰਡਰ ਅਤੇ ਅੰਬਾਲਾ ਸ਼ਹਿਰ ਨੂੰ ਜਾਂਦੀ ਸੜਕ ‘ਤੇ ਤਾਇਨਾਤ ਕੀਤੀਆਂ ਸਨ। ਲਗਾਤਾਰ ਦੋ ਦਿਨ ਇਨਾਂ ਕੇਂਦਰੀ ਨੀਮ ਫੌਜ ਬਲ ਦੀਆਂ ਕੰਪਨੀਆਂ ਅਤੇ ਹਰਿਆਣਾ ਪੁਲਿਸ ਦੀ ਟੁਕੜੀਆਂ ਦੇ ਖਾਣ-ਪੀਣ ਤੇ ਟੀ.ਏ.ਡੀ.ਏ. ਸਣੇ ਹਰਿਆਣਾ ਸਰਕਾਰ ਦਾ ਲਗਭਗ 35 ਲੱਖ ਖ਼ਰਚਾ ਆ ਗਿਆ ਹੈ।
ਇਸੇ ਤਰਾਂ ਹੀ ਪੰਜਾਬ ਸਰਕਾਰ ਨੇ ਸੰਭੂ ਬਾਰਡਰ ਨੂੰ ਪੂਰੀ ਤਰਾਂ ਸੀਲ ਕਰਨ ਦੇ ਨਾਲ ਹੀ ਵੱਡੀ ਕੰਧ ਤੇ ਬੈਰੀਕੇਟਰ ਲਗਾਉਣ ਦੇ ਨਾਲ ਹੀ ਪਿਛਲੇ ਦੋ ਦਿਨਾਂ ਤੋਂ 10 ਕੇਂਦਰੀ ਨੀਮ ਫੌਜ ਬਲ ਦੀਆਂ ਕੰਪਨੀਆਂ ਅਤੇ 5 ਪੰਜਾਬ ਪੁਲਿਸ ਦੀਆਂ ਕੰਪਨੀਆਂ ਨੂੰ ਤਾਇਨਾਤ ਕੀਤਾ ਸੀ। ਇਸ ਨਾਲ ਹੀ ਇਨੈਲੋ ਵਰਕਰਾਂ ‘ਤੇ ਨਜ਼ਰ ਰੱਖਣ ਲਈ 2 ਹੈਲੀਕਾਪਟਰ ਅਤੇ ਸੀਸੀਟੀਵੀ ਕੈਮਰੇ, ਡ੍ਰੋਨ ਕੈਮਰੇ ਸਣੇ ਕਈ ਤਰਾਂ ਦੇ ਹੋਰ ਆਧੁਨਿਕ ਸਾਧਨ ਲਾਏ ਹੋਏ ਸਨ।
ਸਿਰਫ਼ ਕੇਂਦਰੀ ਨੀਮ ਫੌਜ ਬਲ ਅਤੇ ਪੰਜਾਬ ਪੁਲਿਸ ਦੀ ਕੰਪਨੀਆਂ ਦੀ ਤੈਨਾਤੀ ‘ਤੇ ਹੀ ਪੰਜਾਬ ਸਰਕਾਰ ਦਾ ਲਗਭਗ 60 ਲੱਖ ਰੁਪਏ ਖ਼ਰਚਾ ਆ ਗਿਆ ਹੈ। ਜਿਸ ਵਿੱਚ ਇਨਾਂ ਦਾ ਟੀ.ਏ.ਡੀ.ਏ. ਸਣੇ ਵਾਹਨ ਖ਼ਰਚਾ ਸ਼ਾਮਲ ਹੈ। ਇਸ ਦੇ ਨਾਲ ਹੀ ਲਗਭਗ 20 ਲੱਖ ਰੁਪਏ 2 ਹੈਲੀਕਾਪਟਰ ‘ਤੇ ਦੀ ਸੇਵਾ ਲੈਣ ‘ਤੇ ਖ਼ਰਚਾ ਆਇਆ ਹੈ। ਇਸ ਤੋਂ ਇਲਾਵਾ 10 ਲੱਖ ਰੁਪਏ ਸੀਸੀਟੀਵੀ ਕੈਮਰੇ ਅਤੇ ਡ੍ਰੋਨ ਕੈਮਰਿਆਂ ਸਣੇ ਹੋਰ ਆਧੁਨਿਕ ਸਾਜੋ ਸਮਾਨ ਲਗਾਉਣ ‘ਤੇ ਖਰਚਾ ਆਉਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ। ਇਥੇ ਹੀ ਸੰਭੂ ਬੈਰੀਅਰ ‘ਤੇ ਟੋਲ ਪਲਾਜਾ ਕੰਪਨੀਆਂ ਨੂੰ ਹੋਣ ਵਾਲੇ ਇੱਕ ਦਿਨ ਦੇ ਘਾਟੇ ਸਣੇ ਬੈਰੀਕਡਰ ਸਣੇ ਇੱਟਾਂ ਦੀ ਦਿਵਾਰ ਬਣਾਉਣ ‘ਤੇ ਹੀ 25 ਲੱਖ ਰੁਪਏ ਖਰਚਾ ਆਉਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ