- ਦੁਪਿਹਰ ਸਮੇਂ ਅਚਾਨਕ ਹੀ ਗੁਰੂ ਨਾਨਕ ਨਗਰ ’ਚ ਜਾ ਵੜਿਆ ਬੁੱਢੇ ਦਰਿਆ ਦਾ ਪਾਣੀ
(ਜਸਵੀਰ ਸਿੰਘ ਗਹਿਲ/ ਸਾਹਿਲ ਅਗਰਵਾਲ) ਲੁਧਿਆਣਾ। ਬੇਸ਼ੱਕ ਪ੍ਰਸ਼ਾਸਨਿਕ ਅਧਿਕਾਰੀਆਂ ਦੁਆਰਾ ਹਾਲਾਤ ਕਾਬੂ ’ਚ ਹੋਣ ਦੀ ਗੱਲ ਆਖੀ ਜਾ ਰਹੀ ਹੈ ਪਰ ਬੁੱਢੇ ਦਰਿਆ ’ਚ ਪਾਣੀ ਦੇ ਪੱਧਰ ਨੂੰ ਦੇਖਦੇ ਹੋਏ ਲੋਕ ਹਾਲੇ ਵੀ ਖੌਫਜ਼ਦਾ ਨਜ਼ਰ ਆ ਰਹੇ ਹਨ। ਕਿਉਂਕਿ ਹਰ ਦਿਨ ਕਿਸੇ ਨਾ ਕਿਸੇ ਪਾਸਿਓਂ ਪਾਣੀ ਦੇ ਓਵਰਫ਼ਲੋ ਹੋ ਕੇ ਕਲੋਨੀਆਂ/ਘਰਾਂ ’ਚ ਵੜਨ ਦੀਆਂ ਖ਼ਬਰਾਂ ਮਿਲ ਰਹੀਆਂ ਹਨ। (Flood News)
ਅਜਿਹੀ ਹੀ ਖ਼ਬਰ ਦੁਪਿਹਰ ਸਮੇਂ ਮਿਲੀ। ਜਦੋਂ ਬੁੱਢੇ ਦਰਿਆ ਦਾ ਪਾਣੀ ਅਚਾਨਕ ਹੀ ਤਾਜਪੁਰ ਰੋਡ ’ਤੇ ਭਾਮੀਆਂ ਕਲਾਂ ਦੇ ਨਾਲ ਲੱਗਦੇ ਪਿੰਡ ਗੁਰੂ ਨਾਨਕ ਨਗਰ ਵਿੱਚ ਆ ਵੜਿਆ। ਪਾਣੀ ਦਾ ਵਹਾਅ ਇੰਨਾਂ ਤੇਜ਼ ਸੀ ਕਿ ਲੋਕਾਂ ਨੂੰ ਕੁੱਝ ਵੀ ਸਮਝਣ/ ਸੋਚਣ ਦਾ ਮੌਕਾ ਨਹੀਂ ਮਿਲਿਆ। ਲੋਕ ਕੁੱਝ ਕਰ ਪਾਉਂਦੇ ਇਸ ਤੋਂ ਪਹਿਲਾਂ ਹੀ ਪਾਣੀ ਨੇ ਉਨਾਂ ਦੇ ਵਿਹੜਿਆਂ ’ਚ ਜਲਥਲ ਕਰ ਦਿੱਤਾ। (Flood News)
ਜਾਣਕਾਰੀ ਮੁਤਾਬਿਕ ਸ਼ਿਵਾ ਫੈਕਟਰੀ ਲਾਗਿਓਂ ਬੰਨ ਟੁੱਟਣ ਕਾਰਨ ਪਾਣੀ ਗੁਰੂ ਨਾਨਕ ਨਗਰ ਵਿੱਚ ਆ ਵੜਿਆ ਹੈ। ਜਿਸ ਕਾਰਨ ਲੋਕਾਂ ਆਪਣੇ ਘਰਾਂ ਅੰਦਰ ਹੀ ਕੈਦ ਹੋ ਗਏ। ਮਿਲੀ ਜਾਣਕਾਰੀ ਮੁਤਾਬਿਕ ਪਾਣੀ ਦਾ ਆਉਣਾ ਲਗਾਤਾਰ ਜਾਰੀ ਹੈ। ਲੋਕਾਂ ਦਾ ਦੋਸ਼ ਹੈ ਕਿ ਪ੍ਰਸ਼ਾਸਨ ਦੁਆਰਾ ਸਥਿਤੀ ਦੇ ਮੱਦੇਨਜ਼ਰ ਢੁਕਵੇਂ ਪ੍ਰਬੰਧ ਨਹੀਂ ਕੀਤੇ ਗਏ। ਜਿਸ ਕਾਰਨ ਪਾਣੀ ਉਨਾਂ ਦੇ ਘਰਾਂ ’ਚ ਪਹੁੰਚ ਗਿਆ ਹੈ। ਭਾਂਮੀਆਂ ਕਲਾਂ ਵਾਸੀ ਰਵੀ ਕੁਮਾਰ ਤੋਂ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਬਾਂਕੇ ਬਿਹਾਰੀ ਕਲੋਨੀ, ਐਮ.ਐਸ. ਕਲੋਨੀ, ਸੀ.ਐਮ.ਸੀ. ਕਲੋਨੀ, ਗੁਰੂ ਨਾਨਕ ਨਗਰ ’ਚ ਵੀ ਪਾਣੀ ਭਰ ਗਿਆ ਹੈ। ਪਤਾ ਲੱਗਾ ਹੈ ਕਿ ਬੁੱਢਾ ਦਰਿਆ ਸ਼ਿਵਾ ਫੈਕਟਰੀ ਅਤੇ ਬਾਬਾ ਫ਼ਰੀਦ ਦੀ ਦਰਗਾਹ ਲਾਗਿਓਂ ਟੁੱਟ ਗਿਆ ਹੈ।