(ਅਸ਼ਵਨੀ ਚਾਵਲਾ) ਚੰਡੀਗੜ੍ਹ। ਕੌਮਾਂਤਰੀ ਮਾਂ ਬੋਲੀ ਪੰਜਾਬੀ ਦਿਵਸ ਦੇ ਮੌਕੇ ਚੰਡੀਗੜ੍ਹ ਵਿਖੇ ਬਣਦਾ ਮਾਣ-ਸਨਮਾਨ ਲੈਣ ਲਈ ਮੰਗਲਵਾਰ ਨੂੰ ਪੰਜਾਬੀ ਮੰਚ ਦੇ ਸੱਦੇ ‘ਤੇ ਪੰਜਾਬ ਭਰ ਤੋਂ ਪੁੱਜੇ ਪੰਜਾਬੀ ਹਿਤੈਸ਼ੀਆਂ ਤੇ ਵੱਡੇ ਸਹਿਤਕਾਰਾਂ ਨੇ ਆਪਣੀ ਇਸ ਮੰਗ ਨੂੰ ਲੈ ਕੇ ਸਮੂਹਿਕ ਗ੍ਰਿਫ਼ਤਾਰੀਆਂ ਦਿੰਦੇ ਹੋਏ ਚੰਡੀਗੜ੍ਹ ਪ੍ਰਸ਼ਾਸਨ ਖ਼ਿਲਾਫ਼ ਜੰਮ ਕੇ ਪ੍ਰਦਰਸ਼ਨ ਕੀਤਾ। (Chandigarh Literati) ਹਾਲਾਂਕਿ ਇਸ ਮੰਗ ਨੂੰ ਲੈ ਕੇ ਚੰਡੀਗੜ੍ਹ ਵਿਖੇ ਇਕੱਠੇ ਹੋਏ ਸਾਹਿਤਕਾਰ ਤੇ ਪੰਜਾਬੀ ਭਾਸ਼ਾ ਦੇ ਹਿਤੈਸ਼ੀ ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬੀ. ਪੀ. ਸਿੰਘ ਬਦਨੌਰ ਨੂੰ ਮਿਲਣਾ ਚਾਹੁੰਦੇ ਸਨ ਪਰ ਚੰਡੀਗੜ੍ਹ ਪੁਲਿਸ ਨੇ ਉਨ੍ਹਾਂ ਨੂੰ ਅੱਧ ਰਸਤੇ ‘ਚ ਹੀ ਰੋਕਦੇ ਹੋਏ ਗ੍ਰਿਫ਼ਤਾਰ ਕਰ ਲਿਆ।
ਚੰਡੀਗੜ੍ਹ ਪੰਜਾਬੀ ਮੰਚ, ਪੇਂਡੂ ਸੰਘਰਸ਼ ਕਮੇਟੀ ਚੰਡੀਗੜ੍ਹ, ਕੇਂਦਰੀ ਪੰਜਾਬੀ ਲੇਖਕ ਸਭਾ, ਸਾਹਿਤ ਅਕਾਦਮੀ ਚੰਡੀਗੜ੍ਹ ਦੀਆਂ ਵੱਖ-ਵੱਖ ਸਾਹਿਤਕ ਤੇ ਧਾਰਮਿਕ ਸੰਸਥਾਵਾਂ, ਜੱਟ ਮਹਾਸਭਾ ਚੰਡੀਗੜ੍ਹ, ਖੱਬੇਪੱਖੀਆਂ ਪਾਰਟੀਆਂ ਦੇ ਆਗੂਆਂ ਤੋਂ ਇਲਾਵਾ ਵੱਡੀ ਗਿਣਤੀ ਪੰਜਾਬੀ ਪ੍ਰੇਮੀਆਂ, ਲੇਖਕਾਂ, ਸਾਹਿਤਕਾਰਾਂ ਨੇ ਸੈਕਟਰ 20 ਸਥਿਤ ਧਰਨੇ ‘ਚ ਸ਼ਮੂਲੀਅਤ ਕੀਤੀ।
ਇਸ ਮੌਕੇ ਨਾਮਵਰ ਸਾਹਿਤਕਾਰ ਮੋਹਨ ਭੰਡਾਰੀ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰ੍ਰਧਾਨ ਡਾ. ਸਰਬਜੀਤ ਸਿੰਘ, ਲੁਧਿਆਣਾ ਸਾਹਿਤ ਅਕਾਦਮੀ ਤੋਂ ਡਾ. ਸੁਖਦੇਵ ਸਿੰਘ ਸਰਸਾ, ਡਾ. ਆਤਮਜੀਤ, ਚੰਡੀਗੜ੍ਹ ਪੰਜਾਬੀ ਮੰਚ ਦੇ ਚੇਅਰਮੈਨ ਸਿਰੀ ਰਾਮ ਅਰਸ਼, ਜਨਰਲ ਸਕੱਤਰ ਦੇਵੀ ਦਿਆਲ ਸ਼ਰਮਾ, ਕਾਮਰੇਡ ਕੰਵਲਜੀਤ, ਤਾਰਾ ਸਿੰਘ, ਅਜੈਬ ਸਿੰਘ, ਸਾਧੂ ਸਿੰਘ, ਸਤਵੀਰ ਸਿੰਘ, ਗੁਰਨਾਮ ਸਿੰਘ ਸਿੱਧੂ, ਰਾਜਿੰਦਰ ਸਿੰਘ ਬਡਹੇੜੀ , ਕਾਮਰੇਡ ਭੁਪਿੰਦਰ ਸਾਂਬਰ, ਪੱਤਰਕਾਰ ਤਰਲੋਚਨ ਸਿੰਘ, ਬਲਕਾਰ ਸਿੱਧੂ ਨੇ ਕਿਹਾ ਕਿ ਸਰਕਾਰਾਂ ਨੇ ਚੰਡੀਗੜ੍ਹ ‘ਚ ਪੰਜਾਬੀ ਭਾਸ਼ਾ ਨੂੰ ਅਣਗੋਲਿਆ ਕਰਕੇ ਅੰਗਰੇਜ਼ੀ ਨੂੰ ਤਵੱਜੋ ਦੇ ਦਿੱਤੀ ਹੈ।
ਦਫਤਰਾਂ ‘ਚ ਪੰਜਾਬੀ ਭਾਸ਼ਾ ਨੂੰ ਬਣਦਾ ਸਤਿਕਾਰ ਨਹੀਂ
ਬੁਲਾਰਿਆਂ ਨੇ ਕਿਹਾ ਕਿ ਵਸੋਂ ਅਨੁਸਾਰ ਕਿਸੇ ਦੀ ਵੀ ਮਾਂ ਬੋਲੀ ਅੰਗਰੇਜ਼ੀ ਨਹੀਂ ਹੈ, ਫਿਰ ਵੀ ਸਰਕਾਰਾਂ, ਪ੍ਰਸ਼ਾਸਨਿਕ ਅਧਿਕਾਰੀਆਂ ਨੇ ਲੋਕਾਂ ਤੇ ਅਫਸਰਸ਼ਾਹੀ ‘ਚ ਦੂਰੀਆਂ ਬਰਕਰਾਰ ਰੱਖਣ ਦੇ ਮੰਤਵ ਵਜੋਂ ਦਫਤਰਾਂ ‘ਚ ਪੰਜਾਬੀ ਭਾਸ਼ਾ ਨੂੰ ਬਣਦਾ ਸਤਿਕਾਰ ਨਹੀਂ ਦਿੱਤਾ। ਮੋਹਨ ਭੰਡਾਰੀ ਨੇ ਕਿਹਾ ਕਿ ਮਾਂ ਬੋਲੀ ਦੀ ਥਾਂ ਕੋਈ ਹੋਰ ਨਹੀਂ ਲੈ ਸਕਦਾ। ਉਨ੍ਹਾਂ ਕਿਹਾ ਕਿ ਅਸੀਂ ਕੋਈ ਅਹਿਸਾਨ ਨਹੀਂ ਕਰਵਾ ਰਹੇ ਆਪਣਾ ਹੱਕ ਮੰਗ ਰਹੇ ਹਾਂ। ਇਸ ਮੌਕੇ ਬੁਲਾਰਿਆਂ ਨੇ ਪੰਜਾਬੀ ਬੋਲੀ ਨੂੰ ਚੰੜੀਗੜ੍ਹ ‘ਚ ਪਹਿਲੀ ਭਾਸ਼ਾ ਦਾ ਦਰਜਾ ਦੇਣ, ਸਾਰੇ ਪ੍ਰਸ਼ਾਸਕੀ ਕੰਮਕਾਰ ਪੰਜਾਬੀ ‘ਚ ਕਰਨ, ਕਾਨਵੈਂਟ ਸਕੂਲਾਂ ਸਮੇਤ ਸਾਰੇ ਪ੍ਰਾਈਵੇਟ ਤੇ ਸਰਕਾਰੀ ਸਕੂਲਾਂ ‘ਚ ਪੰਜਾਬੀ ਦਸਵੀਂ ਤੱਕ ਲਾਜ਼ਮੀ ਕਰਨ, ਵਿਦਿਆਰਥੀਆਂ ਨੂੰ ਪੰਜਾਬੀ ਸਿਲੇਬਸ ਦੀਆਂ ਕਿਤਾਬਾਂ ਸਮਂੇ ਸਿਰ ਉਪਲੱਬਧ ਕਰਵਾਉਣ ਤੇ ਪੰਜਾਬੀ ਵਿਸ਼ੇ ਦੇ ਅਧਿਆਪਕ ਦਾ ਸਕੂਲਾਂ ਵਿੱਚ ਪ੍ਰਬੰਧ ਕਰਨ ਦੀ ਮੰਗ ਕੀਤੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ