ਪੱਛਮੀ ਬੰਗਾਲ ’ਚ ਚੁਣਾਵੀ ਹਿੰਸਾ ਲੋਕਤੰਤਰ ਦਾ ਸਭ ਤੋਂ ਘਿਨੌਣਾ ਰੂਪ ਹੈ। ਚੁਣਾਵੀ ਹਿੰਸਾ ਦੇ ਮਾਮਲੇ ’ਚ ਹਮੇਸ਼ਾ ਤੋਂ ਹੀ ਪੱਛਮੀ ਬੰਗਾਲ ਸੁਰਖੀਆਂ ’ਚ ਰਿਹਾ ਹੈ। ਸ਼ਨਿੱਚਰਵਾਰ ਨੂੰ ਪੱਛਮੀ ਬੰਗਾਲ ’ਚ ਤਿੰਨ ਪੱਧਰੀ ਪੰਚਾਇਤੀ ਚੋਣਾਂ ਦੇ ਪਹਿਲੇ ਗੇੜ ਦੌਰਾਨ ਹੋਈ ਹਿੰਸਾ ’ਚ ਸੂਬੇ ਦੇ ਵੱਖ-ਵੱਖ ਹਿੱਸਿਆਂ ’ਚ ਸੱਤਾਧਾਰੀ ਤਿ੍ਰਣਮੂਲ ਕਾਂਗਰਸ ਅਤੇ ਵਿਰੋਧੀ ਧਿਰ ਦੋਵਾਂ ਪ੍ਰਤੀ ਨਿਹਚਾ ਰੱਖਣ ਵਾਲੇ 12 ਲੋਕਾਂ ਦੀ ਮੌਤ ਹੋ ਗਈ। ਹਿੰਸਾ ਦੀਆਂ ਘਟਨਾਵਾਂ ’ਚ ਇੱਕ ਉਮੀਦਵਾਰ ਸਮੇਤ ਤਿ੍ਰਣਮੂਲ ਕਾਂਗਰਸ ਦੇ ਸੱਤ ਵਰਕਰ ਮਾਰੇ ਗਏ, ਭਾਜਪਾ ਤੇ ਮਾਰਕਸਵਾਦੀ ਕਮਿਊਨਿਟੀ ਪਾਰਟੀ ਦੇ ਦੋ-ਦੋ ਅਤੇ ਕਾਂਗਰਸ ਦੇ ਇੱਕ ਵਰਕਰ ਦੀ ਮੌਤ ਹੋ ਗਈ। (West Bengal)
ਦਰਅਸਲ, ਸਿਆਸੀ ਹਿੰਸਾ ਹੁਣ ਪੱਛਮੀ ਬੰਗਾਲ ਦੀ ਸੰਸਕ੍ਰਿਤੀ ਬਣ ਗਈ ਹੈ। ਉੱਥੇ ਜ਼ਿਆਦਾਤਰ ਚੋਣਾਂ ਹਿੰਸਾ ਤੋਂ ਬਿਨਾਂ ਸਿਰੇ ਹੀ ਨਹੀਂ ਚੜ੍ਹਦੀਆਂ। ਸ਼ੁਰੂਆਤ ’ਚ ਸਾਰੀਆਂ ਸਿਆਸੀ ਪਾਰਟੀਆਂ ਇੱਕ-ਦੂਜੇ ’ਤੇ ਹਿੰਸਾ ਭੜਕਾਉਣ ਦੇ ਦੋਸ਼ ਲਾਉਂਦੀਆਂ ਹਨ, ਜਿਸ ’ਚ ਆਮ ਜਨਤਾ ਨੂੰ ਭਾਰੀ ਨੁਕਸਾਨ ਝੱਲਣਾ ਪੈਂਦਾ ਹੈ। ਕਾਰੋਬਾਰ ਦੇ ਨਾਲ-ਨਾਲ ਸਿੱਖਿਆ ਅਤੇ ਹੋਰ ਕਈ ਤਰ੍ਹਾਂ ਦੇ ਪ੍ਰਬੰਧਾਂ ’ਚ ਅੜਿੱਕਾ ਪੈਦਾ ਹੁੰਦਾ ਹੈ। ਕਿਉਂ ਵਿਕਾਸ ਚੋਣਾਂ ਦਾ ਏਜੰਡਾ ਨਹੀਂ ਬਣ ਰਿਹਾ। ਭਾਰਤੀ ਲੋਕਤੰਤਰ ’ਚ ਪੱਛਮੀ ਬੰਗਾਲ ਸਭ ਤੋਂ ਬਦਨੁਮਾ ਦਾਗ ਹੈ। ਕੀ ਹਿੰਸਾ ਰਾਜ ਸੱਤਾ ਦਾ ਇੱਕੋ-ਇੱਕ ਬਦਲ ਹੈ।
West Bengal ਜਨਤਾ ਦਾ ਪਾਰਟੀਆਂ ਤੋਂ ਵਿਸ਼ਵਾਸ
ਜੇਕਰ ਇਹੀ ਹਾਲ ਰਿਹਾ ਤਾਂ ਪੱਛਮੀ ਬੰਗਾਲ ’ਚ ਜਨਤਾ ਦਾ ਪਾਰਟੀਆਂ ਤੋਂ ਵਿਸ਼ਵਾਸ ਉੱਠ ਜਾਵੇਗਾ ਅਤੇ ਲੋਕ ਵੋਟ ਪਾਉਣੀ ਹੀ ਬੰਦ ਕਰ ਦੇਣਗੇ। ਦੇਸ਼ ’ਚ ਕਾਨੂੰਨ ਹੈ, ਲੋਕਤੰਤਰ ਹੈ, ਇਸ ’ਤੇ ਵਿਸ਼ਵਾਸ ਕਰੋ, ਅਤੇ ਰਾਜਨੀਤੀ ਕਰੋ। ਲੋਕਤੰਤਰ ’ਚ ਹਿੰਸਾ ਦੀ ਕੋਈ ਥਾਂ ਨਹੀਂ ਹੋਣੀ ਚਾਹੀਦੀ। ਅਸੀਂ ਪ੍ਰਗਟਾਵੇ ਦਾ ਗਲਾ ਘੁੱਟ ਕੇ ਚੰਗੇ ਸਮਾਜ ਦਾ ਨਿਰਮਾਣ ਨਹੀਂ ਕਰ ਸਕਦੇ। ਸਾਨੂੰ ਵਿਚਾਰਾਂ ਦੀ ਲੜਾਈ ਲੜਨੀ ਚਾਹੀਦੀ ਹੈ, ਹਿੰਸਾ ਦੀ ਨਹੀਂ।
ਇਹ ਵੀ ਪੜ੍ਹੋ : ਮੀਂਹ ਨੇ ਕਰਵਾਏ ਲਹਿਰਾ ਮੁਹੱਬਤ, ਰੋਪੜ ਅਤੇ ਗੋਇੰਦਵਾਲ ਸਾਹਿਬ ਥਰਮਲ ਪਲਾਂਟ ਬੰਦ
ਪ੍ਰਗਟਾਵੇ ਦੀ ਅਜ਼ਾਦੀ ’ਤੇ ਪਾਬੰਦੀ ਲਾ ਕੇ ਜਨਤਾ ਦੀ ਵਿਚਾਰਧਾਰਾ ਨੂੰ ਨਹੀਂ ਮੋੜਿਆ ਜਾ ਸਕਦਾ। ਕਿਉਂਕਿ ਲੋਕਤੰਤਰ ’ਚ ਜਨਤਾ ਅਤੇ ਉਸ ਦਾ ਫਤਵਾ ਸਭ ਤੋਂ ਤਾਕਤਵਰ ਹੁੰਦਾ ਹੈ। ਕਿਸੇ ਸਰਕਾਰ ਜਾਂ ਆਗੂ ਦਾ ਕੰਮ ਦੇਸ਼ ਦੀ ਭਲਾਈ ਕਰਨਾ ਹੋਣਾ ਚਾਹੀਦਾ ਹੈ। ਸਾਰੀਆਂ ਸਿਆਸੀ ਪਾਰਟੀਆਂ ਨੂੰ ਹਿੰਸਾ ਦਾ ਰਸਤਾ ਤਿਆਗ ਕੇ ਇੱਕਜੁਟ ਹੋ ਕੇ ਸੂਬੇ ਦੀ ਖੁਸ਼ਹਾਲੀ ਲਈ ਯਤਨ ਕਰਨੇ ਚਾਹੀਦੇ ਹਨ। ਨਾਲ ਹੀ ਚੋਣ ਕਮਿਸ਼ਨ ਨੂੰ ਸਖ਼ਤੀ ਵਰਤਣੀ ਚਾਹੀਦੀ ਹੈ। ਇਹ ਲੋਕਤੰਤਰ ਲਈ ਕਿਸੇ ਕਲੰਕ ਤੋਂ ਘੱਟ ਨਹੀਂ ਹੈ। ਹਿੰਸਾ ’ਤੇ ਸਾਡੀ ਚੱੁਪ ਭਵਿੱਖ ਲਈ ਵੱਡੀ ਚੁਣੌਤੀ ਹੈ।