ਟਮਾਟਰ ਐਨੇ ਲਾਲ ਹੋਏ ਕਿ ਫਲਾਂ ਦੇ ਰਾਜੇ ਨੂੰ ਵੀ ਛੱਡ ਗਏ ਪਿੱਛੇ !

Tomatoes

ਸਬਜ਼ੀਆਂ ਦੇ ਅਸਮਾਨੀ ਚੜ੍ਹੇ ਭਾਅ ਕਾਰਨ ਲੋਕਾਂ ਦਾ ਸਬਜ਼ੀਆਂ ਤੋਂ ਮੋਹ ਭੰਗ | Tomatoes

ਗੋਬਿੰਦਗੜ੍ਹ ਜੇਜੀਆ (ਸੱਚ ਕਹੂੰ ਨਿਊਜ਼)। ਸਬਜ਼ੀਆਂ ਦੇ ਭਾਅ ਅਸਮਾਨੀ ਹੋਣ ਕਾਰਨ ਹਰੀਆਂ ਸਬਜ਼ੀਆਂ ਦੇ ਭਾਅ ਨੇ ਖਪਤਕਾਰਾਂ ਦੇ ਚਿਹਰੇ ਪੀਲੇ ਪਾ ਦਿੱਤੇ ਹਨ। ਟਮਾਟਰਾਂ (Tomatoes) ਦੇ ਭਾਅ ਨੇ ਫਲਾਂ ਦੇ ਰਾਜੇ ਅੰਬ ਨੂੰ ਮਾਤ ਪਾ ਕੇ ਸਬਜ਼ੀਆਂ ਦੇ ਰਾਜੇ ਦਾ ਰਿਕਾਰਡ ਆਪਣੇ ਨਾਂਅ ਕਰ ਲਿਆ ਹੈ ਤੇ ਪੈਟਰੋਲ ਦੇ ਭਾਅ ਨੂੰ ਪਿੱਛੇ ਛੱਡ ਦਿੱਤਾ ਹੈ 15 ਦਿਨ ਪਹਿਲਾਂ ਲਾਲ ਟਮਾਟਰਾਂ ਦਾ ਭਾਅ 10 ਤੋਂ 15 ਰੁਪਏ ਪ੍ਰਤੀ ਕਿਲੋ ਸੀ, ਜਦਕਿ ਅੱਜ 120 ਰੁਪਏ ਪ੍ਰਤੀ ਕਿਲੋ ਦੇ ਲਗਭਗ ਹੈ।

ਲਾਲ ਟਮਾਟਰਾਂ ਦੇ ਭਾਅ ਨੇ ਵਿਆਹ ਸ਼ਾਦੀਆਂ ਦੇ ਖਰਚਿਆਂ ਦਾ ਵੀ ਬਜਟ ਹਿੱਲਾ ਦਿੱਤਾ ਹੈ। ਪਰਿਵਾਰ ਵਾਲਿਆਂ ਵੱਲੋਂ ਹਲਵਾਈਆਂ ਨੂੰ ਸਬਜ਼ੀਆਂ ’ਚ ਟਮਾਟਰਾਂ ਦੀ ਜਗ੍ਹਾ ਟਮਾਟਰ ਦੀ ਚਟਣੀ ਪਾਉਣ ਦੀ ਸਲਾਹ ਦਿੱਤੀ ਜਾਂਦੀ ਹੈ, ਰਸੋਈ ’ਚੋਂ ਟਮਾਟਰ ਗਾਇਬ ਹੋਣ ਕਰਕੇ ਲੋਕ ਸਬਜ਼ੀ ’ਚ ਅੰਬਚੂਰ ਜਾਂ ਬਣਾਉਟੀ ਚਟਣੀ ਪਾ ਕੇ ਹੀ ਡੰਗ ਟਪਾ ਰਹੇ ਹਨ ਕਿਸਾਨਾਂ ਵੱਲੋਂ ਆਪਣੇ ਖੇਤਾਂ ’ਚ ਸਬਜ਼ੀਆਂ ਪੁੱਟ ਕੇ ਝੋਨੇ ਦੀ ਲਵਾਈ ਕਰਕੇ ਖੇਤਾਂ ’ਚੋਂ ਹਰੀਆਂ ਸਬਜ਼ੀਆਂ ਗਾਇਬ ਹੋ ਗਈਆਂ ਹਨ, ਜਿਸ ਕਰਕੇ ਸਬਜ਼ੀਆਂ ਦੇ ਭਾਅ ਅਸਮਾਨ ਨੂੰ ਛੂਹ ਰਹੇ ਹਨ।

ਸਬਜ਼ੀਆਂ ਦੇ ਭਾਅ ਵਧਣ ਕਾਰਨ ਪੈ ਰਿਹੈ ਘਾਟਾ : ਵਿਕਰੇਤਾ | Tomatoes

ਚਰਨਾ ਸਿੰਘ ਖੋਖਰ ਖੁਰਦ, ਸੋਨੀ ਕੁਮਾਰ ਗੋਬਿੰਦਗੜ੍ਹ ਜੇਜੀਆ, ਓਮਾ ਬਿਹਾਰ ਨੇ ਦੱਸਿਆ ਕਿ ਅਸੀਂ ਹਰ ਰੋਜ਼ ਆਪਣਾ ਪਰਿਵਾਰ ਪਾਲਣ ਲਈ ਨੇੜੇ ਲੱਗਦੀ ਮੰਡੀ ’ਚੋਂ ਸਬਜ਼ੀਆਂ ਖਰੀਦਦਾਰੀ ਕਰਕੇ ਪਿੰਡਾਂ ’ਚ ਵੇਚ ਕੇ ਗੁਜ਼ਾਰਾ ਕਰਦੇ ਹਾਂ, ਪਰ ਮਹਿੰਗਾਈ ਕਾਰਨ ਹਰੀਆਂ ਸਬਜ਼ੀਆਂ ਦੇ ਭਾਅ ਵੱਧਣ ਕਰਕੇ ਆਮਦਨ ਵਿੱਚ ਬਹੁਤ ਘਾਟਾ ਪੈ ਰਿਹਾ ਹੈ, ਜਿੱਥੇ ਸਬਜ਼ੀ ਖਰੀਦਦਾਰਾਂ ਦੇ ਬਜਟ ਹਿੱਲ ਗਏ ਹਨ ਉੱਥੇ ਹੀ ਸਾਡੀ ਸਖ਼ਤ ਮਿਹਨਤ ਦੀ ਕਮਾਈ ਨੂੰ ਵੀ ਧੱਕਾ ਲੱਗਿਆ ਹੈ।

ਬਜ਼ਾਰ ’ਚੋਂ ਮਹਿੰਗੇ ਭਾਅ ਸਬਜ਼ੀਆਂ ਖਰੀਦ ਕੇ ਖਪਤਕਾਰ ਸਬਜ਼ੀ ਲੈਣ ਸਮੇਂ ਇਤਰਾਜ ਜਤਾਉਂਦੇ ਹਨ, ਜਿਸ ਕਰਕੇ ਵੱਡੀ ਗਿਣਤੀ ਸਬਜ਼ੀ ਦੇ ਵਿਕਰੇਤਾ ਸਬਜ਼ੀ ਦਾ ਕਾਰੋਬਾਰ ਛੱਡ ਕੇ ਕਿਸਾਨਾਂ ਨਾਲ ਸਮੇਤ ਪਰਿਵਾਰ ਝੋਨੇ ਦੀ ਲਵਾਈ ਦਾ ਕੰਮ ਕਿਸਾਨਾਂ ਦੇ ਖੇਤਾਂ ’ਚ ਕਰਨ ਲੱਗ ਪਏ ਹਨ, ਹਾਲਾਂਕਿ ਆਲੂ, ਪਿਆਜ, ਕੱਦੂ 20 ਰੁਪਏ ਪ੍ਰਤੀ ਕਿਲੋ ਹਨ ਪਰ ਚੋਲਾ ਫਲੀ, ਗੁਆਰਾ, ਫਲੀ, ਭਿੰਡੀ 70 ਤੋਂ 80 ਰੁਪਏ ਪ੍ਰਤੀ ਕਿਲੋ, ਖੀਰਾ 60 ਰੁਪਏ ਪ੍ਰਤੀ ਕਿਲੋ, ਟਿੰਡੋਂ, ਪੇਠਾ 40 ਰੁਪਏ ਪ੍ਰਤੀ ਕਿਲੋ ਦੇ ਭਾਅ ਹਨ। ਸਬਜ਼ੀਆਂ ਦੇ ਇੱਕੋ ਦਮ ਵਧੇ ਭਾਅ ਕਾਰਨ ਲੋਕਾਂ ਦਾ ਧਿਆਨ ਸੁੱਕੀਆਂ ਦਾਲਾਂ ਵੱਲ ਹੋ ਗਿਆ ਹੈ, ਹਾਲਾਂਕਿ ਬਜ਼ਾਰ ’ਚ ਕਾਲੇ ਚਨੇ 70 ਰੁਪਏ ਪ੍ਰਤੀ ਕਿਲੋ, ਕਾਬਲੀ ਛੋਲੇ 120 ਰੁਪਏ ਪ੍ਰਤੀ ਕਿਲੋ, ਹਰੀ ਮੂੰਗੀ, ਮੂੰਗੀ ਮਸਰੀ, ਸਾਬਤ ਮੂੰਗੀ, 110 ਰੁਪਏ ਪ੍ਰਤੀ ਕਿਲੋ, ਰਾਜਮਾਂਹ 150 ਰੁਪਏ ਪ੍ਰਤੀ ਕਿਲੋ ਦੇ ਭਾਅ ਹਨ।

ਭਾਅ ਨੇ ਲੋਕਾਂ ਨੂੰ ਲਾਲ ਮਿਰਚਾਂ ਦੀ ਚਟਣੀ ਦੀ ਯਾਦ ਕਰਵਾ ਦਿੱਤੀ

ਖਪਤਕਾਰ ਸਬਜ਼ੀ ਬਣਾਉਣ ਲਈ ਬੇਸਨ ਦੇ ਪਕੌੜੇ, ਸੋਇਆਬੀਨ ਬੜੀ, ਚੂਰਾ ਬੜੀ, ਅੰਮਿ੍ਰਤਸਰੀ ਬੜੀ ਦੀ ਵੀ ਖਰੀਦਦਾਰੀ ਕਰ ਰਹੇ ਹਨ ਇੰਨ੍ਹਾਂ ਦੀ ਸਬਜ਼ੀ ਤਰਲ ਹੋਣ ਕਰਕੇ ਰੋਟੀ ਖਾਣ ਦਾ ਜਾਇਕਾ ਵੱਖਰਾ ਹੀ ਬਣਦਾ ਹੈ। ਕਿਸਾਨਾਂ ਵੱਲੋਂ ਸਰਦੀਆਂ ਦੀ ਸਬਜ਼ੀਆਂ ਦੀ ਕਾਸ਼ਤ 3 ਮਹੀਨਿਆਂ ਤੱਕ ਆਪਣੇ ਖੇਤਾਂ ’ਚ ਕੀਤੀ ਜਾਵੇਗੀ। ਜਿਸ ਤੋਂ ਸਿੱਧ ਹੁੰਦਾ ਹੈ ਕਿ ਆਉਣ ਵਾਲੇ ਸਮੇਂ ’ਚ ਸਬਜ਼ੀਆਂ ਦੇ ਭਾਅ ਨੂੰ ਹੋਰ ਤੇਜੀ ਆਵੇਗੀ ਸਬਜ਼ੀਆਂ ਦੀ ਵਰਤੋਂ ਹਰ ਇਕ ਪਰਿਵਾਰ ’ਚ ਇੱਕ ਦਿਨ ’ਚ ਘੱਟੋ-ਘੱਟ ਦੋ ਟਾਈਮ ਹੁੰਦੀ ਹੈ, ਪਰ ਸਬਜ਼ੀਆਂ ਦੇ ਵਧੇ ਭਾਅ ਨੇ ਲੋਕਾਂ ਨੂੰ ਲਾਲ ਮਿਰਚਾਂ ਦੀ ਚੱਟਣੀ ਦੀ ਯਾਦ ਕਰਵਾ ਦਿੱਤੀ ਹੈ।

ਇਹ ਵੀ ਪੜ੍ਹੋ : ਫਾਇਰ ਅਫਸਰ ਨੂੰ 12500 ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀਂ ਕੀਤਾ ਗ੍ਰਿਫਤਾਰ

ਜਦੋਂ ਇਸ ਸਬੰਧੀ ਕਿਸਾਨ ਕਰਨੈਲ ਸਿੰਘ ਗੰਢੂਆਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਵੱਧਦੀ ਗਰਮੀ ਦੇ ਪ੍ਰਕੋਪ ਕਾਰਨ ਹੁੰਮਸ ’ਚ ਸਬਜ਼ੀਆਂ ਦੀਆਂ ਵੇਲਾਂ ਦੇ ਫਲ ਫੁੱਲ ਸੜ ਜਾਂਦੇ ਹਨ, ਜਿਸ ਕਰਕੇ ਸਬਜ਼ੀਆਂ ਦੀ ਕਾਸ਼ਤ ਵਿੱਚ ਘਾਟ ਆਉਂਦੀ ਹੈ, ਜਿਸ ਕਰਕੇ ਸਬਜ਼ੀਆਂ ਦੇ ਭਾਅ ’ਚ ਤੇਜੀ ਆਈ ਹੈ। ਜਿਸ ਕਾਰਨ ਕਰਕੇ ਹਰ ਇਨਸਾਨ ਦੀ ਜੇਬ ’ਤੇ ਬੋਝ ਬਣ ਗਿਆ ਹੈ।