National Doctor’s Day | ਕਿਵੇਂ ਹੋਵੇਗਾ ਡਾਕਟਰਤੇ ਮਰੀਜ਼ ’ਚ ਭਰੋਸਾ ਕਾਇਮ?

National Doctor's Day

ਕੌਮੀ ਡਾਕਟਰ ਦਿਵਸ ’ਤੇ ਵਿਸ਼ੇਸ਼ | National Doctor’s Day

ਭਾਰਤ ’ਚ ਕੌਮੀ ਡਾਕਟਰ ਦਿਵਸ (National Doctor’s Day) ਇੱਕ ਜੁਲਾਈ ਨੂੰ ਮਨਾਇਆ ਜਾਂਦਾ ਹੈ। ਦੇਸ਼ ਵਿੱਚ ਪਹਿਲੀ ਵਾਰ ਡਾਕਟਰ ਦਿਵਸ ਇੱਕ ਜੁਲਾਈ 1991 ’ਚ ਮਨਾਇਆ ਗਿਆ ਸੀ। ਸਾਡੇ ਦੇਸ਼ ’ਚ ਇਹ ਦਿਵਸ ਭਾਰਤ ਰਤਨ ਡਾਕਟਰ ਬੀ. ਸੀ. ਰਾਏ ਦੇ ਜਨਮ ਦਿਨ ਤੇ ਬਰਸੀ ਨੂੰ ਮੁੱਖ ਰੱਖ ਕੇ ਉਨ੍ਹਾਂ ਦੇ ਸਨਮਾਨ ਹਿੱਤ ਮਨਾਇਆ ਜਾਂਦਾ ਹੈ। ਉਹ ਉੱਚੀ ਕੋਟੀ ਦੇ ਡਾਕਟਰ, ਅਧਿਆਪਕ, ਫਿਲਾਸਫ਼ਰ ਤੇ ਆਜ਼ਾਦੀ ਘੁਲਾਟੀਏ ਸਨ। ਉਨ੍ਹਾਂ ਦਾ ਸੰਘਰਸ਼ਮਈ ਤੇ ਪ੍ਰੇਰਨਾਦਾਇਕ ਜੀਵਨ ਅਜੋਕੇ ਸਮਾਜ ਦੇ ਨਾਲ-ਨਾਲ ਸਾਰੇ ਡਾਕਟਰਾਂ ਨੂੰ ਸੇਧ ਦਿੰਦਾ ਹੈ ਕਿ ਡਾਕਟਰੀ ਦਾ ਦੂਜਾ ਨਾਂਅ ਨਿਸ਼ਕਾਮ ਸੇਵਾ ਹੀ ਹੈ।

ਸਿਹਤਮੰਦ ਲੋਕ ਅਤੇ ਮਿਹਨਤੀ ਉੱਦਮੀ ਕਿਸੇ ਦੇਸ਼ ਦੀ ਬੁਨਿਆਦੀ ਸ਼ਕਤੀ ਦੇ ਪ੍ਰਤੀਕ ਹੁੰਦੇ ਹਨ। ਸਾਡੇ ਦੇਸ਼ ਅੰਦਰ ਜਨਤਕ ਸਿਹਤ ਸਹੂਲਤਾਂ ਦਾ ਪ੍ਰਬੰਧ ਕੋਈ ਜ਼ਿਆਦਾ ਵਧੀਆ ਨਹੀਂ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਭਾਰਤ ਮੈਡੀਕਲ ਟੂਰਿਜ਼ਮ ਵਜੋਂ ਤਾਂ ਉੱਭਰ ਰਿਹਾ ਹੈ ਪਰ ਇਸ ਦੇਸ਼ ਦੇ ਪੇਂਡੂ ਲੋਕ ਅਜੇ ਵੀ ਮੁੱਢਲੀਆਂ ਸਿਹਤ ਸਹੂਲਤਾਂ ਤੋਂ ਵਾਂਝੇ ਹਨ। ਇਸੇ ਲਈ ਜ਼ਿਆਦਾਤਰ ਆਬਾਦੀ ਨੀਮ ਹਕੀਮਾਂ ਦੇ ਚੱਕਰ ਕੱਢਦੀ ਹੈ ਅਤੇ ਗਲਤ ਇਲਾਜ ਕਾਰਨ ਨਰਕ ਭੋਗ ਕੇ ਮਰਦੀ ਹੈ। ਹਰ ਸਾਲ ਲੱਖਾਂ ਲੋਕ ਮਲੇਰੀਆ, ਡੇਂਗੂ, ਟੀਬੀ ਤੇ ਹੋਰ ਨਾਮੁਰਾਦ ਬਿਮਾਰੀਆਂ ਕਾਰਨ ਮੌਤ ਦੇ ਮੂੰਹ ’ਚ ਚਲੇ ਜਾਂਦੇ ਹਨ। ਜਨਤਕ ਸਿਹਤ ਸੰਸਥਾਵਾਂ ’ਚ ਸਿਹਤ ਸਹੂਲਤਾਂ ਨਿਘਾਰ ਦੇ ਰਾਹ ’ਤੇ ਹਨ ਜਿਸ ਕਾਰਨ ਲੋਕਾਂ ਨੂੰ ਨਿੱਜੀ ਹਸਪਤਾਲਾਂ ਵੱਲ ਰੁਖ਼ ਕਰਨ ਲਈ ਮਜ਼ਬੂਰ ਹੋਣਾ ਪੈਂਦਾ ਹੈ ਤੇ ਇਲਾਜ ਮਹਿੰਗਾ ਹੋਣ ਕਾਰਨ ਬੇਮੌਤ ਮਰਦੇ ਹਨ।

ਡਾਕਟਰ ਤੇ ਮਰੀਜ਼ਾਂ ’ਚ ਹੋਵੇ ਭਰੋਸਾ ਕਾਇਮ | National Doctor’s Day

ਸਾਰੇ ਤਾਂ ਨਹੀਂ ਕਹਿ ਸਕਦੇ ਪਰ ਕੁਝ ਨਿੱਜੀ ਹਸਪਤਾਲਾਂ ’ਚ ਮਰੀਜ਼ਾਂ ਦਾ ਆਰਥਿਕ ਸ਼ੋਸ਼ਣ ਬਹੁਤ ਕੀਤਾ ਜਾਂਦਾ ਹੈ। ਮਰੀਜ਼ ਨੂੰ ਡਰਾਉਣ ਲਈ ਆਮ ਬਿਮਾਰੀ ਦੇ ਅੰਗਰੇਜ਼ੀ ’ਚ ਵੱਡੇ-ਵੱਡੇ ਨਾਂਅ ਦੱਸ ਕੇ ਸਿਰਫ ਪੈਸੇ ਦੇ ਪੁੱਤ ਬਣੇ ਡਾਕਟਰ ਬੇਮਤਲਬੇ ਟੈਸਟ ਕਰਵਾੳਂੁਦੇ ਹਨ ਜੋ ਕਈ ਵਾਰ ਮਰੀਜ਼ ਦੀ ਬਿਮਾਰੀ ਦੇ ਨੇੜੇ-ਤੇੜੇ ਵੀ ਨਹੀਂ ਹੁੰਦੇ। ਫ਼ਾਲਤੂ ਦੇ ਆਪ੍ਰੇਸ਼ਨ ਤੱਕ ਕੀਤੇ ਜਾਂਦੇ ਹਨ, ਇੱਕ ਅੰਦਾਜ਼ੇ ਮੁਤਾਬਕ ਅਜੋਕੇ ਦੌਰ ਵਿੱਚ ਸਿਜੇਰੀਅਨ ਕੇਸਾਂ ਅੰਦਰ ਪਿਛਲੇ ਇੱਕ ਦਹਾਕੇ ਦੌਰਾਨ 70 ਫ਼ੀਸਦੀ ਵਾਧਾ ਹੋਇਆ ਹੈ। ਨਾਰਮਲ ਡਲਿਵਰੀ ਕੇਸਾਂ ਵਿੱਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। ਨਿੱਜੀ ਹਸਪਤਾਲਾਂ ’ਚ ਕੰਮ ਕਰਦੇ ਜ਼ਿਆਦਾਤਰ ਡਾਕਟਰਾਂ ਨੇ ਇਹ ਮੰਨਿਆ ਕਿ ਹਸਪਤਾਲ ਪ੍ਰਬੰਧਕਾਂ ਦੇ ਜ਼ੋਰ ਪਾਉਣ ਕਾਰਨ ਉਨ੍ਹਾਂ ਨੂੰ ਮਰੀਜ਼ਾਂ ਦੇ ਬੇਮਤਲਬੇ ਟੈਸਟ ਤੇ ਆਪ੍ਰੇਸ਼ਨ ਕਰਨ ਲਈ ਮਜ਼ਬੂਰ ਕੀਤਾ ਜਾਂਦਾ ਹੈ।

ਇਹ ਵੀ ਪੜ੍ਹੋ : ਜੁਲਾਈ ’ਚ ਮਾਨਸੂਨ ਆਮ ਅਤੇ ਤਾਪਮਾਨ ਜ਼ਿਆਦਾ ਰਹਿਣ ਦੀ ਸੰਭਾਵਨਾ, ਜਾਣੋ ਮੌਸਮ ਦੀ ਪੂਰੀ ਜਾਣਕਾਰੀ

ਬਾਕੀ ਕਮਿਸ਼ਨ ਦੀ ਚਾਟ ਤੇ ਹੋਰ ਲਾਲਚਾਂ ਨੇ ਡਾਕਟਰਾਂ ਨੂੰ ਵੀ ਕਸਾਈ ਬਣਨ ’ਤੇ ਮਜਬੂਰ ਕੀਤਾ ਹੈ। ਇਸ ਦੇ ਚੱਲਦੇ ਕਈ ਜਗ੍ਹਾ ਆਪ੍ਰੇਸ਼ਨਾਂ ਦੀ ਆੜ ’ਚ ਮਰੀਜ਼ ਦੇ ਅੰਦਰੂਨੀ ਅੰਗ ਕੱਢ ਲਏ ਜਾਂਦੇ ਹਨ। ਗੁੜਗਾਉਂ ਦਾ ਚਰਚਿਤ ਗੁਰਦਾ ਕਾਂਡ ਇਸ ਦੀ ਮੂੰਹ ਬੋਲਦੀ ਤਸਵੀਰ ਹੈ ਜਿਸ ਨੇ ਡਾਕਟਰੀ ਪੇਸ਼ੇ ਨੂੰ ਦਾਗਦਾਰ ਕੀਤਾ ਹੈ। ਦਵਾਈਆਂ ਦੇ ਖੇਤਰ ’ਚ ਵੀ ਬਹੁਤ ਲੁੱਟ ਮੱਚੀ ਹੋਈ ਹੈ। ਦਵਾਈ ਨਿਰਮਾਤਾ ਕੰਪਨੀਆਂ ਨੇ ਡਾਕਟਰਾਂ ਨਾਲ ਗੰਢ-ਤੁੱਪ ਕਰ ਰੱਖੀ ਹੈ।

ਇਹ ਕੰਪਨੀਆਂ ਆਪਣੀਆਂ ਦਵਾਈਆਂ ਦੇ ਟ੍ਰਾਇਲ ਅਤੇ ਜਿਆਦਾ ਵਿਕਰੀ ਖ਼ਾਤਰ ਡਾਕਟਰਾਂ ਨੂੰ ਤਰ੍ਹਾਂ-ਤਰ੍ਹਾਂ ਦੇ ਲਾਲਚ ਦਿੰਦੀਆਂ ਹਨ। ਡਾਕਟਰ ਮਹਿੰਗੀਆਂ ਦਵਾਈਆਂ ਕੋਡ ਵਰਡ ’ਚ ਲਿਖਦੇ ਹਨ ਤਾਂ ਜੋ ਮਰੀਜ਼ ਹੋਰ ਕਿਤੋਂ ਦਵਾਈ ਨਾ ਖਰੀਦ ਸਕਣ। ਹਾਲਾਂਕਿ ਦਵਾਈ ਦਾ ਪੂਰਾ ਨਾਂਅ ਵੱਡੇ ਅੱਖਰਾਂ ’ਚ ਲਿਖਣ ਦੇ ਦਿਸ਼ਾ-ਨਿਰਦੇਸ਼ ਡਾਕਟਰਾਂ ਨੂੰ ਜਾਰੀ ਕੀਤੇ ਗਏ ਹਨ। ਜਾਣ-ਬੁੱਝ ਕੇ ਮਹਿੰਗੀਆਂ ਦਵਾਈਆਂ ਕੋਡ ਵਰਡ ’ਚ ਲਿਖ ਕੇ ਲੋਕਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ। ਇੱਥੇ ਜੈਨੇਰਿਕ ਦਵਾਈਆਂ ਦਾ ਜ਼ਿਕਰ ਲਾਜ਼ਮੀ ਹੈ ਜੋ ਗ਼ਰੀਬਾਂ ਨੂੰ ਬੜੇ ਹੀ ਸਸਤੇ ਭਾਅ ’ਤੇ ਉਪਲੱਬਧ ਕਰਵਾਈਆਂ ਜਾ ਸਕਦੀਆਂ ਹਨ।

ਡਾਕਟਰੀ ਕਿੱਤੇ ਵਿੱਚ ਵੀ ਕਮਿਸ਼ਨ ਵਿਕਰਾਲ ਰੂਪ ਧਾਰਨ ਕਰ ਚੁੱਕਿਆ ਹੈ

ਉਂਝ ਤਾਂ ਹਰ ਖੇਤਰ ’ਚ ਕਮਿਸ਼ਨ ਲੈਣ-ਦੇਣ ਦੀ ਭਰਮਾਰ ਆਮ ਹੈ। ਪਰ ਹੁਣ ਡਾਕਟਰੀ ਕਿੱਤੇ ਵਿੱਚ ਵੀ ਇਹ ਵਿਕਰਾਲ ਰੂਪ ਧਾਰਨ ਕਰ ਚੁੱਕਿਆ ਹੈ। ਮਰੀਜ਼ ਲੈ ਕੇ ਆਉਣ ਲਈ ਡਾਕਟਰ ਦਲਾਲਾਂ ਨੂੰ 30 ਤੋਂ 40 ਫ਼ੀਸਦੀ ਤੱਕ ਕਮਿਸ਼ਨ ਦੇ ਕੇ ਮਰੀਜ਼ਾਂ ਦੀ ਛਿੱਲ ਲਾਹੁੰਦੇ ਹਨ। ਪੰਜਾਬ ਦੇ ਮਾਲਵੇ ਇਲਾਕੇ ਦੀ ਇਹ ਦੁੱਖ ਭਰੀ ਦਾਸਤਾਨ ਹੈ ਕੈਂਸਰ ਅਤੇ ਕਾਲੇ ਪੀਲੀਏ ਨੇ ਲੋਕਾਂ ਦੀ ਆਰਥਿਕਤਾ ਦੀ ਕਮਰ ਤੋੜ ਕੇ ਰੱਖ ਦਿੱਤੀ ਹੈ। ਮਹਿੰਗੇ ਹਸਪਤਾਲਾਂ ਦੇ ਮਹਿੰਗੇ ਇਲਾਜ ਨੇ ਲੋਕਾਂ ਨੂੰ ਘਰ, ਜ਼ਮੀਨ ਵੇਚਣ ਲਈ ਮਜਬੂਰ ਕੀਤਾ ਹੈ। ਕਈ ਵਾਰ ਮਰੀਜ਼ ਦੀ ਲਾਸ਼ ਹਸਪਤਾਲਾਂ ’ਚ ਇਸੇ ਕਰਕੇ ਰੁਲਦੀ ਹੈ ਕਿਉਂਕਿ ਬਿੱਲ ਦਾ ਭੁਗਤਾਨ ਕਰਨ ਲਈ ਪੈਸੇ ਦਾ ਪ੍ਰਬੰਧ ਨਹੀਂ ਹੁੰਦਾ। ਦੇਸ਼ ਅੰਦਰ 6 ਕਰੋੜ ਤੋਂ ਜਿਆਦਾ ਲੋਕ ਸਿਹਤ ਖਰਚ ਕਾਰਨ ਕਰਜ਼ਦਾਰ ਹਨ ਤੇ ਗ਼ੁਰਬਤ ਵਾਲੀ ਜ਼ਿੰਦਗੀ ਜਿਉਣ ਲਈ ਮਜਬੂਰ ਹਨ। ਅਜੋਕੇ ਦੌਰ ਅੰਦਰ ਮਾਨਵਤਾ ਦੇ ਹਮਦਰਦ ਅਤੇ ਰੱਬ ਰੂਪ ਡਾਕਟਰ ਐਵੇਂ ਆਟੇ ’ਚ ਲੂਣ ਬਰਾਬਰ ਹਨ।

ਜਿਆਦਾਤਰ ਵਪਾਰੀ ਹਨ ਤੇ ਜਾਇਜ਼-ਨਾਜਾਇਜ਼ ਤਰੀਕੇ ਨਾਲ ਪੈਸਾ ਇਕੱਠਾ ਕਰਨ ਦੀ ਹੋੜ ’ਚ ਲੱਗੇ ਹੋਏ ਹਨ। ਦਰਅਸਲ ਅੱਜ ਹਰ ਚੀਜ਼ ਵਿਕਾਊ ਹੋ ਗਈ ਹੈ ਅਤੇ ਨਿੱਜਤਾ ਭਾਰੂ ਹੈ। ਡਾਕਟਰੀ ਵਿੱਦਿਆ ਦਾ ਬੇਹੱਦ ਮਹਿੰਗਾ ਹੋਣਾ ਵੀ ਇਸ ਦਾ ਇੱਕ ਕਾਰਨ ਮੰਨਿਆ ਜਾ ਸਕਦਾ ਹੈ। ਡਾਕਟਰ ਬਣਨ ਦੀ ਪ੍ਰਕਿਰਿਆ ਦਾ ਸਫ਼ਰ ਬੜਾ ਊਬੜ-ਖਾਬੜ ਹੈ। ਇਸ ਦੌਰਾਨ ਉਸ ਦੇ ਮਾਪੇ ਵੀ ਇਸ ਪੀੜ ’ਚੋਂ ਗੁਜ਼ਰਦੇ ਹਨ। ਪ੍ਰੀਮੈਡੀਕਲ ਤੋਂ ਲੈ ਕੇ ਸੁਪਰ ਸਪੈਸ਼ਲਿਸਟ ਬਣਨ ਤੱਕ ਸਾਰੇ ਡਾਕਟਰਾਂ ਨੂੰ ਅਕਸਰ ਜ਼ਿੰਦਗੀ ਦੇ ਕੀਮਤੀ ਸਾਲਾਂ ਦੇ ਨਾਲ ਸਮਾਜਿਕ ਪੱਖੋਂ ਵੀ ਟੁੱਟਣਾ ਪੈਂਦਾ ਹੈ। ਬੱਸ ਦਿਨ-ਰਾਤ ਦੀ ਮਿਹਨਤ ਇੱਕ ਦਿਨ ਰੰਗ ਲਿਆਉਂਦੀ ਹੈ ਜਿਸ ਦੀ ਕਦਰ ਕਰਨਾ ਸਮਾਜ ਦਾ ਫਰਜ਼ ਹੈ।

ਇਨਸਾਨੀਅਤ ਧਰਮ ਨੂੰ ਸਮਝ ਕੇ ਬਹੁਤ ਚੰਗੀਆਂ ਸੇਵਾਵਾਂ ਦੇ ਰਹੇ ਹਨ

ਹਰ ਸਿੱਕੇ ਦੇ ਦੋ ਪਹਿਲੂ ਹੁੰਦੇ ਹਨ ਉਸੇ ਤਰ੍ਹਾਂ ਡਾਕਟਰਾਂ ਦਾ ਕੇਵਲ ਨਾਕਾਰਤਮਕ ਪੱਖ ਹੀ ਨਹੀਂ ਬਲਕਿ ਸਕਾਰਾਤਮਕ ਪੱਖ ਨੂੰ ਵੀ ਉਜਾਗਰ ਕਰਨ ਦੀ ਲੋੜ ਹੈ। ਕੁਝ ਡਾਕਟਰ ਇਨਸਾਨੀਅਤ ਧਰਮ ਨੂੰ ਸਮਝ ਕੇ ਬਹੁਤ ਚੰਗੀਆਂ ਸੇਵਾਵਾਂ ਦੇ ਰਹੇ ਹਨ। ਕਈ ਜਗ੍ਹਾ ਡਾਕਟਰ ਲੋੜਵੰਦ ਤੇ ਗ਼ਰੀਬ ਮਰੀਜ਼ਾਂ ਨੂੰ ਆਪਣੇ ਪੱਲਿਉਂ ਪੈਸੇ ਖਰਚ ਕੇ ਦਵਾਈਆਂ ਮੁਹੱਈਆ ਕਰਾਉਂਦੇ ਹਨ। ਇਹ ਸੰਭਵ ਨਹੀਂ ਹੈ ਕਿ ਹਰ ਮਰੀਜ਼ ਨੂੰ ਡਾਕਟਰ ਮੁਫ਼ਤ ਇਲਾਜ ਦੀ ਸਹੂਲਤ ਦੇ ਸਕੇ, ਪਰ ਘੱਟ ਤੇ ਲੋੜ ਅਨੁਸਾਰ ਹੀ ਟੈਸਟ, ਜੈਨੇਰਿਕ ਦਵਾਈਆਂ ਅਤੇ ਸਹੀ ਦਿਸ਼ਾ ’ਚ ਇਲਾਜ ਕਰਨ ਨਾਲ ਵੀ ਮਰੀਜ਼ਾਂ ਨੂੰ ਕਾਫੀ ਰਾਹਤ ਮਹਿਸੂਸ ਹੋਵੇਗੀ।

ਡਾਕਟਰ ਦੀਵਾਨ ਸਿੰਘ ਕਾਲੇਪਾਣੀ

ਇੱਥੇ ਡਾਕਟਰ ਦੀਵਾਨ ਸਿੰਘ ਕਾਲੇਪਾਣੀ ਦੇ ਜੀਵਨ ਦੀ ਇੱਕ ਘਟਨਾ ਦਾ ਜ਼ਿਕਰ ਕਰਨਾ ਲਾਜ਼ਮੀ ਹੈ ਤਾਂ ਜੋ ਡਾਕਟਰ ਇਸ ਤੋਂ ਸੇਧ ਲੈ ਸਕਣ। ਉਨ੍ਹਾਂ ਕੋਲ ਇੱਕ ਬੱਚੀ ਇਲਾਜ ਲਈ ਲਿਆਂਦੀ ਗਈ ਸੀ ਕਈ ਦਿਨਾਂ ਦੀ ਮੁਸ਼ੱਕਤ ਤੋਂ ਬਾਅਦ ਵੀ ਉਹ ਉਸਨੂੰ ਬਚਾ ਨਾ ਸਕੇ। ਇਸ ਨਾਲ ਉਨ੍ਹਾਂ ਦੇ ਦਿਲ ਨੂੰ ਬਹੁਤ ਡੂੰਘਾ ਸਦਮਾ ਲੱਗਾ। ਉਹ ਕਈ ਮਹੀਨੇ ਆਪਣੇ-ਆਪ ਨੂੰ ਕੋਸਦੇ ਰਹੇ ਤੇ ਉਸ ਕਮਰੇ ’ਚ ਜਾ ਕੇ ਪਾਠ ਕਰਦੇ ਰਹੇ। ਕਾਸ਼! ਅਜੋਕੇ ਡਾਕਟਰ ਵੀ ਇਸ ਗੱਲ ਨੂੰ ਸਮਝਣ ਤੇ ਸੰਵੇਦਨਸ਼ੀਲ ਇਨਸਾਨ ਬਣ ਕੇ ਮਰੀਜ਼ਾਂ ਦਾ ਇਲਾਜ ਕਰਨ। ਜੇਕਰ ਉਹ ਮਰੀਜ਼ਾਂ ਵਿੱਚੋਂ ਆਪਣੇ ਪਰਿਵਾਰ ਦਾ ਅਕਸ ਦੇਖਣਗੇ ਤਾਂ ਉਹ ਲਾਜ਼ਮੀ ਹੀ ਸਹੀ ਦਿਸ਼ਾ ’ਚ ਇਲਾਜ ਕਰਨਗੇ। ਚੰਦ ਸਿੱਕਿਆਂ ਦੀ ਖ਼ਾਤਰ ਜ਼ਮੀਰ ਵੇਚਣਾ ਬਹੁਤ ਵੱਡਾ ਗੁਨਾਹ ਹੈ। ਡਾਕਟਰੀ ਕਿੱਤੇ ਨੂੰ ਪੈਸੇ ਦੀ ਖੇਡ ਨਹੀਂ ਸਗੋਂ ਮਨੁੱਖਤਾ ਨੂੰ ਸਮਰਪਿਤ ਕੀਤਾ ਜਾਣਾ ਚਾਹੀਦਾ ਹੈ।

ਡਾ. ਗੁਰਤੇਜ ਸਿੰਘ
ਚੱਕ ਬਖਤੂ, ਬਠਿੰਡਾ
ਮੋ. 95173-96001