ਇੰਪਰੂਵਮੈਂਟ ਟਰੱਸਟ ਅਧਿਕਾਰੀਆਂ ਨੇ ਥਰਮਲ ਪਲਾਂਟ ਦੇ ਸਾਹਮਣੇ ਕੀਤੀ ਪੱਕੀ ਮਿਣਤੀ | New Bus Stand Bathinda
ਬਠਿੰਡਾ (ਸੁਖਜੀਤ ਮਾਨ)। ਕਈ ਵਰ੍ਹਿਆਂ ਤੋਂ ਬਠਿੰਡਾ ’ਚ ਨਵੇਂ ਬੱਸ ਅੱਡੇ ਦੀ ਉਸਾਰੀ ਦਾ ਜ਼ਿਕਰ ਹੁੰਦਾ ਆ ਰਿਹੈ ਪਰ 10-12 ਸਾਲ ਬਾਅਦ ਵੀ ਕਿਧਰੇ ਇੱਟ ਨਹੀਂ ਲੱਗੀ। ਪਹਿਲਾਂ ਬੱਸ ਅੱਡਾ ਬਠਿੰਡਾ-ਬਰਨਾਲਾ ਰੋਡ ’ਤੇ ਬਣਾਇਆ ਜਾਣਾ ਸੀ ਪਰ ਪਿਛਲੇ ਥੋੜ੍ਹੇ ਸਮੇਂ ਤੋਂ ਉੱਥੋਂ ਬਦਲ ਕੇ ਮਲੋਟ ਰੋਡ ’ਤੇ ਥਰਮਲ ਦੇ ਸਾਹਮਣੇ ਬਣਾਏ ਜਾਣ ਦਾ ਜ਼ਿਕਰ ਸ਼ੁਰੂ ਹੋਇਆ। ਮਲੋਟ ਰੋਡ ’ਤੇ ਅੱਜ ਇੰਪਰੂਵਮੈਂਟ ਟਰੱਸਟ ਦੇ ਅਧਿਕਾਰੀਆਂ ਵੱਲੋਂ ਬਾਕਾਇਦਾ ਮਿਣਤੀ ਵੀ ਕੀਤੀ ਗਈ। ਗਿਣਤੀ-ਮਿਣਤੀ ਦਾ ਇਹ ਕੰਮ ਸ਼ੁਰੂ ਹੋਣ ਨਾਲ ਉਸਾਰੀ ਛੇਤੀ ਸ਼ੁਰੂ ਹੋਣ ਦੀ ਆਸ ਬੱਝੀ ਹੈ।
ਮਲੋਟ ਰੋਡ ’ਤੇ ਥਰਮਲ ਦੇ ਸਾਹਮਣੇ ਕਰੀਬ 17 ਏਕੜ ’ਚ ਬਣਨ ਵਾਲੇ ਇਸ ਬੱਸ ਅੱਡੇ ਲਈ ਅੱਜ ਇੰਪਰੂਵਮੈਂਟ ਟਰੱਸਟ ਬਠਿੰਡਾ ਦੀ ਟੀਮ ਵੱਲੋਂ ਮਿਣਤੀ ਦਾ ਕੰਮ ਕੀਤਾ ਗਿਆ। ਇਸ ਮਿਣਤੀ ਦਾ ਪਤਾ ਲੱਗਣ ’ਤੇ ਕੁੱਝ ਉਹ ਲੋਕ ਵੀ ਪੁੱਜੇ , ਜਿਨ੍ਹਾਂ ਦੇ ਪਲਾਟ ਆਦਿ ਇਸ ਥਾਂ ’ਤੇ ਹਨ। ਇੰਪਰੂਵਮੈਂਟ ਟਰੱਸਟ ਦੇ ਅਧਿਕਾਰੀ ਮੀਨਲ ਬਾਂਸਲ ਨੇ ਦੱਸਿਆ ਕਿ ਪਟਵਾਰੀ ਅਤੇ ਕਾਨੂੰਗੋ ਵੱਲੋਂ ਨਿਸ਼ਾਨ ਲਗਾਏ ਗਏ ਸੀ, ਉਨ੍ਹਾਂ ਦੀ ਮਿਣਤੀ ਕੀਤੀ ਗਈ ਹੈ ਤੇ ਨਿਸ਼ਾਨ ਪੱਕੇ ਕੀਤੇ ਜਾ ਰਹੇ ਹਨ। ਪਤਾ ਲੱਗਿਆ ਹੈ ਕਿ ਇਸ 17 ਏਕੜ ਥਾਂ ’ਚੋਂ 2 ਏਕੜ ਵਪਾਰਕ ਅਤੇ ਚਾਰ ਏਕੜ ’ਚ ਪੀਆਰਟੀਸੀ ਵਰਕਸ਼ਾਪ ਬਣਾਈ ਜਾਵੇਗੀ।
ਪਟੇਲ ਨਗਰ ’ਚ ਅੱਡਾ ਬਣਾਉਣ ਦੀ ਤਜਵੀਜ਼ ਸੀ | New Bus Stand Bathinda
ਦੱਸਣਯੋਗ ਹੈ ਕਿ ਬਠਿੰਡਾ ’ਚ ਨਵੇਂ ਏਸੀ ਬੱਸ ਅੱਡੇ ਦੀ ਉਸਾਰੀ ਕਰਨ ਦਾ ਸਭ ਤੋਂ ਪਹਿਲਾਂ ਐਲਾਨ ਸ੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਦੇ ਰਾਜ ’ਚ ਹੋਇਆ ਸੀ। ਉਸ ਵੇਲੇ ਬਠਿੰਡਾ-ਬਰਨਾਲਾ ਰੋਡ ’ਤੇ ਪਟੇਲ ਨਗਰ ’ਚ ਅੱਡਾ ਬਣਾਉਣ ਦੀ ਤਜਵੀਜ਼ ਸੀ। ਸਾਲ 2017 ਦੀਆਂ ਚੋਣਾਂ ਤੋਂ ਪਹਿਲਾਂ ਦਸੰਬਰ 2016 ’ਚ ਹਰਸਿਮਰਤ ਕੌਰ ਬਾਦਲ ਵੱਲੋਂ ਬਕਾਇਦਾ ਨੀਂਹ ਪੱਥਰ ਵੀ ਰੱਖਿਆ ਗਿਆ ਸੀ। ਪਟੇਲ ਨਗਰ ’ਚ ਛਾਉਣੀ ਨੇੜੇ ਹੋਣ ਕਰਕੇ ਫੌਜ ਤੋਂ ਐਨਓਸੀ ਲੈਣੀ ਜ਼ਰੂਰੀ ਸੀ , ਜਿਸ ਕਾਰਨ ਕੰਮ ਲਟਕ ਗਿਆ। ਪਿਛਲੀ ਕਾਂਗਰਸ ਸਰਕਾਰ ਦੌਰਾਨ ਤੱਤਕਾਲੀ ਵਿੱਤ ਮੰਤਰੀ ਤੇ ਬਠਿੰਡਾ ਦੇ ਵਿਧਾਇਕ ਰਹੇ ਮਨਪ੍ਰੀਤ ਸਿੰਘ ਬਾਦਲ ਵੱਲੋਂ ਵੀ ਗ੍ਰਹਿ ਵਿਭਾਗ ਤੱਕ ਐੱਨਓਸੀ ਲਈ ਪਹੁੰਚ ਕੀਤੀ ਗਈ ਸੀ ਪਰ 2022 ਦੀਆਂ ਚੋਣਾਂ ’ਚ ਕਾਂਗਰਸ ਸਰਕਾਰ ਹਾਰ ਗਈ। ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮਲੋਟ ਰੋਡ ’ਤੇ ਬੱਸ ਅੱਡਾ ਬਣਾਉਣ ਦੀ ਗੱਲ ਸ਼ੁਰੂ ਕੀਤੀ ਸੀ, ਜਿਸਦਾ ਕੰਮ ਪੜਾਅ ਦਰ ਪੜਾਅ ਅੱਗੇ ਵਧ ਰਿਹਾ ਹੈ।
26 ਜਨਵਰੀ ਨੂੰ ਭਗਵੰਤ ਮਾਨ ਨੇ ਵੀ ਕੀਤਾ ਸੀ ਐਲਾਨ
26 ਜਨਵਰੀ 2023 ਨੂੰ ਬਠਿੰਡਾ ਵਿਖੇ ਮਨਾਏ ਗਏ ਗਣਤੰਤਰ ਦਿਵਸ ਸਮਾਰੋਹ ’ਚ ਪੁੱਜੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਐਲਾਨ ਕਰਦਿਆਂ ਕਿਹਾ ਸੀ ਕਿ ਬਠਿੰਡਾ ਸ਼ਹਿਰ ਦੀ ਟ੍ਰੈਫਿਕ ਸਮੱਸਿਆ ਦੇ ਹੱਲ ਲਈ ਸ਼ਹਿਰ ਦੇ ਬਾਹਰਵਾਰ ਅਤਿ ਆਧੁਨਿਕ ਬੱਸ ਅੱਡਾ ਬਣਾਇਆ ਜਾਵੇਗਾ। ਇਸ ਤੋਂ ਇਲਾਵਾ ਲੋਕਾਂ ਦੀ ਸਹੂਲਤ ਲਈ ਸ਼ਹਿਰ ’ਚ ਲੋਕਲ ਬੱਸ ਸੇਵਾ ਸ਼ੁਰੂ ਕੀਤੀ ਜਾਵੇਗੀ।
ਕਰੀਬ 8 ਕਰੋੜ ਦੀ ਲਾਗਤ ਨਾਲ ਹਟਾਏ ਜਾਣਗੇ ਬਿਜਲੀ ਟਾਵਰ
ਡਿਪਟੀ ਕਮਿਸ਼ਨਰ ਬਠਿੰਡਾ ਸ਼ੌਕਤ ਅਹਿਮਦ ਪਰ੍ਹੇ ਨੇ ‘ਸੱਚ ਕਹੂੰ’ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਬੱਸ ਅੱਡੇ ਲਈ ਕੰਮ ਚੱਲ ਰਿਹਾ ਹੈ। ਡਿਜਾਇਨ ਆਦਿ ਫਾਈਨਲ ਹੋਣ ਤੋਂ ਬਾਅਦ ਉਸਾਰੀ ਦਾ ਕੰਮ ਸ਼ੁਰੂ ਹੋਵੇਗਾ। ਬੱਸ ਅੱਡੇ ਦੀ ਉਸਾਰੀ ਵਾਲੀ ਥਾਂ ’ਤੇ ਵੱਡੀ ਗਿਣਤੀ ’ਚ ਬਿਜਲੀ ਵਾਲੇ ਵੱਡੇ-ਵੱਡੇ ਟਾਵਰਾਂ ਬਾਰੇ ਪੁੱਛੇ ਜਾਣ ’ਤੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਟਾਵਰ ਹਟਾਉਣ ਦੇ ਕਰੀਬ 7-8 ਕਰੋੜ ਰੁਪਏ ਖਰਚ ਆਵੇਗਾ ਜਿਸਦੀ ਅਦਾਇਗੀ ਇੰਪਰੂਵਮੈਂਟ ਟਰੱਸਟ ਵੱਲੋਂ ਕੀਤੀ ਜਾਵੇਗੀ ਅਤੇ ਟਾਵਰਾਂ ਆਦਿ ਦੀ ਥਾਂ ਨਵੇਂ ਪੋਲ ਵਗੈਰਾ ਲਾਉਣ ਦਾ ਕੰਮ ਪੀਐੱਸਪੀਸੀਐੱਲ ਵੱਲੋਂ ਕੀਤਾ ਜਾਵੇਗਾ।