ਵੱਖ-ਵੱਖ ਰੰਗਾਂ ਦੀ ਧਰਤੀ
ਵਰਤਮਾਨ ਪੰਜਾਬ ਦੇ ਭਾਸ਼ਾਈ ਖਿੱਤੇ ਮਾਝਾ, ਦੁਆਬਾ, ਮਾਲਵਾ ਤੇ ਪੁਆਧ ਮੰਨੇ ਜਾਂਦੇ ਹਨ, ‘ਪੁਆਧ’ ਜਾਂ ‘ਪੁਆਤ’ ਬਾਰੇ ਕਈ ਸ੍ਰੋਤਾਂ ਤੋਂ ਜਾਣਕਾਰੀ ਮਿਲਦੀ ਹੈ ਮਹਾਨ-ਕੋਸ਼ ਅਨੁਸਾਰ ਪਹਾੜ ਦੇ ਪੈਰਾਂ ਪਾਸ ਦਾ ਦੇਸ਼, ਦਾਮਨੇ ਕੋਹ ਜਾਂ ਉਹ ਦੇਸ਼ ਜੋ ਖੂਹ ਦੇ ਪਾਣੀ ਨਾਲ ਸਿੰਜਿਆ ਜਾਵੇ ਭਾਵ ਜ਼ਿਲ੍ਹੇ ਅੰਬਾਲੇ ਦੇ ਆਸ-ਪਾਸ ਦਾ ਦੇਸ਼ ਪਰੰਤੂ ਜੇਕਰ ‘ਪੁਆਧ’ ਸ਼ਬਦ ਜੋ ਸੰਸਕ੍ਰਿਤ ਮੂਲ ਦਾ ਹੈ, ਉਸ ਦੇ ਅਰਥਾਂ ਦੀ ਗੱਲ ਕਰੀਏ ਤਾਂ ਪੂਰਬ-ਅੱਧ ਤੋਂ ਬਣਦਾ ਹੈ ਭਾਵ ਪੰਜਾਬ ਦੇ ਪੂਰਬ-ਅੱਧ ਦਾ ਖੇਤਰ ਡਾ. ਬਨਾਰਸੀ ਦਾਸ ਜੈਨ ਵੀ ‘ਪੁਆਧ’ ਸ਼ਬਦ ਨੂੰ ਪੂਰਬਾਰਧ ਦਾ ਰੂਪਾਂਤਰ ਮੰਨਦਾ ਹੈ।
ਵੱਖ-ਵੱਖ ਰੰਗਾਂ ਦੀ ਧਰਤੀ
ਇਸ ਖੋਜ ਅਨੁਸਾਰ ਪੁਆਧ ਦਾ ਖੇਤਰ ਅੰਬਾਲਾ, ਕਲਸੀਆ, ਨਾਲਾਗੜ੍ਹ, ਪਟਿਆਲਾ, ਲੁਧਿਆਣਾ ਦਾ ਪੂਰਬੀ ਭਾਗ ਤੇ ਜ਼ਿਲ੍ਹਾ ਸੰਗਰੂਰ ਦਾ ਕੁਝ ਇਲਾਕਾ ਸ਼ਾਮਲ ਹੈ ਪਰੰਤੂ ਭਾਸ਼ਾ ਵਿਗਿਆਨੀ ਗਰੀਅਰਸਨ ਅਨੁਸਾਰ ਰੋਪੜ ਤੋਂ ਹਰੀਕੇ ਪੱਤਣ ਤੱਕ ਸਤਲੁਜ ਦਰਿਆ ਪੂਰਬੋਂ-ਪੱਛਮ ਨੂੰ ਵਗਦਾ ਹੈ
ਜ਼ਿਲ੍ਹਾ ਲੁਧਿਆਣਾ ਦਾ ਉਹ ਇਲਾਕਾ ਜੋ ਸਤਲੁਜ ਦੇ ਨਾਲ-ਨਾਲ ਦੋਹੀਂ ਪਾਸੀਂ ਆਉਂਦਾ ਹੈ, ਪੁਆਧ ਦਾ ਖੇਤਰ ਹੈ ਪੂਰਬ ਵਾਲੇ ਪਾਸੇ ਇਹ ਜ਼ਿਲ੍ਹਾ ਅੰਬਾਲਾ ਵਿਚਲੇ ਘੱਗਰ ਦਰਿਆ ਤੱਕ ਫੈਲਿਆ ਹੋਇਆ ਹੈ ਘੱਗਰ ਤੋਂ ਪੂਰਬ ਵਾਲੇ ਪਾਸੇ ਹਰਿਆਣਵੀ ਬੋਲੀ ਦਾ ਰੰਗ ਹੈ ਤੇ ਦੱਖਣ ‘ਚ ਪੁਆਧ ਦੇ ਇਲਾਕੇ ‘ਚ ਪਟਿਆਲਾ ਨਾਭਾ ਤੇ ਜੀਂਦ ਦੇ ਕੁਝ-ਕੁਝ ਇਲਾਕੇ ਸ਼ਾਮਲ ਹਨ ਇਹ ਉਸ ਸਮੇਂ ਦੀ ਗੱਲ ਹੈ ਜਦੋਂ ਜ਼ਿਲ੍ਹਾ ਅੰਬਾਲਾ (ਹਰਿਆਣਾ ਬਣਨ ਤੋਂ ਪਹਿਲਾਂ) ਰੋਪੜ ਤੱਕ ਫੈਲਿਆ ਸੀ।
ਪੁਆਧ Puadh : ਵੱਖ-ਵੱਖ ਰੰਗਾਂ ਦੀ ਧਰਤੀ
ਆਮ-ਪਾਠਕ ਦੀ ਜਾਣਕਾਰੀ ਲਈ ਇਸ ਵੇਲੇ ਅਨੰਦਪੁਰ ਸਾਹਿਬ, ਰੋਪੜ, ਕੁਰਾਲੀ, ਮੋਰਿੰਡਾ, ਖਰੜ, ਮੁਹਾਲੀ, ਚੰਡੀਗੜ੍ਹ, ਪੰਚਕੂਲਾ, ਅੰਬਾਲਾ, ਰਾਜਪੁਰਾ, ਪਟਿਆਲਾ ਤੇ ਕੁਝ ਹਿੱਸਾ ਫਤਿਹਗੜ੍ਹ ਸਾਹਿਬ ਪੁਆਧ ਖੇਤਰ ਦੀ ਹੱਦਬੰਦੀ ‘ਚ ਆਉਂਦੇ ਹਨ ਸ਼ਿਵਾਲਿਕ ਦੀਆਂ ਪਹਾੜੀਆਂ ਦੀ ਥੱਲੜੀ ਪੱਟੀ ਪਿੰਜੋਰ ਤੋਂ ਨਾਲਾਗੜ੍ਹ ਪੁਆਧੀ ਭਾਸ਼ਾ ਦੀ ਰੰਗਣ ਵਾਲੀ ਮੰਨੀ ਜਾਂਦੀ ਹੈ
ਮੋਟੇ ਤੌਰ ‘ਤੇ ਦਰਿਆ ਸਤਲੁਜ ਦੇ ਪੂਰਬੀ ਪਾਸੇ ਤੋਂ ਲੈ ਕੇ ਦਰਿਆ ਘੱਗਰ ਦੇ ਪੂਰਬ-ਪੱਛਮ ਤੱਕ ਫੈਲੇ ਵੱਡ ਅਕਾਰੀ ਭੂ-ਖੰਡ ਦੇ ਵਿਭਿੰਨ ਰੰਗਾਂ ਦੀ ਧਰਤੀ ਪੁਆਧ ਅਖਵਾਉਂਦੀ ਹੈ ਇੱਥੋਂ ਦੇ ਰਹਿਣ ਵਾਲਿਆਂ ਨੂੰ ‘ਪੁਆਧੀਏ’ ਜਾਂ ‘ਪੁਆਧੜੀਏ’ ਕਿਹਾ ਜਾਂਦਾ ਰਿਹਾ ਹੈ।
ਪੁਆਧੀ ਦੀਆਂ ਵੀ ਕਈ ਉਪ-ਬੋਲੀਆਂ ਦੇ ਰੰਗ ਮਿਲਦੇ ਹਨ
ਇਸ ਖੇਤਰ ਦੀ ਭਾਸ਼ਾ ਨੂੰ ‘ਪੁਆਧੀ’ ਕਿਹਾ ਜਾਂਦਾ ਹੈ ਅੱਗੋਂ ਪੁਆਧੀ ਦੀਆਂ ਵੀ ਕਈ ਉਪ-ਬੋਲੀਆਂ ਦੇ ਰੰਗ ਮਿਲਦੇ ਹਨ ਪੁਰਾਣੀ ਕਹਾਵਤ ਹੈ ਕਿ ਦਸ ਕੋਹ ‘ਤੇ ਬੋਲੀ ਬਦਲ ਜਾਂਦੀ ਹੈ ਇੱਥੇ ਸਾਨੂੰ ਇਹ ਗੱਲ ਧਿਆਨ ‘ਚ ਰੱਖਣੀ ਪਵੇਗੀ ਕਿ ਆਜ਼ਾਦੀ ਤੋਂ ਬਾਦ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਬਣਾਉਣ ਲਈ ਨਵੀਂ ਵੱਸੋਂ ਵੱਸਣ ਕਾਰਨ ਇਸ ਖੇਤਰ ਦੀ ਭਾਸ਼ਾ ‘ਚ ਸਭ ਤੋਂ ਵੱਧ ਮਿਲਗੋਭਾ ਹੋਣਾ ਸੁਭਾਵਕ ਸੀ ਪੰਚਕੁਲਾ ਤੇ ਐਸਏਐਸ ਨਗਰ (ਮੁਹਾਲੀ) ਦੀ ਨਵ-ਉਸਾਰੀ ਕਾਰਨ ਇੱਥੋਂ ਦੀ ਬੋਲੀ ਪੁਆਧੀ ‘ਚ ਦੂਜੀਆਂ ਉਪ-ਭਾਸ਼ਾਵਾਂ ਰਲ ਗੱਡ ਹੋ ਰਹੀਆਂ ਹਨ ਪੁਆਧੀ ਭਾਸ਼ਾ ਦੀ ਹੋਂਦ ਬਰਕਰਾਰ ਤਾਂਹੀ ਰਹਿ ਸਕੇਗੀ ਜੇਕਰ ਇੱਥੋਂ ਦੇ ਸੱਭਿਆਚਾਰ ਤੇ ਵਿਰਸੇ ਨੂੰ ਸੰਭਾਲਿਆ ਜਾਵੇ।
ਇਤਿਹਾਸਕ ਪੱਖੋਂ ਇਸ ਦੀ ਮਹਾਨਤਾ ਜੰਗਾਂ-ਯੁੱਧਾਂ ਦੀ ਧਰਤੀ-ਕਰਕੇ ਬਹੁਤ ਮਹੱਤਤਾ ਰੱਖਦੀ ਹੈ ਇਸ ਧਰਤੀ ਨੇ ਹੀ ਮੁਗਲ ਬਾਦਸ਼ਾਹ ਔਰੰਗਜੇਬ ਨਾਲ ਟੱਕਰ ਲੈਣ ਦੀ ਜੁਅੱਰਤ ਕੀਤੀ ਸ੍ਰੀ ਗੁਰੂ ਗੋਬਿੰਦ ਸਿੰਘ ਨੇ 1699 ਈ. ਨੂੰ ਅਨੰਦਪੁਰ ਸਾਹਿਬ ਵਿਖੇ ਖਾਲਸਾ ਪੰਥ ਦੀ ਸਿਰਜਣਾ ਕਰਕੇ ਜੂਝਣ ਦਾ ਇਤਿਹਾਸ ਆਰੰਭ ਕੀਤਾ ਤੇ ਸ੍ਰੀ ਗੁਰੂ ਤੇਗ ਬਹਾਦਰ ਦੀ ਕੁਰਬਾਨੀ ਹਿੰਦ ਦੀ ਚਾਦਰ ਬਣੀ ਚਮਕੌਰ ਸਾਹਿਬ ਦੀ ਅਦੁੱਤੀ ਤੇ ਅਸੰਤੁਲਤ ਜੰਗ ਨੇ ਦਿੱਲੀ ਦੇ ਤਖ਼ਤ ਦਾ ਸਾਹਮਣਾ ਕੀਤਾ
ਦਸਮ ਗੁਰੂ ਦੇ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੇ ਸਿੱਖ-ਇਤਿਹਾਸ ਦੀਆਂ ਨੀਹਾਂ ਪੱਕੀਆਂ ਕੀਤੀਆਂ ਤੇ ਸੂਬਾ ਸਰਹੰਦ ਵਜ਼ੀਰ ਖਾਂ ਨੂੰ ਸਬਕ ਸਿਖਾਉਣ ਲਈ ਖਰੜ ਨੇੜੇ ਚੱਪੜਚਿੜੀ ਦੇ ਮੈਦਾਨ ‘ਚ 12 ਮਈ,1710 ਨੂੰ ਬੰਦਾ ਸਿੰਘ ਬਹਾਦਰ ਨੇ ਸਿੰਘਾਂ ਨੂੰ ਜੱਥੇਬੰਦ ਕਰ ਕੇ ਵਜ਼ੀਰ ਖਾਂ ਨੂੰ ਮੌਤ ਦੇ ਘਾਟ ਉਤਾਰਿਆ ਸਰਹੰਦ ਦੀ ਇੱਟ-ਇੱਟ ਕਰਕੇ ਖਾਲਸਾ ਰਾਜ ਦੀ ਸਥਾਪਨਾ ਕੀਤੀ।
ਪੁਆਧ Puadh : ਵੱਖ-ਵੱਖ ਰੰਗਾਂ ਦੀ ਧਰਤੀ
ਦਰਿਆ ਸਤਲੁਜ ‘ਤੇ ਭਾਖੜਾ ਡੈਮ ਦੀ ਉਸਾਰੀ ਇਸ ਖੇਤਰ ਦੀ ਅਜਿਹੀ ਵਿਲੱਖਣਤਾ ਹੈ ਜਿਸ ਨੇ ਪੰਜਾਬ ਦੀ ਆਰਥਿਕ ਖ਼ੁਸ਼ਹਾਲੀ ‘ਚ ਸਭ ਤੋਂ ਵੱਧ ਹਿੱਸਾ ਪਾਇਆ ਤੇ ਗੁਆਂਢੀ ਰਾਜਾਂ ਨੂੰ ਵੀ ਪਾਣੀ ਤੇ ਬਿਜਲੀ ਪ੍ਰਦਾਨ ਕਰ ਕੇ ਦਾਨੀ ਹੋਣ ਦਾ ਪ੍ਰਮਾਣ ਦਿੱਤਾ ਇਹ ਦੁੱਖ ਦੀ ਗੱਲ ਹੈ ਕਿ ਇਸ ਖੇਤਰ ਦੇ ਲੋਕਾਂ ਦੀਆਂ ਕੁਰਬਾਨੀਆਂ ਦਾ ਸਹੀ ਮੁੱਲ ਨਹੀਂ ਪੈ ਸਕਿਆ ਤੇ ਨਾ ਹੀ ਇੱਥੋਂ ਦੇ ਲੋਕਾਂ ਦੀ ਆਰਥਿਕ-ਮੰਦਹਾਲੀ ਨੂੰ ਦੂਰ ਕਰਨ ਲਈ ਕਿਸੇ ਸ਼ਕਤੀਸ਼ਾਲੀ ਰਾਜਸੀ-ਨੇਤਾ ਦੀ ਲੋਕ-ਪੱਖੀ ਅਗਵਾਈ ਨਸੀਬ ਹੋਈ।
ਪੁਆਧ ਖੇਤਰ ਦੀ ਕਿਸਾਨੀ ਬਹੁਤ ਪੱਛੜੀ ਰਹੀ ਮਾਰੂ-ਖੇਤੀ ਹੋਣ ਕਾਰਨ ਕਿਸਾਨੀ-ਬਹੁਤੀ ਉਪਯੋਗੀ ਨਾ ਬਣ ਸਕੀ ਆਜ਼ਾਦੀ ਤੋਂ ਬਾਦ ਹਲਟਾਂ ਤੇ ਟਿਯੂਬਵੈਲਾਂ ਦੀ ਸਿੰਜਾਈ ਨਾਲ ਕਿਸਾਨ ਜੂਝਦੇ ਰਹੇ ਮੁੱਖ ਫ਼ਸਲਾਂ ਕਣਕ, ਮੱਕੀ, ਛੋਲੇ, ਇੱਖ, ਮਾਂਹ, ਸਰੋਂ੍ਹ, ਤਾਰਾਮੀਰਾ ਤੇ ਚਰ੍ਹੀ ਹੁੰਦੀਆਂ ਸਨ ਇੱਥੋਂ ਦੀ ਰਮਣੀਕ ਪਹਾੜੀ-ਪੱਟੀ ਸੁੰਦਰ ਨਜਾਰਿਆਂ ਵਾਲੀ ਹੁੰਦੀ ਸੀ ਅੰਬ, ਜਾਮਣ, ਜਮੋਏ, ਟਾਹਲੀ, ਕਿੱਕਰ, ਢੱਕ, ਪਿੱਪਲ, ਬੋਹੜ ਤੇ ਨਿੰਮ ਦੇ ਰੁੱਖ ਇੱਥੋਂ ਦੇ ਸੱਭਿਆਚਾਰਕ ਜੀਵਨ ਦੇ ਅੰਗ-ਸੰਗ ਰਹੇ ਹਨ ਇੱਕ ਕਾਵਿ-ਟੁਕੜੀ ਸੁਣੋ:
ਸਾਵੇ ਰਹਿਣ ਅੰਬ, ਪਿੱਪਲ, ਬੋਹੜ, ਨਿੰਮਾ, ਬੇਰੀਆਂ,
ਜਾਮਣਾਂ, ਜਮੋਏ, ਕਿੱਕਰ, ਢੱਕ, ਟਾਹਲੀ ਤੇਰੀਆਂ
ਪੁਆਧ-ਖੇਤਰ ‘ਚ ਸਭ ਤੋਂ ਵੱਧ ਕ੍ਰਾਂਤੀ ਤੇ ਤਬਦੀਲੀ-1950 ਦੇ ਨੇੜੇ-ਤੇੜੇ ਹੋਣੀ ਸ਼ੁਰੂ ਹੋਈ ਜਦੋਂ ਇਸ ਖੇਤਰ ਦੇ 28 ਪਿੰਡ ਉਜਾੜ ਕੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਬਣਾਈ ਗਈ ਤੇ ਇਸ ਵੇਲੇ 22 ਪਿੰਡ ਯੂ. ਟੀ. ਚੰਡੀਗੜ੍ਹ ‘ਚ ਸ਼ਾਮਲ ਕੀਤੇ ਗਏ ਜਿਨ੍ਹਾਂ ਦੀਆਂ ਜ਼ਮੀਨਾਂ ਤਾਂ ਕੌਡੀਆਂ ਦੇ ਭਾਅ ਸਰਕਾਰ ਨੇ ਲੈ ਲਈਆਂ ਤੇ ਪਿੰਡਾਂ ਨੂੰ ਨਰਕ ਭੋਗਣ ਲਈ ਮਜ਼ਬੂਰ ਕਰ ਦਿੱਤਾ ਗਿਆ
ਬਾਹਰਲੀਆਂ ਵਿੱਤੀ ਕੰਪਨੀਆਂ ਦੀ ਭਰਮਾਰ
ਇਹ 22 ਪਿੰਡ ਆਪਣੀ ਮਾਂ-ਬੋਲੀ ਪੰਜਾਬੀ ਤੇ ਸੱਭਿਆਚਾਰ ਤੋਂ ਵਾਂਝੇ ਸੰਤਾਪ ਭੋਗ ਰਹੇ ਹਨ ਵਿਰਸਾ, ਸੱਭਿਆਚਾਰ ਤੇ ਇਤਿਹਾਸ ਉਥਲ-ਪੁੱਥਲ ਦੀ ਲਪੇਟ ‘ਚ ਬੇਬਸ ਜਾਪਦਾ ਹੈ ਇਨ੍ਹਾਂ ਦੀ ਹੋਣੀ-ਕੇਂਦਰੀ ਸਰਕਾਰ ਦੇ ਵੱਸ ਪਈ ਹੋਈ ਹੈ ਆਜ਼ਾਦੀ ਤੋਂ ਬਾਦ ਘਰ Àੁੱਜੜਨ ਦੀ ਪੀੜਾ ਸਭ ਤੋਂ ਵੱਧ ਪੁਆਧ ਖੇਤਰ ਹੰਢਾਅ ਰਿਹਾ ਹੈ ਦੇਸ਼ ਦੇ ਫੌਜੀ ਮਹਿਕਮੇ ‘ਚ ਇਸ ਖੇਤਰ ਦੇ ਜੰਮੇ-ਜਾਇਆਂ ਨੇ ਬਹੁਤ ਸੇਵਾ ਕੀਤੀ ਹੈ ਤੇ ਦੇਸ਼ ਦੀ ਰੱਖਿਆ ਲਈ ਸ਼ਹੀਦ ਹੋਏ।
ਬਾਹਰਲੀਆਂ ਵਿੱਤੀ ਕੰਪਨੀਆਂ ਦੀ ਭਰਮਾਰ ਨੇ ਖਰੜ ਤੋਂ ਬਨੂੜ ਦੇ ਆਲੇ-ਦੁਆਲੇ ਆਪਣੇ ਵੱਖੋ-ਵੱਖਰੇ ਅਦਾਰਿਆਂ ਨਾਲ ਮੂੰਹੋਂ-ਮੂੰਹ ਇਮਾਰਤਾਂ ਦੀ ਉਸਾਰੀ ਨਾਲ ਹੈਰਾਨਕੁੰਨ ਤਬਦੀਲੀ ਦਾ ਦੌਰ ਚੱਲਿਆ ਹੋਇਆ ਹੈ ਪਿੰਡ ਅਲੋਪ ਹੋ ਰਹੇ ਹਨ ਤੇ ਸ਼ਹਿਰੀਕਰਨ ਜ਼ੋਰਾਂ ‘ਤੇ ਹੈ ਵਿਸ਼ਵੀਕਰਨ ਦੀ ਤੇਜ਼ ਉਪਭੋਗਤਾ ਤੇ ਬਸਤੀਵਾਦ ਬਚਿੱਤਰ ਪੜਾਅ ਤਹਿ ਕਰ ਰਹੀ ਹੈ ਕਿਸਾਨੀ ਖ਼ਤਮ ਹੋ ਰਹੀ ਹੈ। ਇਸ ਖੇਤਰ ਦੀ ਹੋਂਦ ਤੇ ਵਿਭਿੰਨ-ਪਛਾਣ ਦੇ ਇਤਿਹਾਸ ਤੇ ਸੱਭਿਆਚਾਰ ਨੂੰ ਸੰਭਾਲਣਾ ਸਮੇਂ ਦੀ ਲੋੜ ਹੈ ਹਨ੍ਹੇਰੀ ਵਾਂਗ ਆ ਰਹੀ ਤਬਦੀਲੀ ਨੂੰ ਰੋਕਿਆ ਨਹੀਂ ਜਾ ਸਕਦਾ ।
ਪੁਆਧ : ਵੱਖ-ਵੱਖ ਰੰਗਾਂ ਦੀ ਧਰਤੀ
ਸਮੇਂ ਦੇ ਹਾਣੀ ਬਣਨ ਲਈ ਯਤਨ ਜੁਟਾਲਣੇ ਪੈਣਗੇ ਵੰਨ-ਸਵੰਨਤਾ ਦੀ ਸੰਭਾਲ ਕਰਨੀ ਪਵੇਗੀ ਕਾਦਰ ਦੀ ਕੁਦਰਤ ਦੇ ਵਿਗਸਣ, ਮੌਲਣ, ਪ੍ਰਫੁੱਲਤ ਹੋਣ ਤੇ ਅੱਗੇ ਵਧਣ ਦਾ ਮੂਲ ਭੇਤ ਹੈ ਵੰਨ-ਸੁਵੰਨਤਾ ਤੇ ਅਪਣੱਤ ਭਰੀ ਭਿੰਨਤਾ ਇਨ੍ਹਾਂ ਸੰਕਲਪਾਂ ਦੀ ਇੱਛਾ ਪੂਰਤੀ ਲਈ ‘ਪੁਆਧੀ ਪੰਜਾਬੀ ਸੱਥ ਮੁਹਾਲੀ’ ਦਾ 2004 ‘ਚ ਸੰਗਠਿਤ ਹੋਇਆ
ਜਿਸ ਨੇ ਹੁਣ ਤੱਕ ਇਸ ਖੇਤਰ ਦੀਆਂ 60 ਉੱਘੀਆਂ ਸ਼ਖ਼ਸੀਅਤਾਂ ਨੂੰ ਵੱਖੋ-ਵੱਖਰੇ ਖੇਤਰਾਂ ‘ਚ ਪਏ ਯੋਗਦਾਨ ਵੱਜੋਂ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਇਸ ਤੋਂ ਵੱਧ ਪੁਆਧ ਦੇ ਭੂਗੋਲਿਕ-ਖੰਡ, ਭਾਸ਼ਾ, ਸਾਹਿਤ, ਲੋਕ-ਯਾਨ, ਸੱਭਿਆਚਾਰ, ਪ੍ਰਕਿਰਤੀ, ਸੰਸਕ੍ਰਿਤੀ, ਇਤਿਹਾਸ ਆਦਿ ਬਾਰੇ ਜਾਣਕਾਰੀ ਪ੍ਰਾਪਤ ਕਰਾਉਣ ਲਈ ਸੱਥ ਵੱਲੋਂ ਖੋਜ-ਭਰਪੂਰ ਪੁਸਤਕਾਂ ਵੀ ਪ੍ਰਕਾਸ਼ਿਤ ਕਰਵਾਈਆਂ ਗਈਆਂ ਹਨ ਜਿਨ੍ਹਾਂ ‘ਚੋਂ ਪ੍ਰਮੁੱਖ ਹਨ:
‘ਪੁਆਧ ਦਰਪਣ’ (ਸੰਪਾਦਕ- ਮਨਮੋਹਨ ਸਿੰਘ ਦਾਊਂ), ‘ਰੰਗ ਪੁਆਧ ਕੇ’ -(ਡਾ. ਗਰਮੀਤ ਸਿੰਘ ਬੈਦਵਾਣ), ‘ਮੇਰਾ ਪੁਆਧ'( ਡਾ.ਐਸ.ਐਸ ਕਿਸ਼ਨਪੁਰੀ-ਸੰਪਾਦਕ ਸ੍ਰੀ ਦਾਊਂ), ‘ ਪੁਆਧੀ ਲੋਕ-ਗੀਤ’ (ਡਾ. ਮੁਖਤਿਆਰ ਸਿੰਘ), ਪੁਆਧ ਦੇ ਸੰਸਕਾਰ ਲੋਕ-ਗੀਤ’ (ਡਾ. ਚਰਨਜੀਤ ਕੌਰ) ‘ਕਾਰੇ ਹੱਥੀ’ (ਸੋਹਨ ਸਿੰਘ ਹੰਸ), ਆਖਰੀ ਪਿੰਡ ਦੀ ਕਥਾ’ (ਜਸਬੀਰ ਮੰਡ), ਕਥਾ ਪੁਰਾਤਨ ਪੁਆਧ ਕੀ’ (ਗਿ. ਧਰਮ ਸਿੰਘ ਭੰਖਰਪੁਰ -ਸੰ. ਸ੍ਰੀ ਦਾਊਂ) ਆਦਿ ਲੋੜ ਹੈ ਕਿ ਪੁਆਧ ਦੇ ਅਮੀਰ ਵਿਰਸੇ, ਵਿਲੱਖਣ ਸਭਿਆਚਾਰ ਤੇ ਪੰਜਾਬ ਪ੍ਰਤੀ ਦੇਣ ਨੂੰ Àਜਾਗਰ ਕੀਤਾ ਜਾਵੇ ਤਾਂ ਜੋ ਆਉਣ ਵਾਲੀਆਂ ਨਸਲਾਂ ਆਪਣੇ ਪਿਛੋਕੜ ‘ਤੇ ਗੌਰਵ ‘ਤੇ ਮਾਣ ਮਹਿਸੂਸ ਕਰ ਸਕਣ ਤੇ ਕੋਈ ਮੁਟਿਆਰ ਪੁਆਧ ਬਾਰੇ ਪਹਿਲਾਂ ਵਾਲਾ ਸ਼ਿਕਵਾ ਨਾ ਕਰ ਸਕੇ।
ਮਾਝੇ ਦੀ ਮੈਂ ਜੰਮੀ ਜਾਈ, ਚੰਦਰੇ ਪੁਆਧ ਵਿਆਹੀ,
ਹੱਥ ਵਿੱਚ ਖੁਰਪਾ ਮੋਢੇ ਖੇਸੀ ਮੱਕੀ ਗੋਡਣ ਡਾਹੀ
ਮਨਮੋਹਨ ਸਿੰਘ ਦਾਊਂ, ਮੋ:98151-23900
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ