ਔਰਤਾਂ ਦੀ ਅਪਰਾਧਾਂ ’ਚ ਸ਼ਮੂਲੀਅਤ

Women in crimes

ਵੱਖ-ਵੱਖ ਰਾਜਾਂ ’ਚ ਨਸ਼ਾ ਤਸਕਰੀ ਸਮੇਤ ਕਈ ਹੋਰ ਅਪਰਾਧਾਂ ’ਚ ਔਰਤਾਂ ਦੀ ਸ਼ਮੂਲੀਅਤ (Women in crimes) ਚਿੰਤਾ ਦਾ ਵਿਸ਼ਾ ਹੈ। ਔਰਤ ਨਸ਼ਾ ਤਸਕਰਾਂ ਦੀ ਗਿ੍ਰਫ਼ਤਾਰੀ ਤੇ ਮੁਕੱਦਮੇਬਾਜ਼ੀ ਨਾਲ ਹੀ ਗੱਲ ਨਹੀਂ ਮੁੱਕ ਜਾਂਦੀ ਸਗੋਂ ਇਹ ਸਭ ਬਦਤਰ ਹਾਲਾਤਾਂ ਵੱਲ ਇਸ਼ਾਰਾ ਕਰਦਾ ਹੈ। ਔਰਤਾਂ ਦਾ ਅਬਾਦੀ ’ਚ ਪੰਜਾਹ ਫੀਸਦੀ ਦੇ ਲਗਭਗ ਹਿੱਸਾ ਹੈ। ਔਰਤ ਦਾ ਨੇਕ ਹੋਣਾ, ਪੜ੍ਹੇ ਲਿਖੇ ਹੋਣਾ ਤੇ ਅਮਨ ਪਸੰਦ ਹੋਣਾ ਸਮਾਜ ਦੇ ਹੱਕ ’ਚ ਹੁੰਦਾ ਹੈ। ਇੱਕ ਸਿਆਣੀ ਔਰਤ ਕਈ ਇਨਸਾਨਾਂ ਨੂੰ ਨੇਕ ਬਣਾਉਣ ਦਾ ਕੰਮ ਕਰਦੀ ਹੈ। ਜੇਕਰ ਔਰਤ ਹੀ ਗੈਰ ਕਾਨੂੰਨੀ ਧੰਦਿਆਂ ’ਚ ਸ਼ਾਮਲ ਹੋਵੇਗੀ ਤਾਂ ਉਹ ਆਪਣੇ ਬੱਚਿਆਂ ਲਈ ਚੰਗੀ ਮਿਸਾਲ ਨਹੀਂ ਪੈਦਾ ਕਰ ਸਕੇਗੀ।

ਭਾਰਤੀ ਔਰਤ ਦੀ ਮਹਾਨਤਾ

ਅਗਲੀ ਪੀੜ੍ਹੀ ਵੀ ਅਪਰਾਧਾਂ ਦੇ ਹਨ੍ਹੇਰੇ ’ਚ ਗੁਆਚ ਜਾਵੇਗੀ। ਭਾਰਤੀ ਔਰਤ ਦੀ ਇਹ ਮਹਾਨਤਾ ਰਹੀ ਹੈ ਕਿ ਔਰਤ ਦੇ ਸੁਭਾਅ ’ਚ ਅਹਿੰਸਾ, ਨਿਮਰਤਾ, ਸਤਿਕਾਰ ਦਾ ਭਾਵ ਵੱਧ ਹੁੰਦਾ ਹੈ। ਕੁਦਰਤੀ ਤੌਰ ’ਤੇ ਔਰਤਾਂ ਮਰਦ ਨਾਲੋੋਂ ਘੱਟ ਲੜਾਕੀਆਂ ਤੇ ਸਹਿਣਸ਼ੀਲ ਹੁੰਦੀਆਂ ਹਨ। ਪ੍ਰਾਚੀਨ ਸਮੇਂ ਤੋਂ ਹੀ ਹਥਿਆਰਾਂ ਦੀ ਵਰਤੋਂ ਅਤੇ ਨਸ਼ੇ ਕਰਨ ਵਾਲੀਆਂ ਔਰਤਾਂ ਦੀ ਗਿਣਤੀ ਮਰਦਾਂ ਦੇ ਮੁਕਾਬਲੇ ਬਹੁਤ ਘੱਟ ਹੈ। ਪਰ ਬਦਲੇ ਹਾਲਾਤਾਂ ’ਚ ਔਰਤਾਂ ਦੀ ਅਪਰਾਧਾਂ ’ਚ ਸ਼ਮੁੂਲੀਅਤ ਖਤਰਨਾਕ ਸਾਬਤ ਹੋਵੇਗੀ। ਅੱਜ ਹੈਰੋਇਨ ਤਸਕਰੀ ਤੋਂ ਲੈ ਕੇ ਬੈਂਕ ਡਕੈਤੀਆਂ ’ਚ ਔਰਤਾਂ ਦੀ ਸਮੂਲੀਅਤ ਦੇ ਖੁਲਾਸੇ ਹੋ ਰਹੇ ਹਨ। ਜਾਇਦਾਦ ਲਈ ਆਪਣੇ ਪਰਿਵਾਰਕ ਮੈਂਬਰਾਂ ਨਾਲ ਧੋਖਾਧੜੀਆਂ ’ਚ ਔਰਤਾਂ ਦਾ ਹੱਥ ਵੀ ਸਾਹਮਣੇ ਆ ਰਿਹਾ ਹੈ। ਪਿਛਲੇ ਦਿਨੀਂ ਲੁਧਿਆਣੇ ’ਚ ਕਰੋੜਾਂ ਦੀ ਡਕੈਤੀ ’ਚ ਇੱਕ ਔਰਤ ਦਾ ਨਾਂਅ ਆਉਣਾ ਚਿੰਤਾਜਨਕ ਘਟਨਾ ਹੈ।

ਕਤਲਾਂ ਦੇ ਮਾਮਲੇ ’ਚ ਔਰਤਾਂ ਦਾ ਹੱਥ | Women in crimes

ਸਾਈਬਰ ਠੱਗੀਆਂ ’ਚ ਔਰਤਾਂ ਦੀਆਂ ਗਿ੍ਰਫ਼ਤਾਰੀਆਂ ਹੋ ਰਹੀਆਂ ਹਨ। ਇਸੇ ਤਰ੍ਹਾਂ ਕਈ ਕਤਲਾਂ ਦੇ ਮਾਮਲੇ ’ਚ ਔਰਤਾਂ ਦਾ ਹੱਥ ਦੱਸਿਆ ਜਾ ਰਿਹਾ ਹੈ। ਸਰਕਾਰੀ ਪੱਧਰ ’ਤੇ ਇਹਨਾਂ ਮਾੜੀਆਂ ਘਟਨਾਵਾਂ ਦਾ ਜਿਕਰ ਸਿਰਫ਼ ਕਾਨੂੰਨ ਦੀ ਭਾਸ਼ਾ ’ਚ ਸਜ਼ਾ ਮਿਲਣ ਤੱਕ ਸੀਮਿਤ ਹੈ, ਪਰ ਸੋਚਣ ਵਾਲੀ ਗੱਲ ਇਹ ਹੈ ਕਿ ਕੀ ਸਮਾਜ ’ਚ ਆ ਰਹੀ ਇਸ ਵੱਡੀ ਗਿਰਾਵਟ ਨਾਲ ਭਵਿੱਖ ’ਚ ਅਪਰਾਧਾਂ ਦਾ ਗ੍ਰਾਫ ਕਿੰਨਾ ਉਤੇ ਜਾ ਸਕਦਾ ਹੈ, ਇਸ ਬਾਰੇ ਕਿਧਰੇ ਵੀ ਚਰਚਾ ਨਹੀਂ ਹੋ ਰਹੀ। ਆਪਣੇ ਪੁੱਤਰਾਂ ਨੂੰ ਮਾੜੇ ਕੰਮਾਂ ਤੋਂ ਰੋਕਣ ਵਾਲੀ ਔਰਤ ਹੀ ਜੇਕਰ ਡਾਕੂ ਚੋਰ ਲੁਟੇਰੀ, ਨਸ਼ਾ ਤਸ਼ਕਰ ਬਣ ਗਈ ਤਾਂ ਸਮਾਜ ਨੂੰ ਬਦਹਾਲੀ ਤੋਂ ਬਚਾਉਣਾ ਔਖਾ ਹੋਵੇਗਾ ।

ਇਹ ਵੀ ਪੜ੍ਹੋ : ਲੁਧਿਆਣਾ ’ਚ 29 ਜੂਨ ਤੱਕ ਬੰਦ ਰਹਿਣਗੇ ਬਜ਼ਾਰ, ਜਾਣੋ ਕੀ ਹੈ ਕਾਰਨ?

ਸਿਰਫ ਮਹਿਲਾ ਪੁਲਿਸ ਮੁਲਾਜ਼ਮਾਂ ਦੀ ਭਰਤੀ ਤੇ ਜੇਲਾਂ੍ਹ ਵਧਾਉਣ ਨਾਲ ਹੀ ਮਸਲਾ ਹੱਲ ਨਹੀਂ ਹੋਣਾ ਸਗੋਂ ਸਮਾਜ ’ਚ ਨੈਤਿਕਤਾ ਤੇ ਸਦਾਚਾਰ ਨੂੰ ਪ੍ਰਫੁੱਲਿਤ ਕਰਨ ਦੀ ਜ਼ਰੂਰਤ ਹੈ। ਔਰਤ ਅਪਰਾਧੀਆਂ ਦੇ ਸੁਧਾਰ ਲਈ ਪੁਲਿਸ ਸਬੰਧੀ ਨੀਤੀਆਂ ’ਚ ਤਬਦੀਲੀ ਤੇ ਸੁਧਾਰ ਜ਼ਰੂਰੀ ਹੈ। ਅਪਰਾਧਾਂ ਦੀ ਦਲਦਲ ’ਚ ਫਸੀਆਂ ਔਰਤਾਂ ਨੂੰ ਸਮਾਜ ਦੀ ਮੁੱਖ ਧਾਰਾ ’ਚ ਲਿਆਉਣ ਲਈ ਠੋਸ ਫੈਸਲੇ ਲਏ ਜਾਣੇ ਜ਼ਰੂਰੀ ਹਨ। ਇਹ ਵੀ ਸੱਚਾਈ ਹੈ ਕਿ ਦੇਸ਼ ਦੇ ਸਾਸਕਾਂ ਨੂੰ ਸਿਰਫ਼ ਭੌਤਿਕ ਪ੍ਰਾਪਤੀਆਂ ਨੂੰ ਦੇਸ਼ ਦਾ ਵਿਕਾਸ ਸਮਝਣ ਦੀ ਬਜਾਇ ਸਮਾਜ ’ਚ ਸਦਗੁਣਾਂ ਦੇ ਵਾਧੇ ਨੂੰ ਹੀ ਸਮਾਜ ਦੀ ਤਰੱਕੀ ਦੀ ਅਸਲ ਕਸੌਟੀ ਮੰਨਣਾ ਪਵੇਗਾ।