21 ਜੂਨ ਨੂੰ ਚੇਅਰਮੈਨ ਨਾਲ ਮਿਲੀ ਮੀਟਿੰਗ, ਬੱਸ ਅੱਡਾ ਬੰਦ ਕਰਨ ਵਾਲਾ ਸੰਘਰਸ਼ ਮੁਲਤਵੀ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪੀਆਰਟੀਸੀ ਮੁੱਖ ਦਫ਼ਤਰ ਦੇ ਗੇਟ ਅੱਗੇ ਅੱਜ ਪੰਜਾਬ ਰੋਡਵੇਜ਼ ਪਨਬਸ, ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਵੱਲੋਂ ਕਿਲੋਮੀਟਰ (Km Scheme) ਸਕੀਮ ਤਹਿਤ ਪਾਈਆਂ ਜਾ ਰਹੀਆਂ ਬੱਸਾਂ ਦੇ ਵਿਰੁੱਧ ਧਰਨਾ ਲਾਇਆ ਗਿਆ ਆਗੂਆਂ ਦਾ ਕਹਿਣਾ ਸੀ ਕਿ ਪੀਆਰਟੀਸੀ ਵੱਲੋਂ ਇਸ ਸਕੀਮ ਰਾਹੀਂ ਅਦਾਰੇ ਦਾ ਨੁਕਸਾਨ ਕੀਤਾ ਜਾ ਰਿਹਾ ਹੈ ਜਦਕਿ ਬੱਸ ਮਾਲਕਾਂ ਨੂੰ ਫਾਇਦਾ ਪਹੁਚਾਉਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਕੁਲਪਤੀ ਨਹੀਂ ਰਹਿਣਗੇ ਪੰਜਾਬ ਦੇ ਰਾਜਪਾਲ, ਭਲਕੇ ਖੋਹੇ ਜਾਣਗੇ ਸਾਰੇ ਅਧਿਕਾਰ
ਜਾਣਕਾਰੀ ਅਨੁਸਾਰ ਇਨ੍ਹਾਂ ਕੱਚੇ ਕਾਮਿਆਂ ਵੱਲੋਂ ਅੱਜ ਪੀਆਰਟੀਸੀ ਦੇ ਮੁੱਖ ਦਫ਼ਤਰ ਦੇ ਗੇਟ ਅੱਗੇ ਪੱਕੇ ਟੈਂਟ ਆਦਿ ਲਾ ਕੇ ਧਰਨਾ ਪ੍ਰਦਰਸ਼ਨ ਸ਼ੁਰੂ ਕੀਤਾ ਗਿਆ ਸੀ ਅਤੇ ਕੱਲ੍ਹ 20 ਤਾਰੀਖ ਨੂੰ ਪੰਜਾਬ ਦੇ ਬੱਸ ਸਟੈਂਡ ਬੰਦ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ। ਯੂਨੀਅਨ ਦੇ ਆਗੂਆਂ ਹਰਕੇਸ਼ ਕੁਮਾਰ ਵਿੱਕੀ ਨੇ ਕਿਹਾ ਕਿ ਕਿਲੋਮੀਟਰ ਸਕੀਮ ਤਹਿਤ ਜੋ 20 ਜੂਨ ਨੂੰ ਟੈਂਡਰ ਖੋਲ੍ਹੇ ਜਾ ਰਹੇ ਹਨ, ਜਥੇਬੰਦੀ ਵੱਲੋਂ ਇਸ ਦਾ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਿਲੋਮੀਟਰ ਸਕੀਮ ਵਿੱਚ ਬੱਸ ਪਾਉਣ ਵਾਲੇ ਮਾਲਕ ਨੂੰ ਫਾਇਦਾ ਹੁੰਦਾ ਹੈ, ਜਦਕਿ ਮਹਿਕਮੇ ਨੂੰ ਘਾਟਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਪਰ ਕਿਲੋਮੀਟਰ ਤਹਿਤ ਪੈਸੇ ਮਾਲਕ ਕਮਾਉਂਦਾ ਹੈ ਅਤੇ ਫਿਰ ਅੰਤ ਵਿੱਚ ਬੱਸ ਵੀ ਮਾਲਕ ਹਵਾਲੇ ਹੁੰਦੀ ਹੈ।
ਉਨ੍ਹਾਂ ਕਿਹਾ ਕਿ ਅਜਿਹੀ ਕਿਲੋਮੀਟਰ (Km Scheme) ਸਕੀਮ ’ਚ ਪੀਆਰਟੀਸੀ ਦੇ ਅਧਿਕਾਰੀਆਂ ਦੇ ਨੇੜਲੇ ਹੀ ਫਾਇਦਾ ਲੈਂਦੇ ਹਨ। ਉਨ੍ਹਾਂ ਕਿਹਾ ਕਿ ਉਹ ਕੱਲ੍ਹ ਪਟਿਆਲਾ ਦਾ ਬੱਸ ਸਟੈਂਡ ਬੰਦ ਕਰਨਗੇ ਅਤੇ ਉੱਥੋਂ ਕਿਸੇ ਵੀ ਬੱਸ ਨੂੰ ਆਉਣ ਜਾ ਜਾਣ ਨਹੀਂ ਦਿੱਤਾ ਜਾਵੇਗਾ। ਇਸ ਵਿਰੋੋਧ ਤੋਂ ਬਾਅਦ ਅਧਿਕਾਰੀਆਂ ਵੱਲੋਂ ਜਥੇਬੰਦੀ ਨਾਲ ਮੀਟਿੰਗ ਕੀਤੀ ਗਈ ਅਤੇ 20 ਜੂਨ ਨੂੰ ਖੋਲ੍ਹਿਆ ਜਾਣ ਵਾਲਾ ਟੈਂਡਰ ਰੋਕ ਦਿੱਤਾ ਗਿਆ ਹੈ। ਹਰਕੇਸ਼ ਵਿੱਕੀ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਪੀਆਰਟੀਸੀ ਦੇ ਚੇਅਰਮੈਨ ਨਾਲ 21 ਜੂਨ ਨੂੰ ਮੀਟਿੰਗ ਦਾ ਸਮਾਂ ਦੇ ਦਿੱਤਾ ਗਿਆ ਹੈ ਅਤੇ ਮੀਟਿੰਗ ਦੌਰਾਨ ਜੇਕਰ ਇਸ ਮਸਲੇ ਦਾ ਹੱਲ ਨਾ ਹੋਇਆ ਤਾਂ ਅਗਲਾ ਸੰਘਰਸ਼ ਉਲੀਕਿਆਂ ਜਾਵੇਗਾ।