ਝੋਨੇ ਦਾ ਤੀਜਾ ਗੇੜ ਸ਼ੁਰੂ, ਬਿਜਲੀ ਦੀ ਮੰਗ 14182 ਮੈਗਾਵਾਟ ’ਤੇ ਪੁੱਜੀ

Powercom Sachkahoon

ਸੋਮਵਾਰ ਵਾਲੇ ਦਿਨ 2000 ਮੈਗਾਵਾਟ ਤੋਂ ਜਿਆਦਾ ਵਧੀ ਬਿਜਲੀ ਦੀ ਮੰਗ

  • ਸਰਕਾਰੀ ਅਤੇ ਪ੍ਰਾਈਵੇਟ ਥਰਮਲਾਂ ਦੇ 13 ਯੂਨਿਟ ਚਾਲੂ

ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਸੂਬੇ ਅੰਦਰ ਅੱਜ ਬਿਜਲੀ (Demand For Electricity) ਦੀ ਮੰਗ 14 ਹਜਾਰ ਮੈਗਾਵਾਟ ਨੂੰ ਪਾਰ ਕਰ ਗਈ। ਝੋਨੇ ਦਾ ਤੀਜਾ ਗੇੜ ਅੱਜ ਤੋਂ ਸ਼ੁਰੂ ਹੋਇਆ ਹੈ ਅਤੇ ਟਿਊਬਵੈੱਲਾਂ ਨੂੰ ਅੱਠ ਘੰਟੇ ਬਿਜਲੀ ਸਪਲਾਈ ਦਿੱਤੀ ਜਾ ਰਹੀ ਹੈ। ਉਂਜ ਝੋਨੇ ਦਾ ਚੌਥਾ ਗੇੜ ਅਜੇ ਬਾਕੀ ਹੈ, ਜਿਸ ਤੋਂ ਬਾਅਦ ਪਾਵਰਕੌਮ ਦਾ ਇਕੱਠਾ ਇਮਤਿਹਾਨ ਹੋਵੇਗਾ। ਜਾਣਕਾਰੀ ਅਨੁਸਾਰ ਝੋਨੇ ਦਾ ਤੀਜਾ ਗੇੜ ਪੰਜਾਬ ਦੇ 7 ਜ਼ਿਲ੍ਹਿਆਂ ਵਿੱਚ ਅੱਜ ਤੋਂ ਸ਼ੁਰੂ ਹੋਇਆ ਹੈ ਅਤੇ ਜਿਸ ਤੋਂ ਬਾਅਦ ਸੂੁਬੇ ਅੰਦਰ ਦੁਪਹਿਰ 3 ਵਜੇ ਦੇ ਕਰੀਬ ਬਿਜਲੀ ਦੀ ਮੰਗ 14182 ਮੈਗਾਵਾਟ ’ਤੇ ਪੁੱਜ ਗਈ। ਉਂਜ ਬੀਤੇ ਦਿਨ ਪੰਜਾਬ ਅੰਦਰ ਬਿਜਲੀ ਦੀ ਮੰਗ 12 ਹਜਾਰ ਮੈਗਾਵਾਟ ਦੇ ਨੇੜੇ ਸੀ।

ਜਿਵੇਂ ਜਿਵੇਂ ਝੋਨੇ ਦੇ ਗੇੜ ਸ਼ੁਰੂ ਹੋ ਰਹੇ ਹਨ ਬਿਜਲੀ ਦਾ ਲੋਡ ਵੱਧਦਾ ਜਾ ਰਿਹਾ ਹੈ। ਮੌਜੂਦਾ ਸਮੇਂ ਪਾਵਰਕੌਮ (Demand For Electricity) ਦੇ 15 ਯੂਨਿਟਾਂ ਚੋਂ 13 ਯੂਨਿਟ ਚਾਲੂ ਹਨ। ਇਨ੍ਹਾਂ ਵਿੱਚੋਂ ਇੱਕ ਪ੍ਰਾਈਵੇਟ ਥਰਮਲ ਪਲਾਂਟ ਦਾ ਯੂਨਿਟ ਬੰਦ ਹੈ ਜਦਕਿ ਇੱਕ ਸਰਕਾਰੀ ਲਹਿਰਾ ਮੁਹੱਬਤ ਥਰਮਲ ਪਲਾਂਟ ਦਾ 2 ਨੰਬਰ ਯੂਨਿਟ ਈਐਸਪੀ ਟੁੱਟਣ ਕਾਰਨ ਪਿਛਲੇ ਸਾਲ 13 ਮਈ 2022 ਤੋਂ ਬੰਦ ਪਿਆ ਹੈ, ਜੋਂ ਕਿ ਇੱਕ ਸਾਲ ਤੋਂ ਵੱਧ ਸਮਾਂ ਬੀਤਣ ਤੋਂ ਬਾਅਦ ਵੀ ਝੋਨੇ ਦੀ ਸੀਜ਼ਨ ਨੂੰ ਦੇਖਦਿਆ ਵੀ ਅਜੇ ਤੱਕ ਚਾਲੂ ਨਹੀਂ ਕੀਤਾ ਗਿਆ। ਬੰਦ ਪਿਆ ਇਹ ਯੂਨਿਟ 210 ਮੈਗਾਵਾਟ ਦਾ ਹੈ। ਸਰਕਾਰੀ ਥਮਰਲ ਪਲਾਂਟ ਰੋਪੜ ਦੇ ਚਾਰੇ ਯੂਨਿਟਾਂ ਵੱਲੋਂ ਬਿਜਲੀ ਉਤਪਾਦਨ ਕੀਤਾ ਜਾ ਰਿਹਾ ਹੈ ਅਤੇ ਇੱਥੋਂ 608 ਮੈਗਾਵਾਟ ਬਿਜਲੀ ਉਤਪਾਦਨ ਹੋ ਰਿਹਾ ਹੈ।

ਇਹ ਵੀ ਪੜ੍ਹੋ : ਕੁਲਪਤੀ ਨਹੀਂ ਰਹਿਣਗੇ ਪੰਜਾਬ ਦੇ ਰਾਜਪਾਲ, ਭਲਕੇ ਖੋਹੇ ਜਾਣਗੇ ਸਾਰੇ ਅਧਿਕਾਰ

ਸਰਕਾਰੀ ਥਰਮਲ ਲਹਿਰਾ ਮੁਹੱਬਤ ਥਮਰਲ ਪਲਾਂਟ ਦੇ ਤਿੰਨ ਯੂਨਿਟ ਚਾਲੂ ਹਨ ਅਤੇ ਇੱਥੋਂ 550 ਮੈਗਾਵਾਟ ਬਿਜਲੀ ਉਤਪਾਦਨ ਹੋ ਰਿਹਾ ਹੈ। ਪ੍ਰਾਈਵੇਟ ਤਲਵੰਡੀ ਸਾਬੋਂ ਥਰਮਲ ਪਲਾਂਟ ਦੇ ਤਿੰਨੋਂ ਯੂਨਿਟਾਂ ਵੱਲੋਂ 1409 ਮੈਗਾਵਾਟ ਬਿਜਲੀ ਉਤਪਾਦਨ ਕੀਤਾ ਜਾ ਰਿਹਾ ਹੈ ਜਦਕਿ ਰਾਜਪੁਰਾ ਥਰਮਲ ਪਲਾਂਟ ਦੇ ਦੋਵੇਂ ਯੂਨਿਟਾਂ ਵੱਲੋਂ 1240 ਮੈਗਾਵਾਟ ਬਿਜਲੀ ਪੈਦਾ ਕੀਤੀ ਜਾ ਰਹੀ ਸੀ। ਗੋਇੰਦਵਾਲ ਸਾਹਿਬ ਥਰਮਲ ਪਲਾਂਟ ਦਾ ਇੱਕ ਨੰਬਰ ਯੂਨਿਟ ਕੋਲੇ ਦੀ ਕਮੀ ਕਾਰਨ ਬੰਦ ਪਿਆ ਹੈ ਜਦਕਿ 2 ਨੰਬਰ ਯੂਨਿਟ ਵੱਲੋਂ ਵੀ ਸਿਰਫ਼ 175 ਮੈਗਾਵਾਟ ਹੀ ਬਿਜਲੀ ਉਤਪਾਦਨ ਕੀਤਾ ਜਾ ਰਿਹਾ ਹੈ।

ਸਰਕਾਰੀ (Demand For Electricity) ਥਰਮਲ ਪਲਾਂਟਾਂ ਵੱਲੋਂ 1167 ਮੈਗਾਵਾਟ ਬਿਜਲੀ ਉਤਪਾਦਨ ਕੀਤਾ ਜਾ ਰਿਹਾ ਹੈ ਜਦਕਿ ਪ੍ਰਾਈਵੇਟ ਥਰਮਲ ਪਲਾਂਟਾਂ ਵੱਲੋਂ 2814 ਮੈਗਾਵਾਟ ਬਿਜਲੀ ਉਤਪਾਦਨ ਹੋ ਰਿਹਾ ਹੈ। ਪਾਵਰਕੌਮ ਦੇ ਵੱਖ-ਵੱਖ ਹਾਈਡ੍ਰਲ ਪ੍ਰੋਜੈਕਟਾਂ ਤੋਂ 875 ਮੈਗਾਵਾਟ ਬਿਜਲੀ ਪੈਦਾ ਹੋ ਰਹੀ ਹੈ। ਦੱਸਣਯੋਗ ਹੈ ਕਿ ਮੌਜੂਦਾ ਸਮੇਂ ਬਾਰਡਰ ਤੋਂ ਪਾਰ ਵਾਲੇ ਇਲਾਕਿਆਂ ਸਮੇਤ 14 ਜ਼ਿਲ੍ਹਿਆਂ ਅੰਦਰ ਕਿਸਾਨਾਂ ਨੂੰ ਝੋਨੇ ਲਈ ਬਿਜਲੀ ਸਪਲਾਈ ਦਿੱਤੀ ਜਾ ਰਹੀ ਹੈ। 21 ਜੂਨ ਤੋਂ ਚੌਥੇ ਗੇੜ ਅੰਦਰ 9 ਜ਼ਿਲ੍ਹਿਆਂ ਦੇ ਕਿਸਾਨਾਂ ਨੂੰ ਬਿਜਲੀ ਸਪਲਾਈ ਸ਼ੁਰੂ ਹੋਵੇਗੀ ਅਤੇ ਬਿਜਲੀ ਦੀ ਮੰਗ 15 ਮੈਗਾਵਾਟ ਤੇ ਪੁੱਜਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

ਗੋਇੰਦਵਾਲ ਸਾਹਿਬ ਥਰਮਲ ਪਲਾਂਟ ਅੰਦਰ ਕੋਲੇ ਦੀ ਕਮੀ | Demand For Electricity

ਪ੍ਰਾਈਵੇਟ ਥਰਮਲ ਗੋਇੰਦਵਾਲ ਸਾਹਿਬ ਦੀ ਕੋਲੇ ਪੱਖੋਂ ਸਥਿਤੀ ਠੀਕ ਨਹੀਂ ਚੱਲ ਰਹੀ। ਇੱਥੇ ਕੋਲੇ ਦੇ ਭੰਡਾਰ ਜਮਾਂ ਨਹੀਂ ਹੋ ਰਹੇ। ਪਾਵਰਕੌਮ ਦੀ ਰਿਪੋਰਟ ਮੁਤਾਬਿਕ ਇਸ ਥਮਰਲ ਕੋਲ 2.6 ਦਿਨਾਂ ਦਾ ਹੀ ਕੋਲਾ ਪਿਆ ਹੈ। ਬੀਤੇ ਦਿਨੀ ਇਸ ਥਮਰਲ ਪਲਾਂਟ ਨੂੰ ਕੋਈ ਵੀ ਕੋਲੇ ਦਾ ਰੈਕ ਹਾਸਲ ਨਹੀਂ ਹੋਇਆ। ਇਹ ਥਰਮਲ ਪਲਾਂਟ ਵਿੱਤੀ ਮੁਸਕਿਲਾਂ ਨਾਲ ਜੂਝ ਰਿਹਾ ਹੈ, ਜਿਸ ਕਾਰਨ ਹੀ ਪੰਜਾਬ ਸਰਕਾਰ ਇਸ ਥਰਮਲ ਪਲਾਂਟ ਨੂੰ ਖਰੀਦਣ ਲਈ ਆਪਣੀ ਬਿੱਡ ਲਾਵੇਗੀ। ਇਸ ਦਾ ਥਰਮਲ ਦਾ ਇੱਕ ਯੂਨਿਟ ਘੱਟ ਮਾਤਰਾ ਦੇ ਹੀ ਚੱਲ ਰਿਹਾ ਹੈ।