ਦੁੱਖ ਜ਼ਿੰਦਗੀ ਦਾ ਅੰਤ ਨਹੀਂ ਹੁੰਦੇ

Suffering

ਦੁਨੀਆ ’ਚ ਲੋਕ ਕਿੰਨੇ ਦੁਖੀ ਨੇ। ਤਕਰੀਬਨ ਹਰ ਇੱਕ ਨੂੰ ਕੋਈ ਨਾ ਕੋਈ ਛੋਟਾ-ਵੱਡਾ ਦੁੱਖ ਹੈ। ਕੋਈ ਗਰੀਬੀ ਤੋਂ ਦੁਖੀ, ਕੋਈ ਪੈਸੇ ਤੋਂ, ਕੋਈ ਬਿਮਾਰੀਆਂ ਤੋਂ, ਕੋਈ ਰਿਸ਼ਤਿਆਂ ਤੋਂ। ਕਿਸੇ ਨੂੰ ਮਾਂ-ਬਾਪ ਦਾ ਸਹਾਰਾ ਨਹੀਂ ਮਿਲਦਾ ਤੇ ਕਈਆਂ ਦੇ ਬੱਚੇ ਨਾ ਇੱਜਤ ਕਰਦੇ ਨੇ ਤਾਂ ਨਾ ਬੁਢਾਪੇ ’ਚ ਸਾਂਭ-ਸੰਭਾਲ। ਕਿਸੇ ਦਾ ਕੰਮ-ਕਾਰ ਨਹੀਂ ਚੱਲਦਾ ਤੇ ਕਿਸੇ ਦੇ ਗੁਆਂਢੀ ਦਾ ਜ਼ਿਆਦਾ ਚੱਲਦਾ। ਕੀ ਸਹੀ ਤੇ ਕੀ ਗਲਤ। ਹਰ ਕੋਈ ਆਪਣੀ ਜਗ੍ਹਾ ਸਹੀ ਰਹਿੰਦਾ ਕਿਉਂਕਿ ਗਲਤੀ ਹੋਣ ’ਤੇ ਗਲਤੀ ਮੰਨ ਜਾਣ ਵਾਲਾ ਗਲਤ ਨਹੀਂ ਰਹਿੰਦਾ।

ਪਰ ਕਈਆਂ ਨੂੰ ਗਲਤੀ ਮਨਵਾ ਕੇ ਵੀ ਚੈਨ ਨਹੀਂ ਮਿਲਦਾ। ਬਹੁਤ ਤਰ੍ਹਾਂ ਦੇ ਦੁੱਖ ਨੇ ਇਸ ਦੁਨੀਆਂ ’ਤੇ ਅਤੇ ਉਨ੍ਹਾਂ ਤੋਂ ਦੁਖੀ ਲੋਕ ਇਸ ਤੋਂ ਵੀ ਜ਼ਿਆਦਾ। ਦੁੱਖ ਹਰੇਕ ਦੀ ਜ਼ਿੰਦਗੀ ’ਚ ਨੇ ਪਰ ਇਹ ਹਰ ਇਨਸਾਨ ਦੀ ਦਿਮਾਗੀ ਹਾਲਤ ਅਤੇ ਉਸ ਦੀ ਸੋਚ ’ਤੇ ਨਿਰਭਰ ਕਰਦਾ ਹੈ ਕਿ ਉਹ ਆਪਣੇ ਦੁੱਖਾਂ ਬਾਰੇ ਕੀ ਸੋਚਦਾ ਮਤਲਬ ਕਿ ਆਪਣੇ-ਆਪ ਤੇ ਕਿੰਨਾ ਕੁ ਬੋਝ ਸਮਝਦਾ ਜਾਂ ਫਿਰ ਉਨ੍ਹਾਂ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰਦਾ ਹੈ।

ਦੁੱਖਾਂ ’ਚ ਦੁਖੀ ਹੋਣਾ ਸੁਭਾਵਿਕ ਗੱਲ | Suffering

ਅਸੀਂ ਆਮ ਹੀ ਸੁਣਦੇ ਹਾਂ ਕਿ ਜ਼ਿੰਦਗੀ ਦੁਬਾਰਾ ਨਹੀਂ ਮਿਲਦੀ ਪਰ ਮੈਂ ਕਿਤੇ ਲਿਖਿਆ ਪੜ੍ਹਿਆ ਮੈਨੂੰ ਵਧੀਆ ਲੱਗਿਆ ਕਿ ਜ਼ਿੰਦਗੀ ਹਰ ਸੁਬ੍ਹਾ ਨਵੀਂ ਮਿਲਦੀ ਹੈ ਪਰ ਮੌਤ ਇੱਕ ਵਾਰ ਮਿਲਦੀ ਹੈ ਸੋ ਇਸ ਨੂੰ ਹਰ ਰੋਜ਼ ਨਵੇਂ ਸਿਰੇ ਤੋਂ ਸ਼ੁਰੂ ਕਰਕੇ ਨਵੇਂ ਤਰੀਕੇ ਨਾਲ ਜੀਆ ਜਾ ਸਕਦਾ ਹੈ। ਗੱਲ ਇਹ ਵੀ ਸਹੀ ਹੈ ਪਰ ਨਜ਼ਰੀਆ ਆਪਣਾ-ਆਪਣਾ ਹੈ। ਦੁੱਖਾਂ ’ਚ ਦੁਖੀ ਹੋਣਾ ਸੁਭਾਵਿਕ ਗੱਲ ਹੈ, ਪਰ ਇੱਕ ਦੁੱਖ ਨੂੰ ਵਾਰ-ਵਾਰ ਰੋਈ ਜਾਣਾ ਨਾ ਤਾਂ ਸਿਆਣਪ ਹੈ ਅਤੇ ਨਾ ਹੀ ਇਸ ਤਰ੍ਹਾਂ ਨਾਲ ਜਿਉਣ ਵਿੱਚ ਕੋਈ ਸੁਆਦ। ਹਾਲਾਂਕਿ ਇਸ ਨੂੰ ਬੇਵਕੂਫੀ ਹੀ ਕਿਹਾ ਜਾ ਸਕਦਾ ਹੈ, ਕਿਉਂਕਿ ਵਾਰ-ਵਾਰ ਦੁੱਖਾਂ ਨੂੰ ਯਾਦ ਕਰ-ਕਰਕੇ ਨਕਾਰਾਤਮਕ ਵਿਚਾਰ ਪੈਦਾ ਹੁੰਦੇ ਨੇ, ਜੋ ਸਾਨੂੰ ਅੱਗੇ ਜਾਣ ਦੀ ਬਜਾਇ ਪਿੱਛੇ ਵੱਲ ਧੱਕਦੇ ਨੇ। ਇਸ ਤਰ੍ਹਾਂ ਨਾਲ ਅਸੀਂ ਹੋਰ ਵੀ ਦੁਖੀ ਹੁੰਦੇ ਆ।

ਮੰਜ਼ਿਲ ਮਿਲੇ ਨਾ ਮਿਲੇ ਤਜ਼ਰਬੇ, ਸੰਤੁਸ਼ਟੀ ਜ਼ਰੂਰ ਮਿਲਦੀ ਹੈ

ਜ਼ਿੰਦਗੀ ਦੇ ਇੱਕ ਦੁੱਖ ਨਾਲ ਜ਼ਿੰਦਗੀ ਖ਼ਤਮ ਨਹੀਂ ਹੁੰਦੀ ਪਰ ਉਸੇ ਨੂੰ ਵਾਰ-ਵਾਰ ਗਾਈ ਜਾਣ ਨਾਲ ਜ਼ਿੰਦਗੀ ਰੁਕਦੀ ਹੀ ਨਹੀਂ ਪਿੱਛੇ ਹੋ ਜਾਂਦੀ ਹੈ, ਇੱਥੋਂ ਤੱਕ ਕਿ ਵਾਧੂ ਬੋਝ ਨਾਲ ਸਰੀਰ ਦੀ ਬਰਬਾਦੀ ਜ਼ਰੂਰ ਹੁੰਦੀ ਹੈ। ਲਗਾਤਾਰ ਮਿਹਨਤ, ਇਕਾਗਰਤਾ, ਇਮਾਨਦਾਰੀ ਨਾਲ ਲੱਗੇ ਰਹਿਣ ਨਾਲ ਮੰਜ਼ਿਲ ਮਿਲੇ ਨਾ ਮਿਲੇ ਤਜ਼ਰਬੇ, ਸੰਤੁਸ਼ਟੀ ਜ਼ਰੂਰ ਮਿਲਦੀ ਹੈ। ਜੇ ਕੋਈ ਸਾਡਾ ਮਾੜਾ ਕਰ ਜਾਵੇ ਜਾਂ ਸਾਨੂੰ ਕੋਈ ਚੋਟ ਪਹੁੰਚਾ ਜਾਵੇ ਤਾਂ ਪਤਾ ਨਹੀਂ ਅਸੀਂ ਕਿਸ ਹੱਦ ਤੱਕ ਜਾਂਦੇ ਹਾਂ, ਪਰ ਉਹ ਲੋਕ ਜੋ ਆਪਣੇ-ਆਪ ਨੂੰ ਕਿਤੇ ਫਸਿਆ ਦੇਖ ਆਤਮਘਾਤ ਵਾਲਾ ਰਾਹ ਚੁਣਦੇ ਨੇ ਉਹ ਡਰਪੋਕ ਹੀ ਤਾਂ ਹੁੰਦੇ ਨੇ। ਮਾੜੇ ਸਮੇਂ ਨਾਲ ਮਿਹਨਤ ਕਰਕੇ ਲੜਿਆ ਜਾ ਸਕਦਾ। ਕੁਝ ਸਮਾਂ ਮਾੜਾ ਹੋ ਸਕਦਾ ਪਰ ਸਾਰੀ ਜ਼ਿੰਦਗੀ ਨਹੀਂ।

ਇਹ ਵੀ ਪੜ੍ਹੋ : ਸਿਹਤ ਤੇ ਪਾਰੰਪਰਿਕ ਖਾਣੇ

ਜਿੱਥੇ ਦੁਨੀਆਂ ਨੂੰ ਮਾਰਨ ਵਾਲੇ ਲੋਕ ਨੇ, ਲੋਕਾਂ ’ਚ ਨਫਰਤਾਂ ਫੈਲਾਉਣ ਵਾਲੇ ਝੂਠੇ ਲੋਕ ਨੇ, ਉੱਥੇ ਲੋਕਾਂ ਨੂੰ ਬਚਾਉਣ ਵਾਲੇ, ਲੋਕਾਂ ਦੀ ਮੱਦਦ ਕਰਨ ਵਾਲੇ, ਮਾੜੇ ਸਮਿਆਂ ’ਚ ਮੋਢੇ ਨਾਲ ਮੋਢਾ ਲਾ ਖੜ੍ਹਨ ਵਾਲੇ, ਇਨਸਾਨੀਅਤ ਨੂੰ ਬੇਗਰਜ਼ ਪਿਆਰ ਕਰਨ ਵਾਲੇ ਲੋਕ ਵੀ ਨੇ। ਬੱਸ ਇੱਕ ਸਾਡੀ ਨਿਗ੍ਹਾ ਸਹੀ ਹੋਣੀ ਚਾਹੀਦੀ ਹੈ। ਜਿਵੇਂ ਕੋਈ ਨੌਜਵਾਨ ਆਪਣੇ ਹਾਲਾਤਾਂ ਤੋਂ ਤੰਗ ਨਹਿਰ ਵਿੱਚ ਛਾਲ ਮਾਰ ਕੇ ਆਤਮ-ਹੱਤਿਆ ਕਰਨ ਲੱਗਿਆ ਸੀ, ਕੋਈ ਰੱਬ ਦਾ ਸੱਚਾ-ਸੁੱਚਾ ਬੰਦਾ ਆਇਆ ਤੇ ਬਚਾ ਲਿਆ ਕਾਰਨ ਪੁੱਛਿਆ ਤਾਂ ਰੋਂਦੇ ਨੌਜਵਾਨ ਤੋਂ ਜਵਾਬ ਮਿਲਿਆ ਕਿ ਮੈਂ ਗਰੀਬ ਹਾਂ ਮੇਰੇ ਕੋਲ ਕੁਝ ਨਹੀਂ।

ਭਲਾ ਕਰੋ ਦੁਨੀਆਂ ਦਾ | Suffering

ਅੱਗੋਂ ਉਸ ਫਰਿਸ਼ਤੇ ਨੇ ਨੌਜਵਾਨ ਦਾ ਹੱਥ ਫੜ ਕੇ ਕਿਹਾ ਕਿ ਇਹ ਹੱਥ ਮੈਨੂੰ ਦੇ-ਦੇ 10 ਲੱਖ ਰੁਪਇਆ ਲੈ ਲਈਂ ਪਰ ਅੱਗੋ ਨਾਂਹ ਦਾ ਜਵਾਬ ਮਿਲਿਆ। ਫਿਰ ਉਸ ਦੇ ਦੋਵੇਂ ਹੱਥਾਂ ਬਦਲੇ 50 ਲੱਖ ਦੀ ਪੇਸ਼ਕਸ ਕੀਤੀ ਪਰ ਉਸ ਨੌਜਵਾਨ ਨੇ ਫਿਰ ਮਨ੍ਹਾ ਕਰ ਦਿੱਤਾ। ਫਿਰ ਉਸ ਫਰਿਸ਼ਤੇ ਨੇ ਇਹੀ ਸਮਝਾਇਆ ਕਿ ਤੇਰੇ ਇਸ ਸਰੀਰ ਦੀ ਕੀਮਤ ਅਨਮੋਲ ਹੈ ਤੇ ਤੂੰ ਪੂਰੀ ਜ਼ਿੰਦਗੀ ਮੁਫਤ ’ਚ ਹੀ ਦੇ ਚੱਲਿਆ ਸੀ ਪਰ ਇਹਦੀ ਕੀਮਤ ਚੁਕਾਈ ਹੀ ਨਹੀਂ ਜਾ ਸਕਦੀ। ਇਸ ਸਰੀਰ ਨਾਲ ਚੰਗੇ ਕਰਮ ਕਰੋ, ਭਲਾ ਕਰੋ ਦੁਨੀਆਂ ਦਾ।

ਮਿਹਨਤ ਕਰੋ ਫਲ ਪਰਮਾਤਮਾ ਜ਼ਰੂਰ ਦੇਵੇਗਾ। ਆਪਣੇ-ਆਪ ਨੂੰ ਅਤੇ ਆਪਣੇ ਬੱਚਿਆਂ ਨੂੰ ਇੰਨੇ ਮਜ਼ਬੂਤ ਹੌਂਸਲੇ ਵਾਲੇ ਬਣਾਓ ਜੋ ਆਉਣ ਵਾਲੀ ਕਿਸੇ ਵੀ ਮੁਸੀਬਤ ਵਿੱਚ ਚੱਟਾਨ ਵਾਂਗ ਖੜ੍ਹੇ ਰਹਿਣ ਤੇ ਉਸ ਨਾਲ ਲੜ ਕੇ ਜਿੱਤਣ ਦੀ ਸਮਰੱਥਾ ਰੱਖਣ। ਬਚਪਨ ’ਚ ਮਾਂ-ਬਾਪ ਨੇ ਕਿੰਨੇ ਸੌਖੇ ਰੱਖਿਆ, ਕੋਈ ਚਿੰਤਾ ਨਹੀਂ, ਜੋ ਮੰਗਿਆ ਉਹ ਦਿੱਤਾ, ਪਰ ਜਦ ਆਪ ਉਸ ਸਥਿਤੀ ’ਚ ਆਏ ਅਸੀਂ ਵੀ ਆਪਣਾ ਫਰਜ਼ ਬਾਖੂਬੀ ਨਿਭਾਈਏ ਮਿਹਨਤ ਕਰੀਏ, ਤੇ ਮਾਂ-ਬਾਪ ਦੇ ਕੋਲ ਰਹਿ ਕੇ ਉਨ੍ਹਾਂ ਦੀ ਸੇਵਾ ਕਰੀਏ ਅਤੇ ਬੱਚਿਆਂ ਦੀ ਚੰਗੀ ਪਰਵਰਿਸ਼ ਕਰੀਏ ਤਾਂ ਕਿ ਜਿੰਦਗੀ ਅਤੇ ਮੌਤ ਸੁਖਾਲੀ ਮਿਲੇ।

ਕੁਲਦੀਪ ਕੁਮਾਰ
ਦੀਵਾਨਾ (ਬਰਨਾਲਾ)